ਕੋਲਕਾਤਾ 'ਚ ਪੁਲ ਡਿੱਗਿਆ, ਕਈ ਗੱਡੀਆਂ ਦੱਬੀਆਂ

ਕੋਲਕਾਤਾ

ਤਸਵੀਰ ਸਰੋਤ, @DDNEWSLIVE

ਦੱਖਣੀ ਕੋਲਕਾਤਾ ਦੇ ਮਾਜੇਰਹਾਟ ਬ੍ਰਿਜ ਦਾ ਇੱਕ ਹਿੱਸਾ ਡਿੱਗ ਗਿਆ ਹੈ। ਇਸ ਵਿੱਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ।

ਮਲਬੇ ਵਿੱਚ ਕਈ ਗੱਡੀਆਂ ਦੱਬੀਆਂ ਦਿਖਾਈ ਦੇ ਰਹੀਆਂ ਹਨ। ਸ਼ੁਰੂਆਤੀ ਖ਼ਬਰਾਂ ਮੁਤਾਬਕ 6 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਚਸ਼ਮਦੀਦਾਂ ਮੁਤਾਬਕ ਸ਼ਾਮ ਪੌਣੇ ਪੰਜ ਵਜੇ ਇਹ ਹਾਦਸਾ ਵਾਪਰਿਆ।

ਕੋਲਕਾਤਾ ਦੇ ਸਥਾਨਕ ਪੱਤਰਕਾਰ ਪੀਐਮ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਪੁਲ ਦੇ ਹੇਠਾਂ ਇੱਕ ਬੱਸ, ਕਈ ਕਾਰਾਂ ਅਤੇ ਮੋਟਸਾਈਕਲਾਂ ਦੱਬੀਆਂ ਹੋਈਆਂ ਹਨ।

ਇਹ ਪੁਲ ਅਲੀਪੁਰ ਅਤੇ ਬੇਹਲਾ ਇਲਾਕੇ ਨੂੰ ਜੋੜਦਾ ਹੈ। ਦੱਖਣੀ ਕੋਲਕਾਤਾ ਦਾ ਇਹ ਭੀੜ-ਭਾੜ ਵਾਲਾ ਇਲਾਕਾ ਹੈ।

ਇਹ ਪੁਲ ਰੇਲਵੇ ਲਾਈਨ ਉੱਤੇ ਡਿੱਗਿਆ ਹੈ ਜਿਸ ਕਾਰਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਪੁਲ ਨੂੰ 40 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।

ਤਸਵੀਰ ਸਰੋਤ, PRABHAKAR MANI TEWARI/BBC

ਤਸਵੀਰ ਕੈਪਸ਼ਨ,

ਹਾਦਸੇ ਮਗਰੋਂ ਜਾਨ ਬਚਾਉਣ ਲਈ ਆਪਣੇ ਵਾਹਨਾਂ ਨੂੰ ਛੱਡ ਕੇ ਭੱਜ ਰਹੇ ਲੋਕ

ਤਕਰੀਬਨ ਢਾਈ ਸਾਲ ਪਹਿਲਾਂ ਪੋਸਤਾ ਇਲਾਕੇ ਵਿੱਚ ਇੱਕ ਉਸਾਰੀ ਹੇਠ ਪੁਲ ਦੇ ਡਿੱਗਣ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਦੂਜਾ ਹਾਦਸਾ ਹੈ।

ਦਾਰਜੀਲਿੰਗ ਦੇ ਦੌਰੇ 'ਤੇ ਗਈ ਮੁੱਖ ਮੰਤਰੀ ਮਮਤਾ ਬੈਨਰਜੀ ਉੱਥੋਂ ਹੀ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜਾ ਲੈ ਰਹੇ ਹਨ। ਮਮਤਾ ਦੇ ਨਿਰਦੇਸ਼ਾਂ ਮਗਰੋਂ ਸ਼ਹਿਰੀ ਵਿਕਾਸ ਮੰਤਰੀ ਅਤੇ ਕੋਲਕਾਤਾ ਨਗਰ ਨਿਗਮ ਦੇ ਮੇਅਰ ਸੋਭਨ ਚੈਟਰਜੀ ਵੀ ਮੌਕੇ 'ਤੇ ਪਹੁੰਚ ਗਏ ਹਨ।

ਇਹ ਹਾਜਦਾ ਉਸ ਵੇਲੇ ਵਾਪਰਿਆ ਜਦੋਂ ਲੋਕ ਦਫ਼ਤਰਾਂ ਤੋਂ ਘਰਾਂ ਨੂੰ ਪਰਤ ਰਹੇ ਸਨ। ਦੁਪਹਿਰ ਨੂੰ ਹੋਈ ਬਾਰਿਸ਼ ਕਾਰਨ ਪੁਲ ਦਾ ਇੱਕ ਹਿੱਸਾ 100 ਮੀਟਰ ਹੇਠਾਂ ਖਿਸਕ ਗਿਆ ਸੀ।

ਘੱਟੋ-ਘੱਟ 8 ਜ਼ਖਮੀ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਟੀਐਮਸੀ ਨੇਤਾ ਅਤੇ ਰਾਜਸਭਾ ਸਾਂਸਦ ਡੇਰੇਕ ਓ ਬ੍ਰਾਇਨ ਨੇ ਟਵੀਟ ਕੀਤਾ ਕਿ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਹੋ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)