ਕੀ ਮੋਦੀ ਨੇ ਇਸ ਡਰ ਕਰਕੇ ਸੀਬੀਆਈ ਡਾਇਰੈਕਟਰ ਨੂੰ ਰਾਤੀਂ 2 ਵਜੇ ਹਟਾਇਆ

ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ।

ਸੀਬੀਆਈ ਡਾਇਰੈਕਟਰ ਨੂੰ ਹਟਾਉਣ ਦੇ ਮਾਮਲੇ ਵਿਚ ਘਿਰੀ ਮੋਦੀ ਸਰਕਾਰ ਉੱਤੇ ਕਾਂਗਰਸ ਲਗਾਤਾਰ ਸਿਆਸੀ ਹਮਲੇ ਕਰ ਰਹੀ ਹੈ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਣਾ ਸੰਵਿਧਾਨ ਦੀ ਬੇਅਦਬੀ ਹੈ। ਰਫ਼ਾਲ ਉੱਤੇ ਜਾਂਚ ਦੇ ਡਰ ਤੋਂ ਪ੍ਰਧਾਨ ਮੰਤਰੀ ਨੇ ਰਾਤ ਨੂੰ ਦੋ ਵਜੇ ਇਹ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਨੂੰ ਹਟਾਉਣਾ ਕਾਨੂੰਨੀ ਤੌਰ ਉੱਤੇ ਗਲਤ ਹੈ, ਉਨ੍ਹਾਂ ਕਿਹਾ ਕਿ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ, ਉਸ ਨੂੰ ਹਟਾਉਣ ਦਾ ਅਧਿਕਾਰ ਤਿੰਨ ਮੈਂਬਰੀ ਕਮੇਟੀ ਕਰਦੀ ਹੈ, ਜਿਸ ਵਿਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਆਗੂ ਅਤੇ ਸੁਪਰੀਮ ਕੋਰਟ ਦਾ ਮੁੱਖ ਜੱਜ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ:

ਰਾਹਲ ਗਾਂਧੀ ਨੇ ਕਿਹਾ ਕਿ ਇਹ ਉਨ੍ਹਾਂ ਨੂੰ ਨਿਯੁਕਤ ਕਰਨ ਵਾਲੀ ਕਮੇਟੀ ਦੇ ਦੂਜੇ ਮੈਂਬਰਾਂ ਦਾ ਵੀ ਅਪਮਾਨ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਵਿਧਾਨ ਦਾ ਅਪਮਾਨ ਕੀਤਾ ਹੈ।

ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਜਿਹੜੀ ਕਮੇਟੀ ਨਿਯੁਕਤ ਕਰਦੀ ਹੈ , ਉਹੀ ਹਟਾਉਣ ਦਾ ਅਧਿਕਾਰ ਵੀ ਰੱਖਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ

ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਸੀਬੀਆਈ ਡਾਇਰੈਕਟਰ ਨੂੰ ਪ੍ਰਧਾਨ ਮੰਤਰੀ ਨੇ ਰਾਤ ਨੂੰ ਕਰੀਬ ਦੋ ਵਜੇ ਹੀ ਕਿਉਂ ਹਟਾਇਆ।

ਸੁਪਰੀਮ ਕੋਰਟ 'ਚ ਪਟੀਸ਼ਨ

ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ, ਅਰੁਣ ਸ਼ੌਰੀ ਅਤੇ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਨੇ ਰਫ਼ਾਲ ਲੜਾਕੂ ਜਹਾਜ਼ ਖਰੀਦ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਬੀਆਈ ਉੱਤੇ ਬਹੁਤ ਜ਼ਿਆਦਾ ਦਬਾਅ ਹੈ, ਜਿਸ ਕਾਰਨ ਉਹ ਨਿਰਪੱਖ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਹੈ। ਪਟੀਸ਼ਨ ਵਿਚ ਕੇਂਦਰ ਸਰਕਾਰ ਨੂੰ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ ਕਿ ਉਹ ਜਾਂਚ ਕਰ ਰਹੇ ਅਧਿਕਾਰੀਆਂ ਦੀਆਂ ਬਦਲੀਆਂ ਨਾ ਕਰੇ ਅਤੇ ਨਾ ਹੀ ਅਫ਼ਸਰਾਂ ਨੂੰ ਡਰਾਏ।

ਅਟਲ ਬਿਹਾਰੀ ਵਾਜਪਈ ਸਰਕਾਰ ਵਿਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਰਫ਼ਾਲ ਲੜਾਕੂ ਜਹਾਜ਼ ਅਤੇ ਸੀਬੀਆਈ ਦੇ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ ਉੱਤੇ ਭੇਜਣ ਦੇ ਮਾਮਲੇ ਉੱਤੇ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲਬਾਤ ਕੀਤੀ । ਅਰੁਣ ਸ਼ੌਰੀ ਨੇ ਇਸ ਮਸਲੇ ਉੱਤੇ ਇਹ ਕੁਝ ਕਿਹਾ:

ਮੋਦੀ ਦੇ ਡਰਨ ਦੇ ਤਿੰਨ ਕਾਰਨ

ਅਰੁਣ ਸ਼ੌਰੀ ਨੇ ਦਾਅਵਾ ਕੀਤਾ ਕਿ ਇਹ ਕਿੰਨੀ ਰੌਚਕ ਗੱਲ ਹੈ ਕਿ ਹਰ ਕਿਸੇ ਨੂੰ ਸੀਬੀਆਈ ਦੇ ਡੰਡੇ ਨਾਲ ਡਰਾਉਣ ਵਾਲੇ ਮੋਦੀ ਹੁਣ ਖੁਦ ਸੀਬੀਆਈ ਤੋਂ ਡਰੇ ਹੋਏ ਹਨ।

  • ਮੋਦੀ ਦੇ ਡਰਨ ਦਾ ਸਭ ਤੋਂ ਪਹਿਲਾ ਕਾਰਨ ਇਹ ਹੈ ਸੀ ਕਿ ਸੀਬੀਆਈ ਵਿਚ ਉਨ੍ਹਾਂ ਦੇ ਖ਼ਾਸ ਬੰਦੇ ਰਾਕੇਸ਼ ਅਸਥਾਨਾ ਉੱਤੇ ਜੇਕਰ ਜ਼ਿਆਦਾ ਦਬਾਅ ਪਿਆ ਤਾਂ ਉਹ ਭੇਦ ਖੋਲ ਸਕਦੇ ਹਨ।
  • ਦੂਜਾ ਡਰ ਇਹ ਕਿ ਸੀਬੀਆਈ ਦੀ ਉਹ ਜਿਸ ਤਰ੍ਹਾਂ ਵਰਤੋਂ ਕਰਨਾ ਚਾਹੁੰਦੇ ਸਨ ਉਸ ਤਰ੍ਹਾਂ ਨਹੀਂ ਕਰ ਪਾ ਰਹੇ ਸਨ।
  • ਮੋਦੀ ਦਾ ਤੀਜਾ ਡਰ ਇਹ ਵੀ ਸੀ ਕਿ ਜੇਕਰ ਆਲੋਕ ਵਰਮਾ ਵਰਗਾ ਖੁਦਮੁਖਤਿਆਰ ਅਫ਼ਸਰ ਰਫ਼ਾਲ ਦੀ ਜਾਂਚ ਕਰਦਾ ਹੈ ਤਾਂ ਉਨ੍ਹਾਂ ਨੂੰ ਮੁਸ਼ਕਲ ਪੈਦਾ ਹੋ ਸਕਦੀ ਹੈ। ਸ਼ਾਇਦ ਇਸ ਦਾ ਕਾਰਨ ਆਲੋਕ ਵਰਮਾ ਦਬਣ ਜਾਂ ਡਰਨ ਵਾਲੇ ਨਹੀਂ ਸਨ।

ਸ਼ੌਰੀ ਦਾ ਦਾਅਵਾ ਹੈ ਕਿ ਇਸ ਸਭ ਤੋਂ ਬਚਣ ਲਈ ਹੀ ਆਲੋਕ ਵਰਮਾਂ ਨੂੰ ਛੁੱਟੀ ਭੇਜਿਆ ਗਿਆ ਹੈ। ਇਸ ਨਾਲ ਸਰਕਾਰ ਦਾ ਬਹੁਤਾ ਭਲਾ ਨਹੀਂ ਹੋਣ ਲੱਗਾ ਬਲਕਿ ਉਨ੍ਹਾਂ ਇੱਕ ਵੱਡਾ ਪਹਾੜ ਆਪਣੇ ਉੱਤੇ ਸੁੱਟ ਲਿਆ ਹੈ, ਅੱਗੇ ਚੱਲਕੇ ਇਸ ਦੇ ਕਈ ਦੂਰਗਾਮੀ ਪ੍ਰਭਾਵ ਹੋਣਗੇ।

ਇਨ੍ਹਾਂ ਵੀਡੀਓਜ਼ ਵਿਚ ਵੀ ਤੁਹਾਡੀ ਰੁਚੀ ਹੋ ਸਕਦੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)