ਚੰਡੀਗੜ੍ਹ 'ਚ ਇਸ ਲਈ ਬੰਦ ਹੋ ਗਏ ਮੁਫ਼ਤ ਵਾਲੇ ਪੈੱਗ ਮਿਲਣੇ
- ਅਰਵਿੰਦ ਛਾਬੜਾ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਚੰਡੀਗੜ੍ਹ ਦੇ ਪੱਬ, ਬਾਰ ਅਤੇ ਹੋਟਲਾਂ ਵਿਚ ਸ਼ਰਾਬ ਦੇ ਸ਼ੌਕੀਨਾਂ ਨੂੰ ਹੁਣ ਆਨਲਾਈਨ ਡਿਸਕਾਊਂਟ ਮਿਲਣੇ ਬੰਦ ਹੋ ਗਏ ਹਨ।
ਨੌਜਵਾਨਾਂ ਨੂੰ ਬਾਰਾਂ ਅਤੇ ਹੋਟਲਾਂ ਵੱਲ ਆਕਰਸ਼ਿਤ ਕਰਨ ਲਈ ਪਹਿਲਾਂ ਇਕ ਪੈੱਗ ਦੇ ਨਾਲ ਇਕ ਪੈੱਗ ਮੁਫ਼ਤ ਜਾਂ ਫਿਰ ਦੋ ਪੈੱਗਾਂ ਦੇ ਨਾਲ ਦੋ ਪੈੱਗ ਮੁਫ਼ਤ ਦਾ ਆਫਰ ਮਿਲਣਾ ਆਮ ਸੀ। ਇਹ ਆਫਰ ਵੱਖਰੀਆਂ ਵੱਖਰੀਆਂ ਐਪਸ ਰਾਹੀਂ ਜਾਂ ਫੇਸਬੁਕ ਵਰਗੇ ਸੋਸ਼ਲ ਮੀਡਿਆ 'ਤੇ ਵੀ ਉਪਲੱਬਧ ਸਨ।
ਪਰ ਚੰਡੀਗੜ੍ਹ ਦੇ ਕਰ ਅਤੇ ਆਬਕਾਰੀ ਵਿਭਾਗ ਦੀ ਸਖ਼ਤੀ ਦੇ ਕਾਰਨ ਹੁਣ ਜ਼ਿਆਦਾਤਰ ਆਫਰ ਬੰਦ ਹੋ ਗਏ ਹਨ। ਹੋਰ ਤਾਂ ਹੋਰ ਕੁਝ ਐਪਸ ਦੇ ਜ਼ਰੀਏ ਵੀ ਇਹ ਆਫਰ ਉਪਲੱਬਧ ਸਨ ਪਰ ਹੁਣ ਇਹ ਗਾਇਬ ਹਨ, ਜਿਸ ਕਾਰਨ ਪੀਣ ਦੇ ਸ਼ੌਕੀਨ ਕੁਝ ਨੌਜਵਾਨ ਵਰਗ ਮਾਯੂਸ ਹੈ।
ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਵਾਲੇ ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਸ਼ਰਾਬ ਅਤੇ ਬੀਅਰ ਉਤੇ ਆਨਲਾਈਨ ਕਾਫੀ ਚੰਗੇ ਆਫਰ ਮਿਲਦੇ ਸਨ ਜਿਸ ਕਾਰਨ ਉਹਨਾਂ ਨੂੰ ਪਾਰਟੀ ਕਰਨੀ ਕਾਫੀ ਸਸਤੀ ਪੈਂਦੀ ਸੀ ਪਰ ਹੁਣ ਆਫਰ ਬੰਦ ਹੋਣ ਨਾਲ ਉਹਨਾਂ ਦਾ ਖਰਚਾ ਵਧ ਗਿਆ ਹੈ। ਉਧਰ ਦੂਜੇ ਪਾਸੇ ਪੰਜਾਬ ਵਿਚ ਇਹ ਆਫਰ ਅਜੇ ਵੀ ਜਾਰੀ ਹਨ।
ਇਹ ਵੀ ਪੜ੍ਹੋ:
ਇਸ ਸਬੰਧੀ ਬੀਬੀਸੀ ਪੰਜਾਬੀ ਨੇ ਚੰਡੀਗੜ੍ਹ ਦੇ ਕੁਝ ਹੋਟਲਾਂ ਅਤੇ ਬਾਰ ਮਾਲਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਕਰ ਅਤੇ ਆਬਕਾਰੀ ਵਿਭਾਗ ਦੇ ਨਿਰਦੇਸ਼ਾਂ ਉਤੇ ਨੇ ਮੁਫਤ ਵਾਲੇ ਆਫਰ ਬੰਦ ਕਰ ਦਿੱਤੇ ਹਨ।
ਉਹਨਾਂ ਦੱਸਿਆ ਕਿ ਵਿਭਾਗ ਦੀ ਦਲੀਲ ਹੈ ਕਿ ਤੁਸੀਂ ਮੁਫ਼ਤ ਵਿੱਚ ਵਿਸਕੀ ਜਾਂ ਬੀਅਰ ਨਹੀਂ ਵੇਚ ਸਕਦੇ। ਕੁਝ ਬਾਰ ਮਾਲਕਾਂ ਨੇ ਦੱਸਿਆ ਕਿ ਉਹਨਾਂ ਨੇ ਸਕੀਮਾਂ ਵਿਚ ਫੇਰਬਦਲ ਕੀਤਾ ਹੈ।
ਉਹਨਾਂ ਉਦਾਹਰਣ ਦਿੰਦਿਆਂ ਆਖਿਆ ਕਿ ਪਹਿਲਾਂ ਇਕ ਪੈੱਗ ਦੇ ਨਾਲ ਇਕ ਪੈੱਗ ਮੁਫਤ ਸੀ। ਹੁਣ ਫਰਕ ਇੰਨਾ ਹੈ ਕਿ ਅਸੀਂ ਦੂਜੇ ਪੈੱਗ ਉਤੇ ਕੁਝ ਰੁਪਏ ਗਾਹਕਾਂ ਤੋਂ ਚਾਰਜ ਕਰ ਰਹੇ ਹਾਂ।
ਕਿਉਂ ਹੋਏ ਬੰਦ ਮੁਫ਼ਤ ਦੇ ਪੈੱਗ?
ਚੰਡੀਗੜ੍ਹ ਦੇ ਕਰ ਅਤੇ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਆਰ ਕੇ ਚੌਧਰੀ ਨੇ ਕਿਹਾ ਕਿ ਸਾਨੂੰ ਜੋ ਵਿਭਾਗ ਤੋਂ ਆਦੇਸ਼ ਮਿਲੇ ਹਨ, ਉਸ ਦੇ ਹਿਸਾਬ ਨਾਲ ਹੀ ਅਸੀਂ ਕਾਰਵਾਈ ਕੀਤੀ ਹੈ। ਜੋ ਚੀਜ਼ ਗੈਰਕਾਨੂੰਨੀ ਹੈ ਉਹ ਕਰਨ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ।
ਚੰਡੀਗੜ੍ਹ ਦੇ ਇਕ ਹੋਟਲ ਦੇ ਮਾਲਕ ਮਨੀਸ਼ ਬਾਂਸਲ ਨੇ ਦੱਸਿਆ ਕਿ ਵਿਭਾਗ ਦੇ ਆਦੇਸ਼ਾਂ ਤੋਂ ਬਾਅਦ ਐਪ ਰਾਹੀਂ ਮੁਫ਼ਤ ਸ਼ਰਾਬ ਦੀਆਂ ਸਕੀਮਾਂ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਸ਼ਰਾਬ ਦਾ ਰੇਟ ਨਿਰਧਾਰਿਤ ਕਰਨ ਲਈ ਅਸੀਂ ਆਜ਼ਾਦ ਹਾਂ।
ਤਸਵੀਰ ਸਰੋਤ, Getty Images
ਸੰਕੇਤਕ ਤਸਵੀਰ
ਚੰਡੀਗੜ੍ਹ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਰ ਅਤੇ ਆਬਾਕਾਰੀ ਵਿਭਾਗ ਨੇ ਮੁਫਤ ਅਤੇ ਤੈਅ ਕੀਤੇ ਗਏ ਰੇਟ ਤੋਂ ਘਟ ਸ਼ਰਾਬ ਪਰੋਸਣ ਤੋਂ ਸਾਨੂੰ ਮਨਾਹੀ ਕੀਤੀ ਹੈ।
ਉਹਨਾਂ ਨਾਲ ਹੀ ਦੱਸਿਆ ਕਿ ਕਿਸੇ ਵੀ ਐਪ ਜਾਂ ਕਿਸੇ ਵੈਬਸਾਈਟ ਉਤੇ ਸ਼ਰਾਬ ਦਾ ਇਸ਼ਤਿਹਾਰ ਜਾਂ ਮਸ਼ਹੂਰੀ ਕਰਨ ਤੋਂ ਵੀ ਰੋਕਿਆ ਗਿਆ ਹੈ।
ਇਸੇ ਕਰਕੇ ਹੁਣ ਐਪ ਉਤੇ ਇਕ ਪੈੱਗ ਦੇ ਨਾਲ ਇਕ ਪੈੱਗ ਦਾ ਆਫਰ ਹਟਾ ਦਿੱਤਾ ਗਿਆ ਹੈ। ਕੁਝ ਹੋਰ ਹੋਟਲ ਮਾਲਕਾਂ ਨੇ ਦੱਸਿਆ ਕਿ ਪਹਿਲਾਂ ਇਹਨਾਂ ਆਫਰਾਂ ਦੇ ਕਾਰਨ ਉਹਨਾਂ ਦੀ ਸੇਲ ਕਾਫੀ ਵਧ ਗਈ ਸੀ ਪਰ ਹੁਣ ਇਸ ਦਾ ਅਸਰ ਉਹਨਾਂ ਦੇ ਕੰਮਕਾਜ ਉਤੇ ਪਵੇਗਾ।
ਕੀ ਕਹਿੰਦਾ ਹੈ ਕਾਨੂੰਨ?
ਜੇਕਰ ਪੱਬ ਅਤੇ ਬਾਰ ਸਬੰਧੀ ਕਰ ਅਤੇ ਆਬਾਕਾਰੀ ਕਾਨੂੰਨ ਦੀ ਗੱਲ ਕਰੀਏ ਤਾਂ ਉਸ ਮੁਤਾਬਕ ਮੁਫ਼ਤ ਜਾਂ ਸਸਤੀ ਸ਼ਰਾਬ ਵੇਚਣੀ ਪੂਰੀ ਤਰਾਂ ਗੈਰਕਾਨੂੰਨੀ ਹੈ।
ਕਰ ਅਤੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਸਾਰੇ ਪਦਾਰਥਾਂ ਦਾ ਇਕ ਰੇਟ ਤੈਅ ਹੈ ਉਸ ਤੋਂ ਉਪਰ ਜਾਂ ਸਸਤਾ ਵੇਚਣਾ ਗੈਰਕਾਨੂੰਨੀ ਹੈ।
ਤੈਅਸ਼ੁਦਾ ਰੇਟ ਤੋਂ ਘੱਟ ਸਾਮਾਨ ਵੇਚਣ ਉਤੇ ਕੀ ਹੈ ਸਜ਼ਾ? ਕਰ ਅਤੇ ਆਬਕਾਰੀ ਕਾਨੂੰਨ ਮੁਤਾਬਕ ਜੇਕਰ ਕੋਈ ਦੁਕਾਨਦਾਰ ਤੈਅਸ਼ੁਦਾ ਕੀਮਤ ਘੱਟ ਪੈਸੇ ਗਾਹਕ ਤੋਂ ਵਸੂਲਦਾ ਹੈ ਤਾਂ ਉਸ ਨੂੰ ਪਹਿਲੀ ਵਾਰ ਇਕ ਲੱਖ ਰੁਪਏ ਜੁਰਮਾਨਾ ਕਰਨ ਦੀ ਵਿਵਸਥਾ ਹੈ ਅਤੇ ਦੂਜੀ ਵਾਰ ਇਹ ਜੁਰਮਾਨਾ ਦੋ ਲੱਖ ਰੁਪਏ ਹੋ ਜਾਵੇਗਾ।
ਜੇਕਰ ਫਿਰ ਵੀ ਦੁਕਾਨਦਾਰ ਇਸ ਹਰਕਤ ਤੋਂ ਬਾਜ਼ ਨਹੀਂ ਆਵੇਗਾ ਤਾਂ ਉਸ ਦਾ ਲਾਇਸੈਂਸ ਰੱਦ ਕਰਕੇ ਦੁਕਾਨ ਬੰਦ ਕਰਵਾ ਦਿੱਤੀ ਜਾਵੇਗੀ।