ਆਰਐਸਐਸ ਮੁਖੀ ਮੋਹਨ ਭਾਗਵਤ ਨੇ ਗਾਏ ਕਾਂਗਰਸ ਦੇ ਸੋਹਲੇ

ਮੋਹਨ ਭਾਗਵਤ Image copyright Getty Images
ਫੋਟੋ ਕੈਪਸ਼ਨ "ਸਾਡੇ ਦੇਸ ਦੇ ਲੋਕਾਂ ਵਿੱਚ ਸਿਆਸੀ ਸਮਝਦਾਰੀ ਘੱਟ ਹੈ। ਸੱਤਾ ਕਿਸ ਦੀ ਹੈ, ਇਸ ਦੀ ਕੀ ਅਹਿਮੀਅਤ ਹੈ, ਲੋਕ ਘੱਟ ਜਾਣਦੇ ਹਨ

ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਇਸਲਾਮ ਅਤੇ ਈਸਾਈ ਧਰਮ ਦੇ ਸਮਰਥਕਾਂ ਵਿੱਚ ਭਾਰਤੀ ਸੰਸਕਾਰਾਂ ਦਾ ਰੁਝਾਨ ਅੱਜ ਵੀ ਮਿਲਦਾ ਹੈ।

ਭਾਗਵਤ ਸੰਘ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਤਿੰਨ ਰੋਜ਼ਾ ਪ੍ਰੋਗਰਾਮ 'ਭਵਿੱਖ ਦਾ ਭਾਰਤ, ਰਾਸ਼ਟਰੀ ਸਵੈਸੇਵਕ ਸੰਘ ਦਾ ਦ੍ਰਿਸ਼ਟੀਕੋਣ' ਵਿੱਚ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ, "ਮੈਂ ਤਾਂ ਕਹਿੰਦਾ ਹਾਂ ਕਿ ਭਾਰਤ ਦੇ ਬਾਹਰੋਂ ਜੋ ਆਏ ਅਤੇ ਅੱਜ ਉਨ੍ਹਾਂ ਦੇ ਸਮਰਥਕ ਭਾਰਤੀ ਲੋਕ ਹਨ। ਇਸਲਾਮ ਹੈ, ਈਸਾਈ ਹਨ, ਉਹ ਜੇ ਭਾਰਤੀ ਹਨ ਤਾਂ ਉਨ੍ਹਾਂ ਦੇ ਘਰਾਂ ਵਿੱਚ ਉਨ੍ਹਾਂ ਦੇ ਹੀ ਸੰਸਕਾਰਾਂ ਦਾ ਰੁਝਾਨ ਅੱਜ ਵੀ ਹੈ। ਵੱਖ-ਵੱਖ ਭਾਈਚਾਰਿਆਂ ਨੂੰ ਜੋੜਨ ਵਾਲੀ 'ਇਹ ਕਦਰਾਂ ਕੀਮਤਾਂ ਆਧਾਰਿਤ ਸੱਭਿਆਚਾਰ' ਹੀ ਹੈ।"

ਇਹ ਵੀ ਪੜ੍ਹੋ:

'ਕਾਂਗਰਸ ਦਾ ਵੱਡਾ ਯੋਗਦਾਨ'

ਭਾਰਤ ਦੀ ਆਜ਼ਾਦੀ ਦੇ ਅੰਦੋਲਨ ਬਾਰੇ ਮੋਹਨ ਭਾਗਵਤ ਨੇ ਕਿਹਾ, "ਸਾਡੇ ਦੇਸ ਦੇ ਲੋਕਾਂ ਵਿੱਚ ਸਿਆਸੀ ਸਮਝਦਾਰੀ ਘੱਟ ਹੈ। ਸੱਤਾ ਕਿਸ ਦੀ ਹੈ, ਇਸ ਦੀ ਕੀ ਅਹਿਮੀਅਤ ਹੈ, ਲੋਕ ਘੱਟ ਜਾਣਦੇ ਹਨ। ਆਪਣੇ ਦੇਸ ਦੇ ਲੋਕਾਂ ਨੂੰ ਸਿਆਸੀ ਤੌਰ ਉੱਤੇ ਜਾਗਰੂਕ ਕਰਨਾ ਚਾਹੀਦਾ ਹੈ।"

"ਇਸ ਲਈ ਕਾਂਗਰਸ ਦੇ ਰੂਪ ਵਿੱਚ ਇੱਕ ਵੱਡਾ ਅੰਦੋਲਨ ਦੇਸ ਵਿੱਚ ਖੜ੍ਹਾ ਹੋਇਆ ਅਤੇ ਉਸ ਵਿੱਚ ਵੀ ਸਰਬ ਤਿਆਗੀ ਮਹਾਂਪੁਰਖ ਜਿਨ੍ਹਾਂ ਦੀ ਪ੍ਰੇਰਣਾ ਅੱਜ ਵੀ ਸਾਡੇ ਜੀਵਨ ਵਿੱਚ ਪ੍ਰੇਰਣਾ ਦਾ ਕੰਮ ਕਰਦੀ ਹੈ, ਅਜਿਹੇ ਲੋਕ ਪੈਦਾ ਹੋਏ।"

Image copyright PA
ਫੋਟੋ ਕੈਪਸ਼ਨ ਮੋਹਨ ਭਾਗਵਤ ਨੇ ਕਿਹਾ ਕਾਂਗਰਸ ਦੇ ਰੂਪ ਵਿੱਚ ਇੱਕ ਵੱਡਾ ਅੰਦੋਲਨ ਦੇਸ ਵਿੱਚ ਖੜ੍ਹਾ ਹੋਇਆ

"ਦੇਸ ਵਿੱਚ ਹਰ ਪਾਸੇ ਮੰਨੇ ਹੋਏ ਵਿਅਕਤੀ ਨੂੰ ਆਜ਼ਾਦੀ ਲਈ ਰਾਹ ਵਿੱਚ ਖੜ੍ਹੇ ਕਰਨ ਦਾ ਕੰਮ ਉਸ ਧਾਰਾ ਨੇ ਕੀਤਾ ਹੈ। ਆਜ਼ਾਦੀ ਹਾਸਿਲ ਕਰਨ ਵਿੱਚ ਇੱਕ ਵੱਡਾ ਯੋਗਦਾਨ ਉਸ ਧਾਰਾ ਦਾ ਹੈ।"

ਉਨ੍ਹਾਂ ਨੇ ਰਵੀਂਦਰਨਾਥ ਟੈਗੋਰ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ, "ਉਨ੍ਹਾਂ ਦਾ ਸਵਦੇਸ਼ ਸਮਾਜ ਨਾਮ ਦਾ ਵੱਡਾ ਲੇਖ ਹੈ। ਉਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਏਕਤਾ ਦੀ ਲੋੜ ਹੈ। ਝਗੜੇ ਹੋਣ ਨਾਲ ਨਹੀਂ ਚੱਲੇਗਾ।"

ਮੋਹਨ ਭਾਗਵਤ ਦੇ ਸੰਬੋਧਨ ਤੋਂ ਪਹਿਲਾਂ ਸੰਘ ਵਿਚਾਰਕ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅਰਥਸ਼ਾਸਤਰ ਦੇ ਸਾਬਕਾ ਪ੍ਰੋਫੈੱਸਰ ਬਜਰੰਗ ਲਾਲ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਲਈ ਕੀਤਾ ਗਿਆ ਤਾਂ ਕਿ ਲੋਕ ਸੰਘ ਦੇ ਬਾਰੇ ਜਾਣਨ।

ਉਨ੍ਹਾਂ ਨੇ ਇਹ ਵੀ ਕਿਹਾ, "ਇਸ ਪ੍ਰੋਗਰਾਮ ਦੀ ਟਾਈਮਿੰਗ ਸਬੰਧੀ ਕੋਈ ਕਿਆਸ ਲਾਏ ਜਾਣ। ਇਸ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ ਕਿ 2019 ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ।"

ਸੰਘ ਦੇ ਇਸ ਪ੍ਰੋਗਰਾਮ ਵਿੱਚ ਧਰਮ ਗੁਰੂਆਂ ਤੋਂ ਇਲਾਵਾ, ਖਿਡਾਰੀਆਂ, ਸਿਆਸਤਦਾਨਾਂ, ਬਾਲੀਵੁੱਡ ਦੇ ਕਲਾਕਾਰਾਂ ਤੋਂ ਇਲਾਵਾ ਸਨਅਤਕਾਰਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਸੱਦਾ ਦਿੱਤਾ ਸੀ।

ਸੰਘ ਦੇ ਇਸ ਸੱਦੇ ਤੋਂ ਬਾਅਦ ਸੰਬੋਧਨ ਦੇ ਪਹਿਲੇ ਦਿਨ ਬਾਲੀਵੁੱਡ ਦੀਆਂ ਕਈ ਹਸਤੀਆਂ ਮੌਜੂਦ ਸਨ। ਜਿਨ੍ਹਾਂ ਵਿੱਚੋਂ ਮੁੱਖ ਤੌਰ ਤੇ ਨਵਾਜੁਦੀਨ ਸਿੱਦਿਕੀ, ਮਧੁਰ ਭੰਡਾਰਕਰ, ਹੰਸਰਾਜ ਹੰਸ, ਰਵੀ ਕਿਸ਼ਨ, ਮਾਲਿਨੀ ਅਵਸਥੀ, ਅਨੁ ਮਲਿਕ, ਅਨੁ ਕਪੂਰ ਤੋਂ ਇਲਾਵਾ ਅਦਾਕਾਰਾ ਮਨੀਸ਼ਾ ਕੋਇਰਾਲਾ ਵੀ ਹਾਜ਼ਰ ਸੀ।

'ਲੋਕਤੰਤਰੀ ਜਥੇਬੰਦੀ ਹੈ ਸੰਘ'

ਮੋਹਨ ਭਾਗਵਤ ਦਾ ਕਹਿਣਾ ਸੀ, "ਵਿਭਿੰਨਤਾਵਾਂ ਤੋਂ ਡਰਨਾ ਨਹੀਂ ਸਗੋਂ ਉਨ੍ਹਾਂ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ, ਕਿਉਂਕਿ ਪਰੰਪਰਾ ਵਿੱਚ ਤਾਲਮੇਲ ਇੱਕ ਮੂਲ ਹੈ, ਜੋ ਮਿਲਜੁਲ ਕੇ ਰਹਿਣਾ ਸਿਖਾਉਂਦਾ ਹੈ।"

Image copyright RSS.ORG
ਫੋਟੋ ਕੈਪਸ਼ਨ ਆਰਐਸਐਸ ਦੇ ਤਿੰਨ ਰੋਜ਼ਾ ਪ੍ਰੋਗਰਾਮ ਵਿੱਚ ਹੰਸਰਾਜ ਹੰਸ, ਰਵੀ ਕਿਸ਼ਨ, ਅਨੁ ਮਲਿਕ, ਅਨੁ ਕਪੂਰ, ਮਨੀਸ਼ਾ ਕੋਇਰਾਲਾ ਵੀ ਸ਼ਾਮਿਲ ਹੋਏ।

ਉਨ੍ਹਾਂ ਨੇ ਕਿਹਾ, "ਡਾ. ਹੈਡਗੇਵਾਰ ਹਮੇਸ਼ਾਂ ਕਹਿੰਦੇ ਸਨ ਕਿ ਆਪਣੀ ਮਾੜੀ ਹਾਲਤ ਦਾ ਇਲਜ਼ਾਮ ਅੰਗਰੇਜ਼ਾਂ ਨੂੰ ਅਤੇ ਇਸਲਾਮ ਦਾ ਜੋ ਹਮਲਾ ਹੋਇਆ ਸੀ ਉਸ ਦੇ ਲਈ ਮੁਸਲਮਾਨਾਂ ਨੂੰ ਕਦੋਂ ਤੱਕ ਦਿੰਦੇ ਰਹੋਗੇ। ਇਹ ਹੋਇਆ ਕਿਵੇਂ ਕਿ ਹਜ਼ਾਰਾਂ ਮੀਲ ਦੂਰ ਤੋਂ ਮੁੱਠੀ ਭਰ ਲੋਕ ਆਏ ਅਤੇ ਸੋਨੇ ਦੀ ਚਿੜੀ ਕਹਾਉਣ ਵਾਲੇ ਦੇਸ ਨੂੰ ਉਨ੍ਹਾਂ ਨੇ ਕਿਵੇਂ ਜਿੱਤ ਲਿਆ? ਤੁਹਾਡੀ ਹੀ ਕੋਈ ਕਮੀ ਹੈ। ਉਸ ਨੂੰ ਠੀਕ ਕਰੋ।"

ਭਾਗਵਤ ਨੇ ਡਾ. ਹੈਡਗੇਵਾਰ ਦੀ ਚਰਚਾ ਕਰਦੇ ਹੋਏ ਇਹ ਵੀ ਕਿਹਾ ਕਿ ਕਦੇ-ਕਦੇ ਉਹ ਪੁੱਛਿਆ ਕਰਦੇ ਸੀ ਕਿ ਦੇਸ ਦੀ ਸਭ ਤੋਂ ਵੱਡੀ ਮੁਸ਼ਕਿਲ ਕੀ ਹੈ। ਉਨ੍ਹਾਂ ਨੇ ਕਿਹਾ, "ਮੈਂ ਵੀ ਇਸ ਸਵਾਲ ਦੇ ਉੱਤਰ ਵਿੱਚ ਉਨ੍ਹਾਂ ਦਾ ਸਮਰਥਨ ਕਰਦਾ ਹਾਂ। ਉਹ ਕਹਿੰਦੇ ਸਨ ਕਿ ਇੱਥੋਂ ਦੀ ਸਭ ਤੋਂ ਵੱਡੀ ਮੁਸ਼ਕਿਲ ਇੱਥੋਂ ਦਾ ਹਿੰਦੂ ਹੈ। ਅਸੀਂ ਜਦੋਂ ਆਪਣੀਆਂ ਕਦਰਾਂ-ਕੀਮਤਾਂ ਨੂੰ ਭੁੱਲ ਕੇ ਵਿਚਰਦੇ ਹਾਂ ਤਾਂ ਹੀ ਸਾਡਾ ਪਤਨ ਹੁੰਦਾ ਹੈ।"

ਕੀ ਹੈ ਸੰਘ ਅਤੇ ਕੀ ਹੈ ਸੰਘ ਦੀ ਯੋਜਨਾ?

ਸੰਘ ਦੀ ਸਥਾਪਨਾ ਬਾਰੇ ਦੱਸਦੇ ਹੋਏ ਮੋਹਨ ਭਾਗਵਤ ਨੇ ਕਿਹਾ, "ਡਾ. ਹੈਡਗੇਵਾਰ ਨੇ ਕਿਹਾ ਸੀ ਕਿ ਸੰਪੂਰਨ ਹਿੰਦੂ ਸਮਾਜ ਨੂੰ ਅਸੀਂ ਇੱਕਜੁੱਟ ਕਰਨਾ ਹੈ ਅਤੇ ਅਸੀਂ ਸਿਰਫ਼ ਇਹੀ ਕੰਮ ਕਰਨਾ ਹੈ ਕਿਉਂਕਿ ਜੋ ਕਰਨਾ ਹੈ ਉਸ ਤੋਂ ਬਾਅਦ ਖੁਦ ਹੋਵੇਗਾ। ਉਸ ਵਾਤਾਵਰਨ ਵਿੱਚ ਸਮਾਜ ਦਾ ਰਵੱਈਆ ਬਦਲੇਗਾ।"

Image copyright Rss.org
ਫੋਟੋ ਕੈਪਸ਼ਨ ਸੰਘ ਦੇ ਪ੍ਰੋਗਰਾਮ ਵਿੱਚ ਧਰਮਗੁਰੂਆਂ, ਖਿਡਾਰੀਆਂ, ਸਿਆਸਤਦਾਨਾਂ ਅਤੇ ਬਾਲੀਵੁੱਡ ਦੇ ਕਲਾਕਾਰਾਂ, ਸਨਅਤਕਾਰਾਂ ਨੂੰ ਸੱਦਾ ਦਿੱਤਾ ਗਿਆ।

ਉਨ੍ਹਾਂ ਨੇ ਕਿਹਾ, "ਸੰਘ ਦੀ ਯੋਜਨਾ ਹੈ ਕਿ ਹਰ ਗਲੀ ਵਿੱਚ ਹਰ ਪਿੰਡ ਵਿੱਚ ਅਜਿਹੇ ਚੰਗੇ ਸਵੈਸੇਵੀ ਖੜ੍ਹੇ ਕੀਤੇ ਜਾਣ। ਜਿਨ੍ਹਾਂ ਦਾ ਚਰਿੱਤਰ ਸ਼ਲਾਘਾਯੋਗ ਹੋਵੇ, ਵਿਸ਼ਵਾਸਲਾਇਕ ਹੋਵੇ, ਸ਼ੁੱਧ ਹੋਵੇ ਜੋ ਭੇਦਭਾਵ ਨਾ ਕਰੇ, ਸਾਰਿਆਂ ਨਾਲ ਪਿਆਰ ਕਰੇ ਅਤੇ ਸਮਾਜ ਨੂੰ ਆਪਣਾ ਮੰਨ ਕੇ ਕੰਮ ਕਰਦਾ ਹੋਵੇ।"

"ਇਸੇ ਯੋਜਨਾ ਦੇ ਨਾਲ 1925 ਵਿੱਚ ਸੰਘ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਇਲਾਵਾ ਸੰਘ ਦਾ ਹੋਰ ਕੋਈ ਟੀਚਾ ਨਹੀਂ ਸੀ।"

ਸੰਘ ਬਾਰੇ ਗੱਲ ਕਰਦੇ ਹੋਏ ਮੋਹਨ ਭਾਗਵਤ ਨੇ ਕਿਹਾ ਕਿ ਸੰਘ ਨੂੰ ਬਾਹਰੋਂ ਦੇਖਣ ਤੋਂ ਲੱਗਦਾ ਹੋਵੇਗਾ ਕਿ ਇਸ ਵਿੱਚ ਸਿਰਫ਼ ਇੱਕ ਆਦਮੀ ਦੀ ਚਲਦੀ ਹੈ, ਜੋ ਸੰਘ ਮੁਖੀ ਹੈ ਜਾਂ ਉਨ੍ਹਾਂ ਦੀ ਜਿਨ੍ਹਾਂ ਨੂੰ ਬਾਹਰ ਕੁਝ ਲੋਕ ਚੀਫ਼ ਕਹਿ ਕੇ ਸੰਬੋਧਨ ਕਰਦੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਸੰਘ ਪੂਰੀ ਤਰ੍ਹਾਂ ਲੋਕਤੰਤਰੀ ਜਥੇਬੰਦੀ ਹੈ, ਜਿੱਥੇ ਇੱਕ-ਇੱਕ ਸਵੈਸੇਵੀ ਦੇ ਵਿਚਾਰਾਂ ਨੂੰ ਸੁਣਿਆ ਜਾਂਦਾ ਹੈ ਅਤੇ ਉਨ੍ਹਾਂ ਵਿਚਾਰਾਂ ਤੇ ਅਮਲ ਕੀਤਾ ਜਾਂਦਾ ਹੈ।"

ਪ੍ਰੋਗਰਾਮ ਦੇ ਪਹਿਲੇ ਦਿਨ ਸਿਆਸਤਦਾਨਾਂ ਅਤੇ ਧਰਮ ਗੁਰੂਆਂ ਦੀ ਸ਼ਮੂਲੀਅਤ ਤਾਂ ਦਿਖੀ ਪਰ ਸਿਆਸੀ ਪਾਰਟੀਆਂ ਦੀ ਨੁੰਮਾਇਦਗੀ ਘੱਟ ਨਜ਼ਰ ਆਈ ਜਦੋਂਕਿ ਸੰਘ ਵੱਲੋਂ 40 ਸਿਆਸੀ ਪਾਰਟੀਆਂ ਨੂੰ ਸੱਦਾ ਭੇਜਿਆ ਗਿਆ ਸੀ। ਪ੍ਰੋਗਰਾਮ ਵਿੱਚ ਸ਼ਾਮਿਲ ਆਗੂਆਂ ਵਿੱਚ ਅਮਰ ਸਿੰਘ ਅਤੇ ਸੁਬਰਾਮਨੀਅਮ ਸਵਾਮੀ ਦਿਖੇ।

ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਪ੍ਰੋਗਰਾਮ ਦੇ ਅਗਲੇ ਦੋ ਦਿਨਾਂ ਵਿੱਚ ਸਿਆਸੀ ਪਾਰਟੀਆਂ ਦੇ ਆਗੂ ਵੀ ਚੰਗੀ ਗਿਣਤੀ ਵਿੱਚ ਸ਼ਾਮਿਲ ਹੋ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)