ਪੰਜਾਬ ਪੁਲਿਸ ਇਸ ਲਈ ਸਿੱਖਣ ਲੱਗੀ ਅੰਗਰੇਜ਼ੀ

  • ਰਵਿੰਦਰ ਸਿੰਘ ਰੌਬਿਨ
  • ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਲਈ
ਪੰਜਾਬ ਪੁਲਿਸ

ਤਸਵੀਰ ਸਰੋਤ, Ravinder Singh robin/bbc

ਤਸਵੀਰ ਕੈਪਸ਼ਨ,

100 ਦੇ ਕਰੀਬ ਪੰਜਾਬ ਪੁਲਿਸ ਦੇ ਜਵਾਨਾਂ ਨੂੰ 'ਸੈਲਾਨੀ ਪੁਲਿਸ' ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ।

ਪੰਜਾਬ ਪੁਲਿਸ ਦੇ ਜਵਾਨ ਅੰਮ੍ਰਿਤਸਰ ਆਉਣ ਵਾਲੇ ਸੈਲਾਨੀਆਂ ਦੇ ਨਾਲ ਹੁਣ ਅੰਗਰੇਜ਼ੀ 'ਚ ਗੱਲ ਕਰਨਗੇ।

ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ 'ਚ ਹੁਣ ਸ਼੍ਰਿਸ਼ਟਾਚਾਰ ਅਤੇ ਸੱਭਿਆਚਾਰ ਦੇ ਨਾਲ ਨਵੇਂ ਰੂਪ 'ਚ ਪੰਜਾਬ ਪੁਲਿਸ ਦੇ ਜਵਾਨ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਉਣਗੇ।

100 ਦੇ ਕਰੀਬ ਪੰਜਾਬ ਪੁਲਿਸ ਦੇ ਜਵਾਨਾਂ ਨੂੰ 'ਸੈਲਾਨੀ ਪੁਲਿਸ' ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ।

ਪੁਲਿਸ ਕਰਮੀਆਂ ਨੂੰ ਅੰਗਰੇਜ਼ੀ ਬੋਲਣ ਦੀ ਮੁਫ਼ਤ ਸਿਖ਼ਲਾਈ ਇੱਕ ਕੌਮਾਂਤਰੀ ਅਕਾਦਮੀ 'ਚ ਦਿੱਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਆਪਣੇ ਕੁਝ ਜਵਾਨਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਸੱਭਿਆਚਾਰ ਦੀ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿਵਾ ਰਹੀ ਹੈ।

ਵੀਡੀਓ ਕੈਪਸ਼ਨ,

ਅੰਮ੍ਰਿਤਸਰ ਦੀ ਪੁਲਿਸ ਦੇ ਜਵਾਨ ਸਿੱਖ ਰਹੇ ਹਨ ਅੰਗਰੇਜ਼ੀ

ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀ ਅਤੇ ਦੇਸੀ ਸੈਲਾਨੀਆਂ ਦੀ ਅਗਵਾਈ ਪੰਜਾਬ ਪੁਲਿਸ ਦਾ "ਟੂਰਿਸਟ ਪੁਲਿਸ ਦਸਤਾ "ਕਰ ਸਕੇ।

ਇਹ ਵੀ ਪੜ੍ਹੋ:

ਪ੍ਰਸ਼ਾਸਨ ਇਹ ਉਮੀਦ ਕਰ ਰਿਹਾ ਹੈ ਕਿ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਇਹ ਪੁਲਿਸ ਦਸਤਾ ਅੰਤਰਰਾਸ਼ਟਰੀ ਅਤੇ ਘਰੇਲੂ ਸੈਲਾਨੀਆਂ ਦੀ ਯਾਤਰਾ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਤਸਵੀਰ ਸਰੋਤ, Ravinder Singh robin/bbc

ਤਸਵੀਰ ਕੈਪਸ਼ਨ,

ਇਨ੍ਹਾਂ ਸਿਪਾਹੀਆਂ ਦਰਬਾਰ ਸਾਹਿਬ, ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਇਤਿਹਾਸਕ ਤੇ ਅਹਿਮ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ

ਇਨ੍ਹਾਂ ਸਿਖਲਾਈ ਪ੍ਰਾਪਤ ਸਿਪਾਹੀਆਂ ਨੂੰ ਦਰਬਾਰ ਸਾਹਿਬ, ਰੇਲਵੇ ਸਟੇਸ਼ਨ, ਬੱਸ ਅੱਡਾ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਇਤਿਹਾਸਕ ਤੇ ਅਹਿਮ ਥਾਵਾਂ 'ਤੇ ਤਾਇਨਾਤ ਕੀਤਾ ਜਾਵੇਗਾ।

"ਆਈ ਐਮ ਕਾਂਸਟੇਬਲ ਹਰਮੀਤ ਸਿੰਘ, ਵੱਟ ਕੈਨ ਆਈ ਡੂ ਫਾਰ ਯੂ? ਡੂ ਯੂ ਵਾਂਟ ਟੂ ਗੋ ਟੂ ਵਾਹਗਾ ਬਾਰਡਰ? ਪਲੀਜ਼ ਡੂ ਨੋਟ ਸਮੋਕ ਹੇਅਰ? ਸਮੋਕਿੰਗ ਇਨ ਗੋਲਡਨ ਟੈਂਪਲ ਨੌਟ ਅਲਾਊਡ।

ਇਸ ਤਰ੍ਹਾਂ ਦੇ ਜੁਮਲੇ ਯਾਦ ਕਰਦੇ ਪੰਜਾਬ ਪੁਲਿਸ ਦੇ ਜਵਾਨ ਆਪਣੇ ਅਧਿਆਪਕ ਦੀਆਂ ਹਦਾਇਤਾਂ ਬੜੇ ਧਿਆਨ ਨਾਲ ਸੁਣਦੇ ਨਜ਼ਰ ਆ ਰਹੇ ਸਨ।

ਕਲਾਸ ਵਿੱਚ ਇੱਕ ਚੰਗੇ ਵਿਦਿਆਰਥੀ ਵਾਂਗ ਕੋਈ 30 ਪੁਲਿਸ ਵਾਲੇ ਅੰਗਰੇਜ਼ੀ 'ਚ ਗੱਲ ਕਿਵੇਂ ਕਰਨੀ ਹੈ ਦਾ ਪਾਠ ਅੰਗਰੇਜ਼ੀ ਟੀਚਰ ਮੇਘਾ ਕੋਲੋਂ ਲੈ ਰਹੇ ਸਨ।

ਸਹੀ ਜਵਾਬ ਦੇਣ 'ਤੇ ਉਨ੍ਹਾਂ ਨੂੰ ਸ਼ਾਬਾਸ਼ੀ ਵੀ ਮਿਲਦੀ ਹੈ।

ਮੇਘਾ ਨੇ ਦੱਸਿਆ, "ਕਾਂਸਟੇਬਲਾਂ ਨੂੰ ਪੜ੍ਹਾਉਣਾ ਚੁਣੌਤੀ ਭਰਿਆ ਕੰਮ ਹੈ, ਉਹ ਅੰਗਰੇਜ਼ੀ ਵਿੱਚ ਗੱਲ ਕਰਨ ਵਿੱਚ ਸੌਖਾ ਮਹਿਸੂਸ ਨਹੀਂ ਕਰ ਰਹੇ ਹਨ। ਇਸ ਲਈ ਸਾਡੇ ਕੋਲ ਉਨ੍ਹਾਂ ਨੂੰ ਸਿਖਾਉਣ ਲਈ ਮਿਕਸ ਪੰਜਾਬੀ ਅਤੇ ਅੰਗਰੇਜ਼ੀ ਹੈ।"

''ਵਰਕਸ਼ਾਪ ਲਗਭਗ ਦੋ ਹਫ਼ਤੇ ਲੱਗੇਗੀ, ਮੈਨੂੰ ਤਾਂ ਮੇਰੇ ਪੁਲਿਸ ਵਾਲੇ ਵਿਦਿਆਰਥੀ ਵੱਧ ਅਨੁਸ਼ਾਸਨ ਵਾਲੇ ਲੱਗ ਰਹੇ ਹਨ, ਕਲਾਸ 'ਚ ਕੋਈ ਰੌਲਾ ਨਹੀਂ ਪਾਉਂਦਾ ਅਤੇ ਸਭ ਜੀਅ ਲਗਾ ਕੇ ਪੜ੍ਹਦੇ ਹਨ।"

ਤਸਵੀਰ ਸਰੋਤ, Ravinder Singh robin/bbc

ਤਸਵੀਰ ਕੈਪਸ਼ਨ,

ਸਹੀ ਜਵਾਬ ਦੇਣ 'ਤੇ ਉਨ੍ਹਾਂ ਨੂੰ ਸ਼ਾਬਾਸ਼ੀ ਵੀ ਮਿਲਦੀ ਹੈ।

ਕਲਾਸ 'ਚ ਬੈਠੇ ਜਵਾਨਾਂ ਦੇ ਹੱਥ 'ਚ ਨਾ ਤਾਂ ਕੋਈ ਡੰਡਾ ਸੀ ਤੇ ਨਾ ਹੀ ਚਲਾਨ ਕੱਟਣ ਵਾਲੀ ਕਾਪੀ।

ਸਾਰੇ ਵਿਦਿਆਰਥੀ ਕਾਪੀ ਪੈੱਨ ਲੈ ਕੇ ਕੁਝ ਨਾ ਕੁਝ ਲਿਖ ਰਹੇ ਸਨ। ਨਾਲ ਦੀ ਨਾਲ ਆਪਣੀ ਅਧਿਆਪਕਾ ਕੋਲੋਂ ਅੰਗਰੇਜ਼ੀ ਜੁਮਲਿਆਂ ਦੇ ਅਰਥ ਅਤੇ ਇਨ੍ਹਾਂ ਨੂੰ ਕਿੱਥੇ ਅਤੇ ਕਿਵੇਂ ਵਰਤਣਾ ਹੈ, ਦਾ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।

ਭਾਵੇਂ ਇਨ੍ਹਾਂ ਜਵਾਨਾਂ ਨੂੰ "ਐਸਕੂਈਜ਼ ਮੀ" ਬੋਲਣ 'ਚ ਔਖਿਆਈ ਆ ਰਹੀ ਸੀ ਪਰ ਚਿਹਰੇ 'ਤੇ ਮੁਸਕਾਨ ਦੀ ਸਿਖਲਾਈ ਸੈਲਾਨੀਆਂ ਦਾ ਹੌਸਲਾ ਵਧਾਉਣ ਲਈ ਕਾਫ਼ੀ ਲੱਗ ਰਹੀ ਸੀ।

ਕਾਂਸਟੇਬਲ ਵਿਰਸਾ ਸਿੰਘ ਨੂੰ 30 ਵਰ੍ਹਿਆਂ ਬਾਅਦ ਪੜ੍ਹਨਾ ਔਖਾ ਲੱਗ ਰਿਹਾ ਸੀ, ਪਰ ਅੰਗਰੇਜ਼ੀ ਦੇ ਜੁਮਲੇ ਬੋਲ ਕੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਵਿਹਾਰ 'ਚ ਵੀ ਤਬਦੀਲੀ ਆ ਗਈ ਸੀ, ਜੋ ਉਨ੍ਹਾਂ ਨੂੰ ਚੰਗੀ ਲੱਗ ਰਹੀ ਹੈ।

ਵਿਰਸਾ ਸਿੰਘ ਕਹਿੰਦੇ ਹਨ, "ਹੁਣ ਆਪਣੀ ਪਛਾਣ ਅੰਗਰੇਜ਼ੀ 'ਚ ਦੱਸ ਕੇ ਬੜਾ ਮਜ਼ਾ ਆਉਂਦਾ ਹੈ।''

ਉਨ੍ਹਾਂ ਅੱਗੇ ਦੱਸਿਆ, ''1983 ਵਿੱਚ ਪੜ੍ਹਾਈ ਛੱਡ ਦਿੱਤੀ ਸੀ, ਹੁਣ 2-3 ਦਿਨਾਂ ਤੋਂ ਇੱਥੇ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਹੈ।''

ਤਸਵੀਰ ਸਰੋਤ, Ravinder Singh Robin/bbc

ਤਸਵੀਰ ਕੈਪਸ਼ਨ,

ਸਾਰੇ ਪੁਲਿਸ ਵਾਲੇ ਵਿਦਿਆਰਥੀ ਕਾਪੀ ਪੈੱਨ ਲੈ ਕੇ ਕੁਝ ਨਾ ਕੁਝ ਲਿਖ ਰਹੇ ਸਨ।

''ਥੋੜ੍ਹਾ ਔਖਾ ਤਾਂ ਲੱਗ ਰਿਹਾ ਹੈ ਪਰ ਚੰਗਾ ਵੀ ਲੱਗ ਰਿਹਾ ਹੈ ਕਿਉਂਕਿ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ ਅਤੇ ਇਸ ਨਾਲ ਸੈਲਾਨੀਆਂ ਨੂੰ ਕਾਫੀ ਮਦਦ ਮਿਲੇਗੀ।''

ਕੁਝ ਪੁਲਿਸ ਵਾਲੇ ਆਪਣੀਆਂ ਵਰਦੀਆਂ 'ਚ ਹੀ ਪੜ੍ਹਨ ਆਏ ਸਨ। ਅੰਗਰੇਜ਼ੀ ਸਿੱਖਣ ਦਾ ਚਾਅ ਹੀ ਉਨ੍ਹਾਂ ਨੂੰ ਡਿਊਟੀ ਤੋਂ ਸਿੱਧਾ ਕਲਾਸ 'ਚ ਲੈ ਆਇਆ ਜਾਪਦਾ ਸੀ।

ਕਾਂਸਟੇਬਲ ਰਾਜਿੰਦਰ ਸਿੰਘ ਵਰਦੀ ਪਹਿਨ ਕੇ ਕਲਾਸ 'ਚ ਹਾਜ਼ਰ ਹੋਏ ਸਨ।

ਇਹ ਵੀ ਪੜ੍ਹੋ:

ਹੱਥ 'ਚ ਕਾਪੀ ਪੈਨਸਿਲ ਫੜੀ ਉਹ ਬਲੈਕ ਬੋਰਡ ਤੋਂ ਨਜ਼ਰ ਨਹੀਂ ਹਟਾ ਰਹੇ ਸਨ, ਜਿਵੇਂ ਕਿ ਪੜ੍ਹਨਾ ਰਹਿ ਨਾ ਜਾਵੇ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, ''ਕੁਝ ਦਿਨਾਂ ਤੋਂ ਅੰਗਰੇਜ਼ੀ ਸਿੱਖ ਰਿਹਾਂ ਅਤੇ ਇਹ ਕੋਰਸ 15 ਦਿਨਾਂ ਦਾ ਹੈ, ਹੁਣ ਤੱਕ ਬੇਸਿਕ ਅੰਗਰੇਜ਼ੀ ਦੀ ਸਿੱਖਿਆ ਲਈ ਹੈ।''

ਉਨ੍ਹਾਂ ਨੇ ਸਾਨੂੰ ਚਾਰ-ਪੰਜ ਅੰਗਰੇਜ਼ੀ ਦੇ ਜੁਮਲੇ ਵੀ ਸੁਣਾਏ।

ਤਸਵੀਰ ਸਰੋਤ, Ravinder Singh robin/bbc

ਤਸਵੀਰ ਕੈਪਸ਼ਨ,

ਕਾਂਸਟੇਬਲ ਰਾਜਿੰਦਰ ਸਿੰਘ ਵਰਦੀ ਪਹਿਨ ਕੇ ਕਲਾਸ 'ਚ ਹਾਜ਼ਰ ਹੋਏ ਸਨ।

ਉਨ੍ਹਾਂ ਮੁਤਾਬਕ ਇਸ ਵਿੱਚ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ ਅਤੇ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ।

ਕਾਂਸਟੇਬਲ ਰਾਜਿੰਦਰ ਸਿੰਘ ਕਹਿੰਦੇ ਹਨ, ''ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਦੋਂ ਵੀ ਕੁਝ ਚੰਗਾ ਸਿੱਖਣ ਨੂੰ ਮਿਲੇ ਜ਼ਰੂਰ ਸਿੱਖਣਾ ਚਾਹੀਦਾ ਹੈ।''

ਇੱਕ ਹੋਰ ਕਾਂਸਟੇਬਲ ਮੇਜਰ ਸਿੰਘ ਕਹਿੰਦੇ ਹਨ, ''ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਤਾਂ ਸੀ ਪਰ ਟ੍ਰੇਨਿੰਗ ਤੋਂ ਬਾਅਦ ਲਗਦਾ ਹੈ ਕਿ ਕੌਮਾਂਤਰੀ ਸੈਲਾਨੀਆਂ ਦੀ ਮਦਦ ਵਾਸਤੇ ਭਾਸ਼ਾ ਕੋਈ ਰੁਕਾਵਟ ਨਹੀਂ ਹੋਵੇਗੀ।''

ਇਸੇ ਤਰ੍ਹਾਂ ਹੀ ਮਨਦੀਪ ਸਿੰਘ ਦਾ ਕਹਿਣਾ ਸੀ ਕਿ ਇੱਥੇ ਅਸੀਂ ਅੰਗਰੇਜ਼ੀ ਬੋਲਣ ਦੀ ਮੁੱਢਲੀ ਸਿੱਖਿਆ ਲੈ ਰਹੇ ਹਾਂ, ਜਿਵੇਂ ਕਿ ਆਪਣੇ ਬਾਰੇ ਦੂਜਿਆਂ ਨੂੰ ਦੱਸਣਾ, ਸੈਲਾਨੀਆਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਨਾ ਆਦਿ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ 'ਤੇ ਭਰੋਸਾ ਹੋਣ ਕਰਕੇ ਜਦੋਂ ਵੀ ਸੈਲਾਨੀ ਬਾਹਰੋਂ ਆਉਂਦੇ ਹਨ ਤਾਂ ਪਹਿਲਾਂ ਪੁਲਿਸ ਨਾਲ ਹੀ ਗੱਲ ਕਰਦੇ ਹਨ ਤੇ ਉਹ ਵੀ ਅੰਗਰੇਜ਼ੀ ਵਿੱਚ, ਇਸ ਲਈ ਅੰਗਰੇਜ਼ੀ ਸਿੱਖਣੀ ਸਾਡੇ ਲਈ ਲਾਜ਼ਮੀ ਹੈ।''

ਇੰਸਟੀਚਿਊਟ ਦੇ ਡਾਇਰੈਕਟਰ ਜਗਦੀਪ ਸਿੰਘ ਕਹਿੰਦੇ ਹਨ, ''ਅਸੀਂ ਪਹਿਲੀ ਵਾਰ 'ਟੂਰਿਜ਼ਮ ਪੁਲਿਸ' ਦੇ ਜਵਾਨਾਂ ਨੂੰ ਸਿਖਲਾਈ ਦੇ ਰਹੇ ਹਾਂ, ਇੱਕ ਦਿਨ ਵਿਚ ਸਵੇਰੇ, ਦੁਪਹਿਰ ਅਤੇ ਸ਼ਾਮ ਤਿੰਨ ਕਲਾਸਾਂ ਲਗਾਈਆਂ ਜਾਂਦੀਆਂ ਹਨ।''

ਤਸਵੀਰ ਸਰੋਤ, Ravinder Singh robin/bbc

ਤਸਵੀਰ ਕੈਪਸ਼ਨ,

ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ ਅਤੇ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ।

''ਇਨ੍ਹਾਂ ਨੂੰ ਸਿਖਲਾਈ ਦੇਣ ਲਈ ਇੱਕ ਮਾਹਿਰ ਟ੍ਰੇਨਰ ਨਿਯੁਕਤ ਕੀਤਾ ਗਿਆ ਹੈ ਜੋ ਇਨ੍ਹਾਂ ਨੂੰ ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਦਿੰਦੇ ਹਨ।''

ਜਗਦੀਪ ਸਿੰਘ ਦੱਸਦੇ ਹਨ ਕਿ ਕੁਝ ਵਿਦਿਆਰਥੀ ਥੋੜ੍ਹੀ ਬਹੁਤ ਅੰਗਰੇਜ਼ੀ ਬੋਲ ਲੈਂਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਇਸ ਕਲਾਸ ਨਾਲ ਭਾਸ਼ਾ 'ਚ ਹੋਰ ਸੁਧਾਰ ਆਏਗਾ।

ਸੁਖਬੀਰ ਸਿੰਘ ਕਾਂਸਟੇਬਲ ਦਾ ਕਹਿਣਾ ਸੀ ਕਿ ਥੋੜ੍ਹੀ ਬਹੁਤ ਅੰਗਰੇਜ਼ੀ ਤਾਂ ਉਹ ਪਹਿਲਾਂ ਵੀ ਬੋਲ ਲੈਂਦੇ ਸਨ, ਪਰ ਹੁਣ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਦਾ ਹੌਸਲਾ ਹੋਰ ਵਧਿਆ ਹੈ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਐਸ ਸ੍ਰੀਵਾਸਤਵ ਨੇ "ਟੂਰਿਸਟ ਪੁਲਿਸ" ਦੇ ਗਠਨ 'ਤੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਇਹ ਟ੍ਰੇਨਿੰਗ ਹਾਲੇ ਇੱਕ ਪ੍ਰਕਿਰਿਆ 'ਚ ਹੈ।

ਉਨ੍ਹਾਂ ਮੁਤਾਬਕ ਇਸ ਪ੍ਰੋਗਰਾਮ ਦਾ ਮਕਸਦ ਸੈਲਾਨੀਆਂ ਨੂੰ ਦਰਪੇਸ਼ ਆਉਂਦੀਆਂ ਦਿੱਕਤਾਂ ਦੇ ਹੱਲ ਲਈ ਗਾਈਡ ਕਰਨਾ ਹੈ ਅਤੇ ਇਹ ਅਜੇ ਇੱਕ ਸ਼ੁਰੂਆਤ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਅੰਮ੍ਰਿਤਸਰ ਵਿੱਚ ਸੈਲਾਨੀਆਂ ਵਾਸਤੇ ਪੁਲਿਸ 'ਚ ਸੁਧਾਰ ਲਿਆਉਣ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)