ਬਲਾਤਕਾਰ ਦੇ ਦੋਸ਼ਾਂ 'ਚ ਘਿਰੇ ਜਲੰਧਰ ਦੇ ਬਿਸ਼ਪ ਗ੍ਰਿਫ਼ਤਾਰ

ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਿਸ਼ਪ ਫਰੈਂਕੋ ਮੁਲੱਕਲ ਨੇ ਆਖਿਆ ਸੀ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ
ਫੋਟੋ ਕੈਪਸ਼ਨ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਬਿਸ਼ਪ ਫਰੈਂਕੋ ਮੁਲੱਕਲ ਨੇ ਆਖਿਆ ਸੀ ਕਿ ਸਾਰੇ ਇਲਜ਼ਾਮ ਬੇਬੁਨਿਆਦ ਹਨ

ਬਲਾਤਾਕਾਰ ਦੇ ਇਲਜ਼ਾਮਾਂ ਵਿਚ ਘਿਰੇ ਜਲੰਧਰ ਦੀ ਕੈਥੋਲਿਕ ਚਰਚ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੇਰਲ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਪੁ੍ੱਛਗਿੱਛ ਲਈ ਹਾਜ਼ਰ ਹੋਏ ਬਿਸ਼ਪ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਚੈੱਕਅਪ ਵੀ ਕਰਵਾਇਆ ਹੈ।

ਇਸ ਤੋਂ ਪਹਿਲਾ ਵੀਰਵਾਰ ਨੂੰ ਫਰੈਂਕੋ ਮੁਲੱਕਲ ਨੂੰ ਬਿਸ਼ਪ ਦੇ ਅਹੁਦੇ ਤੋਂ ਹਾਲ ਦੀ ਘੜੀ ਹਟਾਉਣ ਦੀ ਅਰਜ਼ੀ ਫਾਦਰ ਨੇ ਸਵੀਕਾਰ ਕਰ ਲਈ ਸੀ

ਚਰਚ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਲਿਖਿਆ ਗਿਆ ਹੈ ਸੀ ਕਿ ਫਰੈਂਕੋ ਮੁਲੱਕਲ ਨੂੰ ਬਿਸ਼ਪ ਦੀਆਂ ਜ਼ਿੰਮੇਵਾਰੀਆਂ ਤੋਂ ਆਰਜ਼ੀ ਤੌਰ 'ਤੇ ਹਟਾਇਆ ਗਿਆ ਹੈ।

ਚਰਚ ਦੇ ਬਿਆਨ ਵਿਚ ਕਿਹਾ ਗਿਆ ਹੈ,' ਮੌਜੂਦਾ ਹਾਲਾਤ ਨੂੰ ਦੇਖਦਿਆਂ ਹੋਇਆਂ ਫਾਦਰ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਿਲਹਾਲ ਫਾਰਗ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਤੁਰੰਤ ਪ੍ਰਭਾਵ ਤੋਂ ਬੰਬੇ ਦੀ ਚਰਚ ਦੇ ਬਿਸ਼ਪ ਐਗਨੇਲੋ ਰੁਫ਼ੀਨੋ ਗਰੇਸ਼ੀਅਸ ਨੂੰ ਜਲੰਧਰ ਦੀ ਕੈਥੋਲਿਕ ਚਰਚ 'ਚ ਬਤੌਰ ਬਿਸ਼ਪ ਨਿਯੁਕਤ ਕੀਤਾ ਗਿਆ ਹੈ।

ਕੇਰਲ ਪੁਲਿਸ ਨੇ ਕਰਨੀ ਹੈ ਪੁੱਛਗਿੱਛ

ਪਿਛਲੇ ਮਹੀਨੇ ਕੋਟਾਇਮ ਪੁਲਿਸ ਦੇ ਅਫ਼ਸਰ ਨੇ ਕੇਰਲ ਹਾਈ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਕੋਲ ਇੰਨੇ ਸਬੂਤ ਹਨ, ਜਿਸ ਦੇ ਆਧਾਰ 'ਤੇ ਉਹ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਹਿਰਾਸਤ 'ਚ ਲੈ ਸਕਣ।

ਇਹ ਵੀ ਪੜ੍ਹੋ:

ਜਲੰਧਰ ਲੈਟਿਨ ਕੈਥੋਲਿਕ ਚਰਚ ਦੇ ਪਾਦਰੀ ਫਰੈਂਕੋ ਮੁਲਕੱਲ 'ਤੇ ਉਸੇ ਚਰਚ ਦੀ ਇੱਕ ਨਨ ਨੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।

Image copyright As satheesh/bbc
ਫੋਟੋ ਕੈਪਸ਼ਨ ਕੋਚੀ ਵਿਖੇ ਜਲੰਧਰ ਦੇ ਪਾਦਰੀ ਫਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਨੰਨਜ਼

ਨਨ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਪਾਦਰੀ ਨੇ ਸਾਲ 2014 ਅਤੇ 2016 ਵਿਚਾਲੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ ਸੀ।

ਹਾਲਾਂਕਿ ਨਨ ਨੇ ਚਰਚ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ, ਪਰ ਕਿਸੇ ਨੇ ਉਸ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ।

ਹਾਈ ਕੋਰਟ ਨੇ 13 ਅਗਸਤ ਨੂੰ ਪੁਲਿਸ ਨੂੰ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਕਰਨ।

ਇਸ ਵਿਚਾਲੇ ਪਟੀਸ਼ਨਕਰਤਾ ਜਾਰਜ ਜੌਸਫ਼ ਨੇ ਨਿਰਾਸ਼ ਹੋ ਕੇ ਇੱਕ ਹੋਰ ਪਟੀਸ਼ਨ ਕੋਰਟ 'ਚ ਦਾਇਰ ਕੀਤੀ।

ਉਨ੍ਹਾਂ ਬੀਬੀਸੀ ਨੂੰ ਕਿਹਾ, ''ਸਾਡੀ ਮੰਗ ਇੰਨੀ ਹੀ ਹੈ, ਕਿ ਸਾਡੇ ਦੇਸ ਦੇ ਕਾਨੂੰਨ ਨੂੰ ਲਾਗੂ ਕਰਨ, ਕੱਲ੍ਹ ਅਸੀਂ ਅਦਾਲਤ 'ਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਹੈ ਕਿ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰੋ''

''ਅਦਾਲਤ ਦੀ ਨਿਗਰਾਨੀ 'ਚ ਜਾਂਚ ਹੋਵੇ ਅਤੇ ਉਨ੍ਹਾਂ ਨੂੰ ਦੇਸ ਤੋਂ ਬਾਹਰ ਜਾਣ ਦੀ ਮਨਜ਼ੂਰੀ ਨਾ ਦਿਓ''

Image copyright As satheesh/bbc
ਫੋਟੋ ਕੈਪਸ਼ਨ ਪਾਦਰੀ ਫਰੈਂਕੋ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨਨਜ਼ ਦਾ ਸਾਥ ਮੁਸਲਿਮ ਔਰਤਾਂ ਨੇ ਵੀ ਦਿੱਤਾ

ਜਾਰਜ ਜੌਸਫ਼ ਕੇਰਲ ਦੀ ਕੈਥੋਲਿਕ ਚਰਚ ਸੁਧਾਰ ਅੰਦੋਲਨ ਦੇ ਸਾਬਕਾ ਪ੍ਰਧਾਨ ਹਨ। ਹਾਈ ਕੋਰਟ ਉਨ੍ਹਾਂ ਦੀ ਪਟੀਸ਼ਨ 'ਤੇ 13 ਸਤੰਬਰ ਨੂੰ ਸੁਣਵਾਈ ਕਰੇਗੀ।

ਇਸ ਵਿਚਾਲੇ ਨਿਰਾਸ਼ ਕਈ ਨਨਜ਼ ਨੇ ਪਿਛਲੇ ਦੋ ਦਿਨਾਂ ਤੋਂ ਕੋਟਾਇਮ ਜ਼ਿਲ੍ਹੇ ਦੇ ਪ੍ਰੋਵੀਨਗਾੜ 'ਚ ਹੋਰ ਰੋਜ਼ ਇੱਕ ਮੂਕ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦੀ ਵੀ ਮੰਗ ਇਹ ਹੀ ਹੈ ਕਿ ਮੁਲਜ਼ਮ ਖ਼ਿਲਾਫ਼ ਪੁਲਿਸ ਅਤੇ ਚਰਚ ਕਾਨੂੰਨੀ ਕਾਰਵਾਈ ਕਰਨ।

ਦਿਲਚਸਪ ਗੱਲ ਇਹ ਹੈ ਕਿ ਕੇਰਲ ਹਾਈ ਕੋਰਟ ਦੇ ਇੱਕ ਸੇਵਾਮੁਕਤ ਜੱਜ ਨੇ ਵੀ ਇਨ੍ਹਾਂ ਸਿਸਟਰਜ਼ ਨਾਲ ਪ੍ਰਦਰਸ਼ਨ 'ਚ ਹਿੱਸਾ ਲਿਆ ਹੈ।

ਇਹ ਵੀ ਪੜ੍ਹੋ:

ਰਿਟਾਇਰਡ ਜੱਜ ਜਸਟਿਸ ਕਮਾਲ ਪਾਸ਼ਾ ਨੇ ਕਿਹਾ, ''ਪੁਲਿਸ ਦਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਹੈ, ਇਸ ਲਈ ਜਾਂਚ ਅਫ਼ਸਰ ਨੇ ਹੀ ਹਲਫ਼ਨਾਮਾ ਪੱਤਰ ਪੇਸ਼ ਕੀਤਾ ਸੀ ਕਿ ਗ੍ਰਿਫ਼ਤਾਰੀ ਲਈ ਉਸ ਕੋਲ ਕਾਫ਼ੀ ਸਬੂਤ ਹਨ''

''ਹੁਣ ਇਹ ਸਾਫ਼ ਹੋ ਗਿਆ ਹੈ ਕਿ ਪੁਲਿਸ ਮੁਲਜ਼ਮ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਹ ਵੀ ਧਿਆਨ ਰੱਖੋ ਕਿ ਉਨ੍ਹਾਂ ਵੱਲੋਂ ਅਜੇ ਤੱਕ ਅਗਾਊਂ ਜ਼ਮਾਨਤ ਲਈ ਕੋਈ ਪਟੀਸ਼ਨ ਨਹੀਂ ਪਾਈ ਗਈ ਹੈ''

ਮਾਮਲੇ 'ਚ ਚਰਚ ਦਾ ਕੀ ਰੁਖ਼ ਹੈ?

ਅਸੀਂ ਇਹ ਸਵਾਲ ਸੇਰੋਮੇਲੋਬਾਰ ਚਰਚ ਦੇ ਸਾਬਕਾ ਬੁਲਾਰੇ ਫਾਦਰ ਪੌਲ ਤੇਲਕਤ ਨੂੰ ਪੁੱਛਿਆ।

Image copyright As satheesh/bbc
ਫੋਟੋ ਕੈਪਸ਼ਨ ਜਲੰਧਰ ਦੇ ਪਾਦਰੀ ਫਰੈਂਕੋ ਮੁਲਕੱਲ ਦੀ ਗ੍ਰਿਫ਼ਤਾਰੀ ਦੀ ਮੰਗ ਬਾਬਤ ਮੀਡੀਆ ਨਾਲ ਗੱਲਬਾਤ ਦੌਰਾਨ ਨਨਜ਼

ਉਨ੍ਹਾਂ ਕਿਹਾ, ''ਚਰਚ ਬੜੇ ਹੀ ਉਲਝਾਉਂਦੇ ਹੋਏ ਤਰੀਕੇ ਨਾਲ ਚੁੱਪ ਹੈ, ਇੰਨੇ ਮਹੀਨੇ ਹੋ ਗਏ ਨਨ ਨੇ ਪੁਲਿਸ ਕੋਲ ਜਾਣ ਤੋਂ ਪਹਿਲਾਂ ਚਰਚ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਸੀ''

''ਪਰ ਨਾ ਚਰਚ ਨੇ ਕੁਝ ਕੀਤਾ ਹੈ ਤੇ ਨਾ ਹੀ ਪੁਲਿਸ ਨੇ, ਅਸੀਂ ਇਹ ਨਹੀਂ ਕਹਿ ਰਹੇ ਕਿ ਕੌਣ ਗ਼ਲਤ ਹੈ ਅਤੇ ਕੌਣ ਸਹੀ, ਪਰ ਚਰਚ ਦੀ ਚੁੱਪੀ ਨਾਲ ਬਹੁਤਿਆਂ ਨੂੰ ਦਰਦ ਮਹਿਸੂਸ ਹੁੰਦਾ ਹੈ''

ਇਸ ਵਿਚਾਲੇ ਇੱਕ ਆਜ਼ਾਦ ਵਿਧਾਇਕ ਨੇ ਪੀੜਤ ਨਨ ਖ਼ਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਹਲਚਲ ਮਚੀ ਹੈ ਅਤੇ ਸਖ਼ਤ ਨਿੰਦੀ ਹੋ ਰਹੀ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)