ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਕੁੜੀਆਂ ਨੇ ਤੋੜਿਆ 'ਪਿੰਜਰਾ', ਮੰਨੀਆਂ ਗਈਆਂ ਮੰਗਾਂ

ਪੰਜਾਬੀ ਯੂਨੀਵਰਸਿਟੀ 'ਚ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ
ਫੋਟੋ ਕੈਪਸ਼ਨ ਕੁੜੀਆਂ ਦੇ ਹੋਸਟਲ ਮੁੰਡਿਆਂ ਵਾਂਗ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਧਰਨਾ ਚੱਲ ਰਿਹਾ ਹੈ

ਕੁੜੀਆਂ ਦੇ ਹੋਸਟਲ ਮੁੰਡਿਆ ਵਾਂਗ ਖੁੱਲ੍ਹੇ ਰੱਖਣ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੁੜੀਆਂ ਦੀ ਚੱਲ ਰਹੀ ਪਿੰਜਰਾ ਤੋੜ ਮੁਹਿੰਮ ਸਮਝੌਤੇ ਤੋਂ ਬਾਅਦ ਖ਼ਤਮ ਕਰ ਦਿੱਤੀ ਗਈ ਹੈ।

ਯੂਨੀਵਰਸਿਟੀ ਤੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵਿਚਾਲੇ ਹੋਏ ਲਿਖਤੀ ਸਮਝੌਤੇ ਮੁਤਾਬਕ ਹੁਣ ਕੁੜੀਆਂ 8 ਦੀ ਬਜਾਇ 9 ਵਜੇ ਤੱਕ ਹੋਸਟਲ ਆ ਸਕਣਗੀਆਂ।

ਇਸ ਤੋਂ ਇਲਾਵਾ 9 ਤੋਂ 10 ਵਜੇ ਜੇ ਵਿਚਕਾਰ ਆਉਣ ਵਾਲੀਆਂ ਕੁੜੀਆਂ ਹੋਸਟਲ ਵਿਚ ਆਕੇ ਰਜਿਸਟਰ ਵਿਚ ਆਪਣੀ ਹਾਜ਼ਰੀ ਦਰਜ ਕਰਨਗੀਆਂ। ਉਨ੍ਹਾਂ ਨੂੰ ਅਰਜ਼ੀ ਦੇਣ ਦੀ ਬਜਾਇ ਉਹ ਰਜਿਸਟਰ ਵਿਚ ਖੁਦ ਹੀ ਆਪਣਾ ਸਹੀ ਟਾਇਮ ਤੇ ਕਾਰਨ ਦਰਜ ਕਰਨਗੀਆਂ।

ਉਨ੍ਹਾਂ ਤੋਂ ਕਿਸੇ ਤੋਂ ਵੀ ਲੇਟ ਐਂਟਰੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ। ਲਾਇਬ੍ਰੇਰੀ ਜਾਣ ਲਈ ਕੁੜੀਆਂ ਨੂੰ ਬੱਸ ਲਾਈ ਜਾਵੇਗੀ ਜੋਂ ਉਨ੍ਹਾਂ ਨੂੰ 11 ਵਜੇ ਹੋਸਟਲ ਵੀ ਛੱਡੇਗੀ।

ਇਹ ਵੀ ਪੜ੍ਹੋ

ਇਸੇ ਹਫ਼ਤੇ ਵੀਰਵਾਰ ਨੂੰ ਬੀਬੀਸੀ ਟੀਮ ਨੇ ਯੂਨੀਵਰਸਿਟੀ ਜਾ ਕੇ ਜ਼ਮੀਨੀ ਹਾਲਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੀ ਰਿਪੋਰਟ ਪਾਠਕਾਂ ਦੀ ਜਾਣਕਾਰੀ ਲਈ ਹੂ-ਬ-ਹੂ ਛਾਪੀ ਜਾ ਰਹੀ ਹੈ।

ਆਮ ਦਿਨਾਂ ਦੀ ਚਹਿਲ-ਪਹਿਲ ਦੇ ਮੁਕਾਬਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦੇ ਵਾਈਸ-ਚਾਂਸਲਰ ਦੇ ਦਫ਼ਤਰ ਅੱਗੇ ਚੁੱਪ ਪਸਰੀ ਹੋਈ ਸੀ।

ਚੰਡੀਗੜ੍ਹ ਤੋਂ ਬੀਬੀਸੀ ਪੰਜਾਬੀ ਦੀ ਟੀਮ 10 ਅਕਤੂਬਰ, ਬੁੱਧਵਾਰ ਨੂੰ ਯੂਨੀਵਰਸਿਟੀ ਪਹੁੰਚੀ ਤਾਂ ਕੁੜੀਆਂ ਦੇ ਹੋਸਟਲ 24 ਘੰਟੇ ਖੋਲ੍ਹਣ ਦੀ ਮੰਗ ਲੈ ਕੇ ਪਿਛਲੇ ਤਿੰਨ ਹਫ਼ਤਿਆਂ ਤੋਂ ਚੱਲ ਰਹੇ ਧਰਨੇ ਦੀ ਗੱਲ ਘੱਟ, ਮੰਗਲਵਾਰ ਰਾਤ ਨੂੰ ਹੋਈ ਹਿੰਸਾ ਦਾ ਜ਼ਿਕਰ ਜਿਆਦਾ ਸੀ।

ਜਿਹੜੇ ਗਮਲੇ ਵਾਈਸ-ਚਾਂਸਲਰ ਦੇ ਦਫ਼ਤਰ ਦੀ ਖ਼ੂਬਸੂਰਤੀ ਵਧਾਉਂਦੇ ਸਨ, ਉਹ ਟੁੱਟੇ ਪਏ ਸਨ। ਵਾਈਸ-ਚਾਂਸਲਰ ਦੇ ਕਮਰੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਕੁਝ ਵਿਦਿਆਰਥੀ ਉੱਥੇ ਆਪਸ ’ਚ ਗੱਲਾਂ ਕਰ ਰਹੇ ਸਨ।

ਫੋਟੋ ਕੈਪਸ਼ਨ ਜੋ ਡਫਲੀ ਵਿਦਿਆਰਥੀਆਂ ਦੇ ਧਰਨੇ ਦੌਰਾਨ ਜੋਸ਼ ਭਰਦੀ ਸੀ, ਉਹ ਅੱਜ ਸ਼ਾਂਤ ਪਈ ਸੀ।

ਵੀ-ਸੀ ਦਫ਼ਤਰ ਦੀ ਪਹਿਲੀ ਮੰਜ਼ਿਲ ’ਤੇ ਖਿੜਕੀਆਂ ਉੱਤੇ ਲੱਗੇ ਸੀਸ਼ੇ ਟੁੱਟੇ ਪਏ ਸਨ। ਯੂਨੀਵਰਸਿਟੀ ’ਚ ਛੁੱਟੀ ਹੋਣ ਕਰਕੇ ਕੋਈ ਵੀ ਅਧਿਕਾਰੀ ਜਾਂ ਅਧਿਆਪਕ ਗੱਲ ਕਰਨ ਲਈ ਮੌਜੂਦ ਨਹੀਂ ਸੀ।

ਦਫ਼ਤਰ ਦਾ ਇਹ ਹਾਲ ਕਿਸ ਨੇ ਕੀਤਾ, ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਕੁਝ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਰਾਤੀ ਕੁਝ ਨੌਜਵਾਨ ਬਾਹਰੋਂ ਆਏ ਅਤੇ ਉਨ੍ਹਾਂ ਧਰਨੇ ’ਤੇ ਬੈਠੇ ਵਿਦਿਆਰਥੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਕੀ ਹੈ ਕੁੜੀਆਂ ਦੀ ਮੰਗ

ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ‘ਪਿੰਜਰਾ ਤੋੜ’ ਮੁਹਿੰਮ ਦੇ ਤਹਿਤ 24 ਘੰਟੇ ਹੋਸਟਲ ਖੋਲ੍ਹਣ ਦੀ ਮੰਗ ਕਰ ਰਹੀਆਂ ਹਨ। ਇਸ ਵੇਲੇ ਰਾਤ 8 ਵਜੇ ਹੋਸਟਲ ਬੰਦ ਕੀਤੇ ਜਾਂਦੇ ਹਨ ਹਾਲਾਂਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ।

ਫੋਟੋ ਕੈਪਸ਼ਨ ਖਿੜਕੀਆਂ ਦੇ ਟੁੱਟੇ ਸੀਸ਼ੇ

ਇਸ ਨੂੰ ਲੈ ਕੇ ਕੁੜੀਆਂ ਅਤੇ ਉਨ੍ਹਾਂ ਦਾ ਸਮਰਥਨ ਕਰ ਰਹੇ ਮੁੰਡਿਆਂ ਵੱਲੋਂ ਵੀ-ਸੀ ਦਫ਼ਤਰ ਦੇ ਬਾਹਰ ਪਿਛਲੇ 23 ਦਿਨਾਂ ਤੋਂ ਧਰਨਾ ਚੱਲ ਰਿਹਾ ਸੀ।

ਯੂਨੀਵਰਸਿਟੀ ਵਿਚ ਪੰਜਾਬੀ ਵਿਭਾਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਮੰਗ 24 ਘੰਟੇ ਦੀ ਥਾਂ ਰਾਤੀ 11 ਵਜੇ ਤੱਕ ਹੋਸਟਲ ਖੁੱਲ੍ਹਿਆ ਰੱਖਣ ਦੀ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਮੁੰਡਿਆਂ ਦੇ ਹੋਸਟਲ ਦੇ ਗੇਟ ਵੀ ਰਾਤੀ 11 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਇਸ ਲਈ ਕੁੜੀਆਂ ਵੀ ਇਸ ਗੱਲ ਨਾਲ ਰਾਜ਼ੀ ਹੋ ਗਈਆਂ ਹਨ।

ਅਮਨਦੀਪ ਕੌਰ ਦੀ ਦਲੀਲ ਹੈ ਕਿ ਮੰਗ ਹੋਸਟਲ ਟਾਈਮਿੰਗ ਦੀ ਨਹੀਂ ਸਗੋਂ ਕੁੜੀਆਂ ਅਤੇ ਮੁੰਡਿਆਂ ’ਚ ਸਮਾਨਤਾ ਦੀ ਹੈ, “ਕਿਉਂਕਿ ਅਸੀਂ ਵੀ ਮੁੰਡਿਆਂ ਦੇ ਬਰਾਬਰ ਫ਼ੀਸ ਯੂਨੀਵਰਸਿਟੀ ਨੂੰ ਦਿੰਦੀਆਂ ਹਾਂ”।

ਇਹ ਵੀ ਪੜ੍ਹੋ

ਫੋਟੋ ਕੈਪਸ਼ਨ ਅਮਨਦੀਪ ਕੌਰ ਮੁਤਾਬਕ ਗੱਲ ਲਿੰਗਕ ਬਰਾਬਰਤਾ ਦੀ ਹੈ।

ਵਿਦਿਆਰਥਣ ਸੰਦੀਪ ਕੌਰ ਦਾ ਕਹਿਣਾ ਹੈ ਕਿ ਰਾਤ ਵੇਲੇ ਮੁੰਡਿਆਂ ਵਾਂਗ ਉਹ ਵੀ ਲਾਇਬ੍ਰੇਰੀ ਅਤੇ ਰੀਡਿੰਗ ਰੂਮ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੀਆਂ ਹਨ, ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ।

ਉਨ੍ਹਾਂ ਦੱਸਿਆ ਕਿ ਕੁੜੀਆਂ ਦੇ ਹੋਸਟਲ ਦੇ ਅੰਦਰ ਰੀਡਿੰਗ ਰੂਮ ਹੈ ਜਿੱਥੇ ਇੱਕੋ ਸਮੇਂ ਸਿਰਫ਼ 15 ਕੁੜੀਆਂ ਪੜ੍ਹਾਈ ਕਰ ਸਕਦੀਆਂ ਹਨ।

ਇੱਕ ਹੋਰ ਵਿਦਿਆਰਥਣ ਸੁਖਪਾਲ ਕੌਰ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੈ “ਪਰ ਅਫ਼ਸੋਸ ਹੈ ਕਿ ਕੈਂਪਸ ’ਚ ਰਾਤ ਸਮੇਂ ਬਹੁਤ ਹੀ ਘੱਟ ਲਾਈਟਾਂ ਜਗਦੀਆਂ ਹਨ, ਸੀਸੀਟੀਵੀ ਕੈਮਰਿਆਂ ਦੀ ਸਥਿਤੀ ਵੀ ਚੰਗੀ ਨਹੀਂ ਹੈ”।

‘ਸੁਰੱਖਿਆ ਨੂੰ ਖ਼ਤਰਾ’

ਟਾਈਮਿੰਗ ਨੂੰ ਲੈ ਕੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦੀ ਇੱਕ ਰਾਇ ਨਹੀਂ ਹੈ।

ਡਿਫੈਂਸ ਸਟਡੀਜ਼ ਉੱਤੇ ਪੀਐੱਚਡੀ ਕਰ ਰਹੇ ਵਿਦਿਆਰਥੀ ਹਰਵਿੰਦਰ ਸੰਧੂ ਨੇ ਦੱਸਿਆ ਕਿ ਉਹ ਕੁੜੀਆਂ ਦੀ ਮੰਗ ਦਾ ਵਿਰੋਧ ਕਰ ਰਹੇ ਹਨ।

ਉਨ੍ਹਾਂ ਦਲੀਲ ਦਿੱਤੀ, “ਘਰਾਂ ’ਚ ਵੀ ਰਾਤ ਸਮੇਂ ਆਉਣ ਦਾ ਸਮਾਂ ਹੁੰਦਾ ਹੈ ਅਤੇ ਜੇਕਰ ਹੋਸਟਲ 24 ਲਈ ਖ਼ੋਲ੍ਹ ਦਿੱਤੇ ਤਾਂ ਕੁੜੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਦੱਸਿਆ ਕਿ “ਮੌਜੂਦਾ ਮਾਹੌਲ ਠੀਕ ਨਹੀਂ ਹੈ” ਕਿਉਂਕਿ “ਨਿੱਤ ਹੀ ਅਪਰਾਧ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ”।

ਫੋਟੋ ਕੈਪਸ਼ਨ ਸੰਦੀਪ ਕੌਰ ਦਾ ਕਹਿਣਾ ਹੈ ਕਿ ਕੁੜੀਆਂ ਅੱਠ ਵਜੇ ਤੋਂ ਬਾਅਦ ਹੋਸਟਲ ਵਿਚ ਬੰਦ ਨਹੀਂ ਹੋਣਾ ਚਾਹੁੰਦੀਆਂ।

ਇੱਕ ਹੋਰ ਵਿਦਿਆਰਥੀ ਹਰਵਿੰਦਰ ਸਿੰਘ ਨੇ ਆਖਿਆ ਕਿ “ਕੁਝ ਕੁ ਵਿਦਿਆਰਥੀ ਹੀ” ਇਸ ਮੰਗ ਦੀ ਵਕਾਲਤ ਕਰ ਰਹੇ ਹਨ “ਕਿਉਂਕਿ ਉਨ੍ਹਾਂ ਦੇ ਆਪਣੇ ਨਿੱਜੀ ਹਿਤ ਹਨ”।

ਹਰਵਿੰਦਰ ਦੀ ਦਲੀਲ ਨਾਲ ਜਤਿੰਦਰ ਸਿੰਘ, ਜੋਕਿ ਵੁਮੈਨ ਸਟੱਡੀ ਵਿਭਾਗ ਦੇ ਵਿਦਿਆਰਥੀ ਹਨ, ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਤਾਂ ਮੁੰਡੇ ਵੀ ਕੈਂਪਸ ਤੇ ਇਸ ਦੇ ਆਲੇ-ਦੁਆਲੇ ਸੁਰੱਖਿਅਤ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਰਾਤੀ 9 ਵਜੇ ਯੂਨੀਵਰਸਿਟੀ ਕੈਂਪਸ ਦੀਆਂ ਸਾਰੀਆਂ ਦੁਕਾਨ ਬੰਦ ਹੋ ਜਾਂਦੀਆਂ ਹਨ ਅਤੇ ਹਨੇਰਾ ਛਾਹ ਜਾਂਦਾ ਹੈ।

“ਪਟਿਆਲਾ ਦੇ ਮਾਹੌਲ ਨੂੰ ਅਸੀਂ ਦਿੱਲੀ ਜਾਂ ਚੰਡੀਗੜ੍ਹ ਦੇ ਸਮਾਨ ਨਹੀਂ ਰੱਖ ਸਕਦੇ। ਸਾਡੀ ਯੂਨੀਵਰਸਿਟੀ ਵਿਚ ਜ਼ਿਆਦਾਤਰ ਵਿਦਿਆਰਥੀ ਪੇਂਡੂ ਤਬਕੇ ਤੋਂ ਪੜ੍ਹਨ ਆਉਂਦੇ ਹਨ।”

ਫੋਟੋ ਕੈਪਸ਼ਨ 9 ਅਕਤੂਬਰ ਨੂੰ ਹਿੰਸਾ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ; ਪੁਲਿਸ ਤੈਨਾਤ ਹੈ

ਇਹ ਵੀ ਪੜ੍ਹੋ

ਯੂਨੀਵਰਸਿਟੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਕੈਂਪਸ ’ਚ ਹੀ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਮੰਗ ਜਾਇਜ਼ ਨਹੀਂ ਹੈ, “ਯੂਨੀਵਰਸਿਟੀ ਦੇ ਪਾਰਕ ‘ਲਵਰ ਪੁਆਇੰਟ’ ਬਣੇ ਹੋਏ ਹਨ, ਜਿਸ ਦਾ ਬੁਰਾ ਅਸਰ ਯੂਨੀਵਰਸਿਟੀ ’ਚ ਰਹਿਣ ਵਾਲੇ ਕਰਮਚਾਰੀਆਂ ਦੇ ਬੱਚਿਆਂ ਉੱਤੇ ਪੈ ਰਿਹਾ ਹੈ।”

ਬੀਬੀਸੀ ਨੇ ਕੁਝ ਅਜਿਹੀਆਂ ਵਿਦਿਆਰਥਣਾਂ ਨਾਲ ਵੀ ਗੱਲ ਕੀਤੀ ਜੋ ਇਸ ਮੰਗ ਦੇ ਵਿਰੋਧ ’ਚ ਹਨ। ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਵੱਡਾ ਸਵਾਲ ਸੁਰੱਖਿਆ ਦਾ ਹੈ।

ਉਨ੍ਹਾਂ ਕਿਹਾ ਜੇਕਰ ਰਾਤੀ 8 ਵਜੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਕੋਈ ਹਮਲਾ ਕਰ ਸਕਦੇ ਹਨ ਤਾਂ ਫਿਰ ਇੱਥੇ ਕੁਝ ਵੀ ਹੋ ਸਕਦਾ ਹੈ।

ਫੋਟੋ ਕੈਪਸ਼ਨ ਹਰਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੁੜੀਆਂ ਦੀ ਮੰਗ ਦੇ ਵਿਰੋਧ ’ਚ ਹਨ।

ਯੂਨੀਵਰਸਿਟੀ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨਾਲ ਵੀ ਬੀਬੀਸੀ ਪੰਜਾਬੀ ਨੇ ਫ਼ੋਨ ਰਾਹੀਂ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬੰਦ ਹੈ ਅਤੇ ਉਹ ਖ਼ੁਦ ਵੀ ਪਟਿਆਲਾ ਤੋਂ ਬਾਹਰ ਹਨ।

ਸੰਘਰਸ਼ ਦਾ ਵਿਦਿਆਰਥੀਆਂ ਦੀ ਪੜਾਈ ਤੇ ਅਸਰ

9 ਅਕਤੂਬਰ ਨੂੰ ਹੋਏ ਹਮਲੇ ਤੋਂ ਬਾਅਦ ਯੂਨੀਵਰਸਿਟੀ ’ਚ ਡਰ ਦਾ ਮਾਹੌਲ ਵੀ ਹੈ। ਵੱਡੀ ਗਿਣਤੀ ’ਚ ਪੁਲਿਸ ਤੈਨਾਤ ਹੈ।

10 ਅਕਤੂਬਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਯੂਨੀਵਰਸਿਟੀ ਬੰਦ ਸੀ ਅਤੇ ਅਗਲੇ ਦੋ ਦਿਨ, ਯਾਨੀ ਵੀਰਵਾਰ ਅਤੇ ਸ਼ੁੱਕਰਵਾਰ, ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋ ਦਿਨ ਦੀ ਛੁੱਟੀ ਐਲਾਨ ਦਿੱਤੀ। ਕੁਝ ਵਿਦਿਆਰਥੀਆਂ ਨੇ ਦੱਸਿਆ ਕਿ “ਯੂਨੀਵਰਸਿਟੀ ਦੀ ਆਪਸੀ ਰਾਜਨੀਤੀ” ਦੇ ਕਾਰਨ ਉਨ੍ਹਾਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।

ਵੀਡੀਓ - ਬੀਬੀਸੀ ਨੇ ਵਿਦਿਆਰਥਣਾਂ ਨਾਲ 27 ਸਤੰਬਰ ਨੂੰ ਵੀ ਗੱਲ ਕੀਤੀ

ਤੁਹਾਨੂੰ ਇਹ ਵੀਡੀਓ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਤੇ YouTube 'ਤੇ ਜੁੜੋ।)