ਅਕਾਲੀ ਦਲ 'ਚੋਂ ਉੱਠੀ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ - ਪੰਜ ਅਹਿਮ ਖ਼ਬਰਾਂ

ਤਸਵੀਰ ਸਰੋਤ, NARINDER NANU/getty images
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਦੋਹਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਇੱਕ ਪੁਰਾਣੇ ਇੰਟਰਵਿਊ ਨੂੰ ਫੇਸਬੁੱਕ 'ਤੇ ਸਾਂਝਾ ਕੀਤਾ।
ਇਸ ਵੀਡੀਓ ਵਿਚ ਜਥੇਦਾਰ ਮੱਕੜ ਨੇ ਦਅਵਾ ਕੀਤਾ ਸੀ ਕਿ 2015 ਵਿੱਚ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਬਾਰੇ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਅਖੀਰ ਮੌਕੇ 'ਤੇ ਦੱਸਿਆ ਸੀ।
ਦੂਜੇ ਪਾਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਾਂਗਰਸ ਅਕਾਲੀ ਦਲ ਖਿਲਾਫ਼ ਸੜਕਾਂ 'ਤੇ ਹੈ, ਰੋਸ ਮੁਜ਼ਾਹਰੇ ਕਰ ਰਹੀ ਹੈ। ਅਕਾਲੀ ਦਲ ਪੂਰੀ ਤਰ੍ਹਾਂ ਬੈਕਫੁੱਟ 'ਤੇ ਹੈ। ਪਹਿਲੀ ਵਾਰੀ ਹੈ ਕਿ ਟਕਸਾਲੀ ਆਗੂ ਪਾਰਟੀ ਦੇ ਵਿਰੋਧ ਵਿੱਚ ਖੁੱਲ੍ਹ ਕੇ ਬੋਲ ਰਹੇ ਹਨ। ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਸਣੇ ਮਾਲਵੇ ਦੇ ਚਾਰ ਆਗੂਆਂ ਨੇ ਤਾਂ ਅਕਾਲੀ ਦਲ ਤੋਂ ਅਸਤੀਫੇ ਦੇ ਦਿੱਤੇ ਹਨ।
ਇਹ ਵੀ ਪੜ੍ਹੋ:
ਉੱਧਰ ਅਕਾਲੀ ਦਲ ਨੇ ਵੀ ਪੋਲ ਖੋਲ੍ਹ ਰੈਲੀ ਦੀ ਤਿਆਰੀ ਵਿੱਢ ਲਈ ਹੈ। ਇਸ ਸਬੰਧੀ ਕਾਂਗਰਸ ਆਗੂ ਸੁਨੀਲ ਜਾਖੜ ਦੇ ਪਿੰਡ ਪੰਜਕੋਸੀ ਵਿੱਚ ਸੁਖਬੀਰ ਬਾਦਲ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜਾਖੜ ਅਤੇ ਸਿੱਖ-ਵਿਰੋਧੀ ਕਾਂਗਰਸ ਪਾਰਟੀ ਉਨ੍ਹਾਂ ਦਾ ਸਾਹਮਣਾ ਕਰੇ।
ਅਕਾਲ ਤਖਤ ਦੇ ਜਥੇਦਾਰ ਗਾਇਬ
ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਮੁੱਦੇ 'ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਪਰ ਉਹ ਇਸ ਵਿਚਾਲੇ ਗਾਇਬ ਹੋ ਗਏ ਹਨ।
ਤਸਵੀਰ ਸਰੋਤ, RAVINDER SINGH ROBIN
ਹਾਲ ਹੀ ਵਿੱਚ ਮੀਡੀਆ ਨਾਲ ਰੂਬਰੂ ਹੁੰਦਿਆਂ ਰਾਜ ਸਭਾ ਦੇ ਐਮਪੀ ਸੁਖਦੇਵ ਸਿੰਘ ਢੀਂਡਸਾ ਨੇ ਗਿਆਨੀ ਗੁਰਬਚਨ ਸਿੰਘ ਨੂੰ ਰਾਮ ਰਹੀਮ ਦੀ ਮਾਫੀ ਦੇਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ।
ਸੁਪਰੀਮ ਕੋਰਟ ਦੇ ਮੁੱਖ ਜੱਜ ਵਜੋਂ ਗੋਗੋਈ ਦੇ ਨਾਂ ਦੀ ਸਿਫਾਰਿਸ਼
ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ 46ਵੇਂ ਚੀਫ ਜਸਟਿਸ ਹੋ ਸਕਦੇ ਹਨ। ਸੀਜੇਆਈ ਦੀਪਕ ਮਿਸਰਾ ਨੇ ਗੋਗੋਈ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਨਿਯਮਾਂ ਮੁਤਾਬਕ ਸਭ ਤੋਂ ਸੀਨੀਅਰ ਜੱਜਾਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ।
ਤਸਵੀਰ ਸਰੋਤ, Getty Images
ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਤਰੱਕੀ ਦੇ ਕੇ ਅਪ੍ਰੈਲ 2012 ਵਿੱਚ ਸੁਪਰੀਮ ਕੋਰਟ ਵਿੱਚ ਨਿਯੁਕਤ ਕੀਤਾ ਗਿਆ ਸੀ। ਅਸਾਮ ਦੇ ਰਹਿਣ ਵਾਲੇ ਰੰਜਨ ਗੋਗੋਈ ਅਸਾਮ ਦੇ ਸਾਬਕਾ ਮੁੱਖ ਮੰਤਰੀ ਕੇਸ਼ਾਬ ਚੰਦਰਾ ਗੋਗਈ ਦੇ ਪੁੱਤਰ ਹਨ। ਦੇਸ ਦੇ ਉੱਤਰ ਪੂਰਬੀ ਸੂਬੇ ਦੇ ਪਹਿਲੇ ਜੱਜ ਹਨ, ਜੋ ਕਿ ਸੀਜੇਆਈ ਦਾ ਅਹੁਦਾ ਸੰਭਾਲਣਗੇ।
ਫੌਜ ਲਈ ਸੋਸ਼ਲ ਮੀਡੀਆ ਟਰੇਨਿੰਗ
ਸੋਸ਼ਲ ਮੀਡੀਆ ਦੇ ਵੱਧਦੇ ਪਸਾਰ ਦੇ ਨਾਲ ਫੌਜ ਵੀ ਇਸ ਪਲੇਟਫਾਰਮ ਦਾ ਲਾਹਾ ਲੈਣ ਜਾ ਰਹੀ ਹੈ ਅਤੇ 'ਅਰਪਨ' ਨਾਮ ਦੀ ਇੱਕ ਨਵੀਂ ਐਪ ਲੈ ਕੇ ਆ ਰਹੀ ਹੈ।
ਤਸਵੀਰ ਸਰੋਤ, Getty Images
ਇਹ ਐਪ ਜਿੱਥੇ ਫੌਜੀਆਂ ਦੀਆਂ ਲੋੜਾਂ ਸਬੰਧੀ ਹੋਵੇਗੀ ਉੱਥੇ ਹੀ ਇਹ ਯਕੀਨੀ ਕਰੇਗੀ ਕਿ ਫੇਕ ਨਿਊਜ਼ ਨਾ ਫੈਲੇ। ਫੌਜ ਮੁਖੀ ਜਨਰਲ ਬਿਪਿਨ ਰਾਵਤ ਦਾ ਕਹਿਣਾ ਹੈ, "ਅਸੀਂ ਸੋਸ਼ਲ ਮੀਡੀਆ ਲਈ ਇੱਕ ਨਵੀਂ ਯੋਜਨਾ ਬਣਾ ਰਹੇ ਹਾਂ ਅਤੇ ਫੌਜੀਆਂ ਨੂੰ ਵੀ ਇਸ ਦੀ ਟਰੇਨਿੰਗ ਦੇ ਰਹੇ ਹਾਂ।"
ਮੋਨਿਕਾ ਲੈਵਿੰਸਕੀ ਇੰਟਰਵਿਊ ਛੱਡ ਕੇ ਗਈ
ਅਮਰੀਕੀ ਕਾਰਕੁਨ, ਫੈਸ਼ਨ ਡਿਜ਼ਾਈਨਰ ਅਤੇ ਵਾਈਟ ਹਾਊਸ ਇੰਟਰਨ ਮੋਨਿਕਾ ਲੈਵਿੰਸਿਕੀ ਨੇ ਉਸ ਵੇਲੇ ਇਜ਼ਰਾਈਲ ਦੇ ਚੈਨਲ 2 ਨਿਊਜ਼ ਦਾ ਇੰਟਰਵਿਊ ਵਿਚਾਲੇ ਛੱਡ ਦਿੱਤਾ ਜਦੋਂ ਉਨ੍ਹਾਂ ਨੂੰ ਬਿਲ ਕਲਿੰਟਨ ਨਾਲ ਰਿਸ਼ਤੇ ਬਾਰੇ ਸਵਾਲ ਕੀਤਾ ਗਿਆ।
ਤਸਵੀਰ ਸਰੋਤ, Tal Schneider/Twitter
ਲੈਵਿੰਸਿਕੀ ਨੇ ਟਵਿੱਟਰ 'ਤੇ ਇਸ ਸਬੰਧੀ ਸਪਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਇਸ ਲਈ ਇੰਟਰਵਿਊ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਮੁੱਦੇ ਤੋਂ 'ਹੱਦੋਂ-ਬਾਹਰ' ਸਵਾਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
ਇਜ਼ਰਾਈਲੀ ਚੈਨਲ ਨੇ ਵੀ ਲੈਵਿੰਸਕੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ 'ਸੰਵਦੇਨਸ਼ੀਲਤਾ' ਦਾ ਸਨਮਾਨ ਕਰਦੇ ਹਨ।