'ਸਮਲਿੰਗੀ ਦਾ ਪਿਤਾ ਹੋਣ 'ਤੇ ਨਾ ਮੈਂ ਸ਼ਰਮਿੰਦਾ ਹਾਂ ਨਾ ਦੁਖੀ'

ਸਮਲਿੰਗੀ Image copyright Getty Images
ਫੋਟੋ ਕੈਪਸ਼ਨ ਮਾਪਿਆਂ ਦਾ ਤਜਰਬਾ, ਜਿਨ੍ਹਾਂ ਨੂੰ ਜਨਮ ਦੇ ਕਈ ਸਾਲ ਪਤਾ ਬਾਅਦ ਲੱਗਾ ਕਿ ਉਨ੍ਹਾਂ ਦਾ ਪੁੱਤਰ ਸਮਲਿੰਗੀ ਹੈ

ਮੈਨੂੰ ਅੱਜ ਵੀ ਉਹ ਦਿਨ ਯਾਦ ਹੈ। ਮੇਰਾ ਪੁੱਤਰ ਹਰਸ਼ੂ ਆਈਆਈਟੀ ਮੁੰਬਈ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਉਹ ਉਸ ਵੇਲੇ ਐਮ.ਟੈੱਕ ਦੇ ਚੌਥੇ ਸਾਲ 'ਚ ਸੀ ਅਤੇ ਮੁੰਬਈ 'ਚ ਇੱਕ ਹੋਸਟਲ 'ਚ ਰਹਿੰਦਾ ਸੀ।

ਛੁੱਟੀਆਂ 'ਚ ਅਕਸਰ ਉਹ ਦੋ ਦਿਨ ਜਾਂ ਤਿੰਨ ਲਈ ਘਰ ਆਉਂਦਾ ਸੀ।

ਇੱਕ ਦਿਨ ਉਸ ਨੇ ਮੈਨੂੰ ਅਤੇ ਸੁਲੂ (ਹਰਸ਼ੂ ਦੀ ਮਾਂ) ਨੂੰ ਬੁਲਾਇਆ ਅਤੇ ਕਿਹਾ ਕਿ ਉਹ ਸਾਨੂੰ ਇੱਕ ਬੇਹੱਦ ਜ਼ਰੂਰੀ ਗੱਲ ਦੱਸਣਾ ਚਾਹੁੰਦਾ ਹੈ।

ਉਸ ਦੇ ਚਿਹਰੇ ਦੀ ਗੰਭੀਰਤਾ ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ। ਮੈਨੂੰ ਲੱਗਾ ਕਿ ਸ਼ਾਇਦ ਮੇਰੇ ਪੁੱਤਰ ਦੀ ਕੋਈ ਗਰਲਫਰੈਂਡ ਹੈ, ਜਿਸ ਬਾਰੇ ਉਹ ਸਾਨੂੰ ਦੱਸਣਾ ਚਾਹੁੰਦੇ ਹਨ।

ਮੇਰੇ ਦਿਮਾਗ਼ 'ਚ ਉਹੀ ਫਿਲਮੀ ਡਾਇਲਾਗ ਚੱਲ ਰਿਹਾ ਸੀ- "ਇਹ ਵਿਆਹ ਨਹੀਂ ਹੋ ਸਕਦਾ।"

ਹਰਸ਼ੂ ਨੇ ਬੋਲਣਾ ਸ਼ੁਰੂ ਕੀਤਾ। ਉਹ ਕੁਝ ਦਿਨ ਪਹਿਲਾਂ ਇੱਕ ਕੈਂਪ 'ਚ ਗਿਆ ਸੀ। ਉਸ ਕੈਂਪ ਦਾ ਮਕਸਦ ਨੌਜਵਾਨਾਂ 'ਚ ਆਪਣੇ ਸਮਾਜ, ਦੇਸ ਅਤੇ ਆਮ ਜ਼ਿੰਦਗੀ ਬਾਰੇ 'ਚ ਸਮਝ ਪੈਦਾ ਕਰਨਾ ਸੀ।

ਇਹ ਵੀ ਪੜ੍ਹੋ:

ਇਸੇ ਕੈਂਪ 'ਚ ਇੱਕ ਸੈਸ਼ਨ ਅਜਿਹਾ ਵੀ ਸੀ, ਜਿਸ ਵਿੱਚ ਨੌਜਵਾਨਾਂ ਨੇ ਆਪਣੀਆ ਜਿਨਸੀ ਇੱਛਾਵਾਂ ਬਾਰੇ ਦੱਸਿਆ। ਹਰਸ਼ੂ ਨੇ ਸਾਨੂੰ ਉਸ ਸੈਸ਼ਨ ਬਾਰੇ ਦੱਸਣਾ ਸ਼ੁਰੂ ਕੀਤਾ।

'ਅਸੀਂ ਸੋਚਿਆ ਮਜ਼ਾਕ ਹੈ'

ਮੈਂ ਉਸ ਕੁੜੀ ਬਾਰੇ ਜਾਣਨ ਲਈ ਬੇਚੈਨ ਹੋ ਰਿਹਾ ਸੀ, ਜਿਸ ਨਾਲ ਮੇਰਾ ਪੁੱਤਰ ਪਿਆਰ ਕਰਨ ਲੱਗਾ ਸੀ ਪਰ ਉਸ ਦੀ ਕਹਾਣੀ ਦਾ ਜਿਵੇਂ ਕੋਈ ਅੰਤ ਹੀ ਨਜ਼ਰ ਨਹੀਂ ਆ ਰਿਹਾ ਸੀ।

Image copyright Getty Images
ਫੋਟੋ ਕੈਪਸ਼ਨ ਹਰਸ਼ੂ ਨੇ ਕਿਹਾ, "ਮੈਂ ਆਪਣੀ ਜਿਣਸੀ ਇੱਛਾਵਾਂ ਨੂੰ ਲੈ ਕੇ ਇੱਕ ਦੁਬਿਧਾ 'ਚ ਹਾਂ।

ਉਸ ਸੈਸ਼ਨ ਦੇ ਅੰਤ ਵਿੱਚ ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਕਿਹਾ ਸੀ ਕਿ ਕੀ ਆਪਣੇ ਬਾਰੇ ਕੋਈ ਖ਼ਾਸ ਗੱਲ ਇੱਥੇ ਸਾਂਝੀ ਕਰਨਾ ਚਾਹੁੰਦਾ ਹੈ।

ਉਦੋਂ ਹਰਸ਼ੂ ਨੇ ਆਪਣਾ ਹੱਥ ਉਪਰ ਚੁੱਕਿਆ ਅਤੇ ਕਿਹਾ ਕਿ ਉਹ ਕੁਝ ਕਹਿਣਾ ਚਾਹੁੰਦਾ ਹੈ।

ਹਰਸ਼ੂ ਨੇ ਕਿਹਾ, "ਮੈਂ ਆਪਣੀਆਂ ਜਿਣਸੀ ਇੱਛਾਵਾਂ ਨੂੰ ਲੈ ਕੇ ਦੁਬਿਧਾ 'ਚ ਹਾਂ। ਮੈਂ ਹੈਟਰੋਸੈਕਸੂਅਲ ਨਹੀਂ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਹੋਮੋਸੈਕਸੂਅਲ (ਸਮਲਿੰਗੀ) ਹਾਂ।"

ਹਰਸ਼ੂ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਪ੍ਰਤੀਕਿਰਿਆ ਦੇਵਾਂ। ਇੱਕ ਪਲ ਲਈ ਮੈਂ ਸੋਚਿਆ ਕਿ ਸ਼ਾਇਦ ਹਰਸ਼ੂ ਸਾਡੇ ਨਾਲ ਮਜ਼ਾਕ ਕਰ ਰਿਹਾ ਹੈ।

ਮੈਂ ਉਸ ਨੂੰ ਪੁੱਛਿਆ ਸੀ, "ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਬੋਲ ਰਹੇ ਹੋ?" ਉਸ ਨੇ ਪੂਰੇ ਵਿਸ਼ਵਾਸ ਦੇ ਨਾਲ ਆਪਣਾ ਸਿਰ ਹਿਲਾਇਆ ਅਤੇ ਕਿਹਾ, "ਹਾਂ"।

ਸੁਲੂ ਨੇ ਉਸ ਨੂੰ ਕੁਝ ਸਵਾਲ ਕੀਤੇ। ਹਾਲਾਂਕਿ, ਮੈਨੂੰ ਹੁਣ ਉਹ ਸਵਾਲ ਯਾਦ ਨਹੀਂ ਹੈ, ਪਰ ਇੰਨਾ ਜ਼ਰੂਰ ਯਾਦ ਹੈ ਕਿ ਹਰਸ਼ੂ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੇ ਦਿਮਾਗ਼ 'ਚ ਅਣਗਿਣਤ ਸਵਾਲਾਂ ਦਾ ਇੱਕ ਤੂਫ਼ਾਨ ਘੁੰਮਣ ਲੱਗਾ ਸੀ।

ਹੋਮੋਸੈਕਸੂਐਲਿਟੀ ਬਾਰੇ ਮੈਨੂੰ ਥੋੜ੍ਹਾ-ਬਹੁਤ ਪਤਾ ਸੀ ਪਰ ਉਹ ਸਾਰੀ ਜਾਣਕਾਰੀ ਸਾਹਿਤ, ਸਿਨੇਮਾ ਅਤੇ ਕੁਝ ਮੈਗ਼ਜ਼ੀਨਾਂ ਰਾਹੀਂ ਹੀ ਮਿਲੀ ਸੀ।

ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਮਸਲਾ ਕਿਸੇ ਦਿਨ ਮੇਰੇ ਹੀ ਘਰ ਦੀ ਚੌਖਟ 'ਤੇ ਮੌਜੂਦ ਹੋਵੇਗਾ।

Image copyright Getty Images
ਫੋਟੋ ਕੈਪਸ਼ਨ ਹਰਸ਼ੂ ਨੇ ਕਿਹਾ, "ਮੈਂ ਆਪਣੀ ਜਿਣਸੀ ਇੱਛਾਵਾਂ ਨੂੰ ਲੈ ਕੇ ਇੱਕ ਦੁਬਿਧਾ 'ਚ ਹਾਂ।

ਮੈਨੂੰ ਯਾਦ ਹੈ ਕਿ ਉਸ ਵੇਲੇ ਸਾਡੀ ਬਹਿਸ ਕਿੱਥੇ ਆ ਕੇ ਖ਼ਤਮ ਹੋਈ ਸੀ। ਮੈਂ ਕਿਹਾ ਸੀ, "ਅਸੀਂ! ਠੀਕ ਹਾਂ। ਸਾਨੂੰ ਸਾਰਿਆਂ ਨੂੰ ਇਸ ਬਾਰੇ 'ਚ ਥੋੜ੍ਹਾ ਹੋਰ ਸੋਚਣਾ ਚਾਹੀਦਾ ਹੈ। ਹੁਣ ਹੋਰ ਜ਼ਿਆਦਾ ਸਵਾਲ-ਜਵਾਬ ਨਹੀਂ।"

ਇਸ ਤੋਂ ਦੋ ਦਿਨ ਬਾਅਦ ਹਰਸ਼ੂ ਮੁੰਬਈ ਵਾਪਸ ਚਲਾ ਗਿਆ। ਅਸੀਂ ਵੀ ਆਪਣੇ-ਆਪਣੇ ਕੰਮਾਂ ਵਿੱਚ ਲੱਗ ਗਏ। ਸੁਲੂ ਦੀ ਆਪਣੀ ਫੈਕਟਰੀ ਹੈ, ਉਹ ਮਕੈਨੀਕਲ ਇੰਜੀਨੀਅਰ ਹਨ ਅਤੇ ਮੈਂ ਵੈਸੇ ਰਿਟਾਇਰ ਹੋ ਚੁੱਕਿਆ ਸੀ, ਪਰ ਮੈਂ ਆਪਣੀ ਪੀਐਚ.ਡੀ ਦਾ ਕੰਮ ਕਰ ਰਿਹਾ ਸੀ।

ਇਹ ਵੀ ਪੜ੍ਹੋ:

'ਜਦੋਂ ਲੋਕਾਂ ਨੂੰ ਪਤਾ ਲੱਗੇਗਾ ਤਾਂ ਕੀ ਹੋਵੇਗਾ?'

ਅਸੀਂ ਸਾਰੇ ਆਪਣੇ ਕੰਮਾਂ ਵਿੱਚ ਮਸਰੂਫ਼ ਤਾਂ ਹੋ ਗਏ ਸੀ, ਪਰ ਦਿਮਾਗ਼ ਦੇ ਇੱਕ ਕੋਨੇ 'ਚ ਰਹਿ ਰਹਿ ਕੇ ਉਸ ਬਾਰੇ ਖ਼ਿਆਲ ਆ ਜਾਂਦਾ ਸੀ।

ਆਖ਼ਿਰ ਇਨ੍ਹਾਂ ਸਭ ਗੱਲਾਂ ਦਾ ਕੀ ਮਤਲਬ ਹੈ? ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਹਰਸ਼ੂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ? ਜੇਕਰ ਉਸ ਦੇ ਹੋਸਟਲ ਦੇ ਦੋਸਤਾਂ ਨੂੰ ਉਸ ਬਾਰੇ ਪਤਾ ਲੱਗਾ ਤਾਂ ਕੀ ਹੋਵੇਗਾ?

ਅਜਿਹੇ ਪਤਾ ਨਹੀਂ ਕਿੰਨੇ ਖ਼ਿਆਲ ਮੇਰੇ ਦਿਮਾਗ਼ ਨੂੰ ਹਰ ਪਲ ਘੇਰੀ ਰੱਖਦੇ ਸੀ।

ਹਾਲਾਂਕਿ, ਜਿਸ ਦਿਨ ਹਰਸ਼ੂ ਨੇ ਸਾਨੂੰ ਇਹ ਦੱਸਿਆ ਸੀ, ਉਸ ਦਿਨ ਪਤਾ ਨਹੀਂ ਕਿਉਂ, ਨਾ ਤਾਂ ਮੈਂ ਗੁੱਸਾ ਕੀਤਾ ਤੇ ਨਾ ਹੀ ਸੁੱਲੂ ਨੇ।

Image copyright Getty Images

ਮੈਂ ਅਤੇ ਸੁੱਲੂ ਨੇ ਇਸ ਬਾਰੇ ਗੱਲ ਤੱਕ ਨਹੀਂ ਕੀਤੀ। ਸੁੱਲੂ ਨੇ ਮੈਨੂੰ ਕਿਹਾ ਸੀ, "ਇਹ ਸਭ ਹਰਸ਼ੂ ਦੇ ਦਿਮਾਗ਼ ਦੀ ਵਾਧੂ ਉਪਜ ਹੈ , ਕੁਝ ਦਿਨਾਂ ਵਿੱਚ ਇਹ ਸਭ ਭੁੱਲ ਜਾਵੇਗਾ।"

ਪਰ ਮੈਂ ਸੁੱਲੂ ਦੀ ਗੱਲ ਨਾਲ ਸਹਿਮਤ ਨਹੀਂ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਸੀ ਕਿ ਅਸੀਂ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਜਾ ਰਹੇ ਹਾਂ, ਜਿਸ ਬਾਰੇ ਅਸੀਂ ਬਿਲਕੁਲ ਵੀ ਤਿਆਰ ਨਹੀਂ ਸੀ।

ਸੁੱਲੂ ਬਾਹਰੋਂ ਤਾਂ ਸ਼ਾਂਤ ਦਿਖ ਰਹੀ ਸੀ ਪਰ ਮੈਨੂੰ ਪਤਾ ਹੈ ਕਿ ਉਸ ਦੇ ਦਿਮਾਗ਼ 'ਚ ਵੀ ਮੇਰੇ ਵਾਂਗ ਹਲਚਲ ਮਚੀ ਹੋਈ ਸੀ।

ਉਨ੍ਹਾਂ ਸਵਾਲਾਂ ਦੀ ਤਲਾਸ਼

ਦਿਨ ਗੁਜਰਨ ਲੱਗੇ, ਫੇਰ ਮਹੀਨੇ ਵੀ ਲੰਘ ਗਏ। ਹਰਸ਼ੂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹੁਣ ਉਹ ਮਕੈਨੀਕਲ ਇੰਜੀਨੀਅਰਿੰਗ ਵਿੱਚ ਐਮ.ਟੈੱਕ ਕਰ ਚੁੱਕਿਆ ਸੀ।

ਉਹ ਕਦੇ ਵੀ ਵਿਦੇਸ਼ ਨਹੀਂ ਜਾਣਾ ਚਾਹੁੰਦਾ ਸੀ। ਉਸ ਨੂੰ ਇੱਕ ਫੈਲੋਸ਼ਿਪ ਮਿਲ ਗਈ ਸੀ, ਉਸ ਫੈਲੋਸ਼ਿਪ ਦੇ ਕੰਮ ਲਈ ਉਸ ਨੂੰ ਚੰਦਰਪੁਰ ਜਾਣਾ ਪਿਆ ਸੀ।

ਹਾਲਾਂਕਿ, ਇਸ ਦੌਰਾਨ ਅਸੀਂ ਸਮਲਿੰਗਤਾ ਬਾਰੇ ਕਾਫੀ ਕੁਝ ਸਿੱਖਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਸਾਡੇ ਦੇਸ ਅਤੇ ਵਿਦੇਸ਼ਾਂ ਵਿੱਚ ਵੀ ਅਜਿਹੇ ਬਹੁਤ ਸਾਰੇ ਸੰਗਠਨ ਹਨ, ਜੋ ਇਸ ਮੁੱਦੇ 'ਤੇ ਕੰਮ ਕਰ ਰਹੇ ਹਨ।

Image copyright Getty Images

ਇਨ੍ਹਾਂ ਦੀਆਂ ਵੈਬਸਾਈਟਾਂ ਵੀ ਹਨ। ਇਸ ਤਰ੍ਹਾਂ ਇੰਟਰਨੈਟ 'ਤੇ ਜਾਣਕਾਰੀ ਤਲਾਸ਼ਦੇ ਹੋਏ ਸਾਨੂੰ ਬਿੰਦੂਮਾਧਵ ਖਿਰੇ ਬਾਰੇ ਪਤਾ ਲੱਗਾ।

ਉਹ 'ਸਿਮ-ਪਥਿਕ' ਨਾਮ ਦਾ ਇੱਕ ਸੰਗਠਨ ਚਲਾਉਂਦੇ ਹਨ। ਇਸ ਸੰਗਠਨ ਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਦੇ ਦਿੱਤੇ।

ਖਿਰੇ ਦਾ ਸੰਗਠਨ 'ਸਮ-ਪਥਿਕ ਸਮਲਿੰਗੀ' ਲੋਕਾਂ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਕੰਮ ਕਰਦਾ ਹੈ। ਮੈਂ ਖਿਰੇ ਨਾਲ ਫੋਨ 'ਤੇ ਗੱਲ ਕੀਤੀ।

ਮੈਨੂੰ ਹੁਣ ਅਹਿਸਾਸ ਹੋਇਆ ਕਿ ਉਹ ਆਪਣੇ ਕੰਮ ਵਿੱਚ ਕਿੰਨੇ ਮਸਰੂਫ਼ ਰਹਿੰਦੇ ਹਨ ਪਰ ਫੇਰ ਵੀ ਉਨ੍ਹਾਂ ਨੇ ਮੇਰੇ ਲਈ ਸਮਾਂ ਕੱਢਿਆ।

ਉਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਕਿੰਨਾ ਸਕੂਨ ਮਿਲਿਆ, ਇਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਉਨ੍ਹਾਂ ਦੀਆਂ ਗੱਲਾਂ 'ਚ ਜਿੱਥੇ ਸਪੱਸ਼ਟਤਾ ਸੀ, ਪਰ ਨਾਲ ਹੀ ਇਕ ਤਰ੍ਹਾਂ ਦੀ ਸੰਵੇਦਨਾ ਵੀ ਲੁਕੀ ਹੋਈ ਸੀ।

ਪਤਾ ਨਹੀਂ ਹਰਸ਼ੂ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਇੰਨਾ ਕਿਉਂ ਝਿਜਕ ਰਿਹਾ ਸੀ। ਇਹੀ ਕਾਰਨ ਸੀ ਕਿ ਪਹਿਲਾਂ ਮੈਂ ਇਕੱਲਾ ਹੀ ਉਨ੍ਹਾਂ ਨੂੰ ਮਿਲਣ ਗਿਆ।

ਉਸ ਇੱਕ ਮੁਲਾਕਾਤ ਤੋਂ ਬਾਅਦ ਅਸੀਂ ਕਈ ਵਾਰ ਮਿਲੇ। ਬਿੰਦੂਮਾਧਵ ਖਿਰੇ ਨਾਲ ਹੋਈਆਂ ਇਨ੍ਹਾਂ ਮੁਲਕਾਤਾਂ ਨੇ ਸਮਲਿੰਗਤਾ ਬਾਰੇ ਮੇਰੇ ਨਜ਼ਰੀਏ ਨੂੰ ਬਦਲ ਕੇ ਰੱਖ ਦਿੱਤਾ।

ਇਸ ਦੇ ਨਾਲ-ਨਾਲ ਅਸੀਂ ਹਰਸ਼ੂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ। ਅਸੀਂ ਅਖ਼ਬਾਰਾਂ ਅਤੇ ਮੈਗ਼ਜ਼ੀਨਾਂ ਰਾਹੀਂ ਸਮਲਿੰਗਤਾ ਬਾਰੇ ਵੱਧ ਤੋਂ ਵੱਧ ਜਾਨਣ ਦੀ ਕੋਸ਼ਿਸ਼ ਕਰ ਰਹੇ ਸੀ।

ਸਾਨੂੰ ਇਹ ਸਮਝ ਆਉਣ ਲੱਗੀ ਕਿ ਸਮਲਿੰਗਤਾ ਇੱਕ ਸਾਧਾਰਨ ਚੀਜ਼ ਹੈ। ਇਸ ਨੂੰ ਗ਼ਲਤ-ਸਹੀ ਜਾਂ ਚੰਗੇ-ਮਾੜੇ ਦੀ ਤੱਕੜੀ 'ਚ ਤੋਲਣਾ ਗ਼ਲਤ ਹੈ। ਇਹ ਕੋਈ ਬਿਮਾਰੀ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਾਨਸਿਕ ਸਮੱਸਿਆ।

Image copyright AFP
ਫੋਟੋ ਕੈਪਸ਼ਨ ਮੈਨੂੰ ਲੱਗਦਾ ਸੀ ਉਸ ਨੂੰ ਇੱਕ ਵਾਰ ਇਸ ਬਾਰੇ ਵਿਗਿਆਨਕ ਤੌਰ 'ਤੇ ਚੈੱਕ ਕਰ ਲੈਣਾ ਚਾਹੀਦਾ ਹੈ

ਅਸੀਂ ਹਰਸ਼ੂ ਨੂੰ ਕਦੇ ਕਿਸੇ ਡਾਕਟਰ ਦੇ ਕੋਲ ਲੈ ਕੇ ਨਹੀਂ ਗਏ। ਮੈਂ ਅਤੇ ਹਰਸ਼ੂ ਦੋਵੇਂ ਹੀ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਹਾਂ, ਤਾਂ ਸਮਲਿੰਗਤਾ ਦੇ ਮਾਮਲੇ 'ਚ ਕਿਸੇ ਤਰ੍ਹਾਂ ਦੇ ਧਾਰਮਿਕ ਕਰਮ-ਕਾਂਡਾਂ ਦੇ ਚੱਕਰ 'ਚ ਤਾਂ ਪਏ ਹੀ ਨਹੀਂ।

ਅਸੀਂ ਕਦੇ ਇਹ ਸੋਚਿਆ ਵੀ ਨਹੀਂ ਕਿ ਇਹ ਸਭ ਸਾਡੇ ਪਹਿਲੇ ਕੀਤੇ ਹੋਏ ਪਾਪਾਂ ਦਾ ਨਤੀਜਾ ਹੈ। ਪਰ, ਸਾਨੂੰ ਹਰਸ਼ੂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜ਼ਰੂਰੀ ਹੁੰਦੀ ਸੀ।

ਮੈਨੂੰ ਲੱਗਦਾ ਸੀ ਕਿ ਜੇਕਰ ਕੋਈ ਖ਼ੁਦ ਨੂੰ ਸਮਲਿੰਗੀ ਮੰਨ ਰਿਹਾ ਹੈ ਤਾਂ ਉਸ ਨੂੰ ਇੱਕ ਵਾਰ ਇਸ ਬਾਰੇ ਵਿਗਿਆਨਕ ਤੌਰ 'ਤੇ ਚੈੱਕ ਕਰ ਲੈਣਾ ਚਾਹੀਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੈਨੂੰ ਕੋਈ ਪਰਵਾਹ ਨਹੀਂ, ਭਾਵੇਂ ਲੋਕ ਮੈਨੂੰ ‘ਖੁਸਰਾ’ ਸਮਝਣ

ਇਸ ਬਾਰੇ ਮੈਂ ਇੱਕ ਵਾਰ ਹਰਸ਼ੂ ਨਾਲ ਗੱਲ ਵੀ ਕੀਤੀ ਪਰ ਉਸ ਨੇ ਮੇਰੇ ਵੱਲ ਕੌੜੀਆਂ ਅੱਖਾਂ ਨਾਲ ਦੇਖਿਆ ਅਤੇ ਕਿਹਾ, "ਬਾਬਾ, ਆਖ਼ਿਰ ਕੋਈ ਦੂਜਾ ਸਾਡੇ ਬਾਰੇ ਇਹ ਸਭ ਕਿਵੇਂ ਪਤਾ ਕਰੇਗਾ? ਕੀ ਤੁਹਾਨੂੰ ਕਿਸੇ ਨੂੰ ਪੁੱਛਣਾ ਪਿਆ ਸੀ ਕਿ ਤੁਸੀਂ ਹੈਟਰੋਸੈਕਸੂਅਲ ਹੋ?"

ਉਸ ਦੇ ਇਨ੍ਹਾਂ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਹਰਸ਼ੂ ਦਾ ਵਿਆਹ

ਮੇਰੇ ਸਾਹਮਣੇ ਜੋ ਸਵਾਲ ਵਾਰ-ਵਾਰ ਉਠ ਰਹੇ ਸਨ ਉਹ ਸਿਰਫ਼ ਵਿਗਿਆਨਕ ਆਧਾਰ 'ਤੇ ਨਹੀਂ ਸੀ ਬਲਕਿ ਸਮਾਜਕ ਅਤੇ ਨੈਤਿਕਤਾ ਦੇ ਪੈਮਾਨਿਆਂ 'ਤੇ ਵੀ ਉੱਠਦੇ ਸਨ।

ਹਰਸ਼ੂ ਦੇ ਵਿਆਹ ਦੀ ਉਮਰ ਹੋ ਰਹੀ ਸੀ। ਲੋਕਾਂ ਦੀ ਨਜ਼ਰ 'ਚ ਉਹ ਵਿਆਹ ਬਹੁਤ ਚੰਗਾ ਮੁੰਡਾ ਸੀ। ਮੇਰੇ ਨਾਲ ਦੇ ਲੋਕਾਂ ਦੇ ਬੱਚਿਆਂ ਦੇ ਵਿਆਹ ਹੋ ਰਹੇ ਸਨ।

Image copyright AFP
ਫੋਟੋ ਕੈਪਸ਼ਨ ਅਕਸਰ ਹਰਸ਼ੂ ਦੇ ਵਿਆਹ ਦਾ ਸਵਾਲ ਵੀ ਸਾਡੇ ਮਨ ਵਿੱਚ ਆਉਂਦਾ।

ਅਕਸਰ ਹਰਸ਼ੂ ਦੇ ਵਿਆਹ ਦਾ ਸਵਾਲ ਵੀ ਸਾਡੇ ਮਨ ਵਿੱਚ ਆਉਂਦਾ। ਲੋਕ ਪੁੱਛਦੇ, "ਕੀ ਤੁਸੀਂ ਹਰਸ਼ੂ ਦੇ ਵਿਆਹ ਬਾਰੇ ਨਹੀਂ ਸੋਚ ਰਹੇ?"

ਅਸੀਂ ਮੁਸਕਰਾ ਕੇ ਬਸ ਇੰਨਾ ਕਹਿ ਦਿੰਦੇ ਕਿ ਇਹ ਸਵਾਲ ਤੁਸੀਂ ਆਪ ਹੀ ਹਰਸ਼ੂ ਨੂੰ ਪੁੱਛ ਲਓ, ਕਿਉਂਕਿ ਫ਼ੈਸਲਾ ਤਾਂ ਉਸ ਨੂੰ ਹੀ ਲੈਣਾ ਹੈ।

ਜਦੋਂ ਲੋਕ ਹਰਸ਼ੂ ਕੋਲੋਂ ਇਹ ਸਵਾਲ ਪੁੱਛਦੇ ਤਾਂ ਉਹ ਕਹਿੰਦਾ, "ਇਸ ਵਿੱਚ ਇੰਨੀ ਕਾਹਲੀ ਦੀ ਕੀ ਲੋੜ? ਮੈਂ ਖੁਸ਼ੀ-ਖੁਸ਼ੀ ਜੀ ਰਿਹਾ ਹਾਂ, ਕੀ ਤੁਸੀਂ ਮੈਨੂੰ ਇੰਝ ਖੁਸ਼ ਨਹੀਂ ਦੇਖਣਾ ਚਾਹੁੰਦੇ?"

ਹਾਲਾਂਕਿ, ਮੈਂ ਇਹ ਗੱਲ ਸਵੀਕਾਰ ਕਰਦਾ ਹਾਂ ਕਿ ਹਰਸ਼ੂ ਦਾ ਵਿਆਹ ਦੇ ਸਵਾਲ ਮੈਨੂੰ ਜ਼ਰੂਰ ਪ੍ਰੇਸ਼ਾਨ ਕਰ ਦਿੱਤਾ ਸੀ। ਮੈਂ ਇਹ ਮੰਨ ਲਿਆ ਸੀ ਕਿ ਮੈਂ ਆਪਣੇ ਪੁੱਤਰ ਦੇ ਵਿਆਹ ਦੇ ਢੋਲ ਕਦੇ ਨਹੀਂ ਸੁਣ ਸਕਾਂਗਾ।

ਵਿਆਹ ਨਾਲ ਜੁੜਿਆ ਇੱਕ ਮੁਹਾਵਰਾ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ, "ਵਿਆਹ ਲੱਡੂ ਜੋ ਖਾਵੇ ਉਹ ਪਛਤਾਵੇ, ਜੋ ਨਾ ਖਾਵੇ ਉਹ ਵੀ ਪਛਤਾਵੇ।"

ਤਾਂ ਇਸ ਲਈ ਹਰਸ਼ੂ ਦੇ ਵਿਆਹ ਦੇ ਸਵਾਲ ਨੂੰ ਇੱਥੇ ਹੀ ਛੱਡ ਦਿੰਦੇ ਹਾਂ।

ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਕੁਝ ਸੰਭਾਵਨਾਵਾਂ ਦੇ ਦਰਵਾਜ਼ੇ ਜ਼ਰੂਰ ਖੋਲ੍ਹੇ ਹਨ। ਹਰਸ਼ੂ ਲਈ ਕੀ ਸਹੀ ਹੋਵੇਗਾ, ਇਸ ਦਾ ਫ਼ੈਸਲਾ ਤਾਂ ਖ਼ੁਦ ਉਸ ਨੇ ਹੀ ਕਰਨਾ ਹੈ। ਇੱਕ ਪਿਤਾ ਹੋਣ ਦੇ ਨਾਤੇ ਮੈਂ ਸਿਰਫ਼ ਉਸ ਨੂੰ ਖ਼ੁਸ਼ ਦੇਖਣਾ ਚਾਹੁੰਦਾ ਹਾਂ।

Image copyright Getty Images

ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ, ਉਹ ਇਹ ਹੈ ਕਿ ਸੋਚ ਬੇਹੱਦ ਘਾਤਕ ਹੈ ਕਿ ਇਹ ਮਾਮਲਾ ਇਸ ਗੱਲ ਨਾਲ ਖ਼ਤਮ ਹੋ ਜਾਵੇਗਾ ਕਿ ਇੱਕ ਸਮਲਿੰਗੀ ਇਨਸਾਨ ਕਿਸੇ ਹੈਟਰੋਸੈਕਸੂਅਲ ਨਾਲ ਵਿਆਹ ਕਰ ਲਵੇ।

ਉਹ ਉਨ੍ਹਾਂ ਦੋਵਾਂ ਬੇਹੱਦ ਬੁਰਾ ਹੋਵੇਗਾ। ਇਸ ਦੇ ਬਹੁਤ ਸਾਰੇ ਉਦਾਹਰਣ ਹਨ, ਖ਼ੁਸ਼ਕਿਸਮਤੀ ਨਾਲ ਸਾਨੂੰ ਆਪਣੇ ਪੁੱਤਰ ਨਾਲ ਅਜਿਹਾ ਨਹੀਂ ਕੀਤਾ।

ਤਜ਼ਰਬੇ ਸਾਂਝੇ ਕਰਨ ਲੋੜ

ਮੈਂ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ। ਇੱਕ-ਦੂਜੇ ਦੇ ਤਜ਼ਰਬੇ ਸਾਂਝੇ ਕਰਨਾ ਬੇਹੱਦ ਲਾਭਦਾਇਕ ਹੁੰਦਾ ਹੈ। ਇਸ ਸਫ਼ਰ 'ਚ ਮੈਨੂੰ ਅਜਿਹੇ ਹੀ ਤਜ਼ਰਬੇ ਵਾਲੇ ਮਾਪਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ।

ਹਰਸ਼ੂ ਦੇ ਇੱਕ ਗੇਅ ਦੋਸਤ ਦੇ ਮਾਤਾ-ਪਿਤਾ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਸੀ। ਉਦੋਂ ਹਰਸ਼ੂ ਨੇ ਮੇਰੀ ਅਤੇ ਸੁੱਲੂ ਦੀ ਆਪਣੇ ਦੋਸਤ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰਵਾਈ।

ਸਾਡੇ ਵਿਚਕਾਰ ਗੱਲਬਾਤ ਹੋਈ ਅਤੇ ਦੋਸਤ ਦੀ ਮਾਂ ਨੇ ਸਾਨੂੰ ਕਿਹਾ, "ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਬਹੁਤ ਰਾਹਤ ਮਹਿਸੂਸ ਹੋ ਰਹੀ ਹੈ।"

ਬਿੰਦੂਮਾਧਵ ਖਿਰੇ ਕਾਰਨ ਸਾਨੂੰ ਇੱਕ ਸਮਲਿੰਗੀ ਕੁੜੀ ਅਤੇ ਉਨ੍ਹਾਂ ਦੀ ਮਾਂ ਨਾਲ ਮਿਲਣ ਅਤੇ ਗੱਲ ਕਰਨ ਦਾ ਮੌਕਾ ਮਿਲਿਆ।

Image copyright AFP/GETTY IMAGES
ਫੋਟੋ ਕੈਪਸ਼ਨ ਬਿੰਦੂਮਾਧਵ ਖਿਰੇ ਕਾਰਨ ਸਾਨੂੰ ਇੱਕ ਸਮਲਿੰਗੀ ਕੁੜੀ ਅਤੇ ਉਨ੍ਹਾਂ ਦੀ ਮਾਂ ਨਾਲ ਮਿਲਣ ਅਤੇ ਗੱਲ ਕਰਨ ਦਾ ਮੌਕਾ ਮਿਲਿਆ

ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਸ ਮੁਲਾਕਾਤ ਨੇ ਮੈਨੂੰ ਬਿਲਕੁਲ ਹੀ ਵੱਖਰਾ ਨਜ਼ਰੀਆ ਦਿੱਤਾ। ਕਿਤਾਬਾਂ 'ਚ ਪੜ੍ਹੀ ਹੋਈ ਕਿਸੇ ਗੱਲ ਦੇ ਮੁਕਾਬਲੇ ਤੁਹਾਨੂੰ ਆਪਣੀਆਂ ਅੱਖਾਂ ਨਾਲ ਦੇਖੀ ਕਿਸੇ ਗੱਲ 'ਤੇ ਵਧੇਰੇ ਅਸਰ ਹੁੰਦਾ ਹੈ।

ਬਿੰਦੂਮਾਧਵ ਖਿਰੇ ਅਤੇ ਉਨ੍ਹਾਂ ਦੀ ਸੰਸਥਾ 'ਸਮ-ਪਥਿਕ' ਨੇ ਮੁਸ਼ਕਲ ਹਾਲਾਤ 'ਚੋਂ ਨਿਕਲਣ ਲਈ ਸਾਡੇ ਵਰਗੇ ਮਾਪਿਆਂ ਅਤੇ ਸਮਲਿੰਗੀ ਪੁਰਸ਼ ਤੇ ਔਰਤਾਂ ਨੂੰ ਬਹੁਤ ਮਦਦ ਕੀਤੀ ਹੈ।

ਅਸੀਂ ਦੋਵਾਂ ਨੇ ਵੀ 'ਸਮ-ਪਥਿਕ' ਵੱਲੋਂ ਕੀਤੇ ਜਾਣ ਵਾਲੇ ਗੇਅ ਪ੍ਰਾਈਡ ਵਾਕ ਅਤੇ ਤਜ਼ਰਬੇ ਸਾਂਝਾ ਕਰਨ ਵਾਲੇ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ।

ਇੱਕ ਵਾਰ ਬਿੰਦੂਮਾਧਵ ਖਿਰੇ ਨੇ ਮੈਨੂੰ ਸਲਾਹ ਦਿੱਤੀ ਕਿ ਮੈਨੂੰ ਇੱਕ ਪ੍ਰੋਗਰਾਮ ਕਰਕੇ ਸਮਲਿੰਗਤਾ ਨੂੰ ਸਮਝਣ ਦੌਰਾਨ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਚਾਹੀਦਾ ਹੈ।

ਉਨ੍ਹਾਂ ਦੀ ਇਸ ਸਲਾਹ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਇੱਕ ਘੰਟੇ ਦਾ ਪ੍ਰੋਗਰਾਮ ਕੀਤਾ 'ਮਨੋਗਤ' ਯਾਨਿ ਮੇਰੇ ਵਿਚਾਰ। ਉਨ੍ਹਾਂ ਦੀ ਸਲਾਹ 'ਤੇ ਮੈਂ ਆਪਣੇ ਤਜ਼ਰਬੇ ਨੂੰ ਕਾਗ਼ਜ਼ 'ਤੇ ਵੀ ਉਤਾਰਿਆ ਅਤੇ ਬਿੰਦੂਮਾਧਵ ਖਿਰੇ ਨੇ ਮੇਰੀ ਉਸ ਕਿਤਾਬ 'ਮਨਾਚਿਏ ਗੁੰਤੀ' (ਮਨ ਦੀ ਉਲਝਣ' ਦੀ ਸੰਪਾਦਨ ਕੀਤਾ।

ਦੋਸਤੋ, ਮੈਂ ਇੱਕ ਸਮਲਿੰਗੀ ਮੁੰਡੇ ਦਾ ਪਿਤਾ ਹਾਂ। ਮੈਨੂੰ ਅਜਿਹਾ ਕਹਿੰਦੇ ਹੋਏ ਨਾ ਤਾਂ ਸ਼ਰਮ ਆਉਂਦੀ ਹੈ ਅਤੇ ਨਾ ਹੀ ਦੁਖ ਹੁੰਦਾ ਹੈ।

Image copyright Getty Images
ਫੋਟੋ ਕੈਪਸ਼ਨ ਅਸੀਂ ਅਤੇ ਸਾਡੇ ਪਰਿਵਾਰ ਨੇ ਹਰਸ਼ੂ ਦੇ ਸਮਲਿੰਗੀ ਹੋਣ ਦੀ ਗੱਲ ਸਵੀਕਾਰ ਕਰ ਲਿਆ ਹੈ।

ਇਸ ਦੇ ਨਾਲ ਹੀ ਮੈਂ ਅਜਿਹਾ ਕਹਿੰਦੇ ਹੋਏ ਕਿਸੇ ਮਾਣ ਮਹਿਸੂਸ ਕਰਨ ਦੀ ਵੀ ਇੱਛਾ ਨਹੀਂ ਰੱਖਦਾ। ਇਹ ਗੱਲ ਮੈਂ ਉੱਨੇ ਹੀ ਸਾਧਰਨ ਢੰਗ ਨਾਲ ਕਹਿ ਰਿਹਾ ਹਾਂ, ਜਿਵੇਂ ਮੈਂ ਕਹਾਂਗਾ ਕਿ 'ਉਸ ਕੋਲ ਐਨਕ' ਹੈ।

ਮੇਰਾ ਪੁੱਤਰ ਬਹੁਤ ਚੰਗਾ ਹੈ। ਮੈਂ ਅਤੇ ਉਸ ਦੀ ਮਾਂ ਦੋਵੇਂ ਉਸ ਨਾਲ ਬਹੁਤ ਪਿਆਰ ਕਰਦੇ ਹਾਂ। ਇਸ ਦੇ ਸਮਲਿੰਗੀ ਹੋਣ ਨਾਲ ਸਾਡੇ ਪਿਆਰ 'ਤੇ ਕੋਈ ਅਸਰ ਨਹੀਂ ਪੈਂਦਾ।

ਅਸੀਂ ਅਤੇ ਸਾਡੇ ਪਰਿਵਾਰ ਨੇ ਹਰਸ਼ੂ ਦੇ ਸਮਲਿੰਗੀ ਹੋਣ ਦੀ ਗੱਲ ਸਵੀਕਾਰ ਕਰ ਲਈ ਹੈ।

ਇਹ ਵੀ ਪੜ੍ਹੋ:

ਮੇਰੇ ਪਿਤਾ ਜੀ (ਜੋ ਕਾਫ਼ੀ ਬਜ਼ੁਰਗ ਹੋ ਗਏ ਹਨ), ਭੈਣ-ਭਰਾ, ਉਨ੍ਹਾਂ ਦੇ ਬੱਚੇ ਅਤੇ ਮੇਰੇ ਦੋਸਤਾਂ ਨੇ ਸਾਨੂੰ ਕਾਫ਼ੀ ਮਜ਼ਬੂਤੀ ਦਿੱਤੀ।

ਸੁਪਰੀਮ ਕੋਰਟ ਨੇ ਹੁਣ ਧਾਰਾ 377 ਨੂੰ ਲੈ ਕੇ ਫ਼ੈਸਲਾ ਸੁਣਾਇਆ ਹੈ। ਸਾਡੇ ਪਰਿਵਾਰ ਦੇ ਸਾਰੇ ਲੋਕ ਇਸ ਨਾਲ ਬੇਹੱਦ ਖੁਸ਼ ਹਨ। ਅਸੀਂ ਸਿਰਫ਼ ਆਪਣੇ ਪੁੱਤਰ ਲਈ ਹੀ ਨਹੀਂ ਬਲਕਿ ਦੂਜੇ ਮੁੰਡੇ-ਕੁੜੀਆਂ ਲਈ ਵੀ ਬਹੁਤ ਖੁਸ਼ ਹਾਂ।

ਸ਼ੇਕਸਪੀਅਰ ਕਹਿੰਦੇ ਹਨ, 'ਸਾਡੀ ਦਰਸ਼ਨ ਸ਼ਾਸਤਰ ਦੀ ਕਲਪਨਾ ਦੇ ਮੁਕਾਬਲੇ, ਹੋਰਾਸ਼ਿਓ, ਸਵਰਗ ਅਤੇ ਧਰਤੀ 'ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ।'

(ਇਸ ਲੇਖ ਦੇ ਲੇਖਕ ਅਤੇ ਉਨ੍ਹਾਂ ਦੇ ਪੁੱਤਰ ਆਪਣਾ ਨਾਮ ਜਨਤ ਕਰਨ ਲਈ ਕੋਈ ਇਤਰਾਜ਼ ਨਹੀਂ ਸੀ ਫੇਰ ਵੀ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਬੇਨਤੀ 'ਤੇ ਉਨ੍ਹਾਂ ਨੇ ਨਾਮ ਨਾ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਲਿਆ। ਇਸ ਲਈ ਲੇਖ 'ਚ ਬਦਲਿਆ ਹੋਇਆ ਨਾਮ ਦਿੱਤਾ ਗਿਆ ਹੈ।)

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)