ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’

ਪਾਸ਼ ਕਵਿਤਾ

"ਪਾਸ਼ ਹੱਸਦੇ ਵੀ ਸੀ, ਰੋਂਦੇ ਵੀ ਸੀ, ਰੁੱਸਦੇ ਵੀ ਸੀ, ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਤੇ ਸ਼ਰੀਫ਼ ਵੀ ਸੀ। ਉਹ ਇਸ਼ਕ ਨੂੰ ਮਹਾਨ ਮੰਨਦੇ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸੀ। ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਜਹਾਜ਼ਾਂ 'ਤੇ ਝੂਟੇ ਵੀ ਲਏ।''

ਅਜਿਹੀਆਂ ਹੀ ਯਾਦਾਂ ਪਾਸ਼ ਦੇ ਦੋਸਤ ਸ਼ਮਸ਼ੇਰ ਸੰਧੂ ਨੇ ਆਪਣੀ 2015 ਵਿੱਚ ਛਪੀ ਪੁਸਤਕ 'ਇੱਕ ਪਾਸ਼ ਇਹ ਵੀ...' ਵਿੱਚ ਲਿਖੀਆਂ ਹਨ। ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ ਹੈ।

ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ 'ਪਾਸ਼' ਦੇ ਨਾਂ ਨਾਲ ਜਾਣਦੇ ਹਨ।

ਉਨ੍ਹਾਂ ਦਾ ਜਨਮ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਨ੍ਹਾਂ ਦੀਆਂ ਪੁਸਤਕਾਂ ਪੜ੍ਹੀਆਂ ਹੋਣਗੀਆਂ ਜਿਵੇਂ 'ਲੋਹ-ਕਥਾ', 'ਉਡਦੇ ਬਾਜ਼ਾਂ ਮਗਰ', 'ਸਾਡੇ ਸਮਿਆਂ ਵਿੱਚ'। ਪਾਸ਼ ਬਾਰੇ ਸ਼ਮਸ਼ੇਰ ਸੰਧੂ ਦਾ ਕਹਿਣਾ ਹੈ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ।

ਅਸੀਂ ਚੇਤਨਾ ਪ੍ਰਕਾਸ਼ਨ ਦੁਆਰਾ ਛਾਪੀ ਇਸ ਕਿਤਾਬ 'ਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ:

ਜੇਲ੍ਹ ਵਿੱਚ ਪਾਸ਼

ਜੇਲ੍ਹ ਦੀਆਂ ਕਾਲ-ਕੋਠੜੀਆਂ ਵਿੱਚ ਬਿਤਾਏ ਦਿਨ ਅਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਸੋਸਿਆ ਜਾਂਦਾ ਸੀ। ਉਸ ਦੀਆਂ ਅੱਖਾਂ ਪਥਰਾਅ ਜਾਂਦੀਆਂ। ਇੱਕ ਪਲ ਜਿਵੇਂ ਬੁੱਤ ਬਣ ਜਾਂਦਾ।

ਉਹ ਦੱਸਦਾ ਹੁੰਦਾ ਸੀ, "ਜਿਹੜੀ 'ਚੱਕੀ' ਵਿੱਚ ਮੈਨੂੰ ਬੰਦ ਕੀਤਾ ਗਿਆ ਮਸੀਂ ਛੋਟੇ ਗੁਸਲਖਾਨ ਜਿੱਡੀ ਸੀ ਛੋਟਾ ਜਿਹਾ ਸੀਮਿੰਟ ਦਾ ਥੜ੍ਹਾ ਹੁੰਦਾ ਸੀ, ਜੀਹਦੇ ਉੱਤੇ ਸੌਣਾ ਹੁੰਦਾ ਸੀ। ਦੋ ਕੰਬਲ ਦਿੰਦੇ ਸੀ। ਇੱਕ ਉਤੇ ਲੈਣ ਨੂੰ, ਇੱਕ ਹੇਠਾਂ ਵਿਛੌਣ ਨੂੰ। ਕੰਬਲ ਅੰਤਾਂ ਦੇ ਮੁਸ਼ਕੇ ਹੋਏ, ਸਲ੍ਹਾਭੇ ਜਿਹੇ।

ਸਾਰੀ ਕੋਠੜੀ ਹੀ ਸਲ੍ਹਾਭੀ ਹੁੰਦੀ ਆ। ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ, ਕਦੇ ਕੰਨ 'ਤੇ ਕਦੇ ਮੱਥੇ 'ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਆ, ਜਿਥੇ ਲੜਦੀ ਉਥੋਂ ਈ ਚਮੜੀ ਲਾਲੋ-ਲਾਲ। ਖੁਰਕ ਤਾਂ ਹੁੰਦੀ ਈ ਰਹਿੰਦੀ ਸੀ। ਜੇ ਭੋਰਾ ਵੱਧ ਖੁਰਕ ਲਿਆ ਤਾਂ ਊਂ ਧੱਫੜ ਬਣ ਜਾਂਦੇ ਸੀ।

ਤਸਵੀਰ ਸਰੋਤ, Courtesy Shamsher Sandhu

ਤਸਵੀਰ ਕੈਪਸ਼ਨ,

ਪਾਸ਼ ਖਾਸ ਤਰਕੀਬ ਨਾਲ ਆਪਣੀਆਂ ਕਵਿਤਾਵਾਂ ਜੇਲ੍ਹ ਤੋਂ ਬਾਹਰ ਪਹੁੰਚਾਉਂਦਾ ਸੀ

ਪਥਰਾਏ ਚੇਹਰੇ ਦੇ ਸੁਰਖ ਬੁੱਲਾਂ ਵਿੱਚ ਕੰਬਦੀ ਸਿਗਰਟ ਵਿੱਚ-ਵਿਚਕਾਰ ਬੁੱਝ ਜਾਂਦੀ ਸੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ। ਦਿਨ ਵਿੱਚ ਦੋ ਵੇਲੇ ਦੋ-ਦੋ ਰੋਟੀਆਂ ਦਿੰਦੇ ਸੀ।

ਰੋਟੀਆਂ ਵਿੱਚ ਕਿਰਕ ਇੰਨੀ ਹੁੰਦੀ ਸੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ ਸੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਝੱਜਰੀ (ਗਾਗਰ) ਦੇ ਦਿੰਦੇ ਸੀ। ਏਸੇ ਪਾਣੀ ਨਾਲ ਤੁਸੀਂ 'ਜੰਗਲ ਪਾਣੀ' ਕਰਕੇ ਹੱਥ ਧੌਣੇ ਨੇ। ਹਾਜਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ ਸੀ।

ਕੋਠੜੀ ਦੇ ਇੱਕ ਖੂੰਜੇ ਸੀਮਿੰਟ ਦਾ ਤੰਦੂਰ ਜਿਹਾ ਬਣਿਆ ਹੋਇਆ ਹੁੰਦਾ। ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਰੱਖਣੀ ਹੁੰਦੀ ਆ। ਝੱਜਰੀ ਨੂੰ ਹੇਠਾਂ ਉਤਾਰ ਕੇ, ਤੰਦੂਰ ਉੱਪਰ ਕੁਰਸੀ ਵਾਂਗ ਬੈਠ ਕੇ ਹਾਜਤ ਕਰਨੀ ਹੁੰਦੀ ਆ।

ਜੇ ਝੱਜਰੀ ਨਾਲ ਤੰਦੂਰ ਦਾ ਮੂੰਹ ਬੰਦ ਨਈਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂਹ ਚੜ੍ਹ ਆਉਂਦੇ ਸੀ। ਤੰਦੂਰ ਜਿਹੇ ਚੋਂ' ਗੰਦ ਨੂੰ ਕਦੋਂ ਸਾਫ਼ ਕਰਦੇ ਸੀ, ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਉਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲ੍ਹਣ ਵੇਲੇ ਜਮਾਂਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਾਰੀ ਕੋਠੜੀ ਹੀ ਸਲ੍ਹਾਭੀ ਹੁੰਦੀ ਆ। ਸੁੱਤਿਆਂ ਪਿਆਂ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ (ਸੰਕੇਤਕ ਤਸਵੀਰ)

ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ। ਝੂਠੇ ਕੇਸ ਵਿੱਚ ਹੀ ਕੈਦ ਹੋ ਗਈ ਸੀ। ਪਰ ਨਕਸਲਬਾੜੀ ਲਹਿਰ ਦੀ 'ਦਹਿਸ਼ਤ' ਕਾਰਨ ਉਸ ਨੂੰ 'ਖਤਰਨਾਕ' ਕਰਾਰ ਦਿੱਤਾ ਗਿਆ ਸੀ।

ਪੁਲੀਸ ਅਤੇ ਸਰਕਾਰ ਦੀਆਂ ਨਜ਼ਰਾਂ ਅਤੇ ਫਾਈਲਾਂ ਵਿੱਚ ਉਹ ਵੱਡਾ ਅਪਰਾਧੀ ਸੀ, ਏਸੇ ਲਈ ਚੱਕੀ ਵਿੱਚ ਬੰਦ ਕੀਤਾ ਗਿਆ ਸੀ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੌਸ਼ਨਦਾਨ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ, ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ।

ਉਸ ਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਵਿੱਚ ਕੈਰੋਂ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ। ਖੱਬੇ ਪਾਸੇ ਵਾਲੀ ਚੱਕੀ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ। ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ, ਛਟਪਟਾਉਂਦਾ ਸੀ।

ਚੀਕਾਂ ਮਾਰ-ਮਾਰ ਕੇ ਕਹਿੰਦਾ ਸੀ, ਓਏ ਮੈਨੂੰ ਚਾਨਣ ਵਿੱਚ ਲੈ ਚੱਲੋ, ਮੈਂ ਮਰ ਜੂੰਗਾ ਹਨੇਰੇ ਵਿੱਚ। ਪਰ ਉੱਥੇ ਏਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਨਾਲ ਟਕਰਾਂ ਮਾਰ-ਮਾਰ ਕੇ ਪਾਗਲ ਹੋ ਗਿਆ। ਸਿਰ ਫਟ ਗਿਆ। ਬਾਅਦ ਵਿੱਚ ਉਸ ਦੀ ਮੌਤ ਹੋ ਗਈ।

ਕੈਰੋਂ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ

ਸੁੱਚੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਸ਼ੌਕ ਵੀ ਰੱਖਦਾ ਸੀ ਤੇ ਰੌਸ਼ਨਦਾਨ ਥਾਣੀ ਹੀ ਅਸੀਂ ਇੱਕ -ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ, ਨਾ ਮੈਂ ਉਸ ਦੀ ਸ਼ਕਲ ਦੇਖ ਸਕਿਆ। ਬੱਸ ਆਵਾਜ਼ ਦੀ ਸਾਂਝ ਸੀ।

ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ, ਉਹਦਾ ਸਵਿਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ ਸੀ। ਉਹਨੇ ਅਗਾਂਹ ਨਿਕਲ ਜਾਣਾ ਸੀ।

ਪੁਲਿਸ ਨੇ ਨੇਪਾਲ ਦੇ ਇੱਕ ਆੜ੍ਹਤੀਏ ਦੇ ਚਬੂਤਰੇ 'ਚੋਂ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਸੀ ਕਿ ਜੀ.ਟੀ. ਰੋਡ 'ਤੇ ਪਿੱਪਲੀ ਨੇੜੇ ਜਦੋਂ ਕੈਰੋਂ ਦੀ ਕਾਰ ਨੂੰ ਚਹੁੰ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋਂ ਨੇ ਉੱਚੀ ਆਵਾਜ਼ ਵਿੱਚ ਸਿਰਫ਼ ਦੋ ਸ਼ਬਦ ਹੀ ਬੋਲੇ ਸਨ, "ਸੁੱਚਾ...ਤੁਮ..।"

ਇਹ ਵੀ ਪੜ੍ਹੋ:

ਚੱਕੀਆਂ ਦੇ ਹਨੇਰੇ ਅਤੇ ਸਲ੍ਹਾਭੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ ਸੀ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸ ਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ ਪਰ ਸਭ ਬੇਕਾਰ।

ਜੇਲ੍ਹ ਕੋਠੜੀਆਂ ਕਾਰਨ ਉਸ ਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ ਕਿਉਂਕਿ ਅੱਖਾਂ ਨੂੰ ਕਿੰਨਾ-ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ।

ਜੇਲ੍ਹ ਵਿੱਚੋਂ ਕਿਵੇਂ ਬਾਹਰ ਭੇਜੀਆਂ ਕਵਿਤਾਵਾਂ

ਚੱਕੀ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਲਿਖਣ ਲਈ ਨਾ ਕੋਈ ਕਾਗਜ਼ ਨਾ ਕੋਈ ਪੈੱਨ, ਪੈਨਸਿਲ। ਇੱਕ ਵਾਰ ਮੁਲਾਕਾਤ 'ਤੇ ਆਏ ਸੱਜਣਾਂ ਨੂੰ ਉਸ ਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਾਗਜ਼ ਤੇ ਪੈੱਨ ਅੰਦਰ ਪਹੁੰਚਦਾ ਕਰੋ। ਬੜੀ ਅਨੋਖੀ ਤਰਕੀਬ ਲੱਭੀ।

ਅਗਲੀ ਮੁਲਾਕਾਤ 'ਤੇ ਖਾਕੀ ਅਤੇ ਚਿੱਟੇ ਲਿਫਾਫੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ। ਇਉਂ ਕੋਠੜੀ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉਪਰ ਸਿੱਕਿਆਂ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਨ੍ਹਾਂ ਵਿੱਚੋਂ ਦੋ-ਤਿੰਨ ਅੰਮ੍ਰਿਤਾ ਪ੍ਰੀਤਮ ਦੀ 'ਨਾਗਮਣੀ' ਦੇ ਸਰਵਰਕ ਉਪਰ ਛਪੀਆਂ ਸਨ, "ਇਹੀ ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ..." 'ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ..."

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼

ਹਾਂ ਸੱਚ ਕੋਠੜੀ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ? ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਹਰੇ-ਚੌਹਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਵਿੱਚ ਪਿੰਨ ਨਾਲ ਟੰਗ ਲਿਆ, ਇਹ ਪਿੰਨਾਂ ਉਸ ਦੀਆਂ ਬੱਧਰੀਆਂ ਵਾਲੀਆਂ ਚੱਪਲਾਂ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਤੋਂ ਬਾਹਰ ਆ ਗਏ।

ਪੰਜਾਬ ਵਿੱਚ ਉਨ੍ਹੀਂ ਦਿਨੀਂ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਪੱਧਰ 'ਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸ ਨੂੰ ਫੜ ਕੇ ਲੈ ਗਏ।

ਪਾਸ਼ ਨੇ ਕਹਿਣਾ, "ਫੜ-ਫੜਾਉਣ ਦੇ ਮਾਮਲੇ ਵਿੱਚ ਤਾਂ ਪੁਲਿਸ ਮੈਨੂੰ ਐਂ ਲੈ ਜਾਇਆ ਕਰੋ ਜਿਵੇਂ ਮੈਂ ਕੋਈ 'ਦਸ ਨੰਬਰੀਆ' ਹੋਵਾਂ । ਥਾਣੇ ਵਿੱਚ ਕਦੇ ਇੱਕ ਦਿਨ, ਇੱਕ ਰਾਤ ਬਿਤਾਉਣੀ ਪੈ ਜਾਂਦੀ। ਕਦੇ ਚਾਰ-ਪੰਜ ਘੰਟੇ ਬਿਤਾ ਕੇ ਈ ਛੱਡ ਦਿੰਦੇ।''

ਇੱਕ ਵਾਰ ਥਾਣੇ ਦੇ ਬੰਦ ਕਮਰੇ ਵਿੱਚ ਉਸ ਦਾ 'ਵਾਹ' ਕੁਝ ਅਮਲੀਆਂ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਕਾਰਨ ਫੜਿਆ ਹੋਇਆ ਸੀ, ਕੋਈ ਅੱਧਾ ਤੋਲਾ 'ਫੀਮ ਰੱਖਣ ਦੇ ਦੋਸ਼ ਵਿੱਚ।

ਪਾਸ਼ ਕਹਿੰਦਾ, "ਮੈਂ ਉਨ੍ਹਾਂ ਨੂੰ ਕੱਠਿਆਂ ਬਿਠਾ ਕੇ 'ਮੱਤ' ਦੇਣ ਲੱਗ ਪਿਆ। ਤੁਸੀਂ ਐਵੇਂ ਕਿਉਂ ਜ਼ਲੀਲ ਹੁੰਦੇ ਫਿਰਨੇ ਓਂ। ਭੁੱਕੀ ਤੇ 'ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਕਦੇ ਕਿਸੇ ਦੇ ਖੋਤੋਂ ਚੀਜ਼ਾਂ ਚੱਕ ਕੇ ਵੇਚਦੇ ਓਂ, ਕਦੇ ਘਰੋਂ ਈ ਚੋਰੀ ਕਰ ਲੈਂਦੇ ਓਂ, ਛੱਡੋ ਇਹ ਨਸ਼ੇ...।"

ਅੱਗੋਂ ਇੱਕ ਅਮਲੀ ਨੇ 'ਦਲੀਲ' ਨਾਲ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ 'ਤਾ। ਕਹਿਣ ਲੱਗਾ, "ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦੈਂ ਅਸੀਂ ਉਨ੍ਹਾਂ ਵਿੱਚੋਂ ਨਈਂ। ਜਿਹੜੇ "ਇਨਸਾਨ ਅਮਲੀ" ਹੁੰਦੇ ਆ, ਉਹ ਪਹਿਲੋਂ ਕਿਰਤ ਕਰਦੇ ਆ। ਪਾਸ਼ ਅਸੀਂ ਤਾਂ ਇਨਸਾਨ ਅਮਲੀ ਆਂ, ਸਾਨੂੰ ਦੁੱਕੀ-ਤਿੱਕੀ ਨਾ ਸਮਝੀਂ।"

ਜਦੋਂ ਸਲਾਖਾਂ ਦੀ ਥਾਂ ਕੁਰਸੀ 'ਤੇ ਬਿਠਾਇਆ

ਪਾਸ਼ ਨੂੰ ਫੇਰ ਇੱਕ ਵਾਰ ਨਕੋਦਰ ਪੁਲਿਸ ਫੜ ਲਿਆਈ। ਪਰ ਐਤਕੀਂ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ 'ਤੇ ਬਿਠਾ ਲਿਆ। ਪਾਸ਼ ਹੈਰਾਨ! ਚਾਹ ਮੰਗਵਾਈ ਗਈ।

ਇਹ ਵੀ ਪੜ੍ਹੋ:

ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਥਾਣੇਦਾਰ ਸਾਹਿਤਕ-ਮੱਸ ਵਾਲਾ ਬੰਦਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਕ ਵੀ ਸੀ। ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਾ, ਸੁਣਾਓ, ਫੇਰ ਕਵਿਤਾਵਾਂ। ਦਰਜ਼ 'ਚੋਂ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ-ਪਾਠ ਸ਼ੁਰੂ ਕਰ ਦਿੱਤਾ:

ਹਾਏ ਨੀ, ਸੱਜਣੀ,

ਤੇਰੀ ਯਾਦ ਆਉਂਦੀ ਹੈ।

ਕਿਵੇਂ ਦੱਸਾਂ, ਕਿੰਨੀ ਤੇਰੀ,

ਯਾਦ ਆਉਂਦੀ ਹੈ।

ਯਾਦ ਤੇਰੀ ਮੈਨੂੰ ਬਰਾ ਹੀ ਤੜਫਾਉਂਦੀ ਹੈ...।

ਬੱਸ ਏਦਾਂ ਦੀਆਂ ਹੀ ਕਈ ਹੋਰ 'ਕਵਿਤਾਵਾਂ'! ਪਾਸ਼ ਮਿਥ ਕੇ ਦਾਦ ਦੇਈ ਜਾਵੇ, 'ਕਿਆ ਬਾਤ ਐ, ਅਹਿ ਕਵਿਤਾ ਇੱਕ ਵਾਰ ਫੇਰ ਸੁਣਾਓ, ਆਏ ਹਾਏ... ਆਏ ਹਾਏ।' ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਣਾਂ-ਮੂੰਹੀ ਦਾਦ ਲੈ ਕੇ ਬਾਗੋਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ।

ਕਹਿਣ ਲੱਗਾ, 'ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ। ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਨੇ ਓਂ, ਐਵੇਂ ਜਵਾਨੀਆਂ ਰੋਲਦੇ ਫਿਰਦੇ ਓਂ, ਸਾਡੇ ਵਰਗੀ ਕਵਿਤਾ ਲਿਖਿਆ ਕਰੋ...!'

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)