ਕਸ਼ਮੀਰ 'ਚ ਮਤਰੇਈ ਮਾਂ 'ਤੇ 9 ਸਾਲਾ ਬੱਚੀ ਦਾ ਗੈਂਗ ਰੇਪ ਕਰਵਾਉਣ ਦਾ ਇਲਜ਼ਾਮ

  • ਰਿਆਜ਼ ਮਸਰੂਰ
  • ਬੀਬੀਸੀ ਨਿਊਜ਼
ਤਸਵੀਰ ਕੈਪਸ਼ਨ,

ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਬੱਚੀ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ ਗਈਆਂ

ਭਾਰਤ ਪ੍ਰਸ਼ਾਸਤ ਕਸ਼ਮੀਰ ਦੇ ਬਾਰਾਂਮੁਲਾ ਜ਼ਿਲ੍ਹੇ 'ਚ 9 ਸਾਲਾ ਬੱਚੀ ਦੇ ਬਲਾਤਕਾਰ ਅਤੇ ਕਤਲ ਦੇ ਇਲਜ਼ਾਮਾਂ ਤਹਿਤ ਇੱਕ ਔਰਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜੰਮੂ-ਕਸ਼ਮੀਰ ਪੁਲਿਸ ਨੇ ਜਾਂਚ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਮੁਲਜ਼ਮਾਂ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਬੱਚੀ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ ਗਈਆਂ ਅਤੇ ਉਸ ਦੇ ਗੁਪਤ ਅੰਗਾਂ 'ਤੇ ਤੇਜ਼ਾਬ ਪਾਇਆ ਗਿਆ।

ਮੁਲਜ਼ਮਾਂ ਦੀ ਪਛਾਣ ਪੀੜਤ ਲੜਕੀ ਦੀ ਮਤਰੇਈ ਮਾਂ, ਮਤਰੇਏ ਭਰਾ ਅਤੇ ਮਿੱਤਰਾਂ ਵਜੋਂ ਹੋਈ ਹੈ।

ਪੁਲਿਸ ਰਿਪੋਰਟ ਮੁਤਾਬਕ ਮੁਲਜ਼ਮ ਔਰਤ ਅਕਸਰ ਆਪਣੇ ਪੁੱਤਰ ਅਤੇ ਉਸ ਦੇ ਦੋਸਤਾਂ ਨੂੰ ਆਪਣੇ ਪਤੀ ਖਿਲਾਫ਼ ਭੜਕਾਉਂਦੀ ਰਹਿੰਦੀ ਸੀ ਅਤੇ ਲੜਕੀ ਦਾ ਬਲਾਤਕਾਰ ਅਤੇ ਕਤਲ ਕਰਨ ਲਈ ਵੀ ਉਕਸਾਉਂਦੀ ਸੀ।

ਹੱਤਿਆ ਦਾ ਮੁੱਖ ਕਾਰਨ ਪਤੀ ਦੀ ਪਹਿਲੀ ਪਤਨੀ ਨਾਲ ਨਫ਼ਰਤ ਦੱਸਿਆ ਜਾ ਰਿਹਾ ਹੈ। ਪੀੜਤ ਬੱਚੀ ਦੀ ਮਾਂ ਭਾਰਤ ਦੇ ਝਾਰਖੰਡ ਰਾਜ ਨਾਲ ਸਬੰਧ ਰੱਖਦੀ ਹੈ।

ਇਹ ਵੀ ਪੜ੍ਹੋ:

ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਸ਼ੇਸ਼ਪਾਲ ਵੇਦ ਨੇ ਕਿਹਾ ਕਿ ਬੱਚੀ ਨਾਲ ਹੋਈ ਇਹ ਘਟਨਾ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਕਠੂਆ ਇਲਾਕੇ ਵਿਚ ਨਾਬਾਲਗ ਬੱਚੀ ਨਾਲ ਹੋਏ ਬਲਾਤਕਾਰ ਤੋਂ ਵੀ ਖਤਰਨਾਕ ਹੈ।

ਪੁਲਿਸ ਰਿਪੋਰਟ ਮੁਤਾਬਕ ਸਰਹੱਦੀ ਇਲਾਕੇ ਬਾਰਾਂਮੁਲਾ ਦੇ ਸ਼ਹਿਰ ਉੜੀ ਦੇ ਰਹਿਣ ਵਾਲੇ ਮੁਸ਼ਤਾਕ ਅਹਿਮਦ ਨੇ 2003 ਵਿਚ ਇੱਥੋਂ ਦੀ ਹੀ ਮਹਿਲਾ ਫ਼ਾਹਮੀਦਾ ਨਾਲ ਨਿਕਾਹ ਕੀਤਾ ਸੀ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ।

ਪਰ ਕੁਝ ਸਮੇਂ ਮਗਰੋਂ ਮੁਸ਼ਤਾਕ ਨੇ ਝਾਰਖੰਡ ਦੀ ਰਹਿਣ ਵਾਲੀ ਖੁਸ਼ਬੂ ਨਾਲ ਨਿਕਾਹ ਕਰ ਲਿਆ ਜਿਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਫਾਹਮੀਦਾ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਮੁਸ਼ਤਾਕ ਜ਼ਿਆਦਾਤਰ ਸਮਾਂ ਆਪਣੀ ਦੂਜੀ ਪਤਨੀ ਅਤੇ ਬੱਚੀ ਦੇ ਨਾਲ ਬਿਤਾਉਂਦਾ ਸੀ ਜੋ ਕਿ ਉਸ ਦੇ ਦਿਲ ਦੇ ਬਹੁਤ ਨੇੜੇ ਸੀ।

ਤਸਵੀਰ ਕੈਪਸ਼ਨ,

ਭਾਰਤ ਵਿੱਚ ਬੱਚਿਆਂ ਖਿਲਾਫ ਵਧਦੇ ਅਪਰਾਧ ਦੀ ਸੰਕੇਤਕ ਤਸਵੀਰ

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਖੁਸ਼ਬੂ ਪ੍ਰਤੀ ਫਾਹਮੀਦਾ ਦੀ ਨਫ਼ਰਤ ਨੇ ਲੰਬੀ ਸਾਜ਼ਿਸ਼ ਮਗਰੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਘਟਨਾ ਸਥਾਨ 'ਤੇ ਖੁਦ ਮੌਜੂਦ ਸੀ।

ਪੁਲਿਸ ਦਾ ਕਹਿਣਾ ਹੈ ਕਿ ਆਪਣੇ 14 ਸਾਲਾ ਪੁੱਤਰ ਸਣੇ 5 ਵਿਅਕਤੀਆਂ ਦੁਆਰਾ ਬਲਾਤਕਾਰ ਕਰਦੇ ਉਸਨੇ ਆਪਣੇ ਅੱਖੀਂ ਵੇਖਿਆ ਹੈ।

ਇਹ ਵੀ ਪੜ੍ਹੋ:

ਇਸ ਮਗਰੋਂ ਮੁਲਜ਼ਮਾਂ ਨੇ ਲੜਕੀ ਦੇ ਗੁਪਤ ਅੰਗਾਂ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਉਸ ਦੀਆਂ ਅੱਖਾਂ ਬਾਹਰ ਕੱਢ ਦਿੱਤੀਆਂ।

ਬੀਬੀਸੀ ਪੱਤਰਕਾਰ ਨਾਲ ਗੱਲਬਾਤ ਦੌਰਾਨ ਪੁਲਿਸ ਨੇ ਕਿਹਾ ਕਿ ਪੀੜਤ ਲੜਕੀ ਪਿਛਲੇ 10 ਦਿਨਾਂ ਤੋਂ ਲਾਪਤਾ ਸੀ ਅਤੇ ਇਸ ਕੇਸ ਨੂੰ ਸੁਲਝਾਉਣ ਲਈ ਲੰਬੀ ਤਫ਼ਤੀਸ਼ ਉਪਰੰਤ ਅਸੀਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)