'ਮੋਹਨ ਭਾਗਵਤ ਦੇ ਹਿੰਦੂ ਸ਼ੇਰ ਨੂੰ ਕਿਨ੍ਹਾਂ ਜੰਗਲੀ ਕੁੱਤਿਆਂ ਤੋਂ ਖ਼ਤਰਾ ਹੈ'- ਨਜ਼ਰੀਆ

ਮੋਹਨ ਭਾਗਵਤ Image copyright TWITTER/WHCongress
ਫੋਟੋ ਕੈਪਸ਼ਨ ਮੋਹਨ ਭਾਗਵਤ ਵੱਲੋਂ ਅੰਗਰੇਜ਼ੀ 'ਚ ਦਿੱਤੇ ਗਏ 41 ਮਿੰਟ ਦੇ ਭਾਸ਼ਣ ਨੂੰ ਸੁਣੋਗੇ ਤਾਂ ਤੁਹਾਨੂੰ ਸਮਝ ਆਵੇਗਾ ਕਿ ਉਨ੍ਹਾਂ ਨੇ ਵਿਵੇਕਾਨੰਦ ਤੋਂ ਕੋਈ ਪ੍ਰੇਰਨਾ ਨਹੀਂ ਲਈ

11 ਸਤੰਬਰ 1893 ਨੂੰ ਸ਼ਿਕਾਗੋ ਵਿੱਚ ਹੋਈ ਵਿਸ਼ਵ ਧਰਮ ਸੰਸਦ 'ਚ ਵਿਵੇਕਾਨੰਦ ਵੱਲੋਂ ਦਿੱਤੇ ਗਏ ਭਾਸ਼ਣ ਦੀ ਯਾਦ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਵੀ ਸ਼ਿਕਾਗੋ ਵਿੱਚ ਹੀ 8 ਸਤੰਬਰ 2018 ਨੂੰ ਇੱਕ ਭਾਸ਼ਣ ਦਿੱਤਾ ਹੈ।

11 ਸਤੰਬਰ ਦੀ ਥਾਂ 8 ਸਤੰਬਰ ਇਸ ਲਈ ਕਿਉਂਕਿ ਜੇਕਰ ਵੀਕਐਂਡ ਨਾ ਹੋਵੇ ਤਾਂ ਲੋਕੀਂ ਆਪਣਾ ਕੰਮ ਛੱਡ ਕੇ ਅਮਰੀਕਾ 'ਚ ਭਾਸ਼ਣ ਸੁਣਨ ਨਹੀਂ ਪਹੁੰਚਦੇ।

ਵਿਸ਼ਵ ਧਰਮ ਸੰਸਦ ਦੀ ਥਾਂ ਵਿਸ਼ਵ ਹਿੰਦੂ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜੇਕਰ ਤੁਸੀਂ ਮੋਹਨ ਭਾਗਵਤ ਵੱਲੋਂ ਅੰਗਰੇਜ਼ੀ ਵਿੱਚ ਦਿੱਤੇ ਗਏ 41 ਮਿੰਟ ਦੇ ਭਾਸ਼ਣ ਨੂੰ ਸੁਣੋਗੇ ਤਾਂ ਤੁਹਾਨੂੰ ਸਮਝ ਆਵੇਗਾ ਕਿ ਉਨ੍ਹਾਂ ਨੇ ਵਿਵੇਕਾਨੰਦ ਤੋਂ ਕੋਈ ਪ੍ਰੇਰਨਾ ਨਹੀਂ ਲਈ।

ਪੂਰੇ ਭਾਸ਼ਣ ਦੌਰਾਨ ਅਮਰੀਕੀ ਝੰਡਾ ਪਿੱਛੇ ਲਹਿਰਾ ਰਿਹਾ ਸੀ, ਉੱਥੇ ਨਾ ਹੀ ਕੋਈ ਭਗਵਾ ਝੰਡਾ ਸੀ ਅਤੇ ਨਾ ਹੀ ਭਾਰਤ ਦਾ ਤਿਰੰਗਾ ਸੀ।

ਹਾਲਾਂਕਿ ਉਨ੍ਹਾਂ ਨੇ ਅਜਿਹੀਆਂ ਕਈ ਗੱਲਾਂ ਆਖੀਆਂ ਜਿਨ੍ਹਾਂ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਕੋਈ ਆਮ ਇਨਸਾਨ ਨਹੀਂ ਹਨ, ਦੁਨੀਆਂ ਦੀ ਸਭ ਤੋਂ ਵੱਡੀ ਐਨਜੀਓ ਦੇ ਮੁਖੀ ਹਨ, ਜਿਸ ਨੂੰ ਭਾਰਤ ਦੀ ਮੌਜੂਦਾ ਸਰਕਾਰ ਆਪਣੀ 'ਪ੍ਰਗਤੀ ਰਿਪੋਰਟ' ਪੇਸ਼ ਕਰਦੀ ਹੈ ਕਿਉਂਕਿ ਰਾਸ਼ਟਰੀ ਸਵੈਮ ਸੇਵਕ ਸੰਘ ਭਾਜਪਾ ਦੀ 'ਮਾਂ ਸੰਸਥਾ' ਹੈ।

ਇਹ ਵੀ ਪੜ੍ਹੋ:

'ਭਾਰਤ ਗਿਆਨੀ ਰਿਹਾ ਹੈ ਫੇਰ ਕਿਉਂ ਆਈਆਂ ਮੁਸੀਬਤਾਂ'

ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਵਿੱਚ ਹਮੇਸ਼ਾ ਪੂਰੀ ਦੁਨੀਆਂ ਦਾ ਗਿਆਨ ਰਿਹਾ ਹੈ, ਭਾਰਤ ਦੇ ਆਮ ਲੋਕ ਵੀ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ।

Image copyright RSS
ਫੋਟੋ ਕੈਪਸ਼ਨ ਪੂਰੇ ਭਾਸ਼ਣ ਦੌਰਾਨ ਅਮਰੀਕੀ ਝੰਡਾ ਪਿੱਠਭੂਮੀ ਵਿੱਚ ਸੀ, ਉੱਥੇ ਨਾ ਹੀ ਕੋਈ ਭਗਵਾ ਝੰਡਾ ਸੀ ਅਤੇ ਨਾ ਹੀ ਤਿਰੰਗਾ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦਿਲਚਸਪ ਸਵਾਲ ਪੁੱਛਿਆ, "ਫੇਰ ਕੀ ਗ਼ਲਤ ਹੋ ਗਿਆ, ਅਸੀਂ ਹਜ਼ਾਰਾਂ ਸਾਲ ਤੋਂ ਮੁਸੀਬਤਾਂ ਕਿਉਂ ਹੰਢਾ ਰਹੇ ਹਾਂ?" ਇਸ ਦਾ ਜਵਾਬ ਉਨ੍ਹਾਂ ਦਿੱਤਾ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ 'ਅਸੀਂ ਆਪਣੇ ਅਧਿਆਤਮਿਕ ਗਿਆਨ ਮੁਤਾਬਕ ਜੀਣਾ ਛੱਡ ਦਿੱਤਾ ਹੈ।'

ਗੌਰਤਲਬ ਹੈ ਕਿ ਉਨ੍ਹਾਂ ਨੇ ਹਜ਼ਾਰਾਂ ਸਾਲਾਂ ਦੀਆਂ ਮੁਸੀਬਤਾਂ ਕਿਉਂ ਕਿਹਾ? ਸੰਘ ਦਾ ਮੰਨਣਾ ਹੈ ਕਿ ਭਾਰਤ ਦੇ ਮਾੜੇ ਦਿਨ ਅੰਗਰੇਜ਼ੀ ਸ਼ਾਸਨ ਤੋਂ ਨਹੀਂ ਸਗੋਂ ਮੁਸਲਮਾਨਾਂ ਦੇ ਹਮਲਿਆਂ ਤੋਂ ਸ਼ੁਰੂ ਹੋਏ, ਉਹ ਮੁਗ਼ਲ ਕਾਲ ਨੂੰ ਵੀ ਮੁਸੀਬਤਾਂ ਦਾ ਦੌਰ ਮੰਨਦੇ ਹਨ।

ਦਰਅਸਲ, ਅਜਿਹਾ ਕੋਈ ਮੌਕਾ ਯਾਦ ਨਹੀਂ ਆਉਂਦਾ ਜਦ ਆਰਐਸਐਸ ਨੇ ਅੰਗਰੇਜ਼ੀ ਰਾਜ ਦੀ ਆਲੋਚਨਾ ਕੀਤੀ ਹੋਵੇ, ਨਾ ਹੀ ਅਤੀਤ ਵਿੱਚ ਅਤੇ ਨਾ ਹੀ ਮੌਜੂਦਾ ਸਮੇਂ ਵਿੱਚ। ਆਲੋਚਨਾ ਦੇ ਮਾਮਲੇ ਵਿੱਚ ਮੁਗ਼ਲ ਉਨ੍ਹਾਂ ਦੇ ਪਸੰਦੀਦਾ ਰਹੇ ਹਨ।

ਇਸ ਤੋਂ ਬਾਅਦ ਮੋਹਨ ਭਾਗਵਤ ਨੇ ਇੱਕ ਹੋਰ ਦਿਲਚਸਪ ਗੱਲ ਕਹੀ, "ਅੱਜ ਦੇ ਸਮੇਂ ਵਿੱਚ ਹਿੰਦੂ ਸਮਾਜ ਦੁਨੀਆਂ ਦਾ ਇੱਕ ਅਜਿਹਾ ਸਮਾਜ ਹੈ ਜਿਸ ਵਿੱਚ ਹਰ ਖੇਤਰ ਦੇ ਮਹਾਨ ਲੋਕ ਸਭ ਤੋਂ ਵੱਧ ਗਿਣਤੀ ਵਿੱਚ ਮੌਜੂਦ ਹਨ।" ਪਤਾ ਨਹੀਂ ਉਨ੍ਹਾਂ ਨੇ ਇਹ ਸਿੱਟਾ ਕਿਸ ਆਧਾਰ 'ਤੇ ਕੱਢਿਆ ਕਿ ਹਿੰਦੂ, ਆਪਣੇ ਹਿੰਦੂ ਹੋਣ ਕਾਰਨ ਯਹੂਦੀਆਂ, ਈਸਾਈਆਂ ਜਾਂ ਮੁਸਲਮਾਨਾਂ ਨਾਲੋਂ ਵਧੇਰੇ ਪ੍ਰਤਿਭਾਸ਼ਾਲੀ ਹਨ?

Image copyright TWITTER/WHCongress
ਫੋਟੋ ਕੈਪਸ਼ਨ ਭਾਗਵਤ ਮੁਤਾਬਕ, "ਜੰਗਲ ਦਾ ਰਾਜਾ ਰਾਇਲ ਬੰਗਾਲ ਟਾਈਗਰ ਵੀ ਜੇਕਰ ਇਕੱਲਾ ਹੋਵੇ ਤਾਂ ਜੰਗਲੀ ਕੁੱਤੇ ਉਸ ਨੂੰ ਘੇਰ ਕੇ ਹਮਲਾ ਕਰ ਮਾਰ ਸਕਦੇ ਹਨ।"

ਇਹ ਹਿੰਦੂ ਮਾਣ ਨੂੰ ਜਗਾਉਣ ਦੀ ਇੱਕ ਕੋਸ਼ਿਸ਼ ਸੀ, ਇਸ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਕਿਹਾ ਕਿ ਹਿੰਦੂ ਇਕੱਠੇ ਹੋ ਕੇ ਕੰਮ ਨਹੀਂ ਕਰਦੇ ਅਤੇ ਇਹ ਉਨ੍ਹਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ। ਉਨ੍ਹਾਂ ਨੇ ਇੱਕ ਕਿੱਸਾ ਵੀ ਸੁਣਾਇਆ ਕਿ ਇਕੱਠੇ ਹੋਣ ਦੀ ਗੱਲ 'ਤੇ ਹਿੰਦੂ ਆਖਦੇ ਹਨ ਕਿ "ਸ਼ੇਰ ਕਦੇ ਝੁੰਡ ਵਿੱਚ ਨਹੀਂ ਤੁਰਦੇ।"

ਭਾਗਵਤ ਨੇ ਕਿਹਾ ਕਿ, "ਜੰਗਲ ਦਾ ਰਾਜਾ ਰਾਇਲ ਬੰਗਾਲ ਟਾਈਗਰ ਵੀ ਜੇਕਰ ਇਕੱਲਾ ਹੋਵੇ ਤਾਂ ਜੰਗਲੀ ਕੁੱਤੇ ਉਸ ਨੂੰ ਘੇਰ ਕੇ ਹਮਲਾ ਕਰਕੇ ਮਾਰ ਸਕਦੇ ਹਨ।"

ਉਨ੍ਹਾਂ ਦੇ ਅਜਿਹਾ ਕਹਿੰਦੇ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਿਆ, ਉਨ੍ਹਾਂ ਨੂੰ ਕਹਿਣ-ਦੱਸਣ ਦੀ ਲੋੜ ਨਹੀਂ ਪਈ ਕਿ ਆਖਿਰ ਉਹ ਜੰਗਲੀ ਕੁੱਤਾ ਆਖ ਕਿਸ ਨੂੰ ਰਹੇ ਹਨ। ਇਹ ਉਹੀ ਕੁੱਤੇ ਹਨ ਜਿਨ੍ਹਾਂ ਦੇ ਬੱਚੇ ਗੱਡੀ ਹੇਠਾਂ ਆ ਜਾਣ ਤਾਂ ਮੋਦੀ ਜੀ ਨੂੰ ਦੁਖ ਹੁੰਦਾ ਹੈ।

"ਆਪਣੇ ਹਿੰਦੂ ਹੋਣ 'ਤੇ ਮਾਣ ਕਰਨਾ ਚਾਹੀਦਾ ਹੈ", "ਹਿੰਦੂ ਖਤਰੇ ਵਿੱਚ ਹਨ" ਅਤੇ "ਹਿੰਦੂਆਂ ਨੂੰ ਇੱਕਮੁੱਠ ਹੋਣਾ ਚਾਹੀਦਾ ਹੈ".. ਇਹ ਸਭ ਸੰਘ ਦਾ ਸਥਾਈ ਭਾਵ ਹੈ।

ਇਹ ਵੀ ਪੜ੍ਹੋ:

ਹਿੰਦੂਆਂ ਨੂੰ ਕਿਸ ਤੋਂ ਖਤਰਾ ਹੈ? ਹਿੰਦੂਆਂ ਨੂੰ ਕਿਸ ਟੀਚੇ ਲਈ ਇੱਕਮੁੱਠ ਹੋਣਾ ਚਾਹੀਦਾ ਹੈ, ਕਿਸ ਦੇ ਵਿਰੋਧ ਵਿੱਚ ਇਕੱਠੇ ਹੋਣ ਦੀ ਲੋੜ ਹੈ। ਇਨ੍ਹਾਂ ਸਵਾਲਾਂ ਦੇ ਉੱਤਰ ਸੰਕੇਤਾਂ ਰਾਹੀਂ ਸਮਝਾਉਂਦੇ ਹੋਏ, ਸਿਰਫ਼ ਚੋਣਾਂ ਵਰਗੇ ਮੁਸ਼ਕਿਲ ਹਾਲਾਤ ਵਿੱਚ ਹੀ ਮੰਚ ਤੋਂ ਕਬਰਿਸਤਾਨ-ਸ਼ਮਸ਼ਾਨ ਕਹਿਣਾ ਪੈਂਦਾ ਹੈ।

ਸਰਕਾਰ ਤੁਹਾਡੀ, ਤੁਸੀਂ ਸ਼ੇਰ ਹੋ, ਪੁਲਿਸ ਅਤੇ ਪ੍ਰਸ਼ਾਸਨ ਵੀ ਤੁਹਾਡਾ ਹੈ, ਡਰ ਵੀ ਤੁਹਾਨੂੰ ਹੀ ਲੱਗ ਰਿਹਾ ਹੈ। ਅਦਾਕਾਰ ਆਮਿਰ ਖ਼ਾਨ ਦੀ ਪਤਨੀ ਕਿਰਨ ਰਾਓ ਨੂੰ ਡਰ ਲਗਦਾ ਹੈ ਤਾਂ ਉਹ ਗ਼ਲਤ ਹਨ, ਤੁਹਾਡਾ ਡਰ ਸੱਚਾ ਹੈ। ਕੀ ਕਮਾਲ ਦਾ ਡਰ ਹੈ।

'ਹਿੰਦੂ ਸਾਮਰਾਜ' ਦਾ ਵਿਸਥਾਰ

ਮੋਹਨ ਭਾਗਵਤ ਨੇ ਕਿਹਾ ਕਿ ਸਾਰੇ ਹਿੰਦੂ ਦੁਨੀਆਂ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ ਅਤੇ ਇਹ ਕੰਮ ਉਹ ਇਮਾਨਦਾਰੀ ਨਾਲ ਕਰਨਾ ਚਾਹੁੰਦੇ ਹਨ।

Image copyright Getty Images
ਫੋਟੋ ਕੈਪਸ਼ਨ ਹਿੰਦੂ ਸਾਮਰਾਜ ਦੱਸ ਕੇ ਉਹ ਭਾਰਤ ਨੂੰ ਇੱਕ ਗੌਰਵਸ਼ਾਲੀ ਹਿੰਦੂ ਰਾਸ਼ਟਰ ਬਣਾਉਣ ਲਈ ਜੀਵੰਤ ਵਾਤਾਵਰਣ ਤਿਆਰ ਕਰਨਾ ਚਾਹੁੰਦੇ ਹਨ

ਉਨ੍ਹਾਂ ਕਿਹਾ, "ਸਾਡਾ ਉਦੇਸ਼ ਕਿਸੇ 'ਤੇ ਵੀ ਹਕੂਮਤ ਕਾਇਮ ਕਰਨਾ ਨਹੀਂ ਰਿਹਾ ਹੈ। ਇਤਿਹਾਸ ਵਿੱਚ ਸਾਡਾ ਕਾਫ਼ੀ ਪ੍ਰਭਾਵ ਰਿਹਾ ਹੈ, ਮੈਕਸੀਕੋ ਤੋਂ ਲੈ ਕੇ ਸਾਇਬੇਰੀਆ ਤੱਕ, ਹਿੰਦੂ ਸਾਮਰਾਜ ਸੀ, ਅੱਜ ਵੀ ਇਸ ਪ੍ਰਭਾਵ ਨੂੰ ਉੱਥੇ ਦੇਖਿਆ ਜਾ ਸਕਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਥਾਵਾਂ ਦੇ ਲੋਕ ਇਸ ਪ੍ਰਭਾਵ ਨੂੰ ਸਾਂਭ ਕੇ ਰੱਖਦੇ ਹਨ।"

ਭਾਗਵਤ ਨੇ ਇਨ੍ਹਾਂ ਦੇ ਨਾਂ ਤਾਂ ਨਹੀਂ ਲਏ ਪਰ ਮਾਯਾ, ਇੰਕਾ, ਗਰੀਸ ਅਤੇ ਮਿਸਰ ਵਰਗੀਆਂ ਪੁਰਾਤਨ ਸੱਭਿਅਤਾਵਾਂ ਦੇ ਸਾਰੇ ਕੁਦਰਤ ਨੂੰ ਪੂਜਣ ਵਾਲੇ ਅਤੇ ਮੂਰਤੀਆਂ ਨੂੰ ਪੂਜਣ ਵਾਲਿਆਂ ਨੂੰ ਇੱਕ ਝਟਕੇ ਵਿੱਚ ਹੀ ਹਿੰਦੂ ਐਲਾਨ ਦਿੱਤਾ।

ਉਨ੍ਹਾਂ ਨੂੰ ਹਿੰਦੂ ਸਾਮਰਾਜ ਦੱਸ ਕੇ ਉਹ ਭਾਰਤ ਨੂੰ ਇੱਕ ਗੌਰਵਸ਼ਾਲੀ ਹਿੰਦੂ ਰਾਸ਼ਟਰ ਬਣਾਉਣ ਲਈ ਜੀਵੰਤ ਵਾਤਾਵਰਣ ਤਿਆਰ ਕਰਨਾ ਚਾਹੁੰਦੇ ਹਨ।

ਆਪਣੇ ਭਾਸ਼ਣ ਵਿੱਚ ਭਾਗਵਤ ਨੇ ਮਹਾਂਭਾਰਤ ਦਾ ਵੀ ਜ਼ਿਕਰ ਕੀਤਾ, ਉਨ੍ਹਾਂ ਕਿਹਾ, "ਅੱਜ ਦੇ ਆਧੁਨਿਕ ਸਮੇਂ ਵਿੱਚ ਹਿੰਦੂਆਂ ਦੀ ਹਾਲਤ ਉਹੀ ਹੈ ਜੋ ਮਹਾਭਾਂਰਤ ਵਿੱਚ ਪਾਂਡਵਾਂ ਦੀ ਸੀ।"

ਇਸ ਛੋਟੇ ਵਾਕ ਵਿੱਚ ਡੂੰਘਾ ਅਰਥ ਲੁਕਿਆ ਹੋਇਆ ਹੈ ਜਿਸ ਤੋਂ ਭਾਵ ਹੈ ਕਿ ਹਿੰਦੂ ਪੀੜਤ ਹਨ, ਬੇਇਨਸਾਫ਼ੀ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਨੂੰ ਆਪਣੇ ਹੱਕ ਹਾਸਿਲ ਕਰਨ ਲਈ ਧਰਮਯੁੱਧ ਲੜਨਾ ਹੋਵੇਗਾ।

ਇਸ ਤੋਂ ਬਾਅਦ ਉਹ ਹਨੂਮਾਨ ਦੀ ਕਥਾ ਸੁਣਾਉਣ ਲੱਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਪੱਕਾ ਨਿਸ਼ਚਾ ਕਰਕੇ ਸਮੁੰਦਰ ਪਾਰ ਕੀਤਾ ਸੀ।

Image copyright Getty Images
ਫੋਟੋ ਕੈਪਸ਼ਨ ਭਾਗਵਤ ਮੁਤਾਬਕ ਹਿੰਦੂ ਕਿੰਨੇ ਸਹਿਣਸ਼ੀਲ ਹਨ ਪਰ ਮੌਜੂਦਾ ਹਲਾਤਾਂ ਵਿੱਚ ਕੀੜੇ-ਮਕੌੜੇ ਕਿਸ ਨੂੰ ਆਖਿਆ ਜਾ ਰਿਹਾ ਹੈ,

ਉਨ੍ਹਾਂ ਕਿਹਾ, "ਹਿੰਦੂਆਂ ਦੇ ਸਾਰੇ ਕੰਮ ਹਰ ਇੱਕ ਦੇ ਭਲੇ ਲਈ ਹੁੰਦੇ ਹਨ, ਹਿੰਦੂ ਕਦੇ ਕਿਸੇ ਵੀ ਵਿਅਕਤੀ ਦਾ ਵਿਰੋਧ ਕਰਨ ਲਈ ਨਹੀਂ ਜਿਉਂਦੇ। ਦੁਨੀਆਂ ਭਰ ਵਿੱਚ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਹਿੰਦੂ ਇੱਕ ਅਜਿਹਾ ਸਮਾਜ ਹੈ ਜੋ ਕੀੜੇ ਮਕੌੜਿਆਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਮੰਨਦਾ ਹੈ।"

ਉਨ੍ਹਾਂ ਦੱਸਿਆ ਕਿ ਹਿੰਦੂ ਕਿੰਨੇ ਸਹਿਣਸ਼ੀਲ ਹਨ ਪਰ ਮੌਜੂਦਾ ਹਾਲਾਤ ਵਿੱਚ ਕੀੜੇ-ਮਕੌੜੇ ਕਿਸ ਨੂੰ ਆਖਿਆ ਜਾ ਰਿਹਾ ਹੈ, ਇਹ ਗੱਲ ਉਨ੍ਹਾਂ ਨੇ ਲੋਕਾਂ ਦੀ ਸੋਚ 'ਤੇ ਛੱਡ ਦਿੱਤੀ।

ਭਾਗਵਤ ਨੇ ਕਿਹਾ, "ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ, ਪਰ ਅਜਿਹੇ ਲੋਕ ਵੀ ਹਨ ਜੋ ਸਾਡਾ ਵਿਰੋਧ ਕਰਦੇ ਹਨ। ਅਜਿਹੇ ਲੋਕਾਂ ਨਾਲ ਨਜਿੱਠਣਾ ਹੋਵੇਗਾ ਅਤੇ ਇਸ ਲਈ ਸਾਨੂੰ ਹਰੇਕ ਸਾਧਨ ਦੀ ਲੋੜ ਹੈ, ਤਾਂ ਜੋ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਕਿ ਉਹ ਸਾਨੂੰ ਨੁਕਸਾਨ ਨਾ ਪਹੁੰਚਾ ਸਕਣ।"

ਉਹ ਲੋਕ ਕੌਣ ਹਨ, ਇਹ ਮੁੜ ਤੋਂ ਨਹੀਂ ਦੱਸਿਆ ਗਿਆ, ਹਰ ਕੋਈ ਜਾਣਦਾ ਤਾਂ ਹੈ ਹੀ।

ਇਹ ਵੀ ਪੜ੍ਹੋ:

ਟੀਚਾ, ਦਿਸ਼ਾ ਅਤੇ ਕਾਰਜਸ਼ੈਲੀ

ਮੋਹਨ ਭਾਗਵਤ ਨੇ ਇੱਕ ਮਹੱਤਵਪੂਰਨ ਗੱਲ ਆਖੀ ਜਿਸ ਤੋਂ ਐਰਐਸਐਸ ਦੇ ਕੰਮ ਕਰਨ ਦੇ ਤਰੀਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਉਨ੍ਹਾਂ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਲੋਕਾਂ ਨੂੰ ਇੱਕ-ਦੂਜੇ ਦੇ ਸਹਿਯੋਗ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਇੱਕ ਦੂਸਰੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ।

ਫੋਟੋ ਕੈਪਸ਼ਨ ਭਾਗਵਤ ਨੇ ਅੰਗਰੇਜ਼ੀ ਦੇ ਇੱਕ ਮੁਹਾਵਰੇ ਦੀ ਵੀ ਵਰਤੋਂ ਕੀਤੀ 'ਲਰਨ ਟੂ ਵਰਕ ਟੂਗੈਧਰ ਸੈਪਰੇਟਲੀ'

ਉਨ੍ਹਾਂ ਕਿਹਾ ਕਿ ਸਭ ਨੂੰ ਆਪੋ-ਆਪਣੇ ਤਰੀਕੇ ਮੁਤਾਬਕ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਚੱਲ ਰਹੇ ਲੋਕਾਂ ਨਾਲ ਕਦਮ ਨਾਲ ਕਦਮ ਮਿਲਾਉਣਾ ਚਾਹੀਦਾ ਹੈ।

ਇੱਥੇ ਭਾਗਵਤ ਨੇ ਅੰਗਰੇਜ਼ੀ ਦੇ ਇੱਕ ਮੁਹਾਵਰੇ ਦੀ ਵੀ ਵਰਤੋਂ ਕੀਤੀ 'ਲਰਨ ਟੂ ਵਰਕ ਟੂਗੈਦਰ ਸੈਪਰੇਟਲੀ', ਭਾਵ ਇਕੱਠੇ ਮਿਲ ਕੇ ਵੱਖਰੇ ਕੰਮ ਕਰਨਾ ਸਿੱਖੋ।

ਇਹੀ ਸੰਘ ਦੇ ਕੰਮ ਕਰਨ ਦਾ ਤਰੀਕਾ ਹੈ। ਉਹ ਸੈਂਕੜੇ ਛੋਟੇ ਸੰਗਠਨਾਂ ਰਾਹੀਂ ਕੰਮ ਕਰਦਾ ਹੈ, ਸਾਰੇ ਵੱਖਰੇ ਕੰਮ ਕਰਦੇ ਹਨ ਅਤੇ ਸਾਰਿਆਂ ਦਾ ਇੱਕੋ ਟੀਚਾ ਹੈ, ਸਭ ਸਮੇਂ ਦੀ ਜ਼ਰੂਰਤ ਦੇ ਹਿਸਾਬ ਨਾਲ ਆਪਣਾ ਰਸਤਾ ਚੁਣਦੇ ਹਨ ਪਰ ਉਨ੍ਹਾਂ ਦੇ ਕੋਈ ਵੀ ਕੰਮ ਦੀ ਕੋਈ ਜ਼ਿੰਮੇਵਾਰੀ ਸੰਘ ਵੱਲੋਂ ਨਹੀਂ ਲਈ ਜਾਂਦੀ।

ਇੱਕ ਦੂਸਰੇ ਨੂੰ ਦੂਰ ਰੱਖਦੇ ਹੋਏ ਵੀ ਨੇੜਤਾ ਬਣਾਈ ਰੱਖਣਾ ਅਤੇ ਇਕ ਤਰ੍ਹਾਂ ਨਾਲ ਨਾ ਦਿਖਣ ਵਾਲੀ ਤਾਕਤ ਵਿੱਚ ਬਦਲ ਜਾਣਾ, ਇਹੀ ਸੰਘ ਦਾ ਧੋਖਾ ਦੇਣ ਵਾਲਾ ਰੂਪ ਹੈ।

ਉਦਾਹਰਣ ਵਜੋਂ ਜੇਕਰ ਕਿਸੇ ਗੈਰ-ਕਾਨੂੰਨੀ ਜਾਂ ਹਿੰਸਕ ਗਤੀਵਿਧੀ ਵਿੱਚ ਬਜਰੰਗ ਦਲ ਜਾਂ ਫੇਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁਨ ਫਸ ਜਾਂਦੇ ਹਨ, ਅਜਿਹਾ ਕਈ ਵਾਰੀ ਹੋ ਚੁੱਕਿਆ ਹੈ।

ਇਸ ਲਈ ਕੋਈ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਸੰਘ ਦਾ ਇਸ ਵਿੱਚ ਕੋਈ ਹੱਥ ਹੈ ਕਿਉਂਕਿ ਇੱਥੇ 'ਵਰਕਿੰਗ ਟੂਗੈਦਰ ਸੈਪਰੇਟਲੀ' ਕੰਮ ਆਉਂਦਾ ਹੈ, ਜਿਸ ਬਾਰੇ ਗਿਆਨ ਸ਼ਿਕਾਗੋ ਵਿੱਚ ਹਾਸਿਲ ਹੋਇਆ।

ਫੋਟੋ ਕੈਪਸ਼ਨ ਭਾਗਵਤ ਨੇ ਕਿਹਾ ਕਿ ਮਹਾਂਭਾਰਤ 'ਚ ਕ੍ਰਿਸ਼ਨ ਭਗਵਾਨ ਵੀ ਯੁਧਿਸ਼ਟਰ ਦੇ ਨਾਲ ਰੋਕ-ਟੋਕ ਨਹੀਂ ਕਰਦੇ, ਯੁਧਿਸ਼ਟਰ ਨੂੰ ਹਮੇਸ਼ਾ ਸੱਚ ਬੋਲਣ ਕਾਰਨ ਧਰਮਰਾਜ ਕਿਹਾ ਜਾਂਦਾ ਹੈ

ਭਾਗਵਤ ਨੇ ਕਿਹਾ ਕਿ ਮਹਾਂਭਾਰਤ ਵਿੱਚ ਕ੍ਰਿਸ਼ਨ ਭਗਵਾਨ ਵੀ ਯੁਧਿਸ਼ਟਰ ਦੇ ਨਾਲ ਰੋਕ-ਟੋਕ ਨਹੀਂ ਕਰਦੇ, ਯੁਧਿਸ਼ਟਰ ਜਿਸ ਨੂੰ ਹਮੇਸ਼ਾ ਸੱਚ ਬੋਲਣ ਕਾਰਨ ਧਰਮਰਾਜ ਕਿਹਾ ਜਾਂਦਾ ਹੈ, "ਕ੍ਰਿਸ਼ਨ ਦੇ ਕਹਿਣ ਤੇ ਉਹੀ ਯੁਧਿਸ਼ਟਰ ਜੰਗ ਦੇ ਮੈਦਾਨ ਵਿੱਚ ਕੁਝ ਕਹਿੰਦਾ ਹੈ ਜੋ ਸੱਚ ਨਹੀਂ ਹੈ।"

ਉਨ੍ਹਾਂ ਨੇ ਜ਼ਿਆਦਾ ਵੇਰਵਾ ਨਹੀਂ ਦਿੱਤਾ, ਉਨ੍ਹਾਂ ਦਾ ਇਸ਼ਾਰਾ ਯੁਧਿਸ਼ਟਰ ਦੇ ਉਸ ਅੱਧੇ ਸੱਚ ਵੱਲ ਸੀ ਜਦ ਉਨ੍ਹਾਂ ਨੇ ਕਿਹਾ ਸੀ ਅਸ਼ਵਤਥਾਮਾ ਮਾਰਿਆ ਗਿਆ।

ਭਗਵਾਨ ਦਾ ਸੰਕੇਤ ਇਹੀ ਸੀ ਕਿ ਮੁੱਖ ਟੀਚੇ ਦੀ ਪ੍ਰਪਤੀ ਲਈ ਲੀਡਰ ਜੇਕਰ ਝੂਠ ਬੋਲੇ ਜਾਂ ਬੋਲਣ ਨੂੰ ਆਖੇ ਤਾਂ ਇਸ ਵਿੱਚ ਕੁਝ ਗਲਤ ਨਹੀਂ ਹੈ। ਮਤਲਬ ਸਪਸ਼ਟ ਸੀ ਕਿ ਕੋਈ ਧਰਮਰਾਜ ਤੋਂ ਵੱਡਾ ਸੱਚ ਬੋਲਣ ਵਾਲੇ ਬਣਨ ਦੀ ਕੋਸ਼ਿਸ਼ ਨਾ ਕਰੇ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਭੂਮਿਕਾ ਰਾਮਲੀਲਾ ਵਾਂਗ ਨਿਭਾਉਣੀ ਚਾਹੀਦੀ ਹੈ। ਜਿਸ ਵਿੱਚ ਕੋਈ ਰਾਮ ਬਣਦਾ ਹੈ ਅਤੇ ਕੋਈ ਰਾਵਣ, ਪਰ ਹਰ ਇੱਕ ਨੂੰ ਇਹ ਯਾਦ ਰੱਖਣਾ ਹੈ ਕਿ ਉਹ ਕੌਣ ਹੈ ਅਤੇ ਉਸ ਦਾ ਟੀਚਾ ਕੀ ਹੈ।

ਹੁਣ ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਕਿਉਂ ਹੋਵੇਗੀ ਕਿ ਇਹ ਟੀਚਾ ਕੀ ਹੈ? ਇਹ ਟੀਚਾ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ।

ਆਪਣੇ 41 ਮਿੰਟ ਲੰਬੇ ਭਾਸ਼ਣ ਵਿੱਚ ਭਾਗਵਤ ਨੇ ਸਿਰਫ਼ ਇਕ ਵਾਰ ਵਿਵੇਕਾਨੰਦ ਦਾ ਨਾਂ ਲਿਆ, ਉਹ ਵੀ ਇਹ ਗੱਲ ਸਾਬਤ ਕਰਨ ਲਈ ਕਿ ਉਹ ਜੋ ਕਹਿ ਰਹੇ ਹਨ ਉਹ ਸਹੀ ਹੈ। ਉਂਝ ਵੀ ਸੰਘ ਦੇ ਲੋਕ ਕਦੇ ਨਹੀਂ ਦੱਸਦੇ ਕਿ ਵਿਵੇਕਾਨੰਦ, ਭਗਤ ਸਿੰਘ, ਸਰਦਾਰ ਪਟੇਲ, ਮਹਾਤਮਾ ਗਾਂਧੀ ਜਾਂ ਕਿਸੇ ਹੋਰ ਅਮਰ ਸ਼ਖਸੀਅਤ ਨੇ ਕਿਹਾ ਕੀ ਸੀ, ਕਿਉਂਕਿ ਉਸ ਵਿੱਚ ਬਹੁਤ ਵੱਡੇ ਖ਼ਤਰੇ ਹਨ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)