ਕਰਤਾਰਪੁਰ ਬਾਰੇ ਪਾਕਿਸਤਾਨ ਨੂੰ ਸਿੱਧੂ ਦਾ ਧੰਨਵਾਦ ਉਨ੍ਹਾਂ ਦੀ ਨਿੱਜੀ ਡਿਪਲੋਮੈਸੀ - ਭਾਜਪਾ

ਨਵਜੋਤ ਸਿੱਧੂ
ਤਸਵੀਰ ਕੈਪਸ਼ਨ,

ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦਾ ਧੰਨਵਾਦ ਕੀਤੇ ਜਾਣ 'ਤੇ ਭਾਜਪਾ ਨੇ ਜਤਾਇਆ ਇਤਰਾਜ਼

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਗੱਲ 'ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਗਿਆ ਤਾਂ ਭਾਜਪਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਨਿੱਜੀ ਡਿਪਲੋਮੈਸੀ ਨਿਭਾ ਰਹੇ ਹਨ।

ਭਾਜਪਾ ਦੇ ਕੌਮੀ ਬੁਲਾਰੇ ਗੋਪਾਲ ਕ੍ਰਿਸ਼ਣ ਅਗਰਵਾਲ ਨੇ ਕਿਹਾ, "ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਆਪਣੇ ਦੇਸ ਦੀ ਸਰਕਾਰ ਨੂੰ ਬਿਨਾਂ ਭਰੋਸੇ ਵਿੱਚ ਲਏ ਹੀ ਬਿਆਨ ਦੇ ਰਹੇ ਹਨ, ਉਹ ਉਨ੍ਹਾਂ ਦੀ ਨਿੱਜੀ ਡਿਪਲੋਮੈਸੀ ਦਾ ਹਿੱਸਾ ਹੈ।''

"ਨਵਜੋਤ ਸਿੱਧੂ ਵੱਲੋਂ ਦੁਸ਼ਮਣ ਦੇਸ ਬਾਰੇ ਅਜਿਹੇ ਬਿਆਨ ਦੇਣਾ ਉਨ੍ਹਾਂ ਦੀ ਦੇਸ ਭਗਤੀ 'ਤੇ ਸਵਾਲ ਖੜ੍ਹੇ ਕਰਦਾ ਹੈ।''

ਇਹ ਵੀ ਪੜ੍ਹੋ:

ਬੀਬੀਸੀ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ,"ਕਰਤਾਰਪੁਰ ਸਰਹੱਦ ਖੋਲ੍ਹੀ ਜਾ ਰਹੀ ਹੈ, ਗੁਰਦੁਆਰੇ ਤੱਕ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਉੱਥੋਂ ਤੱਕ ਆਉਣ ਲਈ ਰਸਤਾ ਬਣਾਇਆ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਟਿਕਟ ਖਰੀਦ ਕੇ ਆ ਸਕਣਗੇ ਅਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਜਾ ਸਕਣਗੇ।''

ਸਿੱਧੂ ਦਾ ਧੰਨਵਾਦ

ਫਵਾਦ ਚੌਧਰੀ ਦੇ ਬਿਆਨ 'ਤੇ ਨਵਜੋਤ ਸਿੱਧੂ ਨੇ ਕਿਹਾ ਸੀ, "ਹਰ ਪੰਜਾਬੀ ਲਈ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਐਲਾਨ ਤੋਂ ਵੱਡੀ ਖੁਸ਼ੀ ਦੀ ਖ਼ਬਰ ਕੋਈ ਹੋਰ ਨਹੀਂ ਹੋ ਸਕਦੀ।''

"ਮੇਰੇ ਰੋਮ-ਰੋਮ 'ਤੇ ਵੀ ਜ਼ਬਾਨ ਲੱਗੇ ਤਾਂ ਮੈਂ, ਮੇਰੇ ਦੋਸਤ ਇਮਰਾਨ ਖ਼ਾਨ ਦਾ ਧੰਨਵਾਦ ਨਹੀਂ ਕਰ ਸਕਾਂਗਾ।''

ਤਸਵੀਰ ਕੈਪਸ਼ਨ,

ਹਾਲ ਵਿੱਚ ਹੀ ਕਰਤਾਪੁਰ ਸਾਹਿਬ ਗੁਰਦੁਆਰਾ ਵਾਸਤੇ ਪਾਕਿਸਤਾਨ ਵੱਲੋਂ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਗਈ ਸੀ

ਗੋਪਾਲ ਕ੍ਰਿਸ਼ਣ ਅਗਰਵਾਲ ਨੇ ਕਿਹਾ ਕਿ ਕਰਤਾਪੁਰ ਲਾਂਘਾ ਖੋਲ੍ਹਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਹਾਲ ਵਿੱਚ ਹੀ ਦਿੱਤੇ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਬਾਜਵਾ ਨੇ ਕਿਹਾ ਸੀ ਕਿ ਸਰਹੱਦ 'ਤੇ ਡੁੱਲੇ ਖੂਨ ਦਾ ਬਦਲਾ ਲਿਆ ਜਾਵੇਗਾ।

ਉੱਧਰ ਅਕਾਲੀ ਦਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਮੁੱਦੇ ਬਾਰੇ ਜਦੋਂ ਤੱਕ ਦੋਵੇਂ ਦੇਸਾਂ ਦੀਆਂ ਸਰਕਾਰਾਂ ਕੁਝ ਗੱਲਬਾਤ ਨਹੀਂ ਕਰਦੀਆਂ ਉਦੋਂ ਤੱਕ ਇਸ ਬਾਰੇ ਗੱਲ ਕਰਨੀ ਵਾਜਿਬ ਨਹੀਂ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਅਕਾਲੀ ਆਗੂ ਦਲਜੀਤ ਚੀਮਾ ਨੇ ਕਿਹਾ, "ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਗੱਲ ਪਹਿਲਾਂ ਵੀ ਪਾਕਿਸਤਾਨ ਵੱਲੋਂ ਕਈ ਵਾਰ ਹੋਈ ਹੈ ਪਰ ਕਦੇ ਸਿਰੇ ਨਹੀਂ ਚੜ੍ਹੀ ਇਸ ਲਈ ਸਾਡੇ ਦੇਸ ਦੀ ਸਰਕਾਰ ਵੱਲੋਂ ਜਦੋਂ ਤੱਕ ਇਸ ਬਾਰੇ ਕੋਈ ਬਿਆਨ ਨਹੀਂ ਆਉਂਦਾ, ਉਸ ਵੇਲੇ ਤੱਕ ਸਥਿਤੀ ਸਾਫ਼ ਨਹੀਂ ਹੋ ਸਕਦੀ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)