ਓਮ ਪ੍ਰਕਾਸ਼ ਚੌਟਾਲਾ ਦੇ ਫੈਸਲੇ ਮਗਰੋਂ ਦਾਦੇ-ਪੋਤੇ ਦੀ 'ਲੜਾਈ' ਨੇ ਕੀਤਾ ਇਨੈਲੋ ਦਾ ਲੋਕ ਸਭਾ ਚੋਣਾਂ ਲਈ ਰਾਹ ਔਖਾ?

ਦੁਸ਼ਯੰਤ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ Image copyright DUSHYANT CHAUTALA/FB
ਫੋਟੋ ਕੈਪਸ਼ਨ ਦੁਸ਼ਯੰਤ ਚੌਟਾਲਾ ਅਤੇ ਪਾਰਟੀ ਸਰਪ੍ਰਸਤ ਓਮ ਪ੍ਰਕਾਸ਼ ਚੌਟਾਲਾ

ਹਰਿਆਣਾ ਦੇ ਗੋਹਾਨਾ ਵਿੱਚ ਵਿਸ਼ਾਲ ਰੈਲੀ ਮਗਰੋਂ ਪਾਰਟੀ ਦੇ ਸਰਪ੍ਰਸਤ ਓਮ ਪ੍ਰਕਾਸ਼ ਚੌਟਾਲਾ ਦੇ ਇੱਕ ਫੈਸਲੇ ਕਾਰਨ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਵਜ੍ਹਾ ਹੈ ਪਾਰਟੀ ਦੀ ਵਿਰਾਸਤ ਸੰਭਾਲਣ ਲਈ ਚੌਟਾਲਾ ਪਰਿਵਾਰ ਵਿੱਚ ਚੱਲ ਰਹੀ ਘਰੇਲੂ ਲੜਾਈ।

ਪਾਰਟੀ ਪ੍ਰਧਾਨ ਅਤੇ ਸਰਪਰਸਤ ਓਮ ਪ੍ਰਕਾਸ਼ ਚੌਟਾਲਾ ਨੇ ਆਪਣੀ ਪਾਰਟੀ ਦੀ ਵਿਦਿਆਰਥੀ ਇਕਾਈ ਇੰਡੀਅਨ ਨੈਸ਼ਲਨ ਸਟੂਡੈਂਟ ਔਰਗਨਾਈਜ਼ੇਸ਼ਨ ਜਿਸ ਦੀ ਅਗਵਾਈ ਉਨ੍ਹਾਂ ਦੇ ਵੱਡੇ ਪੁੱਤਰ ਅਜੈ ਚੌਟਾਲਾ ਦੇ ਪੁੱਤਰ ਦਿਗਵਿਜੇ ਚੌਟਾਲਾ ਕਰ ਰਹੇ ਸਨ ਭੰਗ ਕਰ ਦਿੱਤਾ ਹੈ।

ਸਾਲ 2014 ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਸੀ।

ਇਹ ਵੀ ਪੜ੍ਹੋ꞉

ਚੌਟਾਲਾ ਸੀਨੀਅਰ ਦੇ ਦੋ ਪੁੱਤਰ ਹਨ ਛੋਟੇ ਅਭੈ ਅਤੇ ਵੱਡੇ ਅਜੈ ਚੌਟਾਲਾ ਜਿਨ੍ਹਾਂ ਦੇ ਦੋ ਪੁੱਤਰ ਹਨ ਦੁਸ਼ਯੰਤ (ਹਿਸਾਰ ਤੋਂ ਸੰਸਦ ਮੈਂਬਰ) ਅਤੇ ਦਿਗਵਿਜੇ ਜੋ ਇਨਸੋ ਦੇ ਕੌਮੀ ਪ੍ਰਧਾਨ ਹਨ।

ਚੌਟਾਲਾ ਨੇ ਕਿਹਾ ਕਿ ਅਜਿਹਾ ਇਨਸੋ ਵਿੱਚ ਪਾਰਟੀ ਇਕਾਈ ਵਜੋਂ ਅਨੁਸ਼ਾਸ਼ਨਹੀਨਤਾ ਦੇ ਵਧਦੇ ਮਾਮਲਿਆਂ ਕਰਕੇ ਲਿਆ ਗਿਆ ਹੈ।

Image copyright SAT SINGH/BBC
ਫੋਟੋ ਕੈਪਸ਼ਨ ਸਿਰਫ਼ ਦੁਸ਼ਯੰਤ (ਸੱਜੇ) ਦੇ ਹਮਾਇਤੀਆਂ ਖਿਲਾਫ ਕਾਰਵਾਈ ਨਾਲ ਉਨ੍ਹਾਂ ਦੇ ਖੇਮੇ ਵਿੱਚ ਤਰਥੱਲੀ ਮੱਚ ਗਈ ਹੈ।

ਦੂਸਰੇ ਪਾਸੇ ਦਿਗਵਿਜੇ ਨੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨਸੋ ਇੱਕ ਖ਼ੁਦਮੁਖਤਿਆਰ ਸੰਗਠਨ ਹੈ ਜਿਸ ਦਾ ਆਪਣਾ ਸੰਵਿਧਾਨ ਹੈ।

ਉਨ੍ਹਾਂ ਦੱਸਿਆ, "ਸਿਰਫ਼ ਅਜੈ ਚੌਟਾਲਾ ਇਸ ਨੂੰ ਭੰਗ ਕਰ ਸਕਦੇ ਹਨ ਜਦਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਮਿਲਿਆ।"

ਪਰਿਵਾਰਕ ਵਿਰਾਸਤ ਦੀ ਜੰਗ

ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਮੁਤਾਬਕ ਇਸ ਫੈਸਲੇ ਦਾ ਅਸਰ ਅੱਜ ਤੋਂ 15 ਸਾਲ ਬਾਅਦ ਪਾਰਟੀ ਦੀ ਵਾਗਡੋਰ ਲਈ ਲੜਨ ਵਾਲਿਆਂ ਉੱਪਰ ਪਏਗਾ।

"ਦੇਵੀ ਲਾਲ ਇੱਕ ਲੋਕ ਆਗੂ ਸਨ ਪਰ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲ ਨੇ ਨਵੀਂ ਸਿਆਸਤ ਅਪਣਾਈ।"

ਤਕਸ਼ਕ ਕਹਿੰਦੇ ਹਨ ਕਿ ਦੇਵੀ ਲਾਲ ਵੀਪੀ ਸਿੰਘ ਵਜ਼ਾਰਤ ਵਿੱਚ ਉਪ-ਪ੍ਰਧਾਨ ਮੰਤਰੀ ਸਨ ਅਤੇ ਸਾਲ 1989 ਵਿੱਚ ਸੂਬੇ ਵਿੱਚ ਸੱਤਾ ਦੀ ਵਾਗਡੋਰ ਓਪੀ ਚੌਟਾਲਾ ਦੇ ਹੱਥਾਂ ਵਿੱਚ ਸੀ।

"ਦੇਵੀ ਲਾਲ ਨੇ ਆਪਣੇ ਵੱਡੇ ਪੁੱਤਰ ਰੰਜੀਤ ਸਿੰਘ ਦੀ ਥਾਂ ਓਪੀ ਚੌਟਾਲਾ ਜੋ ਕਿ ਸਿਆਸੀ ਤੌਰ 'ਤੇ ਵਧੇਰੇ ਢੁਕਵੇਂ ਸਨ ਨੂੰ ਆਪਣਾ ਵਾਰਸ ਬਣਾਇਆ।"

Image copyright SAT SINGH/BBC

ਉਹੀ ਸਥਿਤੀ ਹੁਣ ਚੌਟਾਲਾ ਸੀਨੀਅਰ ਦੇ ਸਾਹਮਣੇ ਹੈ। ਅਜੈ ਸਾਲ 2013 ਦੇ ਜੇਬੀਟੀ ਟੀਚਰ ਭਰਤੀ ਘੁਟਾਲੇ ਕਰਕੇ ਜੇਲ੍ਹ ਵਿੱਚ ਹਨ ਅਤੇ ਅਭੈ ਚੌਟਾਲਾ ਕੋਲ ਪਾਰਟੀ ਦੀ ਕਮਾਨ ਹੈ।

ਸਾਫ਼ ਹੈ ਕਿ ਨੌਜਵਾਨ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਸੰਦ ਕਰਦੇ ਹਨ ਜਦਕਿ ਪਾਰਟੀ ਦੇ ਵਿਧਾਨ ਸਭਾ ਮੈਂਬਰ ਅਭੈ ਨਾਲ ਹਨ ਜੋ ਕਿ ਵਿਧਾਨ ਸਭ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹਨ।

ਸੀਨੀਅਰ ਪੱਤਰਕਾਰ ਪਵਨ ਬਾਂਸਲ ਮੁਤਾਬਕ ਸਾਲ 1989 ਵਿੱਚ ਦੇਵੀ ਲਾਲ ਨੇ ਬੜੀ ਚੁਸਤੀ ਨਾਲ ਓਪੀ ਚੌਟਾਲਾ ਨੂੰ ਉਭਾਰਨ ਲਈ ਆਪਣੇ ਛੋਟੇ ਪੁੱਤਰ ਰੰਜੀਤ ਨੂੰ ਕਾਬੂ ਕੀਤਾ।

ਚੌਟਾਲਾ ਦੀ ਅਗਵਾਈ ਵਿੱਚ ਪਾਰਟੀ ਨੇ ਕਾਫੀ ਤਰੱਕੀ ਕੀਤੀ ਅਤੇ ਪਰ ਜਦੋਂ ਉਨ੍ਹਾਂ ਦੇ ਪੁੱਤਰ ਅਜੈ ਨੇ ਵਾਗਡੋਰ ਆਪਣੇ ਭਰਾ ਅਭੈ ਦੇ ਹੱਥ ਦਿੱਤੀ ਤਾਂ ਹਾਲਾਤ ਵਿਗੜ ਗਏ। ਪਾਰਟੀ ਦੇ ਵਾਰਸ ਬਣਨ ਬਾਰੇ ਸੋਚ ਰਹੇ ਅਜੈ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਹਾਸ਼ੀਏ ਉੱਪਰ ਧੱਕੇ ਮਹਿਸੂਸ ਕੀਤਾ।

ਇਨੈਲੋ ਕੋਲ ਇਸ ਸਮੇਂ ਸੁਨਹਿਰੀ ਮੌਕਾ ਹੈ ਕਿਉਂਕਿ ਭਾਜਪਾ ਸਰਕਾਰ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ ਪਰ ਖਾਨਾ ਜੰਗੀ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ।

ਇਹ ਖਾਨਾ ਜੰਗੀ ਪਾਰਟੀ ਦੀ ਵੰਡ ਬਗੈਰ ਰੁਕਣ ਵਾਲੀ ਨਹੀਂ ਲੱਗਦੀ।

Image copyright SAT SINGH/BBC
ਫੋਟੋ ਕੈਪਸ਼ਨ ਅਜੈ ਸਾਲ 2013 ਦੇ ਜੇਬੀਟੀ ਟੀਚਰ ਭਰਤੀ ਘੁਟਾਲੇ ਕਰਕੇ ਜੇਲ੍ਹ ਵਿੱਚ ਹੈ ਅਤੇ ਅਭੈ ਚੌਟਾਲਾ ਕੋਲ ਪਾਰਟੀ ਦੀ ਕਮਾਂਡ ਹੈ।

ਮੌਜੂਦਾ ਸੰਕਟ ਅਤੇ ਇਸ ਦੇ ਸਿੱਟੇ

ਹਰਿਆਣਾ ਸਟਡੀਜ਼ ਦੇ ਸਾਬਕਾ ਨਿਰਦੇਸ਼ਕ ਐਸਐਸ ਛਾਹੜ ਮੁਤਾਬਕ ਪਰਿਵਾਰਵਾਦੀ ਖੇਤਰੀ ਪਾਰਟੀਆਂ ਵਿੱਚ ਅਜਿਹੀ ਖਿੱਚੋਤਾਣ ਆਮ ਦੇਖਣ ਨੂੰ ਮਿਲਦੀ ਹੈ।

ਛਾਹੜ ਮੁਤਾਬਕ, "ਪਰਿਵਾਰਕ ਕਲੇਸ਼ ਜਨਤਕ ਨਹੀਂ ਹੋਣਾ ਚਾਹੀਦਾ ਸੀ ਅਤੇ ਇਨਸੋ ਨੂੰ ਤੋੜਨਾ ਇੱਕ ਸਖ਼ਤ ਫੈਸਲਾ ਸੀ ਜਿਸ ਨਾਲ ਪਾਰਟੀ ਦੇ ਆਗਾਮੀ ਚੋਣਾਂ ਜਿੱਤਣ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੋਣਗੀਆਂ। ਇਹ ਵੀ ਸੰਭਾਵਨਾ ਹੈ ਕਿ ਇਸ ਕਲੇਸ਼ ਕਰਕੇ ਬੀਐਸਪੀ ਸੁਪਰੀਮੋ ਮਾਇਆਨਵਤੀ ਆਪਣੀ ਪਾਰਟੀ ਬੀਐਸਪੀ ਨੂੰ ਇਨੈਲੋ ਤੋਂ ਵੱਖ ਕਰ ਲੈਣ।"

ਉਨ੍ਹਾਂ ਇਹ ਵੀ ਕਿਹਾ ਕਿ ਦੋ ਭਰਾਵਾਂ ਦਰਮਿਆਨ ਚੱਲ ਰਹੀ ਇਸ ਖਿੱਚੋਤਾਣ ਕਰਕੇ ਭੁਪਿੰਦਰ ਸਿੰਘ ਹੂਡਾ ਦੀ ਅਗਵਾਈ ਵਾਲੀ ਕਾਂਗਰਸ ਨੂੰ ਲਾਭ ਪਹੁੰਚੇਗਾ।

ਇਨੈਲੋ ਦੇ ਰਵਾਇਤੀ ਜਾਟ ਵੋਟਰ ਰੋਹਤਕ ਦੇ ਦਿੱਗਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਨਾਲ ਜੁੜ ਸਕਦੇ ਹਨ।

ਉਨ੍ਹਾਂ ਕਿਹਾ ਕਿ ਹਾਲਾਂਕਿ, ਓਪੀ ਚੌਟਾਲਾ ਨੇ ਗੋਹਾਨਾ ਰੈਲੀ ਮੌਕੇ ਦੁਸ਼ਯੰਤ ਚੌਟਾਲਾ ਦੇ ਹਮਾਇਤੀਆਂ ਨੂੰ ਅਭੈ ਚੌਟਾਲਾ ਦੀ ਮੌਜੂਦਗੀ ਵਿੱਚ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਦੋਹਾਂ ਧੜਿਆਂ ਵਿੱਚ ਸਮਤੋਲ ਬਰਕਰਾਰ ਰੱਖਣਾ ਚਾਹੀਦਾ ਸੀ।

ਸਿਰਫ਼ ਦੁਸ਼ਯੰਤ ਦੇ ਹਮਾਇਤੀਆਂ ਖਿਲਾਫ ਕਾਰਵਾਈ ਨਾਲ ਉਨ੍ਹਾਂ ਦੇ ਖੇਮੇ ਵਿੱਚ ਤਰਥੱਲੀ ਮੱਚ ਗਈ ਹੈ। ਦੁਸ਼ਯੰਤ ਦਾ ਨੌਜਵਾਨਾ ਵਿੱਚ ਖ਼ਾਸਾ ਪ੍ਰਭਾਵ ਹੈ।

ਇਨੈਲੋ ਦੇ ਬੁਲਾਰੇ ਰਵਿੰਦਰ ਦੁੱਲ ਨੇ ਕਿਹਾ ਕਿ ਇਨਸੋ ਨੂੰ ਭੰਗ ਕਰਨ ਦਾ ਫੈਸਲਾ ਆਰਜੀ ਸੀ ਤਾਂ ਕਿ ਪਾਰਟੀ ਵਿੱਚ ਅਨੁਸ਼ਾਸ਼ਨਹੀਣਤਾ ਪੈਦਾ ਕਰਨ ਵਾਲੇ ਤੱਤਾਂ ਨੂੰ ਕੱਢਿਆ ਜਾ ਸਕੇ।

ਉਨ੍ਹਾਂ ਦੱਸਿਆ, "ਇਸ ਨਾਲ ਸਾਡੀ ਪਾਰਟੀ ਦੇ ਚੋਣ ਨਤੀਜਿਆਂ ਉੱਪਰ ਅਸਰ ਨਹੀਂ ਪਵੇਗਾ। ਕਿਉਂਕਿ ਪਾਰਟੀ ਸੁਪਰੀਮੋ ਚੌਟਾਲਾ ਨੇ ਆਪ ਹੀ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਵਾਰਸ ਦਾ ਸਹੀ ਸਮੇਂ ਤੇ ਐਲਾਨ ਕੀਤਾ ਜਾਵੇਗਾ।"

ਇਹ ਵੀ ਪੜ੍ਹੋ꞉

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ