ਕੇਰਲ: ਹੜ੍ਹ ਤੋਂ ਬਾਅਦ 'ਰੈਟ ਫੀਵਰ' ਦਾ ਕਹਿਰ, ਇਸ ਬੁਖ਼ਾਰ ਦੇ ਕੀ ਹਨ ਲੱਛਣ

  • ਇਮਰਾਨ ਕੁਰੈਸ਼ੀ
  • ਬੈਂਗਲੁਰੂ ਤੋਂ ਬੀਬੀਸੀ ਲਈ
ਕੇਰਲ
ਤਸਵੀਰ ਕੈਪਸ਼ਨ,

"ਰੈਟ ਫੀਵਰ" ਯਾਨਿ ਚੂਹੇ ਕਾਰਨ ਹੋਣ ਵਾਲੀ ਬਿਮਾਰੀ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ

ਕੇਰਲ 'ਚ ਆਏ ਹੜ੍ਹ ਤੋਂ ਬਾਅਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇੱਥੇ ਪਿਛਲੇ ਦੋ ਦਿਨਾਂ 'ਚ "ਰੈਟ ਫੀਵਰ'' (ਚੂਹੇ ਕਾਰਨ ਹੋਣ ਵਾਲੀ ਬਿਮਾਰੀ) ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ।

ਸੂਬੇ ਦੇ ਕਈ ਹਿੱਸਿਆਂ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਕੇਰਲ ਸਰਕਾਰ ਨੇ ਇਸ ਸੰਬੰਧੀ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਕਾਬੂ 'ਚ ਹਨ। ਇਹ ਮੌਤਾਂ 13 'ਚੋਂ 5 ਜ਼ਿਲ੍ਹਿਆਂ 'ਚ ਹੋਈਆਂ ਹਨ। ਇਹ ਉਹੀ ਪੰਜ ਜ਼ਿਲ੍ਹੇ ਹਨ ਜੋ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਮਹਾਂਮਾਰੀ ਦਾ ਸ਼ੱਕ

ਕੇਰਲ ਸਰਕਾਰ ਦੇ ਵਧੀਕ ਮੁੱਖ ਸਕੱਤਰ (ਸਿਹਤ) ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ, "ਸੂਬੇ 'ਚ ਅਜਿਹੇ ਹਾਲਾਤ ਹਨ ਜਿਨ੍ਹਾਂ ਕਾਰਨ ਮਹਾਂਮਾਰੀ ਫੈਲਣ ਦਾ ਪੂਰਾ ਡਰ ਹੈ। ਇਸ ਲਈ ਅਸੀਂ ਲੋਕਾਂ ਨੂੰ ਰੋਕਥਾਮ ਵਜੋਂ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣ ਨੂੰ ਕਹਿ ਰਹੇ ਹਾਂ।"

ਸਦਾਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਸੱਤ ਅਤੇ ਸੋਮਵਾਰ ਨੂੰ ਚਾਰ ਮੌਤਾਂ ਦੀ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਤ੍ਰਿਸ਼ੂਰ, ਪਲੱਕੜ, ਕੋਝੀਕੋਡ, ਮੁਲਪੁਰਮ ਅਤੇ ਕੰਨੂਰ ਜਿਲ੍ਹੇ ਹਨ ਸਭ ਤੋਂ ਵੱਧ ਪ੍ਰਭਾਵਿਤ

ਕੇਰਲ ਵਿੱਚ ਜਨਵਰੀ ਤੋਂ ਲੈ ਕੇ ਤਿੰਨ ਸਤੰਬਰ ਤੱਕ ਲੈਪਟੋਸਪਾਇਰੋਸਿਸ (ਰੈਟ ਫੀਵਰ) ਨਾਲ 41 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਤਿੰਨ ਮਹੀਨਿਆਂ 'ਚ ਸੂਬੇ 'ਚ ਰੈਟ ਫੀਵਰ ਦੇ 821 ਮਾਮਲੇ ਸਾਹਮਣੇ ਆਏ ਹਨ।

ਜਿਨ੍ਹਾਂ ਜ਼ਿਲ੍ਹਿਆਂ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਿਆ ਗਿਆ ਹੈ, ਉਹ ਹਨ, ਤ੍ਰਿਸੂਰ, ਪਲੱਕੜ, ਕੋਝੀਕੋਡ, ਮਲੱਪੁਰਮ ਅਤੇ ਕੰਨੂਰ।

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਓਰੋ ਸਾਇੰਸਜ਼ 'ਚ ਵਾਇਰੋਲਜੀ ਦੇ ਪ੍ਰੋਫੈਸਰ ਡਾਕਟਰ ਵੀ. ਰਵੀ ਨੇ ਦੱਸਿਆ, "ਲੈਪਟੋਸਪਾਰੀਓ ਇੱਕ ਜੀਵਾਣੂ ਹੈ, ਜੋ ਚੂਹਿਆਂ ਵਿੱਚ ਮਿਲਦਾ ਹੈ। ਹੜ੍ਹ ਦੌਰਾਨ ਜਦੋਂ ਚੂਹੇ ਭਿੱਜ ਜਾਂਦੇ ਹਨ ਤਾਂ ਇਹ ਬੈਕਟੀਰੀਆ ਇਨਸਾਨਾਂ ਤੱਕ ਪਹੁੰਚਦੇ ਹਨ।"

ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਨਾਲ ਲੋਕਾਂ ਨੂੰ ਡਾਕਸੀਸਾਈਕਲਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਜੀਵਾਣੂਆਂ ਰਾਹੀਂ ਫੈਲਣ ਵਾਲਾ ਇਹ ਇਨਫੈਕਸ਼ਨ ਇਨਸਾਨਾਂ ਦੇ ਸਰੀਰ 'ਤੇ ਅਸਰ ਦਿਖਾਉਣ ਲਈ ਮਹਿਜ ਦੋ ਹਫ਼ਤਿਆਂ ਦਾ ਸਮਾਂ ਲੈਂਦਾ ਹੈ।

ਇਹ ਵੀ ਪੜ੍ਹੋ:

ਰੈਟ ਫੀਵਰ ਦੇ ਲੱਛਣ

  • ਬੁਖ਼ਾਰ
  • ਬਹੁਤ ਜ਼ਿਆਦਾ ਥਕਾਨ
  • ਮਾਸਪੇਸ਼ੀਆਂ 'ਚ ਦਰਦ
  • ਸਿਰ ਦਰਦ
  • ਜੋੜਾਂ 'ਚ ਦਰਦ

ਕਈ ਵਾਰ ਰੈਟ ਫੀਵਰ ਨਾਲ ਪੀੜਤ ਵਿਅਕਤੀ ਦੇ ਜਿਗਰ ਅਤੇ ਗੁਰਦਿਆਂ 'ਤੇ ਇਸ ਦਾ ਅਸਰ ਪੈਂਦਾ ਹੈ।

ਡਾ. ਰਵੀ ਮੁਤਾਬਕ ਹੜ੍ਹ ਦੇ ਪਾਣੀ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਘੱਟੋ ਘੱਟ ਇੱਕ ਹਫ਼ਤੇ ਤੱਕ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲੀਨ ਦੀ ਟੀਕਾ ਲਗਵਾਉਣਾ ਚਾਹੀਦਾ ਹੈ।

ਨਿਓਰੋ ਸਰਜਨ ਅਤੇ ਕੇਰਲ ਪਲਾਨਿੰਗ ਬੋਰਡ ਦੇ ਮੈਂਬਰ ਡਾ. ਇਕਬਾਲ ਮੁਤਾਬਕ ਹੜ੍ਹ ਤੋਂ ਬਾਅਦ ਅਕਸਰ ਹੈਜ਼ਾ, ਟਾਈਫਾਈਡ, ਦਸਤ, ਹੈਪੇਟਾਈਟਿਸ ਅਤੇ ਰੈਟ ਫੀਵਰ ਵਰਗੀਆਂ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ।

ਤਸਵੀਰ ਸਰੋਤ, AFP/getty images

ਉਨ੍ਹਾਂ ਨੇ ਕਿਹਾ ਹੈ, "ਲੋਕ ਹੁਣ ਰਾਹਤ ਕੈਂਪਾਂ ਤੋਂ ਘਰ ਵਾਪਸ ਆ ਰਹੇ ਹਨ ਅਤੇ ਬਹੁਤ ਸਾਰੇ ਘਰਾਂ 'ਚੋਂ ਹੜ੍ਹ ਦਾ ਪਾਣੀ ਅਜੇ ਸਾਫ ਨਹੀਂ ਹੋਇਆ ਹੈ। ਅਜਿਹੇ ਵਿੱਚ ਬਿਮਾਰੀਆਂ ਹੋਣੀਆਂ ਸੁਭਾਵਕ ਹਨ।"

ਕੇਰਲ ਦੇ ਸਿਹਤ ਸੇਵਾ ਨਿਰਦੇਸ਼ਕ ਡਾ. ਸਰਿਤਾ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਹਸਪਤਾਲਾਂ 'ਚ ਡਾਕਸੀਸਾਈਕਲਿਨ ਦੀਆਂ ਗੋਲੀਆਂ ਅਤੇ ਪੈਂਸੀਲਿਨ ਦੇ ਟੀਕੇ ਉਪਲਬਧ ਹਨ।

ਉਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਰੈਟ ਫੀਵਰ ਨਾਲ ਪੀੜਤ ਲੋਕਾਂ ਦਾ ਤੁਰੰਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਕੇਰਲ 'ਚ ਹੜ੍ਹ ਕਾਰਨ 350 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ ਘੱਟ 10 ਲੱਖ ਲੋਕਾਂ ਨੂੰ ਘਰ ਛੱਡ ਕੇ ਰਾਹਤ ਕੈਂਪਾਂ 'ਚ ਸ਼ਰਨ ਲੈਣੀ ਪਈ ਸੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)