ਨਸ਼ਾ ਤਸਕਰੀ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ 7 ਪੰਜਾਬੀ ਹਿਰਾਸਤ ਵਿੱਚ ਲਏ - ਪੰਜ ਅਹਿਮ ਖਬਰਾਂ

ਤਸਵੀਰ ਸਰੋਤ, Getty Images
ਪੰਜਾਬੀ ਟ੍ਰਿਬਿਊਨ ਮੁਤਾਬਕ ਕੈਨੇਡਾ ਦੇ ਓਂਟਾਰੀਓ ਵਿੱਚ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕਰਦਿਆਂ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਵਿੱਚ 7 ਪੰਜਾਬੀ ਵੀ ਸ਼ਾਮਿਲ ਹਨ।
ਪੀਲ ਦੀ ਖੇਤਰੀ ਪੁਲਿਸ ਦੇ ਖੁਫ਼ੀਆ ਵਿਭਾਗ ਨੇ ਇਨ੍ਹਾਂ ਸਾਰਿਆਂ ਖਿਲਾਫ਼ ਨਸ਼ਾ ਤਸਕਰੀ, ਧੋਖਾਧੜੀ ਅਤੇ ਚੋਰੀਆਂ ਦੇ ਇਲਜ਼ਾਮ ਹੇਠ 80 ਮਾਮਲੇ ਦਰਜ ਕੀਤੇ ਹਨ।
ਇਹ ਵੀ ਪੜ੍ਹੋ:
ਪੁਲਿਸ ਦੇ ਖੁਫ਼ੀਆ ਵਿਭਾਗ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪਿਛਲੇ ਇੱਕ ਸਾਲ ਤੋਂ ਕੀਤੀ ਜਾ ਰਹੀ ਸੀ ਅਤੇ ਇਨ੍ਹਾਂ ਲੋਕਾਂ ਦਾ ਜਾਲ ਅਮਰੀਕਾ ਤੋਂ ਪਾਕਿਸਤਾਨ ਤੱਕ ਫੈਲਿਆ ਹੋਇਆ ਸੀ।
ਬੇਅਦਬੀ ਸਬੰਧੀ ਮਾਮਲੇ ਸੀਬੀਆਈ ਤੋਂ ਵਾਪਸ ਲੈਣ ਲਈ ਨੋਟੀਫਿਕੇਸ਼ਨ
ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਸੀਬੀਆਈ ਤੋਂ ਵਾਪਸ ਲੈਣ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਹੁਣ ਕੇਂਦਰ ਸਰਕਾਰ ਨੂੰ ਇਸ ਬਾਰੇ ਲਿਖੇਗੀ।
ਤਸਵੀਰ ਸਰੋਤ, Getty Images
ਤੁਹਾਨੂੰ ਦੱਸਦੇਈਏ ਕਿ 9 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਮਤਾ ਪਾਸ ਹੋਇਆ ਸੀ। ਇਹ ਦੋਵੇਂ ਮਾਮਲੇ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਸੀਬੀਆਈ ਨੂੰ ਸੌਂਪੇ ਸਨ।
'ਡੇਰਾ ਮੁਖੀ ਨੂੰ ਮਾਫੀ ਵੱਡੀ ਗਲਤੀ ਸੀ'
ਖਡੂਰ ਸਾਹਿਬ ਤੋਂ ਐਮਪੀ ਅਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਹਾਲਤ ਇਸ ਦੀਆਂ ਆਪਣੀਆਂ ਗਲਤੀਆਂ ਕਾਰਨ ਹੈ ਜੋ ਕਿ ਪਾਰਟੀ ਨੇ ਸੱਤਾ ਵਿੱਚ ਰਹਿੰਦੇ ਹੋਏ ਕੀਤੀਆਂ।
ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ 2015 ਵਿੱਚ ਦਿੱਤੀ ਗਈ ਮਾਫੀ ਵੱਡੀ ਗਲਤੀ ਸੀ ਹਾਲਾਂਕਿ ਇੱਕ ਮਹੀਨੇ ਅੰਦਰ ਹੀ ਇਸ ਨੂੰ ਵਾਪਸ ਵੀ ਲੈ ਲਿਆ ਗਿਆ ਸੀ ਪਰ ਇਹ ਮਾਮਲਾ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਸੀ। ਬੇਅਦਬੀ ਮਾਮਲੇ ਤੋਂ ਬਾਅਦ ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਕਾਰਨ ਵੀ ਸਾਡੇ ਅਕਸ ਨੂੰ ਢਾਹ ਲੱਗੀ। ਹਾਲਾਂਕਿ ਪਾਰਟੀ ਜਾਂ ਇਸ ਦੇ ਕਿਸੇ ਆਗੂ ਦਾ ਸਿੱਧਾ ਸਬੰਧ ਨਹੀਂ ਸੀ ਫਿਰ ਵੀ ਸਰਕਾਰਾਂ ਨੂੰ ਹੀ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।"
ਗੁਰਦੁਆਰੇ 'ਚ ਲੜਾਈ: 27 ਹੋਰ ਖਿਲਾਫ਼ ਮਾਮਲਾ ਦਰਜ
ਅਮਰੀਕਾ ਦੇ ਗਰੀਨਵੁੱਡ ਗੁਰਦੁਆਰੇ ਵਿੱਚ 15 ਅਪ੍ਰੈਲ ਨੂੰ ਹੋਈ ਲੜਾਈ ਦੇ ਮਾਮਲੇ ਵਿੱਚ ਜੌਹਨਸਨ ਕਾਊਂਟੀ ਅਦਾਲਤ ਵਿੱਚ 27 ਹੋਰ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਗੁਰਦੁਆਰੇ ਵਿੱਚ ਹੋਈ ਲੜਾਈ ਲਈ 45 ਲੋਕਾਂ ਖਿਲਾਫ਼ ਸ਼ਬਦੀ ਅਤੇ ਸਰੀਰਕ ਲੜਾਈ ਵਿੱਚ ਸ਼ਮੂਲੀਅਤ ਹੋਣ ਕਾਰਨ ਮਾਮਲਾ ਦਰਜ ਹੋ ਚੁੱਕਿਆ ਹੈ। ਇਹ ਲੜਾਈ ਗੁਰਦੁਆਰੇ ਵਿੱਚ ਪ੍ਰਧਾਨਗੀ ਬਦਲਣ ਸਬੰਧੀ ਹੋਈ ਸੀ। ਜਦੋਂ ਇਹ ਲੜਾਈ ਹੋਈ ਤਾਂ ਗੁਰਦੁਆਰੇ ਵਿੱਚ ਪਾਠ ਹੋ ਰਿਹਾ ਸੀ।
ਪੀਯੂ ਨੂੰ ਮਿਲੀ ਪਹਿਲੀ ਮਹਿਲਾ ਪ੍ਰਧਾਨ
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਇਸ ਵਾਰੀ ਖੱਬੇਪੱਖੀ ਵਿਚਾਰਧਾਰਾ ਵਾਲੀ ਪਾਰਟੀ ਸੂਟੈਂਡਟਜ਼ ਫਾਰ ਸੋਸਾਇਟੀ (ਐਸਐਫਐਸ) ਦੀ ਕਨੂਪ੍ਰਿਆ ਪੀਯੂ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਪ੍ਰਧਾਨ ਬਣੀ ਹੈ। ਕਨੂਪ੍ਰਿਆ ਨੂੰ ਕੁੱਲ 2802 ਵੋਟ ਮਿਲੇ ਹਨ।
ਕਨੂਪ੍ਰਿਆ ਨੇ ਏਬੀਵੀਪੀ ਦੇ ਆਸ਼ੀਸ਼ ਰਾਣਾ ਨੂੰ 719 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬਾਕੀ ਦੇ ਦੋ ਅਹੁਦਿਆਂ 'ਤੇ ਸੋਈ ਗੱਠਜੋੜ ਦੇ ਸਹਿਯੋਗੀ ਅਤੇ ਇੱਕ 'ਤੇ ਐੱਨਐੱਸਯੂਆਈ ਦਾ ਉਮੀਦਵਾਰ ਜੇਤੂ ਰਿਹਾ।