ਵਿਰਾਟ ਕੋਹਲੀ ਨੇ ਮੀਟ ਤੇ ਦੁੱਧ-ਦਹੀਂ ਖਾਣਾ ਕਿਉਂ ਛੱਡਿਆ

ਵਿਰਾਟ ਕੋਹਲੀ Image copyright NurPhoto
ਫੋਟੋ ਕੈਪਸ਼ਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅਪਣਾਇਆ ਵੀਗਨ ਖਾਣਾ

ਇੱਕ ਰੈਸਟੋਰੈਂਟ ਵਿੱਚ ਪ੍ਰਸਿੱਧ ਅਮਰੀਕੀ ਟੈਨਿਸ ਖਿਡਾਰਨ ਸਰੀਨਾ ਵੀਲੀਅਮਜ਼ ਜੇਕਰ 'ਵੀਗਨ' ਥਾਲੀ ਆਰਡਰ ਕਰਦੀ ਨਜ਼ਰ ਆਵੇ ਤਾਂ...

ਸ਼ਾਇਦ ਹੈਰਾਨੀ ਦੀ ਗੱਲ ਨਾ ਹੋਵੇ ਕਿਉਂਕਿ ਇਹ ਖ਼ਬਰ ਹੁਣ ਪੁਰਾਣੀ ਹੋ ਗਈ ਹੈ।

ਸਰੀਨਾ ਵਿਲੀਅਮਜ਼ ਨੇ ਗਰਭਵਤੀ ਹੋਣ ਤੋਂ ਬਾਅਦ ਆਪਣੀ ਡਾਈਟ ਵਿੱਚ ਬਦਲਾਅ ਕਰਦਿਆਂ ਵੀਗਨ ਖਾਣਾ ਚੁਣਿਆ ਸੀ।

ਵੀਗਨ ਖਾਣੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸ਼ਾਕਾਹਾਰੀ ਤਾਂ ਹੋ ਹੀ ਗਏ ਹੋ, ਇੱਥੋਂ ਤੱਕ ਕੇ ਦੁੱਧ-ਦਹੀਂ, ਘਿਉ, ਮੱਖਣ, ਲੱਸੀ, ਮਲਾਈ ਅਤੇ ਪਨੀਰ ਵੀ ਖਾਣਾ ਛੱਡ ਗਏ ਹੋ। ਇਸ ਵਿੱਚ ਸ਼ਹਿਦ ਤੱਕ ਛੱਡਣਾ ਪੈਂਦਾ ਹੈ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਖੇਡ ਜਗਤ ਦੀਆਂ ਕਈ ਪ੍ਰਸਿੱਧ ਹਸਤੀਆਂ ਅਪਣਾ ਰਹੀਆਂ ਹਨ ਵੀਗਨ ਖਾਣਾ

ਵਿਸ਼ਵ ਪ੍ਰਸਿੱਧ ਫੁੱਟਬਾਲ ਖਿਡਾਰੀ ਲਿਓਨੇਲ ਮੇਸੀ ਦਾ ਖੇਡ ਸੀਜ਼ਨ ਦੌਰਾਨ ਵੀਗਨ ਖਾਣੇ 'ਤੇ ਰਹਿਣਾ ਥੋੜ੍ਹਾ ਹੈਰਾਨ ਜ਼ਰੂਰ ਕਰ ਸਕਦਾ ਹੈ ਕਿਉਂਕਿ ਉਹ ਅਰਜਨਟੀਨਾ ਤੋਂ ਹਨ ਅਤੇ ਦੱਖਣੀ ਅਮਰੀਕਾ ਵਿੱਚ ਸ਼ਾਕਾਹਾਰੀ ਭੋਜਨ ਮਿਲਣਾ ਮੁਸ਼ਕਿਲ ਹੈ। ਅਜਿਹੇ 'ਚ ਵੀਗਨ ਰਹਿਣਾ ਆਪਣੇ ਆਪ ਵਿੱਚ ਚੁਣੌਤੀ ਹੈ।

ਇਸ ਲੜੀ ਵਿੱਚ ਇੱਕ ਹੋਰ ਨਵਾਂ ਨਾਮ ਜੁੜ ਗਿਆ ਹੈ ਅਤੇ ਉਹ ਹੈ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ।

ਸਵਾਲ ਇਹ ਉਠਦਾ ਹੈ ਕਿ ਆਖ਼ਰ ਇਹ ਹੋ ਕੀ ਰਿਹਾ ਹੈ, ਖਿਡਾਰੀ ਵੀਗਨ ਖਾਣਾ ਕਿਉਂ ਅਪਣਾ ਰਹੇ ਹਨ?

Image copyright Mitchell Gunn

ਖਿਡਾਰੀਆਂ ਦੇ ਖਾਣੇ ਦੀ ਮਾਹਿਰ ਦੀਕਸ਼ਾ ਛਾਬੜਾ ਦਾ ਕਹਿਣਾ ਹੈ ਕਿ ਵੀਗਨ ਖਾਣਾ ਦੋ ਤਰੀਕਿਆਂ ਨਾਲ ਅਪਣਾਇਆ ਜਾ ਸਕਦਾ ਹੈ।

  • ਫਲ ਅਤੇ ਘੱਟ ਅੱਗ 'ਤੇ ਪੱਕੀਆਂ ਹੋਈਆਂ ਸਬਜ਼ੀਆਂ ਖਾਣਾ
  • ਜਵਾਰ, ਬਾਜਰਾ, ਕਣਕ, ਮੱਕਾ ਅਤੇ ਦਾਲ 'ਤੇ ਰਹਿਣਾ ਅਤੇ ਨਾਲ ਹੀ ਹਾਈ-ਫੈਟ ਫਲ ਐਵੋਕਾਡੋ ਨੂੰ ਲੈਣਾ

ਇਨ੍ਹਾਂ ਦੋਵਾਂ ਤਰੀਕਿਆਂ ਦਾ ਮਿਸ਼ਰਣ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਸੱਟਾਂ ਤੋਂ ਉਭਰਨ ਲਈ ਵੀਗਨ ਖਾਣਾ ਮਦਦਗਾਰ

ਉਨ੍ਹਾਂ ਨੇ ਦੱਸਿਆ ਕਿ ਖਿਡਾਰੀਆਂ ਵਿੱਚ ਵੀਗਨ ਖਾਣੇ ਦਾ ਰੁਝਾਨ ਇਸ ਲਈ ਵੀ ਵਧੇਰੇ ਹੋ ਸਕਦਾ ਹੈ ਕਿਉਂਕਿ ਇਹ ਖਾਣਾ ਖਾਣ ਨਾਲ ਸਰੀਰ 'ਤੇ ਲੱਗੀ ਸੱਟ ਛੇਤੀ ਭਰਦੀ ਹੈ।

ਸੱਟ ਲਗਦੀ ਹੈ ਤਾਂ ਸਾਡਾ ਸਰੀਰ ਸੋਜਸ਼ ਰਾਹੀਂ ਰੋਗਾਣੂਆਂ ਲਈ ਰੁਕਾਵਟ ਪੈਦਾ ਕਰਦਾ ਹੈ ਤਾਂ ਜੋ ਸਾਡੇ ਸਰੀਰ ਨੂੰ ਨੁਕਸਾਨ ਨਾ ਪਹੁੰਚੇ।

Image copyright NurPhoto

ਪਰ ਅਜਿਹੀ ਸੋਜਸ਼ ਮਾੜੀ-ਮੋਟੀ ਸੱਟ ਲਈ ਤਾਂ ਠੀਕ ਹੈ ਪਰ ਜੇਕਰ ਸੱਟ ਖ਼ਤਰਨਾਕ ਹੈ ਤਾਂ ਸੋਜਿਸ਼ ਨੁਕਸਾਨਦੇਹ ਵੀ ਹੈ।

ਅਜਿਹੇ ਵਿੱਚ ਜਖ਼ਮੀ ਖਿਡਾਰੀ ਨੂੰ ਚਾਹੀਦਾ ਹੈ ਕਿ ਅਜਿਹਾ ਭੋਜਨ ਕਰਨ ਜਿਸ ਨਾਲ ਐਂਟੀ-ਆਕਸੀਡੈਂਟ, ਵਿਟਾਮਿਨ ਮਿਲਣ, ਜਿਵੇਂ ਕਿ ਬੇਰ, ਹਰੀ ਸਬਜ਼ੀਆਂ, ਘੱਟ ਸ਼ੂਗਰ ਵਾਲੇ ਫਲ। ਇਨ੍ਹਾਂ ਨੂੰ ਐਂਟੀ-ਇਨਫਲੈਮੇਟਰੀ ਫੂਡ ਵੀ ਕਹਿੰਦੇ ਹਨ।

Image copyright Getty Images

ਇਹ ਸੋਜਿਸ਼ ਨੂੰ ਰੋਕਦੇ ਹਨ ਅਤੇ ਸਰੀਰ ਨੂੰ ਡਿਟਾਕਸ ਕਰਨ ਵਿੱਚ ਮਦਦ ਕਰਦੇ ਹਨ। ਉੱਥੇ ਹੀ ਪ੍ਰੋ-ਇਨਫਲੈਮੇਟਰੀ ਫੂਡ ਜਿਵੇਂ ਹਾਈ-ਸ਼ੂਗਰ ਪੂਡ, ਰੈੱਡ ਮੀਟ ਸੱਟ ਦੌਰਾਨ ਸਰੀਰ ਨੂੰ ਬੇਹੱਦ ਨੁਕਸਾਨ ਪਹੁੰਚਾਉਂਦਾ ਹੈ।

ਭਾਰ ਘਟਾਉਣ ਵਿੱਚ ਸਹਾਇਕ

ਵੀਗਨ ਖਾਣੇ 'ਚ ਵਿਟਾਮਿਨ ਦੇ ਨਾਲ-ਨਾਲ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਤਾਂ ਇਹ ਮੋਟਾਪਾ ਘਟਾਉਣ ਵਿੱਚ ਕਾਰਗਰ ਮੰਨੀ ਜਾਂਦੀ ਹੈ।

ਫਾਈਬਰ ਖਾਣਾ ਤੁਹਾਨੂੰ ਘੱਟ ਖਾਣ ਦੇ ਬਾਵਜੂਦ ਤੁਹਾਨੂੰ ਰੱਜਿਆ ਹੋਇਆ ਮਹਿਸੂਸ ਕਰਵਾਉਂਦਾ ਹੈ, ਜਿਸ ਨਾਲ ਤੁਸੀਂ ਲੋੜ ਤੋਂ ਵੱਧ ਖਾਣਾ ਨਹੀਂ ਖਾਂਦੇ।

Image copyright Dean Mouhtaropoulos
ਫੋਟੋ ਕੈਪਸ਼ਨ ਇੱਕ ਵੇਟ ਲਿਫਟਰ ਜਾਂ ਬਾਡੀ-ਬਿਲਡਰ ਲਈ ਪ੍ਰੋਟੀਨ ਦੀ ਪੂਰਤੀ ਹੋਣਾ ਸਭ ਤੋਂ ਜ਼ਰੂਰੀ ਹੈ

ਪ੍ਰੋਟੀਨ ਦੀ ਘਾਟ ਕਿਵੇਂ ਪੂਰੀ ਹੋਵੇਗੀ?

ਨਿਊਟ੍ਰੀਸ਼ਨਿਸਟ ਅਤੇ ਵੈਲਨੈੱਸ ਕੋਚ ਅਵਨੀ ਕੌਲ ਦਾ ਕਹਿਣਾ ਹੈ ਕਿ ਹਰ ਖਿਡਾਰੀ ਨੂੰ ਆਪਣੀ ਖੇਡ ਮੁਤਾਬਕ ਤੇ ਆਪਣੇ ਸਰੀਰ ਮੁਤਾਬਕ ਖ਼ੁਰਾਕ ਦੀ ਲੋੜ ਪੈਂਦੀ ਹੈ।

ਇੱਕ ਵੇਟ ਲਿਫਟਰ ਜਾਂ ਬਾਡੀ-ਬਿਲਡਰ ਲਈ ਪ੍ਰੋਟੀਨ ਦੀ ਪੂਰਤੀ ਹੋਣਾ ਸਭ ਤੋਂ ਜ਼ਰੂਰੀ ਹੈ ਤਾਂ ਉੱਥੇ ਦੌੜ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨੂੰ ਤਾਕਤ ਦੇ ਨਾਲ-ਨਾਲ ਊਰਜਾ ਦੀ ਵੀ ਜ਼ਰੂਰਤ ਹੁੰਦੀ ਹੈ ਅਤੇ ਉਹ ਕਾਰਬੋਹਾਈਡ੍ਰੇਟ-ਵੱਧ ਖਾਣ ਨਾਲ ਪੂਰੀ ਹੁੰਦੀ ਹੈ।

ਮਤਲਬ ਸਟ੍ਰੈਂਥ ਅਤੇ ਪਾਵਰ ਐਥਲੀਟ ਦੀਆਂ ਵੱਖ-ਵੱਖ ਜ਼ਰੂਰਤਾਂ ਹੁੰਦੀਆਂ ਹਨ।

Image copyright Cameron Spencer

ਇਸ ਦੀ ਪੂਰਤੀ ਲਈ ਅਵਨੀ ਕੌਲ ਕਹਿੰਦੀ ਹੈ ਕਿ ਸਹੀ ਮਾਤਰਾ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ ਦਾ ਖਾਣੇ ਵਿੱਚ ਹੋਣਾ ਜ਼ਰੂਰੀ ਹੈ।

ਵੀਗਨ ਖਾਣੇ ਨਾਲ ਤੁਹਾਡਾ ਬਲੱਡ-ਸ਼ੂਗਰ ਲੈਵਲ, ਕੌਲੈਸਟਰੋਲ ਲੈਵਲ ਘੱਟ ਹੁੰਦਾ ਹੈ, ਜਿਸ ਨਾਲ ਤੁਹਾਨੂੰ ਡਾਇਬਟੀਜ਼ ਦੀ ਬਿਮਾਰੀ ਹੋਣ ਦਾ ਖ਼ਤਰਾ ਇਕਦਮ ਘਟ ਹੋ ਜਾਵੇਗਾ।

ਪਰ ਜੋ ਪ੍ਰੋਟੀਨ ਤੁਹਾਨੂੰ ਜਾਨਵਰਾਂ ਤੋਂ ਪੈਦਾ ਹੋਣ ਵਾਲੇ ਪਦਾਰਥਾਂ ਤੋਂ ਮਿਲਦਾ ਸੀ ਉਸ ਦੀ ਭਰਪਾਈ ਕਿਵੇਂ ਹੋਵੇਗੀ? ਕਿਉਂਕਿ ਮਾਸ, ਦੁੱਧ-ਦਹੀਂ, ਆਂਡੇ ਅਤੇ ਮੱਛੀ ਨਾਲ ਪਾਜ਼ਿਟਿਵ ਨਾਈਟ੍ਰੋਜਨ ਦੀ ਘਾਟ ਨਹੀਂ ਹੁੰਦੀ ਅਤੇ ਨਾਲ ਹੀ ਇਨ੍ਹਾਂ ਤੋਂ ਨੌਂ ਅਮੀਨੋ ਐਸਿਡ ਮਿਲਦੇ ਹਨ।

ਇਸ ਘਾਟ ਨੂੰ ਪੂਰਾ ਕਰਨ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਵੀਗਨ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਹੈ ਅਤੇ ਕਿਵੇਂ ਇਸ ਨੂੰ ਵੀਗਨ ਖਾਣੇ ਵਿੱਚ ਪਾਇਆ ਜਾ ਸਕਦਾ ਹੈ।

Image copyright Clive Brunskill

ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀਆਂ ਦੇ ਕੋਲ ਇਸ ਕੰਮ ਲਈ ਖਾਣੇ ਦੇ ਮਾਹਿਰਾਂ ਦੀ ਟੀਮ ਹੁੰਦੀ ਹੈ ਪਰ ਆਮ ਆਦਮੀ ਲਈ ਇੱਕ ਸੰਤੁਲਤ ਵੀਗਨ ਖਾਣਾ ਤਿਆਰ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਵਾਤਾਵਰਣ ਲਈ ਖਿਡਾਰੀ ਬਣ ਰਹੇ ਹਨ ਵੀਗਨ?

ਯੂਥ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੀ ਵਰਕਸ਼ਾਪ ਲੈ ਚੁੱਕੀ ਅਵਨੀ ਕੌਲ ਦਾ ਇਹ ਵੀ ਕਹਿਣਾ ਹੈ ਕਿ ਅੱਜ ਕੱਲ ਲੋਕ ਇਸ ਲਈ ਵੀ ਵੀਗਨ ਖਾਣੇ ਨੂੰ ਆਪਣਾ ਰਹੇ ਹਨ ਕਿਉਂਕਿ ਇਹ ਵਾਤਾਵਰਣ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਂਦਾ।

ਸੰਯੁਕਤ ਰਾਸ਼ਟਰ ਦੀ ਫੂਡ ਅਤੇ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਮੁਤਾਬਕ ਵਾਤਾਵਰਣ ਵਿੱਚ ਮਾਸ ਪਕਾਉਣ ਕਾਰਨ ਕਾਰਬਨ ਫੁਟਪ੍ਰਿੰਟ ਵਧ ਰਿਹਾ ਹੈ।

Image copyright Getty Images
ਫੋਟੋ ਕੈਪਸ਼ਨ ਵੀਗਨ ਖਾਣੇ ਵਿੱਚ ਜੇਕਰ ਪ੍ਰੋਟੀਨ ਦੀ ਘਾਟ ਪੂਰੀ ਕਰਨਾ ਚਾਹੁੰਦੇ ਹੋ ਤਾਂ ਦਾਲ, ਸੇਮ, ਸੋਇਆਬੀਨ, ਚਿਆ ਸੀਡਜ਼, ਛੋਲੇ, ਫੁੱਲ ਗੋਭੀ ਆਦਿ ਨੂੰ ਖਾ ਸਕਦੇ ਹੋ।

ਇਹ ਉਸ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ ਅਤੇ ਇਸ ਨਾਲ ਖੇਤੀਬਾੜੀ ਅਤੇ ਕਿਸਾਨ ਨੂੰ ਵੀ ਲਾਭ ਹੈ।

ਕੀ ਵੀਗਨ ਖਾਣਾ ਹੀ ਹੈ ਇਕੋ-ਇੱਕ ਉਪਾਅ

ਇੰਡੀਅਨ ਫੈਡਰੇਸ਼ਨ ਆਫ ਸਪੋਰਟਸ ਮੈਡੀਸਿਨ ਦੇ ਪ੍ਰਧਾਨ ਡਾ. ਪੀਐਸਐਮ ਚੰਦਰਨ ਅਤੇ ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਦਾ ਕਹਿਣਾ ਹੈ ਕਿ ਕਿਸੇ ਖਿਡਾਰੀ ਵੱਲੋਂ ਵੀਗਨ ਖਾਣਾ ਅਪਣਾਉਣਾ ਉਸ ਦਾ ਨਿੱਜੀ ਫ਼ੈਸਲਾ ਹੈ।

Image copyright Dan Kitwood
ਫੋਟੋ ਕੈਪਸ਼ਨ ਉਨ੍ਹਾਂ ਮੁਤਾਬਕ ਵੈਸੇ ਤਾਂ ਵੀਗਨ ਖਾਣੇ ਵਿੱਚ ਫਾਈਟੋਕੇਮਿਕਲਸ ਲਈ ਹੁੰਦੇ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਲਈ ਰੁਕਾਵਟ ਬਣਦੇ ਹਨ

ਜੋ ਲਾਭ ਵੀਗਨ ਖਾਣੇ ਦੇ ਹਨ ਉਹ ਆਮ ਖਾਣੇ ਦੇ ਵੀ ਹੋ ਸਕਦੇ ਹਨ। ਇਸ ਲਈ ਖਾਣੇ ਵਿੱਚ ਪੌਸ਼ਟਿਕ ਭੋਜਨ ਅਤੇ ਸੰਤੁਲਿਤ ਭੋਜਨ ਨੂੰ ਥਾਂ ਦਿਓ।

ਨਿਊਟ੍ਰੀਸ਼ਨਿਸਟ ਅਤੇ ਮੈਟਾਬੋਲਿਕ ਬੈਲੇਂਸ ਕੋਚ ਹਰਸ਼ਿਤਾ ਦਿਲਾਵਰੀ ਕਹਿੰਦੀ ਹੈ ਕਿ ਵੀਗਨ ਖਾਣੇ ਵਿੱਚ ਤੁਹਾਨੂੰ ਕੁਝ ਮਾਈਕ੍ਰੋ-ਨਿਊਟ੍ਰੀਸ਼ਨਿਸਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਧੇਰੇ ਵਿਟਾਮਿਨ ਦੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ।

ਉਨ੍ਹਾਂ ਮੁਤਾਬਕ ਵੈਸੇ ਤਾਂ ਵੀਗਨ ਖਾਣੇ ਵਿੱਚ ਫਾਈਟੋਕੇਮਿਕਲਸ ਲਈ ਹੁੰਦੇ ਹਨ ਜੋ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਤੋਂ ਰੋਕਦੇ ਹਨ।

Image copyright Getty Images
ਫੋਟੋ ਕੈਪਸ਼ਨ ਇੱਕ ਖਿਡਾਰੀ ਲਈ ਪ੍ਰੋਟੀਨਜ਼ਕਾਰਬੋਹਾਈਡ੍ਰੇਟ, ਕੈਲਸ਼ੀਅਮ, ਵਿਚਾਮਿਨ ਡੀ ਅਤੇ ਫੈਟੀ ਐਸਿਡ ਸਭ ਤੋਂ ਵੱਧ ਜ਼ਰੂਰੀ ਹੁੰਦੇ ਹਨ।

ਇਸ ਲਈ ਉਹ ਦੱਸਦੀ ਹੈ ਕਿ ਵੀਗਨ ਖਾਣੇ ਵਿੱਚ ਦਲੀਆ, ਅਨਾਜ ਅਤੇ ਸੋਇਆਬੀਨ ਖਾਣਾ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਖਿਡਾਰੀ ਲਈ ਪ੍ਰੋਟੀਨਜ਼ਕਾਰਬੋਹਾਈਡ੍ਰੇਟ, ਕੈਲਸ਼ੀਅਮ, ਵਿਚਾਮਿਨ ਡੀ ਅਤੇ ਫੈਟੀ ਐਸਿਡ ਸਭ ਤੋਂ ਵੱਧ ਜ਼ਰੂਰੀ ਹੁੰਦੇ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)