ਬਰਗਾੜੀ ਮੋਰਚੇ ਦੇ ਆਗੂਆਂ ਨੇ ਖਹਿਰਾ ਤੋਂ ਪਾਸਾ ਵੱਟਿਆ - 5 ਅਹਿਮ ਖ਼ਬਰਾਂ

ਖਹਿਰਾ Image copyright Sukhpal Khaira/Twitter

ਪੰਥਕ ਆਗੂਆਂ ਨੇ ਬੇਅਦਬੀ ਮਾਮਲੇ 'ਤੇ 'ਆਪ' ਬਾਗ਼ੀ ਆਗੂ ਸੁਖਪਾਲ ਖਹਿਰਾ ਦੇ 15 ਦਿਨਾਂ ਵਾਲੇ ਅਲਟੀਮੇਟਮ ਤੋਂ ਖ਼ੁਦ ਨੂੰ ਵੱਖ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੇ ਬਾਗੀਆਂ ਅਤੇ ਲੋਕ ਇਨਸਾਫ਼ ਪਾਰਟੀ ਦਾ ਸੁਤੰਤਰ ਐਲਾਨ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਰਗਾੜੀ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਕਿਹਾ, "ਅਸੀਂ 'ਇਨਸਾਫ਼ ਮੋਰਚੇ' 'ਤੇ ਬੈਠੇ ਹਾਂ, ਜੋ ਨਿਆਂ ਲਈ ਇੱਕ ਧਾਰਮਿਕ ਰੋਸ ਪ੍ਰਦਰਸ਼ਨ ਹੈ। ਅਸੀਂ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਇਸ ਧਰਨੇ 'ਤੇ ਬੈਠੇ ਹਾਂ ਅਤੇ ਸਾਨੂੰ ਸਿਆਸੀ ਏਜੰਡੇ ਨਾਲ ਕੋਈ ਲੈਣਾ-ਦੇਣਾ ਨਹੀਂ।"

ਖ਼ਬਰ ਮੁਤਾਬਕ ਪੰਥਕ ਆਗੂਆਂ ਨੇ ਇਹ ਐਲਾਨ ਸੁਖਪਾਲ ਸਿੰਘ ਵੱਲੋਂ ਸੂਬਾ ਸਰਕਾਰ ਨੂੰ ਦਿੱਤੇ ਗਏ 15 ਦਿਨਾਂ ਦੇ ਅਲਟੀਮੇਟਮ ਦੇ 5ਵੇਂ ਦਿਨ ਕੀਤਾ।

ਇਸ ਅਲਟੀਮੇਟਮ 'ਚ ਸੁਖਪਾਲ ਖਹਿਰਾ ਨੇ ਸੂਬਾ ਸਰਕਾਰ ਕੋਲੋਂ ਬੇਅਦਬੀ ਅਤੇ ਬਹਿਬਲ ਕਲਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਜਾਂ ਫੇਰ ਰੋਸ ਪ੍ਰਦਰਸ਼ਨ ਰੈਲੀ ਦਾ ਸਾਹਮਣਾ ਕਰਨ ਲਈ ਕਿਹਾ।

ਇਹ ਵੀ ਪੜ੍ਹੋ:

ਬੇਅਦਬੀ ਮਾਮਲਾ: ਐਸਆਈਟੀ ਵੱਲੋਂ ਜਾਂਚ ਸ਼ੁਰੂ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੁਰਾ 'ਚ ਬੇਅਦਬੀ ਬਾਰੇ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਗੋਲਬਾਰੀ ਦੀ ਘਟਨਾ ਦੀ ਜਾਂਚ ਬਣਾਈ ਵਿਸ਼ੇਸ਼ ਟੀਮ ਨੇ ਬਰਗਾੜੀ ਦਾ ਦੌਰਾ ਕੀਤਾ। ਇਸ ਟੀਮ ਨੇ ਬਕਾਇਦਾ ਦਫ਼ਤਰ ਖੋਲ੍ਹ ਸਮਾਂਬੱਧ ਜਾਂਚ ਕਰਨ ਨੂੰ ਆਪਣਾ ਮਿਸ਼ਨ ਦੱਸਿਆ ਹੈ।

ਐਸਆਈਟੀ ਦੀ ਅਗਵਾਈ ਪੁਲਿਸ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਬੋਧ ਕੁਮਾਰ ਕਰ ਰਹੇ ਹਨ। ਇਹ ਜਾਂਚ ਬਿਓਰੋ ਦੇ ਵੀ ਡਾਇਰੈਕਟਰ ਹਨ।

Image copyright jasbir singh shetra
ਫੋਟੋ ਕੈਪਸ਼ਨ ਐਸਆਈਟੀ ਨੇ ਫਰੀਦਕੋਟ 'ਚ ਕੈਂਪ ਲਗਾ ਕੇ ਕੀਤੀ ਜਾਂਚ ਸ਼ੁਰੂ (ਸੰਕੇਤਕ ਤਸਵੀਰ)

ਇਸ ਤੋਂ ਇਲਾਵਾ ਟੀਮ ਵਿੱਚ ਕਪੂਰਥਲਾ ਤੋਂ ਆਈਜੀਪੀ ਅਰੁਣਪਾਲ ਸਿੰਘ, ਐਸਐਸਪੀ ਸਤਿੰਦਰ ਸਿੰਘ ਅਤੇ ਕਮਾਂਡੈਂਟ ਭੁਪਿੰਦਰ ਸਿੰਘ ਨੇ ਵੀ ਹੁਣ ਤੱਕ ਜਾਂਚ ਦੇ ਹਾਲਾਤ ਦੀ ਸਮੀਖਿਆ ਕੀਤੀ ਹੈ।

ਐਸਆਈਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਕਿਉਂਕਿ 14 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਟੀਮ ਨੇ ਆਪਣੀ ਰਿਪੋਰਟ ਸੌਂਪਣੀ ਹੈ।

ਜਦੋਂ ਐਮਐਲਏ ਨੇ ਧਮਕਾਇਆ ਮਹਿਲਾ ਆਈਏਐਸ ਅਫ਼ਸਰ ਨੂੰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਗ਼ੈਰ-ਕਾਨੂੰਨੀ ਉਸਾਰੀਆਂ ਦੀ ਤੋੜ-ਭੰਨ ਦੌਰਾਨ ਪੱਛਮੀ ਜਲੰਧਰ ਦੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਸ਼ਰੇਆਮ ਧਮਕਾਇਆ।

ਵਿਧਾਇਕ ਸਸ਼ੀਲ ਨੇ ਕਿਹਾ, "ਤੁਸੀਂ ਇੱਕ ਔਰਤ ਹੋ, ਜੇਕਰ ਕੋਈ ਮਰਦ ਹੁੰਦਾ ਤਾਂ ਮੈਂ ਦੱਸਦਾ ਕਿ ਮੈਂ ਕੀ ਵਤੀਰਾ ਕਰਦਾ ਹਾਂ।"

ਇਸ ਦੌਰਾਨ ਨੌਜਵਾਨ ਮਹਿਲਾ ਆਈਏਐਸ ਨੇ ਸੰਜਮ ਵਰਤਿਆ ਕਿਹਾ ਉਹ ਕਾਨੂੰਨ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਪਰ ਵਿਧਾਇਕ ਨੇ ਕਿਹਾ, "ਤੁਹਾਡਾ ਕਾਨੂੰਨ ਇੱਥੇ ਕੰਮ ਨਹੀਂ ਆਵੇਗਾ। ਇਹ ਲੋਕਾਂ ਦਾ ਕਾਨੂੰਨ ਹੈ, ਜਿਸ ਨੂੰ ਤੁਸੀਂ ਨਸ਼ਟ ਕਰ ਰਹੇ ਹੋ। ਜਦੋਂ ਵੀ ਰੇਗੁਲਰਾਈਜੇਸ਼ਨ ਨੀਤੀ ਲਾਗੂ ਹੁੰਦੀ ਹੈ ਤਾਂ ਲੋਕਾਂ ਨੂੰ ਫੀਸ ਭਰਨ ਲਈ ਤਿਆਰ ਹੁੰਦੇ ਹਨ।"

ਕਾਂਗਰਸੀ ਵਿਧਾਇਕ ਇਸ ਤੋਂ ਪਹਿਲਾਂ ਵੀ ਸੁਰਖ਼ੀਆਂ ਵਿੱਚ ਆ ਚੁੱਕੇ ਹਨ, ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗ਼ੈਰ ਕਾਨੂੰਨੀ ਉਸਾਰੀਆਂ 'ਤੇ ਕਾਰਵਾਈ ਕਰਨ ਲਈ ਆਦੇਸ਼ ਦਿੱਤਾ ਗਿਆ ਸੀ ਤਾਂ ਉਹ ਇਸ ਦਾ ਵਿਰੋਧ ਕਰਨ ਲਈ ਜੇਸੀਬੀ ਮਸ਼ੀਨ 'ਤੇ ਬੈਠ ਗਏ ਸਨ।

ਇਹ ਵੀ ਪੜ੍ਹੋ:

ਦਸਤਾਰਧਾਰੀ ਸਿੱਖ ਬਿਨਾਂ ਹੈਲਮੈਟ ਤੋਂ ਚਲਾ ਸਕਣਗੇ ਮੋਟਰਸਾਈਕਲ

ਸੀਬੀਸੀ ਦੀ ਖ਼ਬਰ ਮੁਤਾਬਕ ਓਨਟਾਰੀਓ ਸਣੇ ਤਿੰਨ ਹੋਰ ਸੂਬਿਆਂ ਵਿੱਚ ਜਲਦ ਹੀ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ।

Image copyright Getty Images
ਫੋਟੋ ਕੈਪਸ਼ਨ ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ।

ਦਿ ਪ੍ਰੋਗਰੇਸਿਲ ਕੰਜ਼ਰਵੈਟਿਵ ਸਰਕਾਰ ਮੁਤਾਬਕ ਇਹ ਮਨਜ਼ੂਰੀ ਅਮਲ ਵਿੱਚ 18 ਅਕਤੂਬਰ ਨੂੰ ਆਵੇਗੀ।

ਇਸ ਅਧਿਕਾਰ ਦੀ ਪਛਾਣ ਦਸਤਾਰਧਾਰੀ ਮੋਟਰਸਾਈਕਲ ਸਵਾਰਾਂ ਦੇ ਨਾਗਿਰਕ ਅਧਿਕਾਰਾਂ ਅਤੇ ਧਾਰਮਿਕ ਪ੍ਰਗਟਾਵੇ ਦੀ ਮਾਨਤਾ ਵਜੋਂ ਹੋਵੇਗੀ।

ਤੁਰਕੀ ਕੋਲ ਹੈ 'ਖਾਸ਼ੋਜੀ ਦੇ ਕਤਲ ਦਾ ਸਬੂਤ'

ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਊਦੀ ਅਰਬ ਤੋਂ ਲਾਪਤਾ ਪੱਤਰਕਾਰ ਜਮਾਲ ਖਾਸ਼ੋਜੀ ਸਬੰਧੀ ਤੁਰਕੀ ਅਧਿਕਾਰੀਆਂ ਨੂੰ ਆਡੀਓ ਅਤੇ ਵੀਡੀਓ ਸਬੂਤ ਮਿਲੇ ਹਨ।

Image copyright HO VIA AFP
ਫੋਟੋ ਕੈਪਸ਼ਨ ਜਮਾਲ 2 ਅਕਤੂਬਰ ਨੂੰ ਸਾਊਦੀ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ।

ਰਿਪੋਰਟਾਂ ਮੁਤਾਬਕ ਇਸ ਵਿੱਚ ਇਸਤਾਨਬੁਲ ਸਥਿਤ ਸਾਊਦੀ ਦੂਤਾਵਾਸ 'ਚ ਖਾਸ਼ੋਜੀ ਨੂੰ ਤਸੀਹੇ ਦਿੱਤੇ ਜਾਣ ਅਤੇ ਉਨ੍ਹਾਂ ਦੇ ਕਤਲ ਦੀਆਂ ਤਸਵੀਰਾਂ ਹਨ।

ਖਾਸ਼ੋਜੀ ਸਾਊਦੀ ਅਰਬ ਦੇ ਆਲੋਚਕ ਮੰਨੇ ਜਾਂਦੇ ਸਨ। ਉਹ 2 ਅਕਤੂਬਰ ਨੂੰ ਦੂਤਾਵਾਸ 'ਚ ਦਾਖ਼ਲ ਹੋਏ ਸਨ, ਜਿਸ ਤੋਂ ਬਾਅਦ ਅੱਜ ਤੱਕ ਨਜ਼ਰ ਨਹੀਂ ਆਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)