ਕਸ਼ਮੀਰ ’ਚ ਪੁਲਿਸ ਮੁਲਾਜ਼ਮ ਹੋਣਾ ਬਾਰੂਦੀ ਸੁਰੰਗ ’ਤੇ ਚੱਲਣ ਵਾਂਗ ਹੈ – ਮ੍ਰਿਤਕ ਅਸ਼ਰਫ ਡਾਰ ਦੇ ਪਿਤਾ: ਗਰਾਊਂਡ ਰਿਪੋਰਟ

  • ਸਮੀਰ ਯਾਸਿਰ
  • ਬੀਬੀਸੀ ਲਈ ਕਸ਼ਮੀਰ ਤੋਂ
ਅਸ਼ਰਫ ਡਾਰ ਨੂੰ ਸਲਾਮੀ ਦਿੰਦੇ ਹੋਏ

ਤਸਵੀਰ ਸਰੋਤ, @JMUKMRPOLICE TWITTER/BBC

ਤਸਵੀਰ ਕੈਪਸ਼ਨ,

ਪੁਲਿਸ ਮੁਲਾਜ਼ਮ ਅਸ਼ਰਫ ਡਾਰ ਜਦੋਂ ਈਦ ਦੀ ਛੁੱਟੀ ਮਨਾਉਣ ਆਏ ਤਾਂ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕੱਟੜਪੰਥੀਆਂ ਵੱਲੋਂ ਇਸ ਸਾਲ ਵਿੱਚ 31 ਪੁਲਿਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ਹੈ।

22 ਅਗਸਤ ਨੂੰ ਮੁਹੰਮਦ ਅਸ਼ਰਫ਼ ਡਾਰ ਦਾ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਦਿਨ ਈਦ ਦਾ ਤਿਉਹਾਰ ਸੀ।

45 ਸਾਲਾ ਸਬ ਇੰਸਪੈਕਟਰ ਅਸ਼ਰਫ਼ ਕੇਂਦਰੀ ਕਸ਼ਮੀਰ ਵਿੱਚ ਤਾਇਨਾਤ ਸਨ।

ਈਦ ਮੌਕੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਛੁੱਟੀਆਂ ਬਿਤਾਉਣ ਵਾਸਤੇ ਘਰ ਆਏ ਹੋਏ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਪਰਿਵਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਲਾਰਵੇ ਵਿੱਚ ਰਹਿੰਦਾ ਹੈ।

ਇਹ ਪਿੰਡ ਝੋਨੇ ਦੇ ਖੇਤਾਂ ਤੇ ਸੇਬ ਦੇ ਬਗੀਚਿਆਂ ਨਾਲ ਘਿਰਿਆ ਹੋਇਆ ਹੈ।

ਜੁਲਾਈ 2016 ਵਿੱਚ ਕੱਟੜਪੰਥੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਇਸ ਇਲਾਕੇ ਵਿੱਚ ਹਿੰਸਾ ਭੜਕੀ ਹੋਈ ਸੀ।

ਇਸ ਤੋਂ ਬਾਅਦ ਪੁਲਿਸ ਮੁਲਾਜ਼ਮ, ਖਾਸਕਰ ਸਥਾਨਕ ਮੁਸਲਮਾਨ ਇਸ ਹਿੰਸਾ ਦੇ ਸਭ ਤੋਂ ਵੱਧ ਸ਼ਿਕਾਰ ਬਣੇ ਸਨ।

ਹਾਲ ਦੇ ਮਹੀਨਿਆਂ ਵਿੱਚ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਦੂਰ ਜਾਂ ਘਰ ਰਹਿਣ 'ਤੇ ਬੇਹੱਦ ਸਾਵਧਾਨੀ ਨਾਲ ਰਹਿਣ ਦੀ ਹਦਾਇਤ ਦਿੱਤੀ ਗਈ ਸੀ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਇਸ ਸਾਲ ਵਿੱਚ ਹੁਣ ਤੱਕ ਭਾਰਤ ਸ਼ਾਸ਼ਿਤ ਕਸ਼ਮੀਰ ਵਿੱਚ 31 ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਹਨ

ਡਾਰ ਨਾਲ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਰ ਨੇ ਘਰ ਤੋਂ ਦੂਰ ਰਹਿਣ ਲਈ ਕਿਹਾ ਸੀ ਪਰ ਡਾਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲੁਕਣ ਦੀ ਲੋੜ ਨਹੀਂ ਹੈ।

ਉਨ੍ਹਾਂ ਨੇ ਕਿਹਾ ਸੀ, "ਕੀ ਮੈਂ ਕੋਈ ਚੋਰ ਹਾਂ? ਮੈਂ ਕਿਸੇ ਨਾਲ ਕੁਝ ਗਲਤ ਨਹੀਂ ਕੀਤਾ ਹੈ।''

ਅਸ਼ਰਫ ਡਾਰ ਦੇ ਪਿਤਾ ਗੁਲਾਮ ਕਦਰੀਮ ਕਹਿੰਦੇ ਹਨ, "ਸਥਾਨਕ ਪੱਧਰ 'ਤੇ ਵਧ ਰਹੀ ਬਗਾਵਤ ਨਾਲ ਲੜ ਰਹੇ ਇੱਕ ਸਥਾਨਕ ਪੁਲਿਸ ਮੁਲਾਜ਼ਮ ਦੀ ਜ਼ਿੰਦਗੀ ਬਾਰੂਦੀ ਸੁਰੰਗ ਨਾਲ ਭਰੀ ਇੱਕ ਸੜਕ 'ਤੇ ਚੱਲਣ ਵਾਂਗ ਹੈ।"

ਪੁਲਿਸ ਮੁਲਾਜ਼ਮਾਂ ਨੂੰ ਖ਼ਤਰਾ

ਮੁਸਲਮਾਨ ਵੱਖਵਾਦੀਆਂ ਨੇ 1989 ਤੋਂ ਮੁਸਲਮਾਨ ਬਹੁਗਿਣਤੀ ਵਾਲੇ ਕਸ਼ਮੀਰ ਵਿੱਚ ਭਾਰਤੀ ਸ਼ਾਸਨ ਖਿਲਾਫ਼ ਹਿੰਸਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਹ ਖੇਤਰ ਭਾਰਤ ਤੇ ਪਾਕਿਸਤਾਨ ਵਿਚਾਲੇ ਟਕਰਾਅ ਦਾ ਮਸਲਾ ਹੈ।

ਭਾਰਤ ਨੇ ਤਿੰਨਾਂ ਵਿੱਚੋਂ ਦੋ ਜੰਗਾਂ ਪਾਕਿਸਤਾਨ ਨਾਲ ਇਸ ਕਾਰਨ ਲੜੀਆਂ ਹਨ।

ਭਾਰਤ, ਪਾਕਿਸਤਾਨ ਨੂੰ ਕਸ਼ਮੀਰ ਵਿੱਚ ਤਣਾਅ ਅਤੇ ਹਿੰਸਾ ਪੈਦਾ ਕਰਨ ਲਈ ਜ਼ਿੰਮੇਵਾਰ ਮੰਨਦਾ ਰਿਹਾ ਹੈ ਪਰ ਪਾਕਿਸਤਾਨ ਇਸ ਤੋਂ ਇਨਕਾਰੀ ਰਿਹਾ ਹੈ।

ਤਸਵੀਰ ਸਰੋਤ, MAJID JAHANGIR/BBC

ਤਸਵੀਰ ਕੈਪਸ਼ਨ,

ਡਾਰ ਦੇ ਪਿਤਾ ਅਨੁਸਾਰ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਹੋਣਾ ਬਾਰੂਦੀ ਸੁਰੰਗ 'ਤੇ ਚੱਲਣ ਵਾਂਗ ਹੈ

ਦਹਾਕਿਆਂ ਤੋਂ ਭਾਰਤ ਸਰਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੀ ਸ਼ਹਿਰਾਂ ਜਾਂ ਗੁਆਂਢ ਦੇ ਇਲਾਕਿਆਂ ਵਿੱਚ ਪੋਸਟਿੰਗ ਨਹੀਂ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਪਛਾਣ ਗੁਪਤ ਰੱਖੀ ਜਾ ਸਕੇ।

ਦੱਖਣੀ ਕਸ਼ਮੀਰ ਦੇ ਕਈ ਹਿੱਸਿਆਂ ਜਿਵੇਂ ਪੁਲਵਾਮਾ ਵਿੱਚ ਸਥਾਨਕ ਨੌਜਵਾਨਾਂ ਦੇ ਬਗਾਵਤ ਨਾਲ ਜੁੜਨ ਤੋਂ ਬਾਅਦ ਪੁਲਿਸ ਮੁਲਾਜ਼ਮਾਂ 'ਤੇ ਹਮਲਿਆਂ ਦੇ ਕਈ ਮਾਮਲੇ ਵਧੇ ਹਨ।

ਧੀ ਦੇ ਸਾਹਮਣੇ ਕੀਤਾ ਕਤਲ

ਜਿਸ ਸ਼ਖਸ ਨੇ ਡਾਰ ਦਾ ਕਤਲ ਕੀਤਾ, ਉਹ ਜਾਣਦਾ ਸੀ ਕਿ ਉਹ ਕਿੱਥੇ ਰਹਿੰਦੇ ਹਨ। ਉਹ ਲੁਕ-ਛੁੱਪ ਕੇ ਉਨ੍ਹਾਂ ਦੇ ਘਰ ਵਿੱਚ ਵੜ ਗਏ। ਉਨ੍ਹਾਂ ਨੇ ਨਕਾਬ ਪਹਿਨਿਆ ਹੋਇਆ ਸੀ।

ਉਨ੍ਹਾਂ ਕੋਲ ਬੈਗ ਸਨ ਅਤੇ ਉਨ੍ਹਾਂ ਦੇ ਮੋਢਿਆਂ 'ਤੇ ਰਾਈਫਲ ਟੰਗੀ ਹੋਈ ਸੀ।

ਜਦੋਂ ਹਮਲਾਵਰ ਉਨ੍ਹਾਂ ਦੇ ਘਰ ਵਿੱਚ ਵੜੇ, ਤਾਂ ਉਸ ਵੇਲੇ ਡਾਰ ਸਥਾਨਕ ਮਸਜਿਦ ਵਿੱਚ ਸ਼ਾਮ ਦੀ ਨਮਾਜ਼ ਪੜ੍ਹ ਰਹੇ ਸਨ।

ਇਹ ਵੀ ਪੜ੍ਹੋ:

ਹਮਲਾਵਰਾਂ ਨੇ ਡਾਰ ਦੀ ਪਤਨੀ ਸ਼ੈਲਾ ਗਨੀ ਨੂੰ ਬੰਦੂਕ ਤਾਣਦਿਆਂ ਹੋਏ ਕਿਹਾ, "ਆਪਣਾ ਮੂੰਹ ਬੰਦ ਰੱਖੋ। ਉਨ੍ਹਾਂ ਨੇ ਡਾਰ ਦੇ ਦੋਵੇਂ ਬੇਟਿਆਂ ਨੂੰ ਇੱਕ ਕੋਨੇ ਵਿੱਚ ਧੱਕ ਦਿੱਤਾ।''

ਡਾਰ ਦਾ ਇੱਕ ਬੇਟਾ ਜਿਬਰਾਨ ਅਸ਼ਰਫ 12 ਸਾਲ ਦਾ ਹੈ ਅਤੇ ਛੋਟਾ ਬੇਟਾ ਮੁਹੰਮਦ ਕਵੈਮ 7 ਸਾਲਾਂ ਦਾ ਹੈ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਇਸ ਸਾਲ ਕੇਵਲ ਦੱਖਣੀ ਕਸ਼ਮੀਰ ਵਿੱਚ ਹੀ 66 ਕੱਟੜਪੰਥੀ ਮਾਰੇ ਗਏ ਹਨ

ਜਿਬਰਾਨ ਨੇ ਦੱਸਿਆ, "ਉਨ੍ਹਾਂ ਮੇਰਾ ਹੱਥ ਖਿੱਚਦਿਆਂ ਬੋਲਿਆ, "ਤੁਹਾਡੇ ਪਿਤਾ ਕਿੱਥੇ ਹਨ।''

ਜਦੋਂ ਡਾਰ ਘਰ ਪਰਤੇ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇੱਕ ਸਾਲਾ ਧੀ ਸੀ। ਉਹ ਲੋਕ ਡਾਰ ਨੂੰ ਜ਼ਬਰਦਸਤੀ ਰਸੋਈ ਵਿੱਚ ਲੈ ਗਏ। ਉਸ ਵੇਲੇ ਇਰਾਜ ਉਨ੍ਹਾਂ ਦੀ ਗੋਦ ਵਿੱਚ ਸੀ।

ਡਾਰ ਆਪਣੀ ਧੀ ਨੂੰ ਛੱਡਣਾ ਨਹੀਂ ਚਾਹੁੰਦੇ ਸਨ ਪਰ ਨਕਾਬ ਪੋਸ਼ ਉਨ੍ਹਾਂ ਲੋਕਾਂ ਨੇ ਉਨ੍ਹਾਂ ਤੋਂ ਝਪਟਦਿਆਂ ਧੀ ਨੂੰ ਖੋਹ ਲਿਆ।

ਡਾਰ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਵੀ ਸੀ, "ਤੁਸੀਂ ਮੇਰੇ ਭਰਾ ਵਰਗੇ ਹੋ। ਮੈਂ ਕਦੇ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ।''

ਸ਼ੈਲਾ ਗਨੀ ਨੇ ਦੱਸਿਆ ਕਿ ਉਸ ਵਕਤ ਉਹ ਨਾਲ ਦੇ ਕਮਰੇ ਵਿੱਚ ਸਨ ਅਤੇ ਇਹ ਸਭ ਸੁਣ ਰਹੇ ਸਨ।

ਫਿਰ ਅਚਾਨਕ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਮੌਕੇ 'ਤੇ ਹੀ ਅਸ਼ਰਫ ਡਾਰ ਦੀ ਮੌਤ ਹੋ ਗਈ।

ਸ਼ੈਲੀ ਗਨੀ ਕਹਿੰਦੀ ਹੈ, "ਮੇਰੀ ਧੀ ਦੀਆਂ ਮਾਸੂਮ ਅੱਖਾਂ ਨੇ ਉਹ ਭਿਆਨਕ ਮੰਜਰ ਦੇਖਿਆ।''

ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਵਿਰੋਧ ਤੇਜ਼

ਦੱਖਣੀ ਕਸ਼ਮੀਰ ਦੇ ਇੱਕ ਪਿੰਡ ਮੁਤਲਹਾਮਾ ਵਿੱਚ 68 ਸਾਲਾ ਅਬਦੁੱਲ ਗਨੀ ਸ਼ਾਹ ਰਹਿੰਦੇ।

ਉਹ ਕਹਿੰਦੇ ਹਨ, "ਕੀ ਪੁਲਿਸ ਮੁਲਾਜ਼ਮ ਕਸ਼ਮੀਰੀ ਨਹੀਂ ਹਨ? ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਕੱਟੜਪੰਥੀ ਆਪਣੇ ਮਕਸਦ ਨੂੰ ਨੁਕਸਾਨ ਪਹੁੰਚਾ ਰਹੇ ਹਨ।''

ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਤੋਂ ਕਸ਼ਮੀਰ ਵਿੱਚ ਹਿੰਸਾ ਦੇ ਮਾਮਲੇ ਵਧ ਗਏ ਹਨ। ਕਸ਼ਮੀਰੀ ਨੌਜਵਾਨ ਵਿਰੋਧ ਲਈ ਸੜਕਾਂ 'ਤੇ ਉਤਰ ਆਏ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਖਿਲਾਫ਼ ਪੈਲੇਟ ਗੰਨ ਦਾ ਇਸਤੇਮਾਲ ਕੀਤਾ ਗਿਆ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਜੁਲਾਈ 2016 ਵਿੱਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਮੁਜ਼ਾਹਰਿਆਂ ਵਿੱਚ ਤੇਜ਼ੀ ਆਈ ਹੈ

ਇਸ ਤੋਂ ਬਾਅਦ ਕੱਟੜਪੰਥੀਆਂ ਦੇ ਮਾਰੇ ਜਾਣ ਦੇ ਮਾਮਲੇ ਵੀ ਵਧੇ ਹਨ। ਸਾਲ 2017 ਵਿੱਚ 76 ਕੱਟੜਪੰਥੀ ਮਾਰੇ ਗਏ ਸਨ।

ਇਹ ਅੰਕੜਾ ਪਿਛਲੇ ਦਹਾਕਿਆਂ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਇਸ ਸਾਲ ਕੇਵਲ ਦੱਖਣੀ ਕਸ਼ਮੀਰ ਵਿੱਚ ਹੀ 66 ਕੱਟੜਪੰਥੀ ਮਾਰੇ ਗਏ ਹਨ।

ਇਸ ਦੌਰਾਨ, ਪੁਲਿਸ ਮੁਲਾਜ਼ਮਾਂ 'ਤੇ ਵੀ ਹਮਲੇ ਵਧਣ ਨਾਲ ਕਸ਼ਮੀਰ ਵਿੱਚ 1,30,000 ਪੁਲਿਸ ਮੁਲਾਜ਼ਮ ਚਿੰਤਾ ਵਿੱਚ ਹਨ।

ਜੂਨ 2017 ਵਿੱਚ ਸਾਦੇ ਕੱਪੜਿਆਂ ਵਿੱਚ ਮੌਜੂਦ ਮਹੰਮਦ ਅਯੂਬ ਨਾਂ ਦੇ ਇੱਕ ਪੁਲਿਸ ਅਧਿਕਾਰੀ ਨੂੰ ਸ਼੍ਰੀਨਗਰ ਵਿੱਚ ਭੀੜ ਨੇ ਮਾਰ ਦਿੱਤਾ ਸੀ।

ਉਨ੍ਹਾਂ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕੁਝ ਨੌਜਵਾਨਾਂ ਨਾਲ ਝਗੜੇ ਤੋਂ ਬਾਅਦ ਭੀੜ 'ਤੇ ਗੋਲੀਆਂ ਚਲਾ ਦਿੱਤੀਆਂ ਸਨ।

ਜੁਲਾਈ 2018 ਵਿੱਚ ਕਾਂਸਟੇਬਲ ਸਲਮ ਸ਼ਾਹ ਆਪਣੇ ਦੋਸਤਾਂ ਨਾਲ ਮੱਛੀਆਂ ਫੜਨ ਗਏ ਅਤੇ ਅਚਾਨਕ ਗਾਇਬ ਹੋ ਗਏ।

ਅਗਲੇ ਦਿਨ ਸੇਬ ਦੇ ਬਗੀਚਿਆਂ ਵਿੱਚ ਉਨ੍ਹਾਂ ਦੀ ਲਾਸ਼ ਬਾਈਕ ਨਾਲ ਕੁਚਲੀ ਹੋਈ ਮਿਲੀ ਸੀ।

ਅਧਿਕਾਰੀਆਂ ਅਨੁਸਾਰ ਇਸ ਸਾਲ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਦੇ ਕਰੀਬ 12 ਮੈਂਬਰਾਂ ਨੂੰ ਅਗਵਾ ਕੀਤਾ ਗਿਆ ਹੈ।

28 ਅਗਸਤ ਨੂੰ ਸ਼ੱਕੀ ਕੱਟੜਪੰਥੀਆਂ ਨੇ ਦੱਖਣੀ ਕਸ਼ਮੀਰ ਦੇ ਇੱਕ ਪੁਲਿਸ ਮੁਲਾਜ਼ਮ ਦੇ ਪੁੱਤਰ ਨੂੰ ਚੁੱਕ ਲਿਆ ਸੀ।

ਇਹ ਵੀ ਪੜ੍ਹੋ:

ਪੁਲਿਸ ਦੀ ਜਾਂਚ ਵਿੱਚ ਇਸ ਅਗਵਾ ਕਰਨ ਦੀ ਇਸ ਵਾਰਦਾਤ ਦੇ ਤਾਰ ਹਿਜਬੁਲ ਮੁਜਾਹਿੱਦੀਨ ਦੇ ਮੁਖੀ ਰਿਆਜ਼ ਨਾਇਕੋ ਨਾਲ ਜੁੜੇ ਮਿਲੇ ਹਨ।

ਨਾਇਕੋ ਨੇ ਕਸ਼ਮੀਰੀ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਛੱਡਣ ਜਾਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਸੀ।

ਫਿਰ ਵੀ ਪੁਲਿਸ ਵਿੱਚ ਜਾਣਾ ਚਾਹੁੰਦੇ ਹਨ ਨੌਜਵਾਨ

ਕਈ ਨੌਜਵਾਨ ਅਜੇ ਵੀ ਪੁਲਿਸ ਬਲ ਵਿੱਚ ਜਾਣਾ ਚਾਹੁੰਦੇ ਹਨ। ਇਸ ਦਾ ਇੱਕ ਕਾਰਨ ਹਿੰਸਾ ਅਤੇ ਕਮਜ਼ੋਰ ਅਰਥਵਿਵਸਥਾ ਕਰਕੇ ਨੌਕਰੀਆਂ ਵਿੱਚ ਕਮੀ ਹੋਣਾ ਵੀ ਹੈ।

ਪੁਲਿਸ ਦੀ ਨੌਕਰੀ ਲਈ ਟਰੇਨਿੰਗ ਲੈ ਰਹੇ ਫੁਰਕਾਨ ਅਹਿਮਦ ਕਹਿੰਦੇ ਹਨ, "ਮੈਂ ਪੁਲਿਸ ਵਿੱਚ ਜਾਣਾ ਚਾਹੁੰਦਾ ਹਾਂ ਕਿਉਂਕਿ ਮੈ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਹੈ।''

ਤਸਵੀਰ ਸਰੋਤ, MAJID JAHANGIR/BBC

ਤਸਵੀਰ ਕੈਪਸ਼ਨ,

ਕਸ਼ਮੀਰ ਭਾਰਤ ਤੇ ਪਾਕਿਸਤਾਨ ਵਿਚਾਲੇ ਲੰਬੇ ਵਕਤ ਤੋਂ ਟਕਰਾਅ ਦਾ ਵਿਸ਼ਾ ਰਿਹਾ ਹੈ

ਇਸ ਵਿਚਾਲੇ ਕਸ਼ਮੀਰੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ।

ਜੂਨ ਵਿੱਚ ਸੀਆਰਪੀਐੱਫ ਜਵਾਨਾਂ ਦੀ ਜੀਪ ਥੱਲੇ ਆਉਣ ਕਾਰਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਤੋਂ ਬਾਅਦ ਵੀ ਹਿੰਸਾ ਭੜਕ ਉੱਠੀ ਸੀ।

ਸੀਆਰਪੀਐੱਫ ਦਾ ਕਹਿਣਾ ਹੈ ਜਵਾਨ ਅਪਣਾ ਬਚਾਅ ਕਰ ਰਹੇ ਸਨ ਪਰ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਜਾਣ ਬੁੱਝ ਕੇ ਜੀਪ ਨਾਲ ਕੁਚਲਿਆ ਸੀ।

ਡਾਰ ਦੇ ਪਿਤਾ ਕਾਦ੍ਰਿਮ ਕਹਿੰਦੇ ਹਨ, "ਮਨੁੱਖਤਾ ਖ਼ਤਮ ਹੋ ਚੁੱਕੀ ਹੈ ਅਤੇ ਕਸ਼ਮੀਰ ਵਿੱਚ ਤਾਂ ਇਹ ਕਦੋਂ ਦੀ ਖ਼ਤਮ ਹੋ ਚੁੱਕੀ ਹੈ।''

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)