ਧਾਰਾ 377: ਇਹ ਉਹ ਭਾਰਤ ਹੈ ਜਿੱਥੇ ਮੈਂ ਰਹਿਣਾ ਚਾਹੁੰਦੀ ਹਾਂ - ਸੋਨਮ ਕਪੂਰ

ਕਰਨ ਜੋਹਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਾਲੀਵੁੱਡ ਸ਼ਖਸੀਅਤਾਂ ਨੇ ਟਵੀਟ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਆਗਤ ਕੀਤਾ

ਭਾਰਤ ਵਿੱਚ ਸਮਲਿੰਗਤਾ 'ਤੇ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦਾ ਸੁਆਗਤ ਬਾਲੀਵੁੱਡ ਸ਼ਖਸੀਅਤਾਂ ਨੇ ਸੋਸ਼ਲ ਮੀਡੀਆ 'ਤੇ ਖੁਲ੍ਹ ਕੇ ਕੀਤਾ।

ਆਮਿਰ ਖਾਨ, ਕਰਨ ਜੌਹਰ, ਅਨੁਸ਼ਕਾ ਸ਼ਰਮਾ, ਸਵਰਾ ਭਾਸਕਰ ਤੇ ਕਈ ਸ਼ਖਸੀਅਤਾਂ ਨੇ ਇਸ ਫੈਸਲੇ ਦਾ ਜਸ਼ਨ ਮਨਾਇਆ।

ਕੋਰਟ ਨੇ ਕਿਹਾ ਹੈ ਕਿ ਸਮਲਿੰਗਤਾ ਅਪਰਾਧ ਨਹੀਂ ਹੈ ਅਤੇ ਸਮਲਿੰਗੀਆਂ ਨੂੰ ਸਨਮਾਨ ਦਾ ਪੂਰਾ ਹੱਕ ਹੈ।

ਆਮਿਰ ਖਾਨ ਨੇ ਆਪਣੇ ਹੀ ਟੀਵੀ ਸ਼ੋਅ ਸੱਤਿਅ ਮੇਵ ਜਯਤੇ ਦਾ ਇੱਕ ਵੀਡੀਓ ਪੋਸਟ ਕਰਦਿਆਂ ਲਿਖਿਆ, "ਆਰਟੀਕਲ 377 ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਦਾ ਧੰਨਵਾਦ। ਹਰ ਕਿਸੇ ਲਈ ਬਰਾਬਰੀ ਦੇ ਹੱਕ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੀ ਇਤਿਹਾਸਕ ਜਿੱਤ। ਨਿਆਂਪਾਲਿਕਾ ਨੇ ਆਪਣਾ ਕੰਮ ਕਰ ਦਿੱਤਾ ਹੈ ਅਤੇ ਹੁਣ ਸਾਨੂੰ ਸਾਡਾ ਕਰਨਾ ਹੈ।"

ਇਹ ਵੀ ਪੜ੍ਹੋ:

ਨਿਰਦੇਸ਼ਕ ਕਰਨ ਜੋਹਰ ਨੇ ਵੀ ਟਵੀਟ ਕਰਕੇ LGBTQ ਭਾਈਚਾਰੇ ਨੂੰ ਵਧਾਈ ਦਿੱਤੀ।

ਉਨ੍ਹਾਂ ਟਵੀਟ ਕੀਤਾ, ''ਇਤਿਹਾਸਕ ਫੈਸਲਾ। ਬੇਹੱਦ ਗਰਵ ਮਹਿਸੂਸ ਕਰ ਰਿਹਾ ਹਾਂ। ਸਮਲਿੰਗਤਾ ਨੂੰ ਅਪਰਾਧ ਨਾ ਮੰਨਣਾ ਤੇ ਸੈਕਸ਼ਨ 377 ਨੂੰ ਖਤਮ ਕਰਨਾ ਮਨੁੱਖਤਾ ਅਤੇ ਬਰਾਬਰੀ ਦੇ ਹੱਕ ਵਿੱਚ ਫੈਸਲਾ ਹੈ।''

ਫਰਹਾਨ ਅਖਤਰ ਨੇ ਵੀ ਟਵੀਟ ਕਰ ਕੇ ਲਿਖਿਆ, ''ਬਾਏ ਬਾਏ 377, ਧੰਨਵਾਦ।''

ਕਈ ਅਦਾਕਾਰਾਂ ਨੇ ਵੀ ਇਸ ਫੈਸਲੇ 'ਤੇ ਵਧਾਈ ਦਿੱਤੀ। ਇਸ ਵਿੱਚ ਸਵਰਾ ਭਾਸਕਰ, ਸੋਨਮ ਕਪੂਰ, ਅਨੁਸ਼ਕਾ ਸ਼ਰਮਾ ਵਰਗੀਆਂ ਅਦਾਕਾਰਾਂ ਸ਼ਾਮਲ ਹਨ।

ਸੋਨਮ ਕਪੂਰ ਨੇ ਲਿਖਿਆ, "ਮੈਂ ਇਸ ਭਾਰਤ ਵਿੱਚ ਰਹਿਣਾ ਚਾਹੁੰਦੀ ਹਾਂ। ਨਫਰਤ ਤੇ ਅਸਹਿਸ਼ਣਤਾ ਨਾਲ ਭਰੇ ਭਾਰਤ ਵਿੱਚ ਨਹੀਂ। ਮੈਨੂੰ ਇਸ ਭਾਰਤ ਨਾਲ ਪਿਆਰ ਹੈ।"

ਅਨੁਸ਼ਕਾ ਸ਼ਰਮਾ ਨੇ ਲਿਖਿਆ, "ਪਿਆਰ ਤੇ ਪਿਆਰ ਦੇ ਹੱਕ ਵੱਲ ਵੱਡਾ ਕਦਮ।"

ਕ੍ਰਿਤਿ ਸੈਨਨ ਨੇ ਲਿਖਿਆ, ''ਭਾਰਤੀ ਹੋਣ 'ਤੇ ਗਰਵ ਮਹਿਸੂਸ ਹੋ ਰਿਹਾ ਹੈ। ਪਿਆਰ ਵਿੱਚ ਕੋਈ ਨੇਮ ਨਹੀਂ ਹੁੰਦੇ ਅਤੇ ਅਜਿਹਾ ਹੀ ਹੋਣਾ ਚਾਹੀਦਾ ਹੈ। ਆਜ਼ਾਦੀ ਵੱਲ ਇਹ ਇੱਕ ਅਹਿਮ ਕਦਮ ਹੈ।"

ਅਕਸਰ ਅਹਿਮ ਮੁੱਦਿਆਂ ਬਾਰੇ ਟਵਿੱਟਰ 'ਤੇ ਆਪਣੀ ਰਾਇ ਸਾਂਝਾ ਕਰਨ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਵੀ ਇਸ 'ਤੇ ਟਿੱਪਣੀ ਕੀਤੀ। ਉਨ੍ਹਾਂ ਲਿਖਿਆ, ''ਸਾਰੇ ਯਾਚਿਕਾਕਰਤਾਵਾਂ ਨੂੰ ਢੋਰੇਂ ਵਧਾਈਆਂ, ਤੁਹਾਡੇ ਸੰਘਰਸ਼ ਨੇ ਭਾਰਤ ਨੂੰ ਹੋਰ ਵੀ ਆਜ਼ਾਦ ਥਾਂ ਬਣਾਇਆ ਹੈ।''

ਅਦਾਕਾਰ ਵਰੁਨ ਧਵਨ ਅਤੇ ਆਯੁਸ਼ਮਾਨ ਖੁਰਾਣਾ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ।

ਆਯੁਸ਼ਮਾਨ ਨੇ ਲਿਖਿਆ, ''ਅਲਵਿਦਾ ਸੈਕਸ਼ਨ 377, ਇਹ ਪ੍ਰਗਤੀਸ਼ੀਲ ਭਾਰਤ ਦੀ ਨਵੀਂ ਤਸਵੀਰ ਹੈ।''

ਕੀ ਹੈ 377?

ਧਾਰਾ 377 ਮੁਤਾਬਕ, "ਜੋ ਵੀ ਕੋਈ ਸ਼ਖਸ ਕੁਦਰਤੀ ਨਿਯਮ ਦੇ ਖਿਲਾਫ਼ ਮਰਦ, ਔਰਤ ਅਤੇ ਪਸ਼ੂ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਉਸ ਨੂੰ ਸਜ਼ਾ ਹੋਣੀ ਚਾਹੀਦੀ ਹੈ।"

ਗੇਅ ਨੂੰ ਆਮ ਤੌਰ 'ਤੇ ਐਲਜੀਬੀਟੀਕਿਊ (ਲੈਸਬੀਅਨ, ਗੇਅ, ਬਾਈਸੈਕਸੁਅਲ, ਟਰਾਂਸਜ਼ੈਂਡਰ) ਕਿਹਾ ਜਾਂਦਾ ਹੈ।

ਅਕਤੂਬਰ 2017 ਤੱਕ ਗੇਅ ਸੈਕਸ 25 ਦੇਸਾਂ ਵਿੱਚ ਕਾਨੂੰਨੀ ਹੈ ਜਿਸ ਵਿੱਚ ਨੀਦਰਲੈਂਡ, ਬੈਲਜੀਅਮ, ਕੈਨੇਡਾ, ਸਪੇਨ, ਦੱਖਣੀ ਅਫਰੀਕਾ, ਨਾਰਵੇ, ਸਵੀਡਨ, ਮੈਕਸੀਕੋ, ਆਈਸਲੈਂਡ, ਪੁਰਤਗਾਲ, ਅਰਜਨਟੀਨਾ, ਡੈਨਮਾਰਕ, ਉਰੂਗਵੇ, ਨਿਊਜ਼ੀਲੈਂਡ, ਆਸਟ੍ਰੇਲੀਆ, ਫਰਾਂਸ, ਬ੍ਰਾਜ਼ੀਲ, ਯੂਕੇ, ਲਕਸਮਬਰਗ, ਅਮਰੀਕਾ, ਫਿਨਲੈਂਡ, ਕੋਲੰਬੀਆ, ਜਰਮਨੀ ਅਤੇ ਮਾਲਟਾ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)