ਕੀ ਹਰਿਆਣਾ ਵਿੱਚ ਵੀ ਟੁੱਟੇਗਾ ਚੋਣਾਂ ਰਾਹੀਂ 'ਪਿੰਜਰਾ'?

  • ਸਰਬਜੀਤ ਧਾਲੀਵਾਲ
  • ਬੀਬੀਸੀ ਪੱਤਰਕਾਰ
ਕੁਰਕਸ਼ੇਤਰ ਯੂਨੀਵਰਸਿਟੀ

22 ਸਾਲਾਂ ਬਾਅਦ ਹਰਿਆਣਾ ਵਿੱਚ ਹੋ ਰਹੀਆਂ ਵਿਦਿਆਰਥੀ ਚੋਣਾਂ ਵਿੱਚ ਵੀ ਕੁੜੀਆਂ ਦੇ ਹੋਸਟਲ ਦਾ ਟਾਈਮਿੰਗ ਇੱਕ ਅਹਿਮ ਮੁੱਦਾ ਹੈ।

ਵਿਦਿਆਰਥੀ ਚੋਣਾਂ ਕਰਕੇ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਮਾਹੌਲ ਬਦਲਿਆ ਹੋਇਆ ਹੈ।

ਕੁਰੂਕਸ਼ੇਤਰ ਯੂਨੀਵਰਸਿਟੀ ਸੂਬੇ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਜਦੋਂ ਜਾਂਚ ਮਗਰੋਂ ਅਸੀਂ ਕੈਂਪਸ ਵਿੱਚ ਦਾਖਲ ਹੋਏ ਤਾਂ ਪਹਿਲੀ ਨਜ਼ਰੇ ਪ੍ਰਤੀਤ ਨਹੀਂ ਸੀ ਹੋ ਰਿਹਾ ਕਿ ਇੱਥੇ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਇਸ ਦੀ ਵਜ੍ਹਾ ਸੀ ਵਿਦਿਆਰਥੀਆਂ ਅਤੇ ਪੁਲਿਸ ਦੀ ਕਮੀ।

1996 ਤੋਂ ਬਾਅਦ ਪਹਿਲੀ ਵਾਰ ਹਰਿਆਣਾ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਚੋਣਾਂ ਹੋ ਰਹੀਆਂ ਹਨ। ਅਸੀਂ 22 ਸਾਲਾਂ ਮਗਰੋਂ ਹੋਣ ਵਾਲੀਆਂ ਇਨ੍ਹਾਂ ਚੋਣਾਂ ਦਾ ਤਾਪਮਾਨ ਦੇਖਣ ਪਹੁੰਚੇ ਸੀ।

ਯੂਨੀਵਰਸਿਟੀ ਕੈਂਪਸ ਅੰਦਰ ਜਾ ਕੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੱਲੋਂ ਲਾਏ ਜਾ ਰਹੇ ਕੁਝ ਨਾਅਰੇ ਸੁਣਾਈ ਦਿੱਤੇ। ਇਸੇ ਦੌਰਾਨ ਸਾਡੀ ਮੁਲਾਕਾਤ ਇੱਥੋਂ ਦੀ ਪੀਐਚਡੀ ਖੋਜਾਰਥਣ ਪ੍ਰੀਤੀ ਨਾਲ ਹੋਈ। ਪ੍ਰੀਤੀ ਕੈਥਲ ਨਾਲ ਸੰਬੰਧਿਤ ਹਨ।

ਗੱਲਬਾਤ ਦੌਰਾਨ ਪ੍ਰੀਤੀ ਨੇ ਦੱਸਿਆ ਕਿ ਉਹ ਚੋਣਾਂ ਤਾਂ ਭਾਵੇਂ ਨਹੀਂ ਲੜ ਰਹੀ ਪਰ ਵਿਦਿਆਰਥਣਾਂ ਨੂੰ ਪ੍ਰੇਰਿਤ ਕਰ ਰਹੀ ਹਨ। ਉਨ੍ਹਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ।

ਇਹ ਵੀ ਪੜ੍ਹੋ꞉

ਤਸਵੀਰ ਕੈਪਸ਼ਨ,

ਪ੍ਰੀਤੀ ਨੇ ਦੱਸਿਆ ਕਿ ਚੋਣਾਂ ਤਾਂ ਭਾਵੇਂ ਨਹੀਂ ਲੜ ਰਹੀ ਪਰ ਵਿਦਿਆਰਥਣਾਂ ਨੂੰ ਪ੍ਰੇਰਿਤ ਕਰ ਰਹੀ ਹੈ।

ਪ੍ਰੀਤੀ ਨੇ ਦੱਸਿਆ, "ਚੋਣਾਂ ਵਿੱਚ ਕੁੜੀਆਂ ਦੇ ਹੋਸਟਲ ਦੀ ਟਾਈਮ ਲਿਮਟ ਸਭ ਤੋਂ ਵੱਡਾ ਮੁੱਦਾ ਹੈ। ਹੋਸਟਲ ਸ਼ਾਮੀਂ ਸਾਢੇ ਛੇ ਵਜੇ ਬੰਦ ਕਰ ਦਿੱਤਾ ਜਾਂਦਾ ਹੈ। ਦੂਸਰਾ ਮੁੱਦਾ ਹੈ, ਦਿੱਲੀ ਅਤੇ ਚੰਡੀਗੜ੍ਹ ਵਰਗਾ ਮਾਹੌਲ ਬਣਾਉਣਾ ਜੋ ਫਿਲਹਾਲ ਇੱਥੋਂ ਨਦਾਰਦ ਹੈ।"

ਸਾਡੀ ਮੁਲਾਕਾਤ ਚੋਣਾਂ ਵਿੱਚ ਉਮੀਦਵਰ ਵਜੋਂ ਹਿੱਸਾ ਲੈ ਰਹੀ ਪ੍ਰਤੀਮਾ ਨਾਲ ਵੀ ਹੋਈ। ਉਨ੍ਹਾਂ ਉਮੀਦ ਜਤਾਈ ਕਿ ਚੋਣਾਂ ਮਗਰੋਂ ਇੱਥੇ ਵੀ ਚੰਗੇ ਵਿਦਿਆਰਥੀ ਆਗੂ ਪੈਦਾ ਹੋਣਗੇ।

ਉਨ੍ਹਾਂ ਮੁਤਾਬਕ "ਕੁੜੀਆਂ ਦੇ ਹੋਸਟਲ ਦਾ ਸਮਾਂ ਅਤੇ ਉਨ੍ਹਾਂ ਦੀ ਬਿਨਾਂ ਸ਼ੱਕ ਸੁਰੱਖਿਆ ਸਭ ਤੋਂ ਵੱਡਾ ਮਸਲਾ ਹੈ।"

ਚੋਣਾਂ ਦਾ ਤਰੀਕਾ

ਹਰਿਆਣਾ ਵਿੱਚ ਇਹ ਚੋਣਾਂ ਸਿੱਧੀਆਂ ਨਹੀਂ ਕਰਵਾਈਆਂ ਜਾ ਰਹੀਆਂ। ਅਸਿੱਧੀ ਚੋਣ ਪ੍ਰਕਿਰਿਆ ਵਿੱਚ ਪਹਿਲਾਂ ਕਾਲਜਾਂ ਦੇ ਨੁਮਾਇੰਦੇ ਅਤੇ ਫੇਰ ਯੂਨੀਵਰਸਿਟੀ ਵਿਭਾਗਾਂ ਦੇ ਨੁਮਾਇੰਦੇ ਚੁਣੇ ਜਾਣਗੇ।

ਤਸਵੀਰ ਕੈਪਸ਼ਨ,

ਪ੍ਰਤੀਮਾ ਨੇ ਉਮੀਦ ਜਤਾਈ ਕਿ ਚੋਣਾਂ ਮਗਰੋਂ ਇੱਥੇ ਵੀ ਚੰਗੇ ਵਿਦਿਆਰਥੀ ਆਗੂ ਪੈਦਾ ਹੋਣਗੇ।

ਇਹ ਨੁਮਾਇੰਦੇ ਹੀ ਬਾਅਦ ਵਿੱਚ ਪ੍ਰਧਾਨ ਅਤੇ ਹੋਰ ਅਹੁਦੇਦਾਰ ਚੁਣਨਗੇ। ਇਸ ਤਰੀਕੇ ਬਾਰੇ ਵਿਦਿਆਰਥੀਆਂ ਨੂੰ ਇਤਰਾਜ਼ ਹਨ।

ਉਹ ਸਿੱਧੀਆਂ ਚੋਣਾਂ ਦੀ ਮੰਗ ਕਰ ਰਹੇ ਹਨ, ਸਿਵਾਏ ਏਬੀਵੀਪੀ ਦੇ।

ਸੂਬੇ ਦੀ ਪ੍ਰਮੁੱਖ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਲੋਕ ਦਲ ਦੀ ਵਿਦਿਆਰਥੀ ਇਕਾਈ ਇਨਸੋ ਅਤੇ ਕਾਂਗਰਸ ਦੀ ਵਿਦਿਆਰਥੀ ਇਕਾਈ ਐਨਐਸਯੂਆਈ ਚੋਣਾਂ ਕਰਵਾਉਣ ਦੇ ਪੱਖੀ ਨਹੀਂ ਹਨ।

ਇਹ ਵੀ ਪੜ੍ਹੋ꞉

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਪ੍ਰੋਫੈਸਰ ਪਵਨ ਸ਼ਰਮਾ ਨੇ ਦੱਸਿਆ,"ਇਨ੍ਹਾਂ ਚੋਣਾਂ ਦਾ ਮਕਸਦ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਹੱਕ ਦੇਣਾ ਹੈ।"

ਉਨ੍ਹਾਂ ਦੱਸਿਆ ਕਿ ਇਸ ਵਾਰ ਚੋਣਾਂ ਵਿੱਚ ਵਿਦਿਆਰਥਣਾਂ ਨੇ ਵੀ ਚੋਖੀ ਗਿਣਤੀ ਵਿੱਚ ਹਿੱਸਾ ਲਿਆ ਹੈ, ਜੋ ਵਧੀਆ ਗੱਲ ਹੈ।

ਚੋਣਾਂ ਪਹਿਲਾਂ ਕਿਉਂ ਨਹੀਂ ਹੋਈਆਂ

22 ਸਾਲਾਂ ਮਗਰੋਂ ਸੂਬੇ ਵਿੱਚ ਵਦਿਆਰਥੀ ਚੋਣਾਂ ਹੋ ਰਹੀਆਂ ਹਨ। ਬੰਸੀਲਾਲ ਸਰਕਾਰ ਦੇ ਸਮੇਂ ਵਿਦਿਆਰਥੀ ਚੋਣਾਂ ਉੱਪਰ ਹਿੰਸਾ ਕਰਕੇ ਰੋਕ ਲਾ ਦਿੱਤੀ ਗਈ ਸੀ। ਉਸ ਸਮੇਂ ਤੋਂ ਹੀ ਵਿਦਿਆਰਥੀ ਸੂਬੇ ਦੇ ਸਿਆਸੀ ਹਾਸ਼ੀਏ ਉੱਪਰ ਰਹਿ ਰਹੇ ਸਨ।

ਵੀਡੀਓ ਕੈਪਸ਼ਨ,

ਕੁੜੀਆਂ ਦੇ ਹੋਸਟਲ ਦਾ ਸਮਾਂ ਅਤੇ ਉਨ੍ਹਾਂ ਦੀ ਬਿਨਾਂ ਸ਼ੱਕ ਸੁਰੱਖਿਆ ਸਭ ਤੋਂ ਵੱਡਾ ਮਸਲਾ ਹੈ

ਯਾਦਾਂ ਤਾਜ਼ਾ ਕਰਦਿਆਂ ਪ੍ਰੋਫੈਸਰ ਆਰ ਕੇ ਦੇਸਵਾਲ ਨੇ ਦੱਸਿਆ ਕਿ ਕਦੇ ਉਹ ਵੀ ਚੋਣਾਂ ਵਿੱਚ ਹਿੱਸਾ ਲੈਂਦੇ ਸਨ। ਫਿਰ ਨੌਕਰੀ ਕਰਕੇ ਉਹ ਯੂਨੀਵਰਸਿਟੀ ਦਾ ਹੀ ਅੰਗ ਬਣ ਗਏ।

ਉਨ੍ਹਾਂ ਦੱਸਿਆ ਕਿ ਹਿੰਸਾ ਅਤੇ ਖੂਨ-ਖਰਾਬੇ ਕਰਕੇ 1996 ਵਿੱਚ ਇਨ੍ਹਾਂ ਚੋਣਾਂ ਉੱਪਰ ਪਾਬੰਦੀ ਲਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ, "ਚੰਗੀ ਲੀਡਰਸ਼ਿੱਪ ਪੈਦਾ ਕਰਨ ਲਈ ਚੋਣਾਂ ਹੁੰਦੀਆਂ ਸਨ ਪਰ ਹਿੰਸਾ ਕਰਕੇ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ।"

ਹੋਸਟਲ ਵਿੱਚ ਕੁੜੀਆਂ ਦੀ ਸੁਰੱਖਿਆ ਦਾ ਜਿੰਮਾ ਸੰਭਾਲ ਰਹੇ ਅਨੀਤਾ ਚੌਧਰੀ ਵੀ ਚੋਣਾਂ ਲੜ ਚੁੱਕੇ ਹਨ। ਅਨੀਤਾ ਨੇ ਦੱਸਿਆ ਕਿ 22 ਸਾਲ ਲੰਬਾ ਵਕਫਾ ਹੈ ਜਿਸ ਨੂੰ ਪੀੜ੍ਹੀ ਦਾ ਫਾਸਲਾ ਵੀ ਕਿਹਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਉਸ ਸਮੇਂ ਚੋਣਾਂ ਵਿੱਚ ਮੁੱਦੇ ਵੱਖਰੇ ਹੁੰਦੇ ਸਨ "ਜਿਵੇਂ ਹੋਸਟਲਾਂ ਵਿੱਚ ਵਧੀਆ ਖਾਣਾ ਅਤੇ ਫੀਸਾਂ ਪਰ ਹੁਣ ਕਾਫ਼ੀ ਕੁਝ ਬਦਲ ਗਿਆ ਹੈ।"

ਤਸਵੀਰ ਕੈਪਸ਼ਨ,

ਅਨੀਤਾ ਚੌਧਰੀ ਵੀ ਚੋਣਾਂ ਲੜ ਚੁੱਕੇ ਹਨ।

"ਹੁਣ ਸੋਸ਼ਲ ਮੀਡੀਆ ਉੱਪਰ ਪ੍ਰਚਾਰ ਹੋ ਰਿਹਾ ਹੈ ਜਦਕਿ ਸਾਡੇ ਸਮੇਂ ਕਲਾਸਾਂ ਵਿੱਚ ਜਾਇਆ ਜਾਂਦਾ ਸੀ।"

ਕਿਹੋ-ਜਿਹਾ ਹੈ ਯੂਨੀਵਰਸਿਟੀ ਦਾ ਮਾਹੌਲ?

ਯੂਨੀਵਰਸਿਟੀ ਵਿੱਚ ਫੋਟੋਗ੍ਰਫਰ ਦਾ ਕੰਮ ਕਰਨ ਵਾਲੇ ਮਦਨ ਲਾਲ ਮੁਤਾਬਕ ਭਾਵੇਂ ਕਈ ਸਾਲਾਂ ਬਾਅਦ ਚੋਣਾਂ ਹੋ ਰਹੀਆਂ ਹਨ ਪਰ ਫਿਰ ਵੀ ਵਿਦਿਆਰਥੀਆਂ ਦੀ ਦਿਲਚਸਪੀ ਘੱਟ ਹੈ।

ਮਦਨ ਲਾਲ ਨੇ 1991 ਵਿੱਚ ਆਪਣੀ ਦੁਕਾਨ ਸ਼ੁਰੂ ਕੀਤੀ ਸੀ ਇਸ ਲਈ ਉਨ੍ਹਾਂ ਨੇ ਕਾਫੀ ਨੇੜਿਓਂ ਵਿਦਿਆਰਥੀ ਚੋਣਾਂ ਦੇਖੀਆਂ ਹਨ।

ਤਸਵੀਰ ਕੈਪਸ਼ਨ,

ਸਿਮਰਨ, ਮੁਸਕਾਨ ਅਤੇ ਰਿਤਿਕਾ ਨੇ ਇੱਕੋ ਸਾਹੇ ਕਿਹਾ ਕਿ ਉਹ ਪੜ੍ਹਾਈ ਲਈ ਯੂਨੀਵਰਸਿਟੀ ਆਉਂਦੀਆਂ ਹਨ ਨਾ ਕਿ ਸਿਆਸਤ ਲਈ।

ਉਸ ਸਮੇਂ ਵਿਦਿਆਰਥੀ ਇਨ੍ਹਾਂ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਮੁਤਾਬਕ ਇਸ ਦੀ ਇੱਕ ਵਜ੍ਹਾ ਡਰ ਦਾ ਮਾਹੌਲ ਵੀ ਹੈ ਕਿਉਂਕਿ ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ ਹੈ।

ਮਦਨ ਲਾਲ ਨੂੰ 1996 ਦੀਆਂ ਚੋਣਾਂ ਵਿੱਚ ਹੋਈ ਹਿੰਸਾ ਵੀ ਯਾਦ ਹੈ ਜਿਸ ਕਰਕੇ ਸਾਰਾ ਮਾਹੌਲ ਬਦਲ ਗਿਆ ਸੀ ਅਤੇ ਸਰਕਾਰ ਨੇ ਚੋਣਾਂ ਉੱਪਰ ਪਾਬੰਦੀ ਲਾ ਦਿੱਤੀ ਸੀ।

ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਕਰਕੇ ਵਿਦਿਆਰਥੀ ਘਰੋ-ਘਰੀਂ ਚਲੇ ਗਏ ਹਨ ਜਿਸ ਕਰਕੇ ਉਨ੍ਹਾਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ।

ਸਾਡੀ ਮੁਲਾਕਾਤ ਵਿਦਿਆਰਥੀ ਚੋਣਾਂ ਤੋਂ ਬੇਖ਼ਬਰ ਕਲਾਸ ਮੁਕਾ ਕੇ ਘਰ ਜਾਣ ਲਈ ਕਾਹਲੀਆਂ ਸਿਮਰਨ, ਮੁਸਕਾਨ ਅਤੇ ਰਿਤਿਕਾ ਨਾਲ ਹੋਈ।

ਇਹ ਵੀ ਪੜ੍ਹੋ꞉

ਉਨ੍ਹਾਂ ਦੱਸਿਆ ਕਿ ਸਾਨੂੰ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਤਿੰਨਾਂ ਨੇ ਇੱਕੋ ਸਾਹੇ ਕਿਹਾ ਕਿ ਉਹ ਪੜ੍ਹਾਈ ਲਈ ਯੂਨੀਵਰਸਿਟੀ ਆਉਂਦੀਆਂ ਹਨ ਨਾ ਕਿ ਸਿਆਸਤ ਲਈ।

ਸਿਮਰਨ ਮੁਤਾਬਕ ਚੋਣਾਂ ਕਰਕੇ ਯੂਨੀਵਰਸਿਟੀ ਵਿੱਚ ਪੜ੍ਹਾਈ ਦਾ ਮਾਹੌਲ ਨਹੀਂ ਰਿਹਾ। ਆਪਣੇ ਦੋਸਤਾਂ ਨਾਲ ਸ਼ਾਮ ਦੀ ਸੈਰ ਕਰਨ ਨਿਕਲੇ ਸਚਿਨ ਨੇ ਦੱਸਿਆ ਕਿ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੋਣ ਕਰਕੇ ਜ਼ਿਆਦਾਤਰ ਵਿਦਿਆਰਥੀ ਘਰੋ-ਘਰੀਂ ਚਲੇ ਗਏ ਹਨ।

ਸਚਿਨ ਮੁਤਾਬਕ 22 ਸਾਲਾਂ ਦੇ ਵਕਫੇ ਨੂੰ ਭਰਨ ਵਿੱਚ ਕਾਫੀ ਸਮਾਂ ਲੱਗੇਗਾ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)