#MeToo: 'ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲਣ 'ਚ ਕੋਈ ਸ਼ਰਮ ਨਹੀਂ'

ਔਰਤ, ਸਰੀਰਕ ਸ਼ੋਸ਼ਣ Image copyright Getty Images
ਫੋਟੋ ਕੈਪਸ਼ਨ 'ਦਿ ਵਾਇਰ' ਸਮਾਚਾਰ ਵੈੱਬਸਾਈਟ ਵਿੱਚ ਰਿਪੋਰਟ ਅਨੂ ਭੂਅਨ ਉਨ੍ਹਾਂ ਔਰਤਾਂ ਵਿੱਚੋਂ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਸਰੀਰਸ ਸ਼ੋਸ਼ਣ ਦੇ ਤਜ਼ਰਬੇ ਲਿਖਣੇ ਸ਼ੁਰੂ ਕਰ ਦਿੱਤੇ ਹਨ

"ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਬਾਰੇ ਖੁੱਲ੍ਹ ਕੇ ਬੋਲਣ ਵਿੱਚ ਕੋਈ ਸ਼ਰਮ ਨਹੀਂ ਹੈ, ਸਗੋਂ ਮੈਨੂੰ ਲੱਗਿਆ ਕਿ ਇਹ ਮੇਰੀ ਬੋਲਣ ਨਾਲ ਜੋ ਸ਼ਰਮ ਅਤੇ ਪਛਤਾਵਾ - ਕਿ ਕੀ ਇਹ ਮੇਰੀ ਗ਼ਲਤੀ ਨਾਲ ਤਾਂ ਨਹੀਂ ਹੋਇਆ ਸੀ - ਜਿਸ ਨੂੰ ਮੈਂ ਆਪਣੇ ਅੰਦਰ ਮਹਿਸੂਸ ਕਰਦੀ ਰਹੀ ਸੀ ਉਸ ਵਿੱਚੋਂ ਨਿਕਲ ਸਕਾਂਗੀ ਅਤੇ ਜਿਸ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਉਸ ਨੂੰ ਸਮਾਜ ਦੀ ਨਜ਼ਰ ਵਿੱਚ ਲਿਆ ਸਕਾਂਗੀ।"

'ਦਿ ਵਾਇਰ' ਸਮਾਚਾਰ ਵੈੱਬਸਾਈਟ ਵਿੱਚ ਰਿਪੋਰਟਰ ਅਨੂ ਭੂਅਨ ਉਨ੍ਹਾਂ ਔਰਤਾਂ ਵਿੱਚੋਂ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਸਰੀਰਕ ਸ਼ੋਸ਼ਣ ਦੇ ਤਜ਼ਰਬੇ ਲਿਖਣੇ ਸ਼ੁਰੂ ਕਰ ਦਿੱਤੇ ਹਨ।

ਸਰੀਰਕ ਸ਼ੋਸ਼ਣ, ਮਤਲਬ ਕਿਸੇ ਦੇ ਨਾਂਹ ਕਰਨ ਦੇ ਬਾਵਜੂਦ ਉਸ ਨੂੰ ਛੂਹਣਾ, ਛੂਹਣ ਦੀ ਕੋਸ਼ਿਸ਼ ਕਰਨਾ, ਸਰੀਰਕ ਸਬੰਧ ਬਣਾਉਣ ਦੀ ਮੰਗ ਕਰਨਾ, ਸੈਕਸੁਅਲ ਭਾਸ਼ਾ ਵਾਲੀ ਟਿੱਪਣੀ ਕਰਨਾ, ਪੋਰਨੋਗ੍ਰਾਫ਼ੀ ਦਿਖਾਉਣਾ ਜਾਂ ਕਹੇ-ਅਣਕਹੇ ਤਰੀਕੇ ਨਾਲ ਬਿਨਾਂ ਸਹਿਮਤੀ ਦੇ ਸੈਕਸੁਅਲ ਵਿਹਾਰ ਕਰਨਾ।

ਇਹ ਵੀ ਪੜ੍ਹੋ:

ਇਹ ਭਾਰਤ ਵਿੱਚ ਕਿੰਨਾ ਆਮ ਹੋ ਚੁੱਕਾ ਹੈ, ਕਿੰਨੀਆਂ ਔਰਤਾਂ ਨਾਲ ਨਿੱਜੀ ਪੱਧਰ 'ਤੇ ਜਾਂ ਕੰਮ ਵਾਲੀ ਥਾਂ ਉੱਤੇ ਹੋ ਰਿਹਾ ਹੈ ਅਤੇ ਇਸ 'ਤੇ ਕਿੰਨੀ ਚੁੱਪੀ ਹੈ, ਇਹ ਸਭ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਉੱਤੇ #MeToo ਦੇ ਨਾਲ ਆਏ ਟਵੀਟਸ ਦੇ ਹੜ੍ਹ ਵਿੱਚ ਦੇਖਣ ਨੂੰ ਮਿਲਿਆ।

ਅਦਾਕਾਰ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਇਲਜ਼ਾਮ ਲਗਾਉਣ ਅਤੇ ਕਈ ਔਰਤਾਂ ਦੇ ਕੌਮਿਕ ਕਲਾਕਾਰ ਉਤਸਵ ਚੱਕਰਵਰਤੀ ਵੱਲੋਂ ਸਰੀਰਕ ਸ਼ੋਸ਼ਣ ਉੱਤੇ ਬੋਲਣ ਤੋਂ ਬਾਅਦ ਅਜਿਹੀਆਂ ਕਈ ਹੋਰ ਆਵਾਜ਼ਾਂ ਸੋਸ਼ਲ ਮੀਡੀਆ 'ਤੇ ਬੁਲੰਦ ਹੋਣ ਲੱਗੀਆਂ।

ਪੱਤਰਕਾਰਤਾ ਜਗਤ ਤੋਂ ਉੱਠੀਆਂ ਆਵਾਜ਼ਾਂ

ਇਨ੍ਹਾਂ ਵਿੱਚੋਂ ਜ਼ਿਆਦਾਤਰ ਆਵਾਜ਼ਾਂ ਪੱਤਰਕਾਰਤਾ ਜਗਤ ਤੋਂ ਉੱਠੀਆਂ ਹਨ। ਕਈ ਔਰਤਾਂ ਨੇ ਮਰਦਾਂ ਦੇ ਨਾਮ ਲੈ ਕੇ ਲਿਖਿਆ ਤਾਂ ਕਈਆਂ ਨੇ ਬਿਨਾਂ ਨਾਮ ਲਏ।

ਕੁਝ ਘਟਨਾਵਾਂ ਕੰਮ ਵਾਲੀਆਂ ਥਾਵਾਂ 'ਤੇ ਬਿਨਾਂ ਸਹਿਮਤੀ ਨਾਲ ਕੀਤੇ ਸੈਕਸੁਅਲ ਵਿਹਾਰ ਦੇ ਬਾਰੇ ਸਨ। ਕਈ ਸਰੀਰਕ ਸਬੰਧ ਬਣਾਉਣ ਦੀ ਮੰਗ ਬਾਰੇ ਅਤੇ ਕਈ ਪੋਰਨੋਗ੍ਰਾਫ਼ੀ ਦਿਖਾਉਣ ਬਾਰੇ।

ਕਈ ਨਾਲ ਕੰਮ ਕਰਨ ਵਾਲੇ ਮਰਦਾਂ ਜਾਂ ਬੌਸ ਦੇ ਗ਼ਲਤ ਵਿਹਾਰ ਬਾਰੇ ਸੀ।

Image copyright Getty Images
ਫੋਟੋ ਕੈਪਸ਼ਨ ਅਦਾਕਾਰ ਤਨੁਸ਼੍ਰੀ ਦੱਤਾ ਨੇ ਨਾਨਾ ਪਾਟੇਕਰ 'ਤੇ ਇਲਜ਼ਾਮ ਲਗਾਉਣ ਅਤੇ ਕਈ ਔਰਤਾਂ ਦੇ ਕੌਮਿਕ ਕਲਾਕਾਰ ਉਤਸਵ ਚੱਕਰਵਰਤੀ ਵੱਲੋਂ ਸਰੀਰਕ ਸ਼ੋਸ਼ਣ ਉੱਤੇ ਬੋਲਣ ਤੋਂ ਬਾਅਦ ਅਜਿਹੀਆਂ ਕਈ ਹੋਰ ਆਵਾਜ਼ਾਂ ਸੋਸ਼ਲ ਮੀਡੀਆ 'ਤੇ ਬੁਲੰਦ ਹੋਣ ਲੱਗੀਆਂ

ਇਨ੍ਹਾਂ ਵਿੱਚ, ਇੱਕ ਤਰ੍ਹਾਂ ਦਾ ਗੁੱਸਾ ਵੀ ਦਿਖਿਆ ਅਤੇ ਆਪਣੀ ਗੱਲ ਕਹਿਣ ਦਾ ਬੇਖੌਫ਼ ਅੰਦਾਜ਼ ਵੀ ਨਜ਼ਰ ਆਇਆ।

ਅਨੂ ਨੇ ਬਿਜ਼ਨੈਸ ਸਟੈਂਡਰਡ ਅਖ਼ਬਾਰ ਦੇ ਪੱਤਰਕਾਰ ਮੇਅੰਕ ਜੈਨ ਦਾ ਨਾਮ ਲੈ ਕੇ ਆਪਣੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਨੇ ਉਨ੍ਹਾਂ ਨਾਲ ਸੈਕਸ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਅਨੂ 'ਉਸ ਟਾਈਪ ਦੀ ਕੁੜੀ ਹੈ' ਜਿਸ ਕਾਰਨ ਅਨੂ ਇਹ ਸੋਚਦੀ ਰਹੀ ਕਿ ਕੀ ਉਹ ਸੱਚਮੁੱਚ ਉਸ ਤਰ੍ਹਾਂ ਦੀ ਹੈ।

ਅਨੂ ਨੇ ਅਜਿਹਾ ਲਿਖਣ ਤੋਂ ਬਾਅਦ 'ਫੇਮੀਨੀਜ਼ਮਿੰਡੀਆ' ਨਾਮ ਦੀ ਵੈੱਬਸਾਈਟ ਚਲਾਉਣ ਵਾਲੀ ਜਪਲੀਨ ਪਸਰੀਚਾ ਸਮੇਤ ਕਈ ਹੋਰ ਔਰਤਾਂ ਨੇ ਜੈਨ ਖ਼ਿਲਾਫ਼ ਪਿਛਲੇ ਕੁਝ ਸਾਲਾਂ ਵਿੱਚ ਅਜਿਹੇ ਵਿਹਾਰ ਦੇ ਕਈ ਇਲਜ਼ਾਮ ਲਗਾਏ।

ਇਸ ਵਿਚਾਲੇ ਆਨਲਾਈਨ ਸਮਾਚਾਰ ਵੈੱਬਸਾਈਟ ਸਕ੍ਰੋਲ ਨੇ ਆਪਮੇ ਇੱਕ ਲੇਖ ਵਿੱਚ ਦੱਸਿਆ ਹੈ ਕਿ ਜਿਸ ਸਮੇਂ ਮੇਅੰਕ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਸਨ, ਉਨ੍ਹਾਂ ਖ਼ਿਲਾਫ਼ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਗਈ ਸੀ।

ਸ਼ਿਕਾਇਤਕਰਤਾ ਨੇ ਅਧਿਕਾਰਤ ਸ਼ਿਕਾਇਤ ਨਾ ਕਰਨ ਬਾਰੇ ਤੈਅ ਕੀਤਾ ਅਤੇ ਮੇਅੰਕ ਨੂੰ ਲਿਖਤ ਚੇਤਾਵਨੀ ਦੇ ਕੇ ਛੱਡ ਦਿੱਤਾ।

ਬੀਬੀਸੀ ਨੇ ਜਦੋਂ ਇਨ੍ਹਾਂ ਇਲਜ਼ਾਮਾਂ ਬਾਰੇ ਬਿਜ਼ਨੈਸ ਸਟੈਂਡਰਡ ਤੋਂ ਪ੍ਰਤੀਕਿਰਿਆ ਮੰਗੀ ਤਾਂ ਉਨ੍ਹਾਂ ਨੇ ਕਿਹਾ ਕਿ 'ਜਦੋਂ ਅਸੀਂ ਇਸ ਮਾਮਲੇ 'ਤੇ ਕੁਝ ਕਹਿਣਾ ਹੋਵੇਗਾ, ਉਦੋਂ ਹੀ ਕਹਾਂਗੇ।'

ਦਫ਼ਤਰ ਵਿੱਚ ਤਸ਼ਦੱਦ

ਜਪਲੀਨ ਪਸਰੀਚਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਪਣੇ ਤਜ਼ਰਬੇ ਨੂੰ ਟਵੀਟ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਇਸ ਮੁੱਦੇ 'ਤੇ ਬੋਲ ਰਹੀਆਂ ਦੂਜੀਆਂ ਔਰਤਾਂ ਦੇ ਨਾਲ ਖੜ੍ਹਾ ਹੋਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ, "ਮੈਂ ਦੋ ਸਾਲ ਤੱਕ ਖ਼ੁਦ ਨੂੰ ਸਮਝਾਉਂਦੀ ਰਹੀ ਕਿ ਕੋਈ ਗੱਲ ਨਹੀਂ ਇਹ ਇੱਕ ਵਾਕਿਆ ਸੀ, ਪਰ ਜਦੋਂ ਸਾਰਿਆਂ ਨੇ ਦੱਸਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਅਜਿਹਾ ਕਿੰਨੀਆਂ ਹੀ ਔਰਤਾਂ ਨਾਲ ਹੋਇਆ ਹੈ ਅਤੇ #MeToo ਇਸੇ ਚੁੱਪੀ ਨੂੰ ਤੋੜਨ ਅਤੇ ਇਹ ਸਾਹਮਣੇ ਲਿਆਉਣ ਲਈ ਹੈ।"

ਅਮਰੀਕਾ, ਜਿੱਥੇ ਕਰੀਬ ਇੱਕ ਸਾਲ ਪਹਿਲਾਂ #MeToo ਮੁਹਿੰਮ ਦੀ ਸ਼ੁਰੂਆਤ ਹੋਈ ਸੀ, ਉੱਥੇ ਸੁਪਰੀਮ ਕੋਰਟ ਵਿੱਚ ਜੱਜ ਬਣਾਉਣ ਦੀ ਦੌੜ ਵਿੱਚ ਸ਼ਾਮਲ ਬ੍ਰੇਟ ਕੈਵਨੋ 'ਤੇ ਸਰੀਰਕ ਹਿੰਸਾ ਦੇ ਇਲਜ਼ਾਮ ਲੱਗੇ ਹਨ ਅਤੇ ਜਰਮਨੀ ਵਿੱਚ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 'ਤੇ ਬਲਾਤਕਾਰ ਦੇ।

ਪਰ ਇਸ ਸਾਲ ਦੇ ਦੌਰਾਨ ਕੁਝ ਇੱਕ ਆਵਾਜ਼ਾਂ ਤੋਂ ਇਲਾਵਾ ਭਾਰਤ ਵਿੱਚ ਸਰੀਰਕ ਸ਼ੋਸ਼ਣ 'ਤੇ ਅਜੀਬ ਜਿਹੀ ਚੁੱਪੀ ਰਹੀ ਸੀ। ਇਹ ਉਦੋਂ ਹੈ ਜਦੋਂ ਭਾਰਤ ਵਿੱਚ ਇਸ ਜੁਰਮ ਦੇ ਖ਼ਿਲਾਫ਼ ਕਾਨੂੰਨ ਲਿਆਂਦੇ ਗਏ ਹਨ।

Image copyright Getty Images
ਫੋਟੋ ਕੈਪਸ਼ਨ ਇਹ ਭਾਰਤ ਵਿੱਚ ਕਿੰਨਾ ਆਮ ਹੋ ਚੁੱਕਾ ਹੈ, ਕਿੰਨੀਆਂ ਔਰਤਾਂ ਨਾਲ ਨਿੱਜੀ ਪੱਧਰ 'ਤੇ ਜਾਂ ਕੰਮ ਵਾਲੀ ਥਾਂ ਉੱਤੇ ਹੋ ਰਿਹਾ ਹੈ ਅਤੇ ਇਸ 'ਤੇ ਕਿੰਨੀ ਚੁੱਪੀ ਹੈ।

2012 ਵਿੱਚ ਜਯੋਤੀ ਸਿੰਘ ਦੇ ਨਾਲ ਹੋਏ ਗੈਂਗਰੇਪ ਤੋਂ ਬਾਅਦ ਸਰੀਰਕ ਹਿੰਸਾ ਖ਼ਿਲਾਫ਼ ਬਣਾਏ ਕਾਨੂੰਨ ਨੂੰ ਹੋਰ ਵਿਆਪਕ ਕੀਤਾ ਗਿਆ ਅਤੇ ਉਸ ਵਿੱਚ ਸਰੀਰਕ ਸ਼ੋਸ਼ਣ ਲਈ ਤਿੰਨ ਸਾਲ ਦੀ ਜੇਲ੍ਹ ਅਤੇ ਜੁਰਮਾਨਾ ਵੀ ਸ਼ਾਮਲ ਕੀਤਾ ਗਿਆ।

ਕੰਮ ਵਾਲੀ ਥਾਂ 'ਤੇ ਸਰੀਰਕ ਸ਼ੋਸ਼ਣ ਦੇ ਲਈ 1997 ਵਿੱਚ ਬਣਾਏ ਗਏ ਦਿਸ਼ਾ ਨਿਰਦੇਸ਼ ਨੂੰ 2013 ਵਿੱਚ ਕਾਨੂੰਨ ਦੀ ਸ਼ਕਲ ਦਿੱਤੀ ਗਈ ਜਿਸ ਦੇ ਤਹਿਤ ਸੰਸਥਾਨਾਂ ਨੂੰ ਸ਼ਿਕਾਇਤ ਕਮੇਟੀਆਂ ਬਣਾਉਣ ਲਈ ਕਿਹਾ ਗਿਆ।

ਇਹ ਵੀ ਪੜ੍ਹੋ:

ਕਾਨੂੰਨ ਦੇ ਤਹਿਤ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੇ ਜਾਣ 'ਤੇ ਸੰਸਥਾ ਦੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਸ਼ਿਕਾਇਤ ਕਮੇਟੀ ਦਾ ਗਠਨ ਕਰਨ ਜਿਸਦੀ ਪ੍ਰਧਾਨਗੀ ਇੱਕ ਔਰਤ ਕਰੇ, ਉਸਦੀ ਅੱਧੀਆਂ ਤੋਂ ਵੱਧ ਮੈਂਬਰ ਔਰਤਾਂ ਹੋਣ ਅਤੇ ਉਸ ਵਿੱਚ ਸਰੀਰਕ ਸ਼ੋਸ਼ਣ ਦੇ ਮੁੱਦੇ 'ਤੇ ਕੰਮ ਕਰ ਰਹੀ ਕਿਸੇ ਬਾਹਰੀ ਗ਼ੈਰ-ਸਰਕਾਰੀ ਸੰਸਥਾ ਦੀ ਇੱਕ ਨੁਮਾਇੰਦੀ ਵੀ ਸ਼ਾਮਲ ਹੋਵੇ।

ਅਜਿਹੀਆਂ ਕਈ ਕਮੇਟੀਆਂ ਵਿੱਚ ਬਾਹਰੀ ਨੁਮਾਇੰਦੇ ਦੇ ਤੌਰ 'ਤੇ ਰਹੀ ਫੈਮੀਨਿਸਟ ਲਕਸ਼ਮੀ ਮੂਰਤੀ ਦੇ ਮੁਤਾਬਕ ਇਹ ਕਾਨੂੰਨ ਬਹੁਤ ਅਹਿਮ ਹੈ ਕਿਉਂਕਿ ਇਹ ਔਰਤਾਂ ਨੂੰ ਆਪਣੇ ਕੰਮ ਦੀ ਥਾਂ ਰਹਿੰਦੇ ਹੋਏ ਅਪਰਾਧੀ ਨੂੰ ਕੁਝ ਸਜ਼ਾ ਦਿਵਾਉਣ ਦਾ ਉਪਾਅ ਦਿੰਦਾ ਹੈ।

ਯਾਨਿ ਇਹ ਜੇਲ੍ਹ ਅਤੇ ਪੁਲਿਸ ਦੇ ਸਖ਼ਤ ਰਸਤੇ ਤੋਂ ਵੱਖ ਨਿਆਂ ਲਈ ਇੱਕ ਵਿਚਾਲੇ ਦਾ ਰਸਤਾ ਖੋਲ੍ਹਦਾ ਹੈ।

'ਸਜ਼ਾ ਦੀ ਪੁਰਾਣੀ ਭਾਸ਼ਾ ਬਦਲ ਰਹੀ ਹੈ'

ਸੋਸ਼ਲ ਮੀਡੀਆ 'ਤੇ ਲਿਖ ਰਹੀ ਪੱਤਰਕਾਰ ਕਹਿੰਦੀ ਹੈ ਕਿ ਕਮੇਟੀਆਂ ਦਾ ਰਸਤਾ ਹਮੇਸ਼ਾ ਕਾਰਗਰ ਨਹੀਂ ਰਹਿੰਦਾ।

ਸੰਧਿਆ ਮੈਨਨ ਨੇ ਦਸ ਸਾਲ ਪਹਿਲਾਂ ਟਾਈਮਜ਼ ਆਫ਼ ਇੰਡੀਆਂ ਅਖ਼ਬਾਰ ਦੇ ਕੇਆਰ ਸ਼੍ਰੀਨਿਵਾਸ ਵੱਲੋਂ ਆਪਣੇ ਕਥਿਤ ਸ਼ੋਸ਼ਣ ਬਾਰੇ ਲਿਖਿਆ ਅਤੇ ਇਲਜ਼ਾਮ ਲਗਾਇਆ ਕਿ ਕਮੇਟੀ ਨੂੰ ਸ਼ਿਕਾਇਤ ਕਰਨ ਉੱਤੇ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਉਸ 'ਤੇ 'ਧਿਆਨ' ਨਾ ਦੇਵੇ।

ਟਾਈਮਜ਼ ਆਫ਼ ਇੰਡੀਆ ਨੇ ਹੁਣ ਇਲਜ਼ਾਮਾਂ ਦੀ ਜਾਂਚ ਦੀ ਗੱਲ ਕਹੀ ਹੈ ਪਰ ਕਮੇਟੀ ਦੇ ਵਿਹਾਰ 'ਤੇ ਬੀਬੀਸੀ ਦੇ ਸਵਾਲ ਦਾ ਅਜੇ ਤੱਕ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ ਹੈ।

ਉੱਧਰ ਪੱਤਰਕਾਰ ਕੇਆਰ ਸ਼੍ਰੀਨਿਵਾਸਨ ਨੇ ਟਵੀਟ ਕੀਤਾ ਕਿ ਉਹ ਇਸ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।

ਫੋਟੋ ਕੈਪਸ਼ਨ ਔਰਤਾਂ ਇੱਕ-ਦੂਜੇ ਨੂੰ ਹਿੰਮਤ ਦੇਣਾ ਚਾਹੁੰਦੀਆਂ ਹਨ ਅਤੇ ਇਸੇ ਇਰਾਦੇ ਨਾਲ ਬੋਲ ਰਹੀਆਂ ਹਨ

ਬੀਬੀਸੀ ਨਾਲ ਗੱਲਬਾਤ ਵਿੱਚ ਸੰਧਿਆ ਨੇ ਕਿਹਾ, "ਮੈਂ ਉਸ ਵੇਲੇ ਬਹੁਤ ਇਕੱਲਾਪਣ ਮਹਿਸੂਸ ਕੀਤਾ ਅਤੇ ਕੁਝ ਮਹੀਨੇ ਬਾਅਦ ਉਹ ਨੌਕਰੀ ਵੀ ਛੱਡ ਦਿੱਤੀ, ਪਰ ਪਿਛਲੇ ਕੁਝ ਸਾਲਾਂ ਵਿੱਚ ਮੈਂ ਉਸ ਵਿਅਕਤੀ ਖ਼ਿਲਾਫ਼ ਕਈ ਅਜਿਹੇ ਇਲਜ਼ਾਮਾ ਬਾਰੇ ਸੁਣਿਆ ਅਤੇ ਤੈਅ ਕੀਤਾ ਕਿ ਹੁਣ ਮੈਨੂੰ ਲਿਖਣਾ ਚਾਹੀਦਾ ਹੈ।"

ਸਜ਼ਾ ਦੀ ਪੁਰਾਣੀ ਭਾਸ਼ਾ ਹੁਣ ਬਦਲ ਰਹੀ ਹੈ। ਔਰਤਾਂ ਇੱਕ-ਦੂਜੇ ਨੂੰ ਹਿੰਮਤ ਦੇਣਾ ਚਾਹੁੰਦੀਆਂ ਹਨ ਅਤੇ ਇਸੇ ਇਰਾਦੇ ਨਾਲ ਬੋਲ ਰਹੀਆਂ ਹਨ।

ਜਪਲੀਨ ਮੁਤਾਬਕ, "ਇਨ੍ਹਾਂ ਕਮੇਟੀਆਂ ਤੋਂ ਜਿਹੜਾ ਨਿਆਂ ਮਿਲਦਾ ਹੈ ਉਸ ਵਿੱਚ ਬਹੁਤ ਸਮਾਂ ਲਗਦਾ ਹੈ ਅਤੇ ਪਿਛਲੀਆਂ ਕੁਝ ਘਟਨਾਵਾਂ ਵਿੱਚ ਅਸੀਂ ਦੇਖਿਆ ਹੈ ਕਿ ਸੰਸਥਾਨ ਅਕਸਰ ਔਰਤ ਪ੍ਰਤੀ ਸੰਵੇਦਨਸ਼ੀਲ ਰਵੱਈਆ ਨਹੀਂ ਰੱਖਦੇ ਹਨ, ਅਜਿਹੇ ਵਿੱਚ ਜਨਤਕ ਤੌਰ 'ਤੇ ਕਿਸੇ ਸ਼ਖ਼ਸ ਖ਼ਿਲਾਫ਼ ਗ਼ਲਤ ਵਿਹਾਰ ਦੀ ਚੇਤਾਵਨੀ ਦੇਣਾ ਬਿਹਤਰ ਰਸਤਾ ਹੋ ਸਕਦਾ ਹੈ।"

ਕੀ ਹਾਸਲ ਹੋਵੇਗਾ?

ਕਿੰਨੇ ਸੰਸਥਾਨਾਂ ਨੇ ਅਜਿਹੀਆਂ ਕਮੇਟੀਆਂ ਬਣਾਈਆਂ ਹਨ, ਇਸ ਬਾਰੇ ਕੋਈ ਜਾਣਕਾਰੀ ਜਨਤਕ ਤੌਰ 'ਤੇ ਮੁਹੱਈਆ ਨਹੀਂ ਹੈ।

ਜਿੱਥੇ ਕਮੇਟੀ ਬਣਾਈ ਗਈ ਹੈ ਉੱਥੇ ਕਈ ਤਰ੍ਹਾਂ ਦੀ ਚਿੰਤਾ ਜ਼ਾਹਰ ਕੀਤੀ ਗਈ ਹੈ। ਜਾਂਚ ਕਮੇਟੀ ਦਾ ਗਠਨ ਸੰਸਥਾ ਦੀ ਜ਼ਿੰਮੇਵਾਰੀ ਹੈ ਅਤੇ ਉਸਦੇ ਮੈਂਬਰ ਵੀ ਉਹੀ ਚੁਣਦੀ ਹੈ ਤਾਂ ਅਜਿਹੇ ਵਿੱਚ ਇਸ ਸੰਸਥਾ ਦਾ ਵੱਡਾ ਪ੍ਰਭਾਵ ਹੁੰਦਾ ਹੈ।

ਇਹ ਵੀ ਪੜ੍ਹੋ:

ਇਹ ਕਮੇਟੀ ਪੱਖਪਾਤ ਕਰੇ, ਇਹ ਬਿਲਕੁਲ ਵੀ ਜ਼ਰੂਰੀ ਨਹੀਂ ਪਰ ਜਦੋਂ ਸ਼ਿਕਾਇਤ ਕਿਸੇ ਵੱਡੇ ਅਹੁਦੇ ਵਾਲੇ ਵਿਅਕਤੀ ਖ਼ਿਲਾਫ਼ ਕੀਤੀ ਜਾਵੇ ਤਾਂ ਔਰਤ 'ਤੇ ਦਬਾਅ ਦਾ ਮਾਹੌਲ ਬਣਾਉਣ ਦੇ ਇਲਜ਼ਾਮ ਲਗਦੇ ਰਹੇ ਹਨ।

ਪਰ ਸੋਸ਼ਲ ਮੀਡੀਆ 'ਤੇ ਆਪਣੇ ਨਾਲ ਹੋਏ ਅਜਿਹੀ ਨਿੱਜੀ ਤਜ਼ਰਬੇ ਲਿਖ ਕੇ ਵੀ ਕੀ ਹਾਸਲ ਹੋਵੇਗਾ?

'ਦਿ ਨਿਊਜ਼ ਮਿਨਟ' ਵੈੱਬਸਾਈਟ ਦੀ ਸੰਪਾਦਕ, ਧੰਨਿਆ ਰਾਜੇਂਦਰਨ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ ਕਿ ਪਿਛਲੇ ਸਾਲਾਂ ਵਿੱਚ ਮਹਿਲਾ ਪੱਤਰਕਾਰ ਆਪਸ ਵਿੱਚ ਹੀ ਅਜਿਹੇ ਤਜ਼ਰਬੇ ਸਾਂਝੇ ਕਰਦੀਆਂ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਸ਼ੁਰੂ ਹੋਈ ਇਸ ਚਰਚਾ ਤੋਂ ਬਾਅਦ ਵੀ ਕਈ ਹੋਰ ਹਨ ਜਿਹੜੇ ਆਪਣੀ ਗੱਲ ਜਨਤਕ ਤੌਰ 'ਤੇ ਕਹਿਣ ਦੀ ਹਿੰਮਤ ਮਹਿਸੂਸ ਨਹੀਂ ਕਰ ਰਹੀਆਂ।

ਉਨ੍ਹਾਂ ਨੇ ਕਿਹਾ, "ਹੁਣ ਇਹ ਗੱਲਾਂ ਬਾਹਰ ਆਈਆਂ ਹਨ ਅਤੇ ਸੰਸਥਾਨਾਂ ਨੂੰ ਸਮਝ ਵਿੱਚ ਆਇਆ ਹੈ ਕਿ ਅਜਿਹਾ ਵਿਹਾਰ ਗ਼ਲਤ ਹੈ ਅਤੇ ਇਸਦੇ ਲਈ ਕੁਝ ਕਰਨਾ ਹੋਵੇਗਾ, ਇਹ ਸਿਰਫ਼ ਸ਼ੁਰੂਆਤ ਹੈ, ਔਰਤਾਂ ਦੇ ਲਈ ਚੰਗਾ ਮਾਹੌਲ ਬਣਾਉਣ ਵੱਲ ਪਹਿਲਾ ਕਦਮ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)