ਰੋਹਤਕ ਦੇ ਗੁਰੂਕੁਲ ਵਿੱਚ ਬੱਚਿਆਂ ਨਾਲ ਸ਼ੋਸ਼ਣ ਦੀਆਂ 180 ਸ਼ਿਕਾਇਤਾਂ ਆਈਆਂ ਸਾਹਮਣੇ

  • ਸਤ ਸਿੰਘ
  • ਰੋਹਤਕ ਤੋਂ ਬੀਬੀਸੀ ਪੰਜਾਬੀ ਲਈ
ਤਸਵੀਰ ਕੈਪਸ਼ਨ,

ਰੋਹਤਕ ਦੇ ਗੁਰੂਕੁਲ ਵਿੱਚ ਅਧਿਆਪਕਾਂ ਤੇ ਬੱਚਿਆਂ 'ਤੇ ਨਾਬਾਲਗਾਂ ਨਾਲ ਬਦਫੈਲੀ ਦਾ ਇਲਜ਼ਾਮ

''ਇੱਕ ਛੋਟੇ ਜਿਹੇ ਮਸਲੇ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਤੇ ਨਾ ਸਿਰਫ ਹਰਿਆਣਾ ਬਲਕਿ ਹੋਰ ਸੂਬਿਆਂ ਦੇ ਬੱਚਿਆਂ ਨੂੰ ਦਿਲੋਂ ਸਿੱਖਿਆ ਦੇ ਰਹੇ ਸਵੱਛ ਗੁਰੂਕੁਲ ਨੂੰ ਬਦਨਾਮ ਕੀਤਾ ਗਿਆ।''

ਇਹ ਸ਼ਬਦ ਦੇਸਵਾਲ ਖਾਪ ਦੇ ਪ੍ਰਧਾਨ ਸ਼ਿਵਧਨ ਦੇਸਵਾਲ ਦੇ ਹਨ।

ਸ਼ਿਵਧਨ ਰੋਹਤਕ ਗੁਰੂਕੁਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ ਜਿੱਥੋਂ ਦੇ ਸੱਤ ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਨੂੰ ਬਦਫੈਲੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਐੱਫਆਈਆਰ ਵਿੱਚ ਪ੍ਰਿੰਸੀਪਲ ਜੈਵੀਰ ਦਾ ਵੀ ਨਾਂ ਸ਼ਾਮਲ ਹੈ ਜੋ ਫਿਲਹਾਲ ਫਰਾਰ ਹਨ। ਗੁਰੂਕੁਲ ਦੇ 10 ਲੋਕਾਂ ਖਿਲਾਫ ਐੱਫਆਈਆਰ ਦਰਜ ਹੋਈ ਸੀ।

ਗੁਰੁਕੁਲ ਦੇ ਆਚਾਰਿਆ ਹਰਿਦੱਤ ਨੇ ਬੀਬੀਸੀ ਨੂੰ ਦੱਸਿਆ ਕਿ 24 ਅਗਸਤ ਨੂੰ ਇਹ ਮਸਲਾ ਉਨ੍ਹਾਂ ਦੇ ਸਾਹਮਣੇ ਆਇਆ ਸੀ ਤੇ ਉਨ੍ਹਾਂ ਨੇ ਅੰਦਰੂਨੀ ਜਾਂਚ ਕਰਵਾਈ ਸੀ। ਨਾਲ ਹੀ ਦੋਵੇਂ ਪੀੜਤਾਂ ਅਤੇ ਮੁਲਜ਼ਮਾਂ ਨੂੰ ਕੱਢ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ਪੀੜਤਾਂ ਨੂੰ ਘਰ ਕਿਉਂ ਭੇਜਿਆ ਗਿਆ, ਇਹ ਪੁੱਛਣ 'ਤੇ ਜਵਾਬ ਮਿਲਿਆ, "ਹੋਸਟਲ ਦੇ ਹੋਰ ਬੱਚੇ ਉਨ੍ਹਾਂ ਨੂੰ ਚਿੜ੍ਹਾਉਂਦੇ ਜਿਸ ਕਰਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ।''

ਬੱਚਿਆਂ ਨੂੰ ਮਾਰਨ ਦੇ ਇਲਜ਼ਾਮਾਂ ਬਾਰੇ ਹਰਿਦੱਤ ਨੇ ਕਿਹਾ, "ਗੁਰੂਕੁਲ ਵਿੱਚ ਬੁਰੀ ਆਦਤਾਂ ਵਾਲੇ ਨਾਲਾਇਕ ਮੁੰਡੇ ਆਉਂਦੇ ਹਨ ਜਿਨ੍ਹਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ। ਇਹ ਸੱਚ ਹੈ ਕਿ ਇੱਥੇ ਉਹੀ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਜੋ ਬਹੁਤ ਵਿਗੜੇ ਹੋਏ ਹੁੰਦੇ ਹਨ ਤੇ ਹੋਰ ਸਕੂਲਾਂ ਵਿੱਚ ਨਹੀਂ ਪੜ੍ਹ ਸਕਦੇ।''

ਉਨ੍ਹਾਂ ਕਿਹਾ ਕਿ ਇਲਜ਼ਾਮਾਂ ਦੇ ਸਾਫ ਹੋਣ ਤੱਕ ਮੁਲਜ਼ਮ ਪ੍ਰਿੰਸੀਪਲ ਜੈਵੀਰ, ਹੋਸਟਲ ਦੇ ਵਾਰਡਨ ਸਚਿਨ ਤੇ ਅਧਿਆਪਕ ਯਸ਼ਵੀਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਹਰਿਦੱਤ ਨੇ ਕਿਹਾ ਕਿ ਬੱਚਿਆਂ ਨੂੰ ਕੁੱਟਣ 'ਤੇ ਬੈਨ ਅਤੇ ਕਾਉਂਸਲਰ ਨਾਲ ਜੁੜੇ ਨਿਯਮਾਂ ਤੋਂ ਉਹ ਅਨਜਾਣ ਸਨ।

ਮਾਮਲਾ ਸਾਹਮਣੇ ਕਿਵੇਂ ਆਇਆ?

ਇੱਕ ਪੀੜਤ ਬੱਚੇ ਦੀ ਮਾਂ ਨੇ ਕਿਹਾ ਕਿ ਉਹ 26 ਅਗਸਤ ਨੂੰ ਰੱਖੜੀ ਤਿਓਹਾਰ 'ਤੇ ਆਪਣੇ ਪੁੱਤ ਨੂੰ ਮਿਲਣ ਲਈ ਗੁਰੂਕੁਲ ਗਈ ਸੀ।

ਉਨ੍ਹਾਂ ਕਿਹਾ, ''ਅੱਠਵੀਂ, ਨੌਵੀਂ ਤੇ ਦੱਸਵੀਂ ਜਮਾਤ ਦੇ ਬੱਚਿਆਂ ਵੱਲੋਂ ਮੇਰੇ ਮੁੰਡੇ ਦਾ ਸ਼ੋਸ਼ਣ ਕੀਤਾ ਗਿਆ। ਉਸ ਨੇ ਮੈਨੂੰ ਦੱਸਿਆ ਕਿ ਪਿਛਲੇ ਸਾਲ ਵੀ ਉਸ ਨਾਲ ਅਜਿਹਾ ਹੋਇਆ ਸੀ। ਹੋਸਟਲ ਦੇ ਵਾਰਡਨ ਨੂੰ ਸ਼ਿਕਾਇਤ ਕਰਨ 'ਤੇ ਉਸ ਨੂੰ ਕੁੱਟਿਆ ਵੀ ਗਿਆ ਸੀ।''

ਐੱਫਆਈਆਰ ਮੁਤਾਬਕ ਚਾਰ ਹੋਰ ਮਾਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡਿਆਂ ਨਾਲ ਗੁਰੂਕੁਲ ਦੇ ਹੋਸਟਲ ਵਿੱਚ ਸਰੀਰਕ ਸ਼ੋਸ਼ਣ ਹੁੰਦਾ ਸੀ।ਮਾਪਿਆਂ ਨੇ ਦੱਸਿਆ ਕਿ ਸ਼ਿਕਾਇਤ ਸੁਣਨ ਦੀ ਬਜਾਏ ਗੁਰੂਕੁਲ ਦੇ ਅਧਿਕਾਰੀਆਂ ਨੇ ਬੱਚਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ।

ਇੱਕ ਮੁੰਡੇ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਕੰਮ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਪਰ ਗੁਰੂਕੁਲ ਨੇ ਕੋਈ ਕਦਮ ਨਹੀਂ ਚੁੱਕਿਆ ਤਾਂ ਜੋ ਉਹ ਸੁਰੱਖਿਅਤ ਮਹਿਸੂਸ ਕਰ ਸਕਣ।

ਤਸਵੀਰ ਕੈਪਸ਼ਨ,

ਚਾਈਲਡ ਵੈਲਫੇਅਰ ਕਮੇਟੀ ਦੇ ਮੁਖੀ ਡਾ. ਰਾਜ ਸਿੰਘ ਸਾਂਗਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰੂਕੁਲ ਤੋਂ ਕੁੱਟਮਾਰ ਦੀਆਂ 180 ਸ਼ਿਕਾਇਤਾਂ ਮਿਲੀਆਂ ਹਨ

'ਬੱਚਿਆਂ ਨੂੰ ਟੌਰਚਰ ਕੀਤਾ ਗਿਆ'

ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਪਰਸਨ ਡਾ. ਰਾਜ ਸਿੰਘ ਸਾਂਗਵਾਨ ਨੇ ਦੱਸਿਆ ਕਿ ਮਾਮਲਾ ਜਿਊਵੇਨਾਈਲ ਜਸਟਿਸ ਬੋਰਡ ਵਿੱਚ ਆਉਂਦੇ ਹੀ ਉਹ ਤੁਰੰਤ ਗੁਰੂਕੁਲ ਪਹੁੰਚ ਗਏ ਸਨ।

ਉਨ੍ਹਾਂ ਕਿਹਾ, ''ਬੱਚਿਆਂ ਤੋਂ ਸੱਚ ਨਿਕਲਵਾਉਣ ਵਿੱਚ ਸਾਨੂੰ ਕਾਫੀ ਮੁਸ਼ਕਿਲ ਹੋਈ ਪਰ ਬਾਅਦ ਵਿੱਚ ਉਨ੍ਹਾਂ ਸਾਨੂੰ ਆਪਣੀਆਂ ਪਿੱਠਾਂ 'ਤੇ ਚੋਟ ਦੇ ਨਿਸ਼ਾਨ ਵਿਖਾਏ। ਗੁਰੂਕੁਲ ਹੋਸਟਲ ਦੇ ਸਟਾਫ ਨੇ ਉਨ੍ਹਾਂ ਨੂੰ ਲੱਤਾਂ ਥੱਲੇ ਵੀ ਕੁੱਟਿਆ ਸੀ।''

ਉਨ੍ਹਾਂ ਅੱਗੇ ਕਿਹਾ, ''ਪੁਲਿਸ ਦੀ ਮਦਦ ਨਾਲ ਅਸੀਂ ਹਾਲਾਤ ਸਾਂਭੇ ਅਤੇ ਸੱਚ ਜਾਣਨ ਲਈ ਹੋਸਟਲ ਵਿੱਚ ਮੌਜੂਦ ਸਾਰੇ ਬੱਚਿਆਂ ਨਾਲ ਗੱਲ ਕੀਤੀ। ਸਾਨੂੰ ਕੁੱਲ 180 ਸ਼ਿਕਾਇਤਾਂ ਮਿਲੀਆਂ ਤੇ ਉਨ੍ਹਾਂ 'ਚੋਂ ਸਭ ਤੋਂ ਵੱਧ ਕੁੱਟ ਮਾਰ ਦੀਆਂ ਸਨ।''

''ਕੁਝ ਬੱਚਿਆਂ ਨੇ ਇਹ ਵੀ ਦੱਸਿਆ ਕਿ ਕੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਨੰਗਾ ਕੀਤਾ ਜਾਂਦਾ ਸੀ।'' ਉਨ੍ਹਾਂ ਦੱਸਿਆ ਕਿ ਪੰਜ ਨਾਬਾਲਗ ਪੀੜਤਾਂ ਨੂੰ ਛੱਡ ਕੇ ਕਿਸੇ ਨੇ ਵੀ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਨਹੀਂ ਕੀਤੀ।''

ਤਸਵੀਰ ਕੈਪਸ਼ਨ,

ਸਰੀਰਕ ਸ਼ੋਸਣ ਦੇ ਇਲਜ਼ਾਮਾਂ ਤੋਂ ਬਾਅਦ ਕਈ ਬੱਚੇ ਗੁਰੂਕੁਲ ਛੱਡ ਚੁੱਕੇ ਹਨ

ਬੱਚਿਆਂ ਨੂੰ ਚਾਈਲਡ ਹੈਲਪਲਾਈਨ ਨੰਬਰ ਬਾਰੇ ਵੀ ਨਹੀਂ ਪਤਾ ਸੀ, ਨਾ ਹੀ ਉਨ੍ਹਾਂ ਨੂੰ ਆਪਣੇ ਮਾਪਿਆਂ ਨਾਲ ਗੱਲ ਕਰਨ ਦੀ ਇਜਾਜ਼ਤ ਸੀ।

ਅਪ੍ਰੈਲ 2017 ਵਿੱਚ ਚਾਈਲਡ ਵੈਲਫੇਅਰ ਕਮੇਟੀ ਨੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਸਿੱਖਿਅਕ ਸੰਸਥਾਵਾਂ ਵਿੱਚ ਚਾਈਲਡ ਹੈਲਪਲਾਈਨ ਨੰਬਰ ਲਗਾਉਣ ਦਾ ਨੋਟਿਸ ਜਾਰੀ ਕੀਤਾ ਸੀ ਪਰ ਇੱਥੇ ਅਜਿਹਾ ਨਹੀਂ ਸੀ।

ਹੋਸਟਲ ਅੰਦਰ ਬੱਚਿਆਂ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਸੀ। ਨਿਯਮਾਂ ਅਨੁਸਾਰ ਕੋਈ ਚਾਈਲਡ ਕਾਉਂਸਲਰ ਵੀ ਨਹੀਂ ਸੀ ਤੇ ਨਾ ਹੀ ਬੱਚਿਆਂ ਲਈ ਸਿਕਾਇਤੀ ਬੌਕਸ ਸਨ ਜਿੱਥੇ ਉਹ ਸ਼ਿਕਾਇਤ ਦੇ ਸਕਣ।

ਤਸਵੀਰ ਕੈਪਸ਼ਨ,

ਹੋਸਟਲ ਵਿੱਚ ਬੱਚਿਆਂ ਦੇ ਰਹਿਣ ਲਈ ਹਾਲਾਤ ਚੰਗੇ ਨਹੀਂ ਹਨ

ਬੀਬੀਸੀ ਨੂੰ ਗੁਰੂਕੁਲ ਵਿੱਚ ਕੀ ਮਿਲਿਆ?

ਮੰਗਲਵਾਰ ਨੂੰ ਜਦ ਬੀਬੀਸੀ ਦੀ ਟੀਮ ਗੁਰੂਕੁਲ ਪਹੁੰਚੀ ਤਾਂ 180 ਵਿੱਚੋਂ ਸਿਰਫ 10 ਵਿਦਿਆਰਥੀ ਹੋਸਟਲ ਵਿੱਚ ਮੌਜੂਦ ਸਨ। ਪੁੱਛਣ 'ਤੇ ਪਤਾ ਲੱਗਿਆ ਕਿ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਗੁਰੂਕੁਲ ਦੇ ਆਚਾਰਿਆ ਹਰਿਦੱਤ ਮੁਤਾਬਕ ਉਹ ਨਹੀਂ ਜਾਣਦੇ ਕਿ ਇਸ 'ਚੋਂ ਕਿੰਨੇ ਬੱਚੇ ਵਾਪਸ ਆਉਣਗੇ ਪਰ ਉਹ ਸਾਰਿਆਂ ਦੇ ਵਾਪਸ ਆਉਣ ਦੀ ਉਮੀਦ ਜ਼ਰੂਰ ਕਰਦੇ ਹਨ।

ਇੱਕ ਡੌਰਮਿਟਰੀ ਵਿੱਚ 50 ਵਿਦਿਆਰਥੀਆਂ ਲਈ ਗੱਦੇ ਲਾ ਰੱਖੇ ਸਨ। ਨਾ ਹੀ ਕਮਰਿਆਂ ਵਿੱਚ ਤੇ ਨਾ ਹੀ ਹਾਲ ਵਿੱਚ ਸੀਸੀਟੀਵੀ ਕੈਮਰਾ ਲੱਗੇ ਸਨ।

ਕੰਦਾਂ 'ਤੇ ਮੰਤਰ ਅਤੇ ਬ੍ਰਹਮਚਾਰੀ ਰਹਿਣ ਦੇ ਵਾਅਦੇ ਲਿਖੇ ਹੋਏ ਸਨ। ਇਸ ਘਟਨਾ ਤੋਂ ਬਾਅਦ ਹੁਣ ਥਾਂ ਥਾਂ' ਤੇ ਬਿਜਲੀ ਵਾਲਾ ਸੀਸੀਟੀਵੀ ਕੈਮਰਾ 'ਤੇ ਕਮਪਲੇਂਟ ਡੱਬੇ ਲਗਾ ਰਿਹਾ ਸੀ।

ਤਸਵੀਰ ਕੈਪਸ਼ਨ,

ਸਮਾਜਿਕ ਕਾਰਕੁਨਾਂ ਨੇ ਪੁਲਿਸ ਦੀ ਮਦਦ ਨਾਲ ਸਾਰੇ ਬੱਚਿਆਂ ਨਾਲ ਪੁੱਛਗਿੱਛ ਕੀਤੀ

ਕੀ ਕਹਿੰਦੇ ਹਨ ਅੰਕੜੇ?

ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਦੀ 2017 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 15 ਮਿੰਟਾਂ ਵਿੱਚ ਇੱਕ ਬੱਚੇ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ।

ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ 2016 ਵਿੱਚ ਬੱਚਿਆਂ ਖਿਲਾਫ 1,06,958 ਕੇਸ ਦਰਜ ਕੀਤੇ ਗਏ ਸਨ।

ਇਨ੍ਹਾਂ 'ਚੋਂ 36,022 ਕੇਸ ਪ੍ਰੋਟੈਕਸ਼ਨ ਆਫ ਚਿਲਰਨ ਫਰੌਮ ਸੈਕਸੁਅਲ ਆਫੈਂਸਿੰਜ਼ ਐਕਟ ਦੇ ਤਹਿਤ ਦਰਜ ਹੋਏ ਸਨ। 2015 ਵਿੱਚ ਬੱਚਿਆਂ ਖਿਲਾਫ ਜੁਰਮ ਦੇ 94,172 ਕੇਸ ਸਨ ਤੇ 2014 ਵਿੱਚ 89,423 ਕੇਸ ਸਨ।

ਭਾਰਤੀ ਮਹਿਲਾ ਅਤੇ ਚਾਈਲਡ ਡੈਵਪਲਪਮੈਂਟ ਵੱਲੋਂ ਕੀਤੀ ਗਈ 2007 ਦੀ ਸਟਡੀ ਮੁਤਾਬਕ 53 ਫੀਸਦ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਸਰੀਰਕ ਸ਼ੋਸ਼ਣ ਹੋਇਆ ਸੀ।

Skip YouTube post, 1
ਵੀਡੀਓ ਕੈਪਸ਼ਨ, ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)