ਭਾਰਤ ਵਿੱਚ ਲੁੱਕ ਕੇ ਰਹਿਣ ਵਾਲੇ ਗੇਅ ਦੀ ਜ਼ਿੰਦਗੀ ਕਿਹੋ ਜਿਹੀ ਹੈ
- ਸ਼ੈਲੀ ਭੱਟ
- ਪੱਤਰਕਾਰ, ਬੀਬੀਸੀ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਸਮਲਿੰਗੀਆਂ ਦੇ ਸਬੰਧ ਅਪਰਾਧ ਨਹੀਂ
ਭਾਰਤ ਵਿੱਚ ਸਮਲਿੰਗੀਆਂ ਦੇ ਸਬੰਧ ਨੂੰ ਅਪਰਾਧ ਦੇ ਦਾਇਰੇ ਵਿੱਚੋਂ ਬਾਹਰ ਕਰਨ ਦੇ ਬਾਵਜੂਦ ਐਲਜੀਬੀਟੀਕਿਊ ਭਾਈਚਾਰੇ ਨੂੰ ਇਹ ਭਰੋਸਾ ਨਹੀਂ ਹੋ ਰਿਹਾ ਹੈ ਕਿ ਉਹ ਇੱਕ ਅਜਿਹੀ ਥਾਂ 'ਤੇ ਪਹੁੰਚ ਚੁੱਕੇ ਹਨ ਜਿੱਥੇ ਉਹ ਸੱਚਮੁੱਚ ਆਜ਼ਾਦ ਹੋ ਕੇ ਕਿਸੇ ਹੋਰ ਨਾਗਰਿਕ ਦੀ ਤਰ੍ਹਾਂ ਰਹਿ ਸਕਦੇ ਹਨ।
ਇੱਕ ਗੇਅ ਵਿਅਕਤੀ ਨਾਲ ਗੱਲਬਾਤ ਤੋਂ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਹੜੇ ਡਰ ਹਨ। ਜੇ ਸਮਾਜ ਵਿੱਚ ਉਨ੍ਹਾਂ ਦੇ ਜਿਨਸੀ ਰੁਝਾਣ ਨੂੰ ਕਬੂਲ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਜ਼ਿੰਦਗੀ 'ਤੇ ਇਸ ਦਾ ਕਿੰਨਾ ਅਸਰ ਪਏਗਾ। ਇਸ ਸ਼ਖਸ ਨੇ ਆਪਣਾ ਨਾਮ ਜਨਤਕ ਨਾ ਕਰਨ ਦੀ ਬੇਨਤੀ ਕਰਦਿਆਂ ਆਪਣੇ ਬਾਰੇ ਦੱਸਿਆ।
ਮੈਨੂੰ ਅਹਿਸਾਸ ਹੋਇਆ ਕਿ ਜਦੋਂ ਮੈਂ 13 ਸਾਲ ਦਾ ਸੀ ਤਾਂ ਮੈਂ ਬਹੁਤ ਵੱਖਰਾ ਹਾਂ। ਮੈਂ ਇੱਕ ਪੂਰੀ ਤਰ੍ਹਾਂ ਵੱਖਰੇ ਕਿਸਮ ਦਾ ਪੋਰਨ ਲੱਭ ਰਿਹਾ ਸੀ ਜਿਸ ਬਾਰੇ ਸਕੂਲ ਜਾਂ ਦੋਸਤਾਂ ਵਿੱਚ ਖੁੱਲੇ ਤੌਰ 'ਤੇ ਚਰਚਾ ਨਹੀਂ ਹੁੰਦੀ ਸੀ।
ਮੈ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਵਿੱਚ ਪਲਿਆ ਸੀ। ਉੱਥੇ ਗੇਅ ਹੋਣਾ ਅਸਵੀਕਰਿਤ ਸੀ।
ਇਹ ਵੀ ਪੜ੍ਹੋ:
ਮੈਂ ਇਸ ਨੂੰ ਇੱਕ ਸਮੱਸਿਆ ਦੇ ਤੌਰ 'ਤੇ ਦੇਖਿਆ ਅਤੇ ਉਮੀਦ ਜਤਾਈ ਕਿ ਇਹ ਭਾਵਨਾ ਦੂਰ ਹੋ ਜਾਵੇਗੀ।
ਮੈਂ ਪੱਛਮੀ ਭਾਰਤ ਦੇ ਇਕ ਛੋਟੇ ਜਿਹੇ ਕਸਬੇ ਤੋਂ ਹਾਂ ਅਤੇ ਮੈਨੂੰ ਮੇਰੇ ਵਰਗਾ ਕੋਈ ਨਹੀਂ ਮਿਲ ਸਕਿਆ।
ਮੈਂ ਕਾਲਜ ਵਿੱਚ ਪੜ੍ਹਣ ਲਈ ਕਿਸੇ ਹੋਰ ਸੂਬੇ ਵਿੱਚ ਗਿਆ ਅਤੇ ਇਹ ਇੱਕ ਆਜ਼ਾਦ ਭਾਵਨਾ ਸੀ। ਕਾਲਜ ਵਿੱਚ ਮੇਰੇ ਤੋਂ ਸੀਨੀਅਰ ਇੱਕ ਮੁੰਡਾ ਗੇਅ ਹੱਕਾਂ ਬਾਰੇ ਕਾਫੀ ਖੁੱਲ੍ਹ ਕੇ ਬੋਲਦਾ ਸੀ।
ਮੈਂ ਉਸ ਨੂੰ ਇੱਕ ਵਾਰੀ ਲਿਖਿਆ ਸੀ ਅਤੇ ਉਹ ਕਾਫ਼ੀ ਮਦਦਗਾਰ ਸੀ। ਉਹ ਹੁਣ ਮੇਰੀ ਅਸਲੀਅਤ ਜਾਣਦਾ ਸੀ।
ਉਸ ਨੇ ਮੈਨੂੰ ਆਨਲਾਈਨ ਗੇਅ ਡੇਟਿੰਗ ਐਪਸ ਦੱਸੀਆਂ ਅਤੇ ਮੈਨੂੰ ਹੋਰ ਲੋਕਾਂ ਨਾਲ ਮਿਲਣ ਵਿੱਚ ਮਦਦ ਕੀਤੀ। ਮੈਂ ਡੇਟਿੰਗ ਅਤੇ ਜਿਨਸੀ ਸਬੰਧ ਬਣਾਉਣ ਦੀ ਸ਼ੁਰੂਆਤ ਕੀਤੀ।
'ਦੋਸਤਾਂ ਨੂੰ ਦੱਸਿਆ ਗੇਅ ਹਾਂ'
ਹੋਸਟਲ ਵਿੱਚ ਇੱਕੋ ਮੁੰਡੇ ਨੂੰ ਦੋ ਵਾਰੀ ਮਿਲਣ ਨਾਲ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਮ ਮੁੰਡਾ ਨਹੀਂ ਹਾਂ। ਗਰਮੀਆਂ ਦੇ ਦਿਨ ਸਨ ਅਤੇ ਮੈਂ ਦੋਸਤਾਂ ਨਾਲ ਦੁਪਹਿਰ ਨੂੰ ਖਾਣਾ ਖਾਣ ਗਿਆ।
ਖਾਣੇ ਤੋਂ ਬਾਅਦ ਅਸੀਂ ਕਾਲਜ ਵਾਪਸ ਜਾ ਰਹੇ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕੁਝ ਦੱਸਣਾ ਹੈ।
ਤਸਵੀਰ ਸਰੋਤ, Getty Images
13 ਸਾਲ ਦੀ ਉਮਰ ਵਿੱਚ ਇੱਕ ਸ਼ਖਸ ਨੂੰ ਅਹਿਸਾਸ ਹੋਇਆ ਕਿ ਉਹ ਗੇਅ ਹੈ। (ਸੰਕੇਤਿਕ ਤਸਵੀਰ)
ਮੈਂ ਪਹਿਲਾਂ ਨਹੀਂ ਸੋਚਿਆ ਸੀ ਕਿ ਕੀ ਕਹਾਂਗਾਂ। ਮੈਂ ਅਜਿਹਾ ਕਰਨ ਤੋਂ ਡਰਦਾ ਸੀ। ਉਨ੍ਹਾਂ ਵਿੱਚੋਂ ਇੱਕ ਮੁੰਡੇ ਨੇ ਮੈਨੂੰ ਪੁੱਛਿਆ ਕਿ ਕੀ ਕਹਿਣਾ ਚਾਹੁੰਦਾ ਹਾਂ।
ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਕਿਸੇ ਚੀਜ਼ ਬਾਰੇ ਸੋਚ ਰਿਹਾ ਸੀ ਪਰ ਮੈਨੂੰ ਯਕੀਨ ਨਹੀਂ ਸੀ। ਉਨ੍ਹਾਂ ਵਿੱਚੋਂ ਕੁਝ ਫਿਕਰਮੰਦ ਲੱਗੇ। ਮੈਂ ਬੋਲਣ ਤੋਂ ਡਰ ਰਿਹਾ ਸੀ।
ਉਨ੍ਹਾਂ ਕਿਹਾ, "ਕੀ ਕਹਿਣਾ ਹੈ?" ਦੂਜੇ ਦੋਸਤ ਨੇ ਕਿਹਾ, "ਸਾਨੂੰ ਦੱਸਦੇ।" ਮੇਰੇ ਮੂੰਹੋਂ ਨਿਕਲਿਆ, "ਮੈਂ ਗੇਅ ਹਾਂ।"
ਉਨ੍ਹਾਂ ਵਿੱਚੋਂ ਇੱਕ ਦੋਸਤ ਨੇ ਆਪਣੇ ਹੱਥਾਂ ਨਾਲ ਆਪਣਾ ਮੂੰਹ ਘੁੱਟ ਲਿਆ। ਦੂਜਾ ਦੋਸਤ ਆਇਆ ਤੇ ਮੈਨੂੰ ਗਲੇ ਲਾ ਲਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ।
ਫਿਰ ਸਾਰਿਆਂ ਨੇ ਮੈਨੂੰ ਕਿਹਾ ਕਿ ਇਹ ਸਭ ਠੀਕ ਹੈ। ਕੋਈ ਵੱਡੀ ਗੱਲ ਨਹੀਂ ਹੈ।
ਮੈਨੂੰ ਯਾਦ ਹੈ ਕਿ ਅਸੀਂ ਸਾਰੇ ਫਿਰ ਇੱਕ ਪਾਰਕ ਵਿੱਚ ਬੈਠੇ ਅਤੇ ਇੱਕ ਘੰਟਾ ਗੱਲਬਾਤ ਕੀਤੀ। ਉਨ੍ਹਾਂ ਲਈ ਇਹ ਇੱਕ ਵੱਡਾ ਪੱਲ ਸੀ।
ਉਨ੍ਹਾਂ ਨੂੰ ਪਹਿਲਾਂ ਕਿਸੇ ਨੇ ਕਦੇ ਇਸ ਤਰ੍ਹਾਂ ਨਹੀਂ ਦੱਸਿਆ ਸੀ। ਉਨ੍ਹਾਂ ਪੁੱਛਿਆ ਕਿ ਕੀ ਮੇਰੇ ਮਾਪਿਆਂ ਅਤੇ ਭੈਣ-ਭਰਾਵਾਂ ਨੂੰ ਇਸ ਬਾਰੇ ਜਾਣਕਾਰੀ ਹੈ।
ਮੈਂ ਉਨ੍ਹਾਂ ਨੂੰ ਇਹ ਗੱਲ ਗੁਪਤ ਰੱਖਣ ਲਈ ਕਿਹਾ ਅਤੇ ਉਨ੍ਹਾਂ ਕਦੇ ਮੇਰਾ ਭਰੋਸਾ ਨਹੀਂ ਤੋੜਿਆ।
ਗੇਅ ਪਰੇਡ ਵਿੱਚ ਹਿੱਸਾ ਨਹੀਂ ਲੈਂਦਾ
ਪਰ ਮੈਂ ਇੱਕ ਪਰੇਡ ਵਿੱਚ ਹਿੱਸਾ ਲੈਣ ਤੋਂ ਹਾਲੇ ਵੀ ਡਰਦਾ ਹਾਂ। ਉਹ ਪਰੇਡ ਟੀਵੀ 'ਤੇ ਦਿਖਾਈ ਜਾਂਦੀ ਹੈ। ਮੇਰੇ ਵਰਗੇ ਪਿਛੋਕੜ ਵਾਲੇ ਸ਼ਖਸ ਲਈ ਇੱਕ ਪਰੇਡ ਵਿੱਚ ਚੱਲਣਾ ਅਜੀਬ ਹੋਵੇਗਾ।
ਮੈਨੂੰ ਉਹ ਪਰੇਡਜ਼ ਜ਼ਿਆਦਾ ਫਾਇਦੇਮੰਦ ਵੀ ਨਹੀਂ ਲਗਦੀਆਂ। ਹੋਮੋਫੋਬੀਆ (ਐਲਜੀਬੀਟੀ ਪ੍ਰਤੀ ਨਕਾਰਾਤਮਕ ਭਾਵਨਾ) ਹਾਲੇ ਵੀ ਮੌਜੂਦ ਹੈ।
ਤਸਵੀਰ ਸਰੋਤ, Getty Images
'ਮੈਂ ਗੇਅ ਪਰੇਡ ਵਿੱਚ ਹਿੱਸਾ ਲੈਣ ਤੋਂ ਹਾਲੇ ਵੀ ਡਰਦਾ ਹਾਂ' (ਸੰਕੇਤਕ ਤਸਵੀਰ)
ਮੈਨੂੰ ਆਪਣੇ ਕਾਲਜ ਦੀ ਇੱਕ ਘਟਨਾ ਯਾਦ ਹੈ। ਇੱਕ ਪੁਰਾਣਾ ਵਿਦਿਆਰਥੀ ਹੋਸਟਲ ਵਿੱਚ ਮੁੰਡਿਆਂ ਨੂੰ ਲਿਆਉਣ ਲਈ ਮਸ਼ਹੂਰ ਸੀ।
ਇੱਕ ਦਿਨ ਮੈਂ ਆਪਣੇ ਸਹਿਯੋਗੀਆਂ ਨਾਲ ਜਾ ਰਿਹਾ ਸੀ ਅਤੇ ਉਨ੍ਹਾਂ ਨੇ ਉਸ ਮੁੰਡੇ ਦਾ ਜ਼ਿਕਰ ਕੀਤਾ।
ਇੱਕ ਮੁੰਡੇ ਨੇ ਕਿਹਾ, 'ਕੀ ਤੁਹਾਨੂੰ ਪਤਾ ਹੈ ਉਹ ਗੇਅ ਹੈ ਅਤੇ ਉਹ ਸਾਰੇ ਜ਼ੋਰਦੀ ਹੱਸਣ ਲੱਗੇ।'
ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇਸ ਵਿੱਚ ਗਲਤ ਕੀ ਹੈ? ਅਜਿਹੇ ਲੋਕਾਂ ਸਾਹਮਣੇ ਆਉਣ ਤੋਂ ਮੈਨੂੰ ਡਰ ਲਗਦਾ ਹੈ।
ਫਿਰ ਮੈਂ ਨੌਕਰੀ ਕਰਨ ਲਗਿਆ। ਮੇਰਾ ਇੱਕ ਸਹਿਯੋਗੀ ਸੀ ਜਿਸ ਦਾ ਚਿਹਰਾ ਔਰਤਾਂ ਵਰਗਾ ਸੀ। ਉਸ ਦਾ ਮਜ਼ਾਕ ਬਣਾਇਆ ਜਾਂਦਾ ਸੀ।
ਲੋਕ ਉਸ ਦੇ ਚੱਲਣ ਅਤੇ ਗੱਲ ਕਰਨ ਦੇ ਤਰੀਕੇ ਦਾ ਮਜ਼ਾਕ ਬਣਾਉਂਦੇ ਸਨ। ਰੋਜ਼ਾਨਾ ਮੈ ਇਹ ਹੋਮੋਫੋਬਿਕ ਰਵੱਈਆ ਦੇਖਦਾ ਸੀ।
ਇਹ ਸਿੱਧਾ ਮੇਰੇ ਨਾਲ ਨਹੀਂ ਹੋ ਰਿਹਾ ਸੀ ਪਰ ਮੈਨੂੰ ਡਰ ਲਗਦਾ ਸੀ ਕਿ ਅਜਿਹਾ ਹੀ ਮੇਰੇ ਨਾਲ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ:
ਮੇਰੀ ਟੀਮ ਵਿੱਚ ਅਜਿਹੇ ਵੀ ਲੋਕ ਸਨ ਜੋ ਕਹਿੰਦੇ ਸਨ ਕਿ ਫੈਸ਼ਨ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਲੋਕ ਗੇਅ ਹੁੰਦੇ ਹਨ।
ਲੋਕਾਂ ਨੂੰ ਇਹ ਵੀ ਭਰਮ ਸੀ ਕਿ ਸਾਰੇ ਗੇਅ ਸੈਕਸ ਦੇ ਸ਼ਿਕਾਰੀ ਹੁੰਦੇ ਹਨ। ਮੈਂ ਉੱਥੇ ਬੈਠਾ ਸਭ ਕੁਝ ਸੁਣ ਰਿਹਾ ਸੀ ਪਰ ਉਨ੍ਹਾਂ ਨੂੰ ਮੇਰੀ ਹਕੀਕਤ ਬਾਰੇ ਨਹੀਂ ਪਤਾ ਸੀ।
ਗੇਅ ਐਪ 'ਤੇ ਹਾਦਸਾ
ਕੁਝ ਲੋਕ ਗਰੀਂਡਰ (ਐਲਜੀਬੀਟੀ ਲਈ ਡੇਟਿੰਗ ਐਪ) ਵਰਗੀਆਂ ਐਪਸ 'ਤੇ ਫੇਕ ਅਕਾਊਂਟ ਬਣਾ ਕੇ ਤੁਹਾਡੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਨ ਅਤੇ ਫਿਰ ਤੁਹਾਨੂੰ ਬਲੈਕਮੇਲ ਕਰਦੇ ਹਨ।
ਮੈਂ ਇੱਕ ਦਿਨ ਦਫ਼ਤਰ ਵਿੱਚ ਕੰਮ ਖਤਮ ਕਰਨ ਤੋਂ ਬਾਅਦ ਗਰੀਂਡਰ ਤੇ ਬਰਾਊਜ਼ ਕਰ ਰਿਹਾ ਸੀ। ਹਾਲਾਂਕਿ ਮੈਂ ਦਫ਼ਤਰ ਵਿੱਚ ਐਪ ਦੀ ਵਰਤੋਂ ਘੱਟ ਹੀ ਕਰਦਾ ਹਾਂ।
ਤਸਵੀਰ ਸਰੋਤ, Getty Images
'ਐਲਜੀਬੀਟੀ ਲਈ ਡੇਟਿੰਗ ਐਪ ਤੇ ਇੱਕ ਪ੍ਰੋਫਾਈਲ ਤੋਂ ਮੈਸੇਜ ਆਇਆ ਅਤੇ ਮੈਨੂੰ ਮਿਲਣ ਵਿੱਚ ਦਿਲਚਸਪੀ ਜ਼ਾਹਿਰ ਕੀਤੀ'
ਉਦੋਂ ਹੀ ਬਿਨਾਂ ਤਸਵੀਰ ਵਾਲੀ ਇੱਕ ਪ੍ਰੋਫਾਈਲ ਤੋਂ ਮੈਸੇਜ ਆਇਆ ਅਤੇ ਮੈਨੂੰ ਮਿਲਣ ਵਿੱਚ ਦਿਲਚਸਪੀ ਜ਼ਾਹਿਰ ਕੀਤੀ।
ਮੈਂ ਆਪਣੀਆਂ ਕੁਝ ਤਸਵੀਰਾਂ ਭੇਜ ਦਿੱਤੀਆਂ ਹਾਲਾਂਕਿ ਮੇਰੇ ਵਾਰ-ਵਾਰ ਕਹਿਣ ਤੇ ਵੀ ਉਸ ਨੇ ਕੋਈ ਤਸਵੀਰ ਸਾਂਝੀ ਨਹੀਂ ਕੀਤੀ।
ਉਸ ਨੇ ਮੈਨੂੰ ਕਿਹਾ ਕਿ ਉਹ ਚੌਕੰਨਾ ਹੈ ਅਤੇ ਮਿਲਣ ਵਿੱਚ ਵਧੇਰੇ ਯਕੀਨ ਰੱਖਦਾ ਹੈ। ਇੱਕ ਵਾਰੀ ਤਾਂ ਮੈਂ ਸੋਚਿਆ ਕਿ ਮੈਂ ਕੀ ਨੁਕਸਾਨ ਪਹੁੰਚਾ ਸਕਦਾ ਹਾਂ।
ਫਿਰ ਮੈਂ ਉਸ ਸ਼ਖਸ ਨੂੰ ਪੁੱਛਿਆ ਕਿ ਉਹ ਕਿੱਥੇ ਮਿਲਣਾ ਚਾਹੁੰਦਾ ਹੈ। ਪਰ ਮੈਂ ਇੱਕ ਵਾਰੀ ਫਿਰ ਤੋਂ ਸੋਚ ਵਿੱਚ ਪੈ ਗਿਆ। ਮੈਂ ਉਸ ਨੂੰ ਕਿਹਾ ਕਿ ਅੱਜ ਨਹੀਂ ਮਿਲ ਸਕਾਂਗਾਂ।
ਉਸ ਨੇ ਮੈਨੂੰ ਮੇਰਾ ਨਾਮ ਦੱਸਿਆ ਅਤੇ ਇਹ ਵੀ ਦੱਸਿਆ ਕਿ ਮੈਂ ਕਿੱਥੇ ਕੰਮ ਕਰਦਾ ਹਾਂ। ਮੈਂ ਉਸੇ ਵੇਲੇ ਉਸ ਨੂੰ ਬਲਾਕ ਕਰ ਦਿੱਤਾ ਮੇਰੇ ਸਰੀਰ ਵਿੱਚ ਕੰਬਣੀ ਜਿਹੀ ਛੁੱਟ ਗਈ। ਜੇ ਇਹ ਕੋਈ ਪੁਲਿਸ ਅਫ਼ਸਰ ਹੋਇਆ ਜਾਂ ਕੋਈ ਹੋਮੋਫੋਬਿਕ ਸਹਿਯੋਗੀ।
ਅਜਿਹਾ ਕਈ ਲੋਕਾਂ ਨਾਲ ਪਹਿਲਾਂ ਵੀ ਹੋ ਚੁੱਕਿਆ ਸੀ। ਉਨ੍ਹਾਂ ਨੇ ਫਿਰ ਫੇਕ ਪ੍ਰੋਫਾਈਲਜ਼ ਬਣਾ ਲਈਆਂ ਸਨ। ਇਹ ਵੱਖਰਾ ਅਤੇ ਡਰਾਉਣਾ ਸੀ।
ਕੁਝ ਵੀ ਨਹੀਂ ਹੋਇਆ ਸੀ ਪਰ ਕਿਸੇ ਕੋਲ ਮੇਰੀਆਂ ਤਸਵੀਰਾਂ, ਮੇਰੇ ਦਫ਼ਤਰ ਦਾ ਵੇਰਵਾ ਸੀ ਅਤੇ ਉਸ ਦੀ ਵਰਤੋਂ ਮੈਨੂੰ ਬਲੈਕਮੇਲ ਕਰਨ ਲਈ ਕੀਤੀ ਜਾ ਸਕਦੀ ਸੀ।
ਭੈਣ ਨੂੰ ਹੋਇਆ ਸ਼ੱਕ
ਮੈਂ ਮਾਪਿਆਂ ਤੋਂ ਦੂਰ ਰਹਿੰਦਾ ਹਾਂ ਪਰ ਮੈਂ ਅਕਸਰ ਘਰ ਜਾਂਦਾ ਹਾਂ। ਮੇਰੇ ਮਾਪੇ ਹੁਣ ਬਜ਼ੁਰਗ ਹੋ ਰਹੇ ਹਨ।
ਮੈਂ ਕੁਝ ਹੋਰ ਸਮਾਂ ਬਿਤਾਉਣਾ ਚਾਹੁੰਦਾ ਹਾਂ ਪਰ ਮੇਰੀ ਆਜ਼ਾਦੀ ਤੇ ਪਾਬੰਦੀ ਲੱਗ ਜਾਵੇਗੀ। ਮੈਂ ਸੋਚਿਆ ਕਿ ਅਗਲੇ ਹੀ ਦਿਨ ਘਰ ਜਾਣਾ ਸਹੀ ਨਹੀਂ ਰਹੇਗਾ।
ਮੈਂ ਛੁੱਟੀ 'ਤੇ ਘਰ ਆ ਗਿਆ। ਮੇਰੀ ਭੈਣ ਮੇਰੇ ਨੇੜੇ ਸੀ ਅਤੇ ਉਸ ਨੇ ਬੜੇ ਅਜੀਬ ਤਰੀਕੇ ਨਾਲ ਮੇਰੇ ਫੋਨ ਵੱਲ ਦੇਖਿਆ ਅਤੇ ਮੈਸੇਜ ਪੜ੍ਹਣੇ ਸ਼ੁਰੂ ਕਰ ਦਿੱਤੇ।
ਮੈਨੂੰ ਲਗਦਾ ਹੈ ਕਿ ਉਸ ਨੂੰ ਸ਼ੱਕ ਸੀ ਕਿ ਮੈਂ ਕਿਸੇ ਮੁੰਡੇ ਨਾਲ ਗੱਲਬਾਤ ਕਰ ਰਿਹਾ ਸੀ। ਉਸ ਚੈਟ ਵਿੱਚ ਕਾਫੀ ਭਾਵੁਕ ਮੈਸੇਜ ਸਨ।
ਉਸ ਨੇ ਕੁਝ ਨਹੀਂ ਕਿਹਾ ਪਰ ਮਾਂ ਨੂੰ ਜ਼ਰੂਰ ਕਿਹਾ ਕਿ 'ਮੈਂ ਹੱਥੋਂ ਬਾਹਰ ਨਿਕਲਦਾ ਜਾ ਰਿਹਾ ਸੀ'।
ਤਸਵੀਰ ਸਰੋਤ, Getty Images
'ਮੈਂ ਸੋਚਦਾ ਸੀ ਕਿ ਜੇ ਮੈਂ ਖੁਲ੍ਹ ਕੇ ਬਾਹਰ ਆ ਗਿਆ ਤਾਂ ਮੇਰੇ ਮਾਪਿਆਂ ਨੂੰ ਸਮਾਜਕ ਤੌਰ ਤੇ ਸਮਝੌਤਾ ਕਰਨਾ ਪਏਗਾ' (ਸੰਕੇਤਕ ਤਸਵੀਰ)
ਮੇਰੀ ਮਾਂ ਨੂੰ ਨਹੀਂ ਪਤਾ ਸੀ ਕਿ ਉਹ ਕੀ ਕਹਿ ਰਹੀ ਹੈ। ਮਾਂ ਨੇ ਉਸ ਨੂੰ ਕਿਹਾ ਕਿ ਛੋਟੀ-ਮੋਟੀ ਗੱਲ 'ਤੇ ਲੜਿਆ ਨਾ ਕਰੋ। ਮੇਰੀ ਭੈਣ ਨੇ ਦੁਬਾਰਾ ਇਸ ਦਾ ਜ਼ਿਕਰ ਨਹੀਂ ਕੀਤਾ।
ਇੱਕ ਵਾਰੀ ਮੈਂ ਸਮਲਿੰਗੀ ਬਾਰੇ ਸੋਸ਼ਲ ਮੀਡੀਆ ਉੱਤੇ ਇੱਕ ਲੇਖ ਸ਼ੇਅਰ ਕੀਤਾ ਸੀ। ਮੇਰੇ ਰਿਸ਼ਤੇਦਾਰਾਂ ਅਤੇ ਪਰਿਵਾਰ ਨੇ ਇਸ ਨੂੰ ਦੇਖਿਆ।
ਉਨ੍ਹਾਂ ਨੇ ਮੇਰੇ ਮਾਪਿਆਂ ਨੂੰ ਸੱਦਿਆ ਅਤੇ ਪੁੱਛਿਆ ਕਿ ਮੈਂ ਅਜਿਹੀਆਂ ਚੀਜ਼ਾਂ ਕਿਉਂ ਕਰ ਰਿਹਾ ਹਾਂ ਕਿਉਂਕਿ ਉਹ ਸਾਰੇ ਇਸ ਨੂੰ ਸਵੀਕਾਰ ਨਹੀਂ ਕਰਦੇ।
ਜੇ ਮੇਰੇ ਮਾਤਾ-ਪਿਤਾ ਨੂੰ ਇਸ ਬਾਰੇ ਪਤਾ ਲਗਦਾ ਤਾਂ ਮੈਨੂੰ ਯਕੀਨ ਹੈ ਕਿ ਮੇਰੇ ਪਿਤਾ ਮੈਨੂੰ ਬੇਦਖਲ ਕਰ ਦਿੰਦੇ। ਇਹ ਉਦੋਂ ਹੁੰਦਾ ਹੈ ਜਦੋਂ ਲੋਕ ਧਰਮ ਦੇ ਬਾਹਰ ਵਿਆਹ ਕਰਵਾਉਂਦੇ ਹਨ।
ਮੈਂ ਸੋਚਦਾ ਸੀ ਕਿ ਜੇ ਮੈਂ ਖੁਲ੍ਹ ਕੇ ਬਾਹਰ ਆ ਗਿਆ ਤਾਂ ਮੇਰੇ ਮਾਪਿਆਂ ਨੂੰ ਸਮਾਜਕ ਤੌਰ ਤੇ ਸਮਝੌਤਾ ਕਰਨਾ ਪਏਗਾ।
ਉਹ ਮੈਨੂੰ ਕਾਉਂਸਲਿੰਗ ਕਰਨ ਲਈ ਭੇਜ ਦੇਣਗੇ ਤਾਂ ਕਿ ਮੈਂ ਠੀਕ ਹੋ ਜਾਵਾਂ। ਮੇਰੇ 'ਤੇ ਵਿਆਹ ਕਰਾਉਣ ਦਾ ਹਾਲੇ ਕੋਈ ਦਬਾਅ ਨਹੀਂ ਹੈ ਪਰ ਇਹ ਮੇਰੇ ਰਾਹ ਵਿੱਚ ਜ਼ਰੂਰ ਆਵੇਗਾ।
ਇਹ ਵੀ ਪੜ੍ਹੋ:
ਸੁਪਰੀਮ ਕੋਰਟ ਦੇ ਫੈਸਲੇ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਮੇਰੇ ਅਗਲੇ ਕਦਮ ਕੀ ਹਨ।
ਇਸ ਨਾਲ ਕਈ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ ਹੈ ਪਰ ਪ੍ਰਤੱਖ ਰੂਪ ਵਿੱਚ ਮੇਰੇ ਲਈ ਕੁਝ ਨਹੀਂ ਬਦਲਿਆ ਹੈ।
ਖਾਸ ਕਰਕੇ ਮੇਰਾ ਪਰਿਵਾਰ ਜੋ ਕਿ ਮੇਰੇ ਕਾਫ਼ੀ ਨੇੜੇ ਹੈ। ਜੇ ਮੈਂ ਕਦੇ ਉਨ੍ਹਾਂ ਨੂੰ ਇਸ ਬਾਰੇ ਦੱਸਣ ਬਾਰੇ ਸੋਚਦਾ ਹਾਂ ਤਾਂ ਹੋ ਸਕਦਾ ਹੈ ਉਹ ਇੱਕਦਮ ਮੇਰਾ ਸਾਥ ਛੱਡ ਦੇਣ।
ਮੈਨੂੰ ਵਿਆਹ ਕਰਵਾਉਣ ਦਾ ਵਿਰੋਧ ਕਰਨਾ ਪਏਗਾ।
ਮੈਂ ਦੇਸ ਤੋਂ ਬਾਹਰ ਕੁਝ ਸਾਲ ਪੜ੍ਹਾਈ ਲਈ ਜਾਵਾਂਗਾ ਅਤੇ ਦੇਖਾਂਗਾਂ ਕਿ ਕਿਵੇਂ ਲਗਦਾ ਹੈ ਜਿੱਥੇ ਤੁਸੀਂ ਉਹੀ ਹੋ ਜੋ ਹੋ।
ਇਹ ਇੱਕ ਜੂਆ ਹੈ ਪਰ ਮੈਨੂੰ ਪਤਾ ਹੈ ਕਿ ਮੇਰੇ ਵਰਗੇ ਹੋਰ ਵੀ ਲੋਕ ਹਨ ਪਰ ਉਨ੍ਹਾਂ ਕੋਲ ਵਧੇਰੇ ਸਹੂਲਤਾਂ ਨਹੀਂ ਹਨ।
ਉਹ ਮੇਰੇ ਜਿੰਨੇ ਪੜ੍ਹੇ-ਲਿਖੇ ਵੀ ਨਹੀਂ ਹੋਣਗੇ ਅਤੇ ਵਿੱਤੀ ਤੌਰ ਤੇ ਘੱਟ ਆਜ਼ਾਦ ਹੋਣਗੇ, ਉਹ ਮੇਰੇ ਵਾਂਗ ਹੀ ਆਪਣਾ ਬਦਲ ਨਹੀਂ ਚੁਣ ਸਕਦੇ।