ਏਸ਼ੀਆ ਕੱਪ: ਭਾਰਤ-ਪਾਕਿਸਤਾਨ ਆਹਮੋ-ਸਾਹਮਣੇ, ਇਤਿਹਾਸ ਗਵਾਹ ਰੋਮਾਂਚ ਦਾ

Indian cricket team captain Rohit Sharma (C) speaks during an Asia Cup press conference as Hong Kong Image copyright Getty Images

ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਵੇ, ਉਹ ਵੀ ਦੁਬਈ 'ਚ, ਤਾਂ ਪੱਕੇ ਕ੍ਰਿਕਟ ਪ੍ਰੇਮੀ ਹੀ ਨਹੀਂ ਸਗੋਂ ਦੋਹਾਂ ਦੇਸ਼ਾਂ ਦਾ ਹਰ ਨਾਗਰਿਕ ਹੀ ਟੀਵੀ ਸਾਹਮਣੇ ਜਾਂ ਸਕੋਰ ਪੁੱਛਦਾ ਨਜ਼ਰ ਆਉਂਦਾ ਹੈ।

ਇਸੇ ਕਰਕੇ ਏਸ਼ੀਆ ਕੱਪ ਸੱਚੀ ਆਪਣੇ ਰੰਗ ਵਿਚ ਰੰਗ ਗਿਆ ਲਗਦਾ ਹੈ। 2008 ਵਿੱਚ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਕੋਈ ਸਿੱਧੀ ਟੱਕਰ ਵਾਲੀ ਸੀਰੀਜ਼ ਤਾਂ ਨਹੀਂ ਹੋਈ ਪਰ ਬਹੁ-ਕੌਮੀ ਟੂਰਨਾਮੈਂਟਾਂ ਵਿੱਚ ਟਾਵੇਂ-ਟਾਵੇਂ ਮੈਚ ਹੁੰਦੇ ਰਹੇ ਹਨ।

ਪਿਛਲੇ ਸਾਲ ਇੰਗਲੈਂਡ 'ਚ ਹੋਈ ਆਈਸੀਸੀ ਚੈਂਪੀਅਨਜ਼ ਟਰਾਫੀ ਦੌਰਾਨ ਭਾਰਤ-ਪਾਕਿਸਤਾਨ ਦੇ ਦੋ ਵਨ-ਡੇਅ ਮੈਚ ਹੋਏ ਜਿਨ੍ਹਾਂ ਵਿਚੋਂ ਭਾਰਤ ਲੀਗ ਮੈਚ ਤਾਂ ਜਿੱਤ ਗਿਆ ਸੀ ਪਰ ਫਾਈਨਲ ਬੁਰੀ ਤਰ੍ਹਾਂ ਹਾਰ ਗਿਆ ਸੀ।

ਜਦੋਂ ਭਾਰਤ-ਪਾਕ ਰਹੇ ਆਹਮੋ-ਸਾਹਮਣੇ

ਜੇ 20-20 ਦੀ ਗੱਲ ਕਰੀਏ ਤਾਂ ਪਿਛਲੇ 11 ਸਾਲਾਂ ਵਿੱਚ ਦੋਵੇਂ ਟੀਮਾਂ ਨੇ ਅੱਠ ਮੈਚ ਖੇਡੇ ਹਨ।

ਇਨ੍ਹਾਂ ਵਿੱਚ 2016 ਵਿੱਚ ਕੋਲਕਾਤਾ ਵਿੱਚ ਹੋਇਆ ਟੀ-20 ਵਰਲਡ ਕੱਪ ਦਾ ਮੈਚ ਸ਼ਾਮਲ ਹੈ ਜਿਹੜਾ ਭਾਰਤ ਨੇ ਜਿੱਤਿਆ ਸੀ।

ਇਹ ਵੀ ਪੜ੍ਹੋ:-

ਟੈਸਟ ਮੈਚ ਵਿੱਚ ਭਾਰਤ ਤੇ ਪਾਕਿਸਤਾਨ ਦਾ ਸਾਹਮਣਾ ਆਖ਼ਰੀ ਵਾਰ 2007 ਵਿੱਚ ਹੀ ਹੋਇਆ ਸੀ ਕਿਉਂਕਿ ਟੈਸਟ ਮੈਚਾਂ ਦਾ ਕੋਈ ਬਹੁ-ਕੌਮੀ ਟੂਰਨਾਮੈਂਟ ਹੁੰਦਾ ਹੀ ਨਹੀਂ।

Image copyright Getty Images

ਪਾਕਿਸਤਾਨ ਵਿੱਚ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਖਾਨ ਪ੍ਰਧਾਨ ਮੰਤਰੀ ਬਣਨ ਕਰਕੇ ਕ੍ਰਿਕਟ ਪ੍ਰੇਮੀਆਂ ਨੂੰ ਕੁਝ ਉਮੀਦ ਹੈ ਕਿ ਦੋਵੇਂ ਦੇਸ਼ਾਂ ਦੇ ਖੇਡ ਰਿਸ਼ਤੇ ਬਹਾਲ ਹੋ ਜਾਣਗੇ।

1983-84 ਵਿੱਚ ਏਸ਼ੀਆ ਕੱਪ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤਕ ਭਾਰਤ ਤੇ ਪਾਕਿਸਤਾਨ ਇਸ ਟੂਰਨਾਮੈਂਟ ਵਿੱਚ 11 ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ।

ਮਾਮਲਾ ਬਰਾਬਰੀ 'ਤੇ ਟਿਕਿਆ ਹੋਇਆ ਹੈ — ਦੋਵੇਂ 5-5 ਮੈਚ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਹੋ ਗਿਆ ਸੀ।

ਉਂਝ ਏਸ਼ੀਆ ਕੱਪ ਵਿੱਚ ਕਿਸੇ ਵੀ ਦੇਸ ਖ਼ਿਲਾਫ਼ ਦਰਜ ਕੀਤੀਆਂ ਕੁੱਲ ਜਿੱਤਾਂ ਦੇ ਮਾਮਲੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਰਿਕਾਰਡ ਬਰਾਬਰ ਹੀ ਰਿਹਾ ਹੈ — ਭਾਰਤ 61.9 ਫ਼ੀਸਦ ਮੈਚ ਜਿੱਤਿਆ ਹੈ ਅਤੇ ਪਾਕਿਸਤਾਨ 62.5 ਫ਼ੀਸਦ।

ਫਿਰ ਵੀ ਭਾਰਤ ਦਾ ਹੱਥ ਉੱਪਰ ਰਿਹਾ ਹੈ ਕਿਉਂਕਿ ਇਹ ਚਾਰ ਵਾਰ ਏਸ਼ੀਆ ਕੱਪ ਜਿੱਤ ਚੁੱਕਾ ਹੈ ਜਦਕਿ ਪਾਕਿਸਤਾਨ ਦੋ ਵਾਰ।

ਜਿਹੜੇ ਦੋ ਫਾਈਨਲ ਮੈਚ ਪਾਕਿਸਤਾਨ ਜਿੱਤਿਆ ਹੈ ਉਹ ਬੰਗਲਾਦੇਸ਼ ਵਿੱਚ ਖੇਡੇ ਗਏ ਸਨ।

ਭਾਰਤ-ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਵਿੱਚ ਕੁਝ ਨਾ ਭੁੱਲੇ ਜਾਣ ਵਾਲੇ ਪਲ ਰਹੇ ਹਨ। ਆਓ, ਉਨ੍ਹਾਂ 'ਚੋਂ ਕੁਝ ਯਾਦ ਕਰੀਏ।

ਮੀਆਂਦਾਦ ਦਾ ਛੱਕਾ

ਭਾਰਤ-ਪਾਕਿਸਤਾਨ ਦੇ ਕ੍ਰਿਕਟ ਸੰਬੰਧਾਂ ਵਿੱਚ ਸ਼ਾਰਜਾਹ ਦੀ ਇੱਕ ਖਾਸ ਥਾਂ ਰਹੀ ਹੈ।

ਇਹ ਵੀ ਕਿਹਾ ਜਾਂਦਾ ਸੀ ਕਿ ਜੇ ਸ਼ਾਰਜਾਹ ਵਿੱਚ ਮੈਚ ਸ਼ੁੱਕਰਵਾਰ ਨੂੰ ਹੋਵੇ ਤਾਂ ਪਾਕਿਸਤਾਨ ਨੂੰ ਹਰਾਉਣਾ ਮੁਸ਼ਕਿਲ ਹੈ।

Image copyright Getty Images

ਇੱਕ ਸ਼ੁੱਕਰਵਾਰ ਦੀ ਹੀ ਗੱਲ ਹੈ, ਅਪ੍ਰੈਲ 1986 ਵਿੱਚ, ਭਾਰਤੀ ਟੀਮ ਨੇ 50 ਓਵਰਾਂ ਦੇ ਮੈਚ ਵਿੱਚ 245 ਦੌੜਾਂ ਬਣਾਈਆਂ, ਜੋਕਿ ਉਨ੍ਹਾਂ ਦਿਨਾਂ ਵਿੱਚ ਚੰਗਾ ਸਕੋਰ ਮੰਨਿਆ ਜਾਂਦਾ ਸੀ। ਇਸ ਸਕੋਰ ਵਿੱਚ ਸੁਨੀਲ ਗਾਵਸਕਰ ਦੀਆਂ 92 ਦੌੜਾਂ ਸ਼ਾਮਲ ਸਨ।

ਪਿੱਛਾ ਕਰਦਿਆਂ ਪਾਕਿਸਤਾਨ ਨੇ 206 ਦੇ ਸਕੋਰ ਤਕ ਪਹੁੰਚਦਿਆਂ 6 ਵਿਕਟਾਂ ਗਵਾ ਲਈਆਂ ਸਨ ਪਰ ਸਟਾਰ ਬੱਲੇਬਾਜ਼ ਜਾਵੇਦ ਮੀਆਂਦਾਦ ਅਜੇ ਨਾਟ-ਆਊਟ ਸਨ।

ਇਹ ਵੀ ਪੜ੍ਹੋ:-

ਸ਼ਾਇਦ ਗ਼ਲਤ ਹਿਸਾਬ ਲਾਉਣ ਕਰਕੇ, ਆਖ਼ਰੀ ਓਵਰ ਦੇ ਆਉਣ ਤਕ ਕਪਤਾਨ ਕਪਿਲ ਦੇਵ ਆਪਣੇ 10 ਓਵਰ ਮੁਕਾ ਚੁੱਕੇ ਸਨ। ਮਦਨ ਲਾਲ ਤੇ ਮਨਿੰਦਰ ਸਿੰਘ ਦੇ ਓਵਰ ਵੀ ਖਤਮ ਸਨ।

ਰਵੀ ਸ਼ਾਸਤਰੀ ਕੋਲ ਓਵਰ ਮੌਜੂਦ ਸੀ ਪਰ ਕਪਿਲ ਦੇਵ ਨੇ ਚੇਤਨ ਸ਼ਰਮਾ ਨੂੰ ਗੇਂਦ ਫੜਾਈ।

ਆਖ਼ਿਰੀ ਗੇਂਦ 'ਤੇ ਪਾਕਿਸਤਾਨ ਨੂੰ ਚਾਰ ਦੌੜਾਂ ਦੀ ਲੋੜ ਸੀ। ਜਾਵੇਦ ਮੀਆਂਦਾਦ ਨੇ ਮਾਰਿਆ ਛੱਕਾ ਤੇ ਪੈਵੀਲੀਅਨ ਵੱਲ ਦੌੜ ਪਏ। ਚੇਤਨ ਸ਼ਰਮਾ ਹੀ ਨਹੀਂ ਸਗੋਂ ਸਾਰਾ ਭਾਰਤ ਹੀ ਇਸ ਛੱਕੇ ਨੂੰ ਇੱਕ ਮਾੜੇ ਸੁਪਨੇ ਵਜੋਂ ਯਾਦ ਕਰਦਾ ਹੈ।

ਰਾਜੇਸ਼ ਚੌਹਾਨ ਦਾ ਜਾਦੂ

Image copyright Getty Images

ਭਾਰਤ ਨੇ ਮਿਆਂਦਾਦ ਦੇ ਛੱਕੇ ਦਾ ਬਦਲਾ 1997 ਵਿੱਚ ਲਿਆ। ਕਰਾਚੀ ਵਿੱਚ ਹੋਏ ਇਸ ਮੈਚ ਵਿੱਚ ਭਾਰਤ 266 ਦੇ ਟੀਚੇ ਦਾ ਪਿੱਛਾ ਕਰ ਰਿਹਾ ਸੀ। ਵਿਨੋਦ ਕਾਂਬਲੀ ਚੰਗੀ ਬੱਲੇਬਾਜ਼ੀ ਕਰ ਰਹੇ ਸਨ।

ਫਿਰ ਵੀ ਜਿੱਤ ਆਪਣੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਰਾਜੇਸ਼ ਚੌਹਾਨ ਦੇ ਬੱਲੇ 'ਤੋਂ ਆਈ। ਚੌਹਾਨ ਨੇ ਸਕਲੈਨ ਮੁਸ਼ਤਾਕ ਦੀ ਗੇਂਦ ਉੱਤੇ ਛੱਕਾ ਮਾਰ ਕੇ ਭਾਰਤ ਲਈ ਮੈਚ ਜਿੱਤ ਲਿਆ।

ਜਡੇਜਾ-ਵਕਾਰ ਅਤੇ ਪ੍ਰਸਾਦ-ਸੋਹੇਲ ਦੇ ਝਗੜੇ

ਮੌਕਾ ਸੀ 1996 ਦੇ ਵਰਲਡ ਕੱਪ ਦਾ ਕੁਆਟਰ-ਫਾਈਨਲ, ਥਾਂ ਸੀ ਬੈਂਗਲੌਰ ਦਾ ਚਿੰਨਾਸਵਾਮੀ ਸਟੇਡੀਅਮ।

ਮਾਹਿਰਾਂ ਮੁਤਾਬਕ ਭਾਰਤ ਦਾ ਸਾਹਮਣਾ ਕਾਰਨ ਵਾਲੀ ਇਹ ਉਸ ਵੇਲੇ ਤੱਕ ਦੀ ਸਭ ਤੋਂ ਚੰਗੀ ਪਾਕਿਸਤਾਨੀ ਟੀਮ ਸੀ।

ਭਾਰਤ ਦੇ ਬੱਲੇਬਾਜ਼ ਮਸਾਂ ਹੀ 250 ਦੇ ਸਕੋਰ ਤੱਕ ਪਹੁੰਚੇ ਸਨ ਕਿ ਅਜੇ ਜਡੇਜਾ ਦੀ ਵਾਰੀ ਆਈ।

ਆਖਰੀ ਦੇ 3-4 ਓਵਰਾਂ ਵਿੱਚ ਜਡੇਜਾ ਨੇ ਡਾਢਾ ਕੁਟਾਪਾ ਚਾੜ੍ਹਿਆ, ਵਕਾਰ ਯੂਨਸ ਦੇ ਇੱਕ ਓਵਰ ਵਿੱਚ ਹੀ 22 ਦੌੜਾਂ ਬਣਾਈਆਂ, ਅਤੇ 25 ਗੇਂਦਾਂ 'ਤੇ 45 ਦੌੜਾਂ ਬਣਾ ਕੇ ਭਾਰਤ ਦਾ ਸਕੋਰ 287 ਤਕ ਪਹੁੰਚਾ ਦਿੱਤਾ।

ਬਦਲੇ ਵਿੱਚ ਪਾਕਿਸਤਾਨ ਦੇ ਆਮਿਰ ਸੋਹੇਲ ਨੇ ਵੱਡਾ ਹਮਲਾ ਕੀਤਾ ਅਤੇ ਵੈਂਕਟੇਸ਼ ਪ੍ਰਸਾਦ ਨੂੰ ਖਾਸ ਤੌਰ 'ਤੇ ਚੌਕੇ ਮਾਰੇ।

ਪਰ ਜਦੋਂ ਸੋਹੇਲ ਨੇ ਪ੍ਰਸਾਦ ਨੂੰ ਬਾਊਂਡਰੀ ਵੱਲ ਇਸ਼ਾਰਾ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸਾਦ ਨੂੰ ਵੀ ਗੁੱਸਾ ਆ ਗਿਆ।

ਅਗਲੇ ਹੀ ਓਵਰ ਵਿੱਚ ਪ੍ਰਸਾਦ ਨੇ ਇਸ ਖੱਬੂ ਬੱਲੇਬਾਜ਼ ਨੂੰ ਕਲੀਨ ਬੋਲਡ ਕਰ ਦਿੱਤਾ। ਅੱਜ ਵੀ ਇਸ ਦੀ ਯੂ-ਟਿਊਬ ਵੀਡੀਓ ਕਦੇ-ਕਦਾਈਂ ਇੰਟਰਨੈੱਟ 'ਤੇ ਵਾਇਰਲ ਹੁੰਦੀ ਰਹਿੰਦੀ ਹੈ।

ਇਸ ਮੈਚ ਵਿੱਚ ਜਾਵੇਦ ਮਿਆਂਦਾਦ, ਜੋ ਕਿ ਆਪਣੀ ਤੇਜ਼ ਦੌੜ ਲਈ ਜਾਣੇ ਜਾਂਦੇ ਸਨ, ਰਨ-ਆਊਟ ਹੋ ਗਏ ਸਨ।

ਬਿਸ਼ਨ ਸਿੰਘ ਬੇਦੀ ਨੂੰ ਕਿਉਂ ਆਇਆ ਗੁੱਸਾ

ਗੱਲ ਉਸੇ ਵੇਲੇ ਦੀ ਹੈ ਜਦੋਂ ਵਨ-ਡੇਅ ਮੈਚ ਮਸ਼ਹੂਰ ਹੋ ਰਹੇ ਸਨ। ਨਵੰਬਰ 1978 ਵਿੱਚ ਭਾਰਤੀ ਟੀਮ ਦਾ ਇਹ ਪਾਕਿਸਤਾਨ ਦੌਰਾ 16 ਸਾਲਾਂ ਬਾਅਦ ਰੱਖਿਆ ਗਿਆ ਸੀ ਕਿਉਂਕਿ ਦੋਵਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਲੰਮੇ ਸਮੇਂ ਤੋਂ ਵਿਗਾੜ ਚਲਦਾ ਆ ਰਿਹਾ ਸੀ।

Image copyright Getty Images

ਸਾਹੀਵਾਲ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ ਭਾਰਤ ਨੂੰ ਜਿੱਤਣ ਲਈ 22 ਦੌੜਾਂ ਚਾਹੀਦੀਆਂ ਸਨ ਪਰ ਵਿਕਟਾਂ ਸਿਰਫ ਦੋ ਬਾਕੀ ਸਨ।

ਅੰਸ਼ੂਮਨ ਗਾਇਕਵਾੜ ਤੇ ਗੁੰਡੱਪਾ ਵਿਸ਼ਵਨਾਥ ਬੱਲੇਬਾਜ਼ੀ ਕਰ ਰਹੇ ਸਨ, ਜਦੋਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ਾਂ ਇਮਰਾਨ ਖ਼ਾਨ ਤੇ ਸਰਫ਼ਰਾਜ਼ ਨਵਾਜ਼ ਨੇ ਬਾਊਂਸਰਾਂ ਦੀ ਝੜੀ ਲਾ ਦਿੱਤੀ।

ਇਸ ਨਕਾਰਾਤਮਕ ਗੇਂਦਬਾਜ਼ੀ ਤੋਂ ਤੰਗ ਆ ਕੇ ਕਪਤਾਨ ਬਿਸ਼ਨ ਸਿੰਘ ਬੇਦੀ ਨੇ ਆਪਣੇ ਬੱਲੇਬਾਜ਼ਾਂ ਨੂੰ ਮੈਦਾਨ ਛੱਡ ਕੇ ਬਾਹਰ ਆਉਣ ਲਈ ਕਹਿ ਦਿੱਤਾ।

ਅਖ਼ੀਰ 'ਚ ਅੰਪਾਇਰਾਂ ਨੇ ਪਾਕਿਸਤਾਨ ਨੂੰ ਜੇਤੂ ਐਲਾਨ ਦਿੱਤਾ।

ਭਾਰਤ ਵਿਸ਼ਵ ਕੱਪ ਵਿੱਚ ਹਮੇਸ਼ਾ ਅੱਗੇ

ਜੇ ਵਿਸ਼ਵ ਕੱਪ ਦੀ ਗੱਲ ਕਰੀਏ ਤਾਂ ਭਾਰਤ ਨੇ ਪਾਕਿਸਤਾਨ ਨੂੰ ਹਰੇਕ ਮੈਚ ਵਿੱਚ ਹਰਾਇਆ ਹੈ।

ਇਨ੍ਹਾਂ ਮੈਚਾਂ ਵਿੱਚੋਂ 1996 ਦਾ ਬੈੰਗਲੌਰ ਵਾਲਾ ਕੁਆਟਰ-ਫਾਈਨਲ ਅਤੇ 2003 ਵਿੱਚ ਦੱਖਣੀ ਅਫਰੀਕਾ ਦੇ ਸੈਂਚੂਰਿਅਨ ਮੈਦਾਨ ਵਿੱਚ ਹੋਇਆ ਮੈਚ ਸ਼ਾਇਦ ਸਭ ਤੋਂ ਰੋਮਾਂਚਕ ਰਹੇ ਹਨ।

ਸੈਂਚੂਰਿਅਨ ਦੇ ਮੈਚ ਵਿੱਚ ਪਾਕਿਸਤਾਨ ਨੇ ਸਈਦ ਅਨਵਰ ਦੇ ਸੈਂਕੜੇ ਸਮੇਤ 273 ਦੌੜਾਂ ਬਣਾਈਆਂ ਸਨ।

ਬਦਲੇ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਾਕਿਸਤਾਨ ਦੇ ਵਕਾਰ ਯੂਨਸ, ਵਸੀਮ ਅਕਰਮ ਤੇ ਸ਼ੋਏਬ ਅਖ਼ਤਰ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹਿਆ।

ਸਚਿਨ ਆਪਣੇ ਸੈਂਕੜੇ ਤੋਂ ਦੋ ਦੌੜਾਂ ਪਹਿਲਾਂ ਹੀ ਆਊਟ ਹੋ ਗਏ ਪਰ ਉਨ੍ਹਾਂ ਦੇ 75 ਗੇਂਦਾਂ 'ਤੇ 98 ਦੇ ਸਕੋਰ ਨੇ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਦਾ ਖਿਤਾਬ ਦੁਆਇਆ ਅਤੇ ਭਾਰਤ ਆਸਾਨੀ ਨਾਲ ਹੀ ਜਿੱਤ ਗਿਆ।

(ਤੁਸ਼ਾਰ ਤ੍ਰਿਵੇਦੀ 'ਨਵਗੁਜਰਾਤ ਸਮੈ' ਦੇ ਸਪੋਰਟਸ ਐਡੀਟਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)