BBC EXCLUSIVE: ਪਾਕਿਸਤਾਨ- ਕਰਤਾਰਪੁਰ ਲਾਂਘਾ ਜਲਦ ਖੋਲ੍ਹਣ ਜਾ ਰਹੇ ਹਾਂ

  • ਸ਼ੁਮਾਇਲਾ ਜਾਫ਼ਰੀ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

2001 ਤੋਂ ਸਿੱਖ ਜੱਥੇ ਵੱਲੋਂ ਹਰ ਮਹੀਨੇ ਇੱਥੇ ਲਾਂਘਾ ਖੋਲ੍ਹਣ ਦੀ ਅਰਦਾਸ ਹੁੰਦੀ ਹੈ

ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਬੀਬੀਸੀ ਨੂੰ ਦੱਸਿਆ ਹੈ ਕਿਹਾ ਕਿ ਪਾਕਿਸਤਾਨ ਸਰਕਾਰ ਛੇਤੀ ਹੀ ਭਾਰਤ ਤੋਂ ਕਰਤਾਰਪੁਰ ਗੁਰਦੁਆਰਾ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲਣ ਜਾ ਰਹੀ ਹੈ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲਬਾਤ ਕਰਦਿਆ ਫਵਾਦ ਚੌਧਰੀ ਨੇ ਕਿਹਾ,"ਕਰਤਾਰਪੁਰ ਸਰਹੱਦ ਖੋਲੀ ਜਾ ਰਹੀ ਹੈ, ਗੁਰਦੁਆਰੇ ਤੱਕ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਉੱਥੋਂ ਤੱਕ ਆਉਣ ਲਈ ਰਸਤਾ ਬਣਾਇਆ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਟਿਕਟ ਖਰੀਦ ਕੇ ਆ ਸਕਣਗੇ ਅਤੇ ਮੱਥਾ ਟੇਕਣ ਤੋਂ ਵਾਪਸ ਜਾ ਸਕਣਗੇ। ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।''

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਚੜਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ।

ਇਹ ਵੀ ਪੜ੍ਹੋ:

ਗੁਰਦੁਆਰਾ ਦਰਸ਼ਨਾਂ ਨੂੰ ਲੈ ਕੇ ਲਾਂਘਾ ਖੋਲ੍ਹਣ ਦੀ ਮੰਗ ਉਂਝ ਤਾਂ ਕਾਫੀ ਚਿਰਾਂ ਤੋਂ ਚੁੱਕੀ ਜਾ ਰਹੀ ਹੈ ਪਰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨਾਲ ਉਹ ਮੁੱਦਾ ਮੁੜ ਭਖ ਗਿਆ ਹੈ।

'ਭਾਰਤ ਸਰਕਾਰ ਵੀ ਇੱਕ ਕਦਮ ਚੁੱਕੇ'

ਫਵਾਦ ਚੌਧਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਜਲਦ ਹੀ ਇਹ ਰਸਤਾ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਮਰਾਨ ਸਰਕਾਰ ਭਾਰਤ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਮਨ ਸਾਂਤੀ ਦੇ ਏਜੰਡੇ ਨਾਲ ਅੱਗੇ ਵਧ ਰਹੀ ਹੈ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਚ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ, 'ਜੋ ਲੋਕ ਸਿਆਸਤ ਕਰਦੇ ਹਨ, ਉਹ ਇਸ ਨੂੰ ਅਸੰਭਵ ਕਿਹਾ ਕਰਦੇ ਸੀ ਉਹ ਹਕੀਕਤ ਬਣਨ ਜਾ ਰਿਹਾ ਹੈ'।

'ਮੈਂ ਖਾਨ ਸਾਹਿਬ ਦਾ ਧੰਨਵਾਦੀ ਹਾਂ। ਹੁਣ ਸ਼ਰਧਾਲੂ ਬਿਨਾਂ ਵੀਜ਼ਾ ਦੇ ਕਰਤਾਰ ਪੁਰ ਸਾਹਿਬ ਦਰਸ਼ਨ ਕਰ ਸਕਣਗੇ। ਮੈਂ ਇਸ ਨੂੰ ਇੱਕ ਲਾਂਘੇ ਤੋਂ ਉੱਪਰ ਦੇਖਦਾ ਹਾਂ। ਇਹ ਦੋ ਦੇਸਾਂ ਦੇ ਫਾਸਲੇ ਘਟਾ ਸਕਦਾ ਹੈ।'

ਸਿੱਧੂ ਨੇ ਕਿਹਾ, 'ਮੈਂ ਸਿਰਫ਼ ਮੁਹੱਬਤ ਅਤੇ ਅਮਨ ਦਾ ਸੁਨੇਹਾ ਲੈ ਕੇ ਗਿਆ ਸੀ ਅਤੇ ਅਮਨ ਹੀ ਮਿਲਿਆ ਹੈ। ਧਰਮ ਤੁਹਾਨੂੰ ਜੋੜ ਸਕਦਾ ਹੈ। ਹਿੰਦੁਸਤਾਨੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਇੱਕ ਕਦਮ ਚੱਲੋ, ਇਹ ਖੁਸ਼ੀਆਂ ਨਾਲ ਭਰੀ ਬਹਾਰ ਹੈ, ਨਿਯਾਮਤ ਹੈ'।

'ਨਕਾਰਾਤਮਕ ਸੋਚ ਵਾਲਿਆਂ ਦੇ ਮੂੰਹ 'ਤੇ ਢੱਕਣ ਲਾ ਦਿੱਤਾ ਗਿਆ ਹੈ, ਇਹ ਕਰਾਰਾ ਜਵਾਬ ਹੈ। ਇਸ ਤੋਂ ਵਚਨਬੱਧ ਸਕਾਰਤਮਕ ਕੋਈ ਹੀਰੇ ਜਵਾਹਰਤ ਨਹੀਂ, ਅੰਮ੍ਰਿਤ ਹੈ।'

'ਲਾਂਘਾ ਐਸਜੀਪੀਸੀ ਬਣਾ ਸਕਦੀ ਹੈ'

ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਕਿਹਾ, "ਜੇ ਪਾਕਿਸਤਾਨ ਨੇ ਅਜਿਹਾ ਕੋਈ ਐਲਾਨ ਕੀਤਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਅਸੀਂ ਦੋਵੇ ਦੇਸਾਂ ਦੀਆਂ ਸਰਕਾਰਾਂ ਨੂੰ ਕਹਾਂਗੇ ਕਿ ਉਹ ਐਸਜੀਪੀਸੀ ਨੂੰ ਲਾਂਘੇ ਨੂੰ ਬਣਾਉਣ ਦੀ ਇਜਾਜ਼ਤ ਦੇਣ।''

ਸਿੱਧੂ ਦੀ ਜੱਫ਼ੀ ਤੋਂ ਬਾਅਦ ਮੁੱਦਾ ਭਖਿਆ ਸੀ

ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ।

ਸਹੁੰ-ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ 'ਤੇ ਦੇਖੀ ਗਈ।

ਭਾਰਤ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਾਫ਼ੀ ਆਲੋਚਨਾ ਹੋਈ ਅਤੇ ਕਈ ਲੋਕ ਉਨ੍ਹਾਂ ਦੇ ਹੱਕ ਵਿੱਚ ਨਜ਼ਰ ਆਏ ਸਨ।

ਹਾਲਾਂਕਿ ਇਸ ਦੇ ਜਵਾਬ ਵਜੋਂ ਸਿੱਧੂ ਨੇ 19 ਅਗਸਤ ਨੂੰ ਭਾਰਤ ਆ ਕੇ ਕਿਹਾ ਸੀ, "ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਭਾਵੁਕ ਹੋ ਗਏ ਅਤੇ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ।"

ਇਹ ਵੀ ਪੜ੍ਹੋ:

ਸਿੱਖਾਂ ਦਾ ਧਾਰਮਿਕ ਅਸਥਾਨ ਕਰਤਾਰਪੁਰ ਸਾਹਿਬ

ਬੀਬੀਸੀ ਲਈ ਗੁਰਪ੍ਰੀਤ ਚਾਵਲਾ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖਾਂ ਵਿੱਚ ਕਾਫੀ ਮਹੱਤਤਾ ਹੈ। ਪਾਕਿਸਤਾਨ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ 'ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ 'ਤੇ ਵੱਡੀ ਗਿਣਤੀ 'ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ।

ਇਸ ਅਸਥਾਨ ਦਾ ਸੰਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।

ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।

ਤਸਵੀਰ ਕੈਪਸ਼ਨ,

ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦਾ ਹੈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ

ਸੁਖਦੇਵ ਸਿੰਘ ਅਤੇ ਅਵਤਾਰ ਸਿੰਘ ਬੇਦੀ ਜੋ ਕਿ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਵਜੋਂ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸੇਵਾ ਨਿਭਾ ਰਹੇ ਹਨ, ਉਨ੍ਹਾਂ ਨੇ ਦੱਸਿਆ, "ਕਰਤਾਰਪੁਰ ਸਾਹਿਬ ਇੱਕ ਅਜਿਸਾ ਅਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਹਨ ਅਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ।"

'ਲਾਂਘੇ ਲਈ ਅਰਦਾਸ'

ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਇਥੇ ਮੱਸਿਆ, ਪੁੰਨਿਆ ਅਤੇ ਸੰਗਰਾਂਦ ਵਾਲੇ ਦਿਨ ਵੱਡੀ ਗਿਣਤੀ 'ਚ ਸੰਗਤਾਂ ਨਾਲ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ 'ਤੇ ਪਹੁੰਚ ਕੇ ਅਰਦਾਸ ਕੀਤੀ ਜਾਂਦੀ ਹੈ।

ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਵੱਲੋਂ 2001 'ਚ 'ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ' ਦੀ ਸ਼ੁਰੂਆਤ ਕੀਤੀ ਗਈ ਅਤੇ 13 ਅਪ੍ਰੈਲ 2001 ਦੀ ਵਿਸਾਖੀ ਤੋਂ ਅਰਦਾਸ ਕਰਨ ਦੀ ਸ਼ੁਰੂਆਤ ਕੀਤੀ ਗਈ।

ਤਸਵੀਰ ਕੈਪਸ਼ਨ,

ਲਾਂਘਾ ਖੁੱਲ੍ਹਣ ਲਈ ਪਿਛਲੇ 17 ਸਾਲਾਂ ਤੋਂ ਲਗਾਤਾਰ ਹਰੇਕ ਮਹੀਨੇ ਅਰਦਾਸ ਕੀਤੀ ਜਾ ਰਹੀ ਹੈ

ਇਸ ਜੱਥੇ 'ਚ ਹਮੇਸ਼ਾ ਸ਼ਾਮਿਲ ਹੋਣ ਦਾ ਦਾਅਵਾ ਕਰਨ ਵਾਲੇ ਬਟਾਲਾ ਦੇ ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਅਰਦਾਸ ਕੀਤੀ ਜਾ ਰਹੀ ਹੈ ਤੇ ਸੰਗਤਾਂ ਲਈ ਕਰਤਾਰਪੁਰ ਸਾਹਿਬ ਮੱਕੇ ਸਮਾਨ ਹੈ।

ਇਹ ਵੀ ਪੜ੍ਹੋ:

ਜਲਦ ਲਾਂਘਾ ਖੁੱਲ੍ਹਣ ਦੀ ਆਸ

ਗੁਰਿੰਦਰ ਨੇ ਕਿਹਾ, "ਲਾਂਘੇ ਲਈ ਦੋਵਾਂ ਦੇਸਾਂ ਦੀਆਂ ਹਕੂਮਤਾਂ ਉਦਮ ਕਰਨ ਅਤੇ ਇੱਕ ਵਿਸ਼ੇਸ਼ ਕੋਰੀਡੋਰ ਬਣਾਇਆ ਜਾਵੇ ਜਿਸ ਨਾਲ ਸੰਗਤਾਂ ਵੀ ਆਪਣੇ ਮੁਕੱਦਸ ਸਥਾਨ ਦੇ ਦਰਸ਼ਨ ਕਰ ਸਕਣ। ਇਸ ਨਾਲ ਦੋਵਾਂ ਦੇਸਾਂ 'ਚ ਆਪਸੀ ਭਾਈਚਾਰਕ ਸਾਂਝ ਸਥਾਪਿਤ ਹੋ ਸਕੇਗੀ।"

ਗੁਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਖ਼ੁਦ ਕੁਲਦੀਪ ਸਿੰਘ ਵਡਾਲਾ ਨਾਲ ਪਾਕਿਸਤਾਨ ਅਤੇ ਭਾਰਤ ਦੇ ਹੁਕਮਰਾਨਾਂ ਨੂੰ ਇਸ ਰਸਤੇ ਦੀ ਮੰਗ ਨੂੰ ਲੈ ਕੇ ਮਿਲ ਚੁੱਕੇ ਹਨ ਅਤੇ ਹੁਣ ਕੁਲਦੀਪ ਸਿੰਘ ਵਡਾਲਾ ਦੇ ਦੇਹਾਂਤ ਤੋਂ ਬਾਅਦ ਸੰਸਥਾ ਵਲੋਂ ਉਨ੍ਹਾਂ ਦੀ ਸ਼ੁਰੂ ਕੀਤੀ ਗਈ ਅਰਦਾਸ ਲਗਤਾਰ ਚਲ ਰਹੀ ਹੈ ਅਤੇ ਪੂਰੀ ਉਮੀਦ ਹੈ ਕਿ ਇੱਕ ਦਿਨ ਇਹ ਲਾਂਘਾ ਸੰਗਤਾਂ ਨੂੰ ਜ਼ਰੂਰ ਮਿਲੇਗਾ।

ਬੀਐਸਐਫ ਵੱਲੋਂ 6 ਮਈ 2008 ਨੂੰ ਡੇਰਾ ਬਾਬਾ ਨਾਨਕ ਸੈਕਟਰ 'ਚ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਸੰਗਤਾਂ ਲਈ ਵਿਸ਼ੇਸ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ ਬਣਾਇਆ ਗਿਆ ਹੈ।

ਇੱਥੇ ਰੋਜ਼ਾਨਾ ਦੂਰ ਦੁਰਾਡਿਓਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਹਨ।

ਲੁਧਿਆਣਾ ਤੋਂ ਦਰਸ਼ਨ ਕਰਨ ਪਹੁੰਚੇ 80 ਸਾਲਾ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਵਿੱਤਰਜੀਤ ਕੌਰ ਵੀ ਇੱਥੇ ਪਹੁੰਚੇ ਹੋਏ ਸਨ ਅਤੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਵਿੱਚ ਸਥਿਤ ਗੁਰਦੁਆਰੇ ਦਾ ਦਰਸ਼ਨ ਕੀਤਾ।

ਤਸਵੀਰ ਕੈਪਸ਼ਨ,

80 ਸਾਲਾਂ ਜੋਗਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਵਿੱਤਰਜੀਤ ਕੌਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੁਧਿਆਣਾ ਤੋਂ ਆਏ ਸਨ

ਉਨ੍ਹਾਂ ਦਾ ਕਹਿਣਾ ਸੀ, "ਕਈ ਸਾਲਾਂ ਤੋਂ ਉਡੀਕ ਹੈ ਕਿ ਇਹ ਲਾਂਘਾ ਖੁੱਲ੍ਹ ਜਾਵੇ ਅਤੇ ਉਹ ਦੂਰਬੀਨ ਰਾਹੀਂ ਨਹੀਂ ਬਲਕਿ ਸਿੱਧੇ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਪਰ ਹੁਣ ਤੱਕ ਉਨ੍ਹਾਂ ਦੀ ਤਾਂਘ ਪੂਰੀ ਨਹੀਂ ਹੋਈ।"

ਗੁਰਦਾਸਪੁਰ ਦੇ ਹੀ ਦੋਰਾਂਗਲਾ ਤੋਂ ਕਰਨੈਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਦੂਰਬੀਨ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕਿਹਾ ਕਿ ਉਨ੍ਹਾਂ ਦੀ ਆਸਥਾ ਗੁਰੂ ਨਾਨਕ ਦੇਵ ਜੀ 'ਚ ਹੈ ਅਤੇ ਲਾਂਘਾ ਖੁੱਲ੍ਹਣ ਦੀਆਂ ਮੁੜ ਉਠ ਰਹੀਆਂ ਆਵਾਜ਼ਾਂ ਤੋਂ ਬਾਅਦ ਉਮੀਦ ਦੀ ਕਿਰਨ ਦਿਖੀ ਹੈ।

ਤੁਹਾਨੂੰ ਇਹ ਵੀਡੀਓ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)