ਆਮ ਆਦਮੀ ਪਾਰਟੀ 'ਚ ਏਕਤਾ ਦੇ ਸਮਝੌਤੇ ਤੋਂ ਕੌਣ ਭੱਜ ਰਿਹਾ

  • ਖੁਸ਼ਹਾਲ ਲਾਲੀ
  • ਪੱਤਰਕਾਰ ਬੀਬੀਸੀ
ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਫਿਰ ਅਹੁਦਾ ਸਾਂਭਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸਰਬਜੀਤ ਕੌਰ ਮਾਣੂਕੇ ਵੱਲੋਂ ਖਹਿਰਾ ਧੜ੍ਹੇ ਦੀ ਤਾਲਮੇਲ ਕਮੇਟੀ ਦੇ ਮੁਖੀ ਕੰਵਰ ਸੰਧੂ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਉੱਤੇ ਸਮਝੌਤੇ ਦੀ ਮਰਿਯਾਦਾ ਤੋੜਨ ਦਾ ਦੋਸ਼ ਲਾਇਆ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੋਵਾਂ ਧੜ੍ਹਿਆਂ ਵਿਚ ਸੁਲ੍ਹਾ ਸਫ਼ਾਈ ਹੋ ਸਕੇਗੀ ਜਾਂ ਨਹੀਂ। ਇਸ ਉੱਤੇ ਸ਼ੰਕਾ ਉਦੋਂ ਹੀ ਖੜ੍ਹੀ ਹੋ ਗਈ ਸੀ। ਜਦੋਂ ਦੋਵਾਂ ਧੜ੍ਹਿਆਂ ਦੀਆਂ ਤਾਲਮੇਲ ਕਮੇਟੀਆਂ ਦੀ ਪਹਿਲੀ ਹੀ ਬੈਠਕ ਤੋਂ ਬਾਅਦ ਕੁਝ ਘੰਟਿਆਂ ਅੰਦਰ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ ਲਾਈਵ ਕਰਕੇ ਦੂਜੇ ਧੜ੍ਹੇ ਦੀਆਂ ਨਿਯੁਕਤੀਆਂ ਉੱਤੇ ਸਵਾਲ ਖੜ੍ਹਾ ਕੀਤਾ ਸੀ ।

ਪਰ ਹੁਣ ਤਾਲਮੇਲ ਕਮੇਟੀ ਦੀ ਮੁਖੀ ਸਰਬਜੀਤ ਕੌਰ ਮਾਣੂਕੇ ਵੱਲੋਂ ਖਹਿਰਾ ਧੜ੍ਹੇ ਦੀ ਤਾਲਮੇਲ ਕਮੇਟੀ ਦੇ ਮੁਖੀ ਕੰਵਰ ਸੰਧੂ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਉੱਤੇ ਸਮਝੌਤੇ ਦੀ ਮਰਿਯਾਦਾ ਤੋੜਨ ਦਾ ਦੋਸ਼ ਲਗਾਇਆ ਗਿਆ ਤਾਂ ਇਹ ਸ਼ੱਕ ਸੱਚ ਵਿਚ ਬਦਲਦਾ ਦਿਖਣ ਲੱਗਾ।

ਕੰਵਰ ਸੰਧੂ ਨੇ ਕਿਹਾ ਹੈ ਕਿ ਸਮਝੌਤੇ ਦੌਰਾਨ ਨਿਯੁਕਤੀਆਂ ਕਰਨ ਤੋਂ ਬਾਅਦ ਖਹਿਰਾ ਦਾ ਸਵਾਲ ਚੁੱਕਣਾ ਜਾਇਜ਼ ਸੀ। ਦੂਜੇ ਪਾਸੇ ਖਹਿਰਾ ਨੇ ਕਿਹਾ ਕਿ ਇਨ੍ਹਾਂ ਨੂੰ ਮੇਰੀ ਮਾਨਸਿਕਤਾ ਸਮਝ ਨਹੀਂ ਆ ਰਹੀ। ਖਹਿਰਾ ਨੇ ਕਿਹਾ ਕਿ ਇਹ ਲੜਾਈ ਅਹੁਦਿਆਂ ਦੀ ਨਹੀਂ ਵਿਚਾਰਧਾਰਾ ਦੀ ਹੈ।

ਬੀਬੀ ਮਾਣੂਕੇ ਹੀ ਨਹੀਂ ਭਗਵੰਤ ਮਾਨ ਨੇ ਵੀ ਸੁਨਾਮ ਵਿਚ ਮੀਡੀਆ ਨੂੰ ਬਿਆਨ ਦਿੱਤਾ ਕਿ ਖਹਿਰਾ ਧੜ੍ਹੇ ਦੀ ਗੱਲ ਕਿਤੇ ਹੋਰ ਬਣ ਗਈ ਹੈ। ਜਿਸ ਬਾਰੇ ਛੇਤੀ ਹੀ ਸਾਫ਼ ਹੋ ਜਾਵੇਗਾ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਸਮਝੌਤੇ ਦੀ ਗੱਲਬਾਤ ਬਾਰੇ ਪ੍ਰੈਸ ਕਾਨਫਰੰਸ ਕਰਕੇ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਵੱਲੋਂ ਸਮਝੌਤਾ ਗੱਲਬਾਤ ਨੂੰ ਤਾਰਪੀਡੋ ਕੀਤਾ ਗਿਆ ਹੈ।

ਖਹਿਰਾ ਨਹੀਂ ਚਾਹੁੰਦੇ ਕਿ ਪਾਰਟੀ ਇਕੱਠੀ ਹੋਵੇ

ਮਾਣੂਕੇ ਨੇ ਚਿੱਠੀ ਵਿਚ ਲਿਖਿਆ ਹੈ, 'ਦੋਵਾਂ ਧਿਰਾਂ ਦੀ ਪੱਕੀ ਸਹਿਮਤੀ ਬਣੀ ਕਿ ਅੱਗੇ ਤੋਂ ਕੋਈ ਵੀ ਪਾਰਟੀ ਦੀ ਮੀਟਿੰਗ ਜਾਂ ਕੋਈ ਵੀ ਗੱਲ ਹੋਏਗੀ ਉਹ ਬੰਦ ਕਮਰੇ ,ਪਰਿਵਾਰ ਦੇ ਅੰਦਰ ਬਹਿਕੇ ਹੋਏਗੀ, ਕੋਈ ਵੀ ਕਮੇਟੀ ਮੈਂਬਰ ਮੀਡੀਆ ਜਾਂ ਸ਼ੋਸ਼ਲ ਮੀਡੀਆ ਅੰਦਰ ਕੋਈ ਗੱਲ ਨਹੀਂ ਕਰੇਗਾ।

ਤਸਵੀਰ ਸਰੋਤ, SARVJIT KAUR MANUKE/fb

ਤਸਵੀਰ ਕੈਪਸ਼ਨ,

ਮਾਣੂਕੇ ਨੇ ਇੱਕ ਸੰਕੇਤਕ ਖੁਲਾਸਾ ਕੀਤਾ, 'ਮੈਂ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਅਹੁਦੇ ਦੀ ਕੁਰਸੀ ਦੀ ਮੰਗ ਵੀ ਜੱਗ ਜ਼ਾਹਰ ਨਹੀ ਕੀਤੀ।

ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਖਹਿਰਾ ਸਾਹਿਬ ਆਪਣੇ ਵੱਲੋਂ ਬਣਾਈ ਤਾਲਮੇਲ ਕਮੇਟੀ ਦੀ ਸਮਰੱਥਾ ਉੱਪਰ ਵਿਸ਼ਵਾਸ਼ ਨਹੀਂ ਰੱਖਦੇ ਜਾਂ ਉਹ ਨਹੀ ਚਾਹੁੰਦੇ ਕਿ ਪਾਰਟੀ ਇਕੱਠੀ ਹੋਵੇ ।

ਮਾਣੂਕੇ ਨੇ ਕੰਵਰ ਸੰਧੂ ਨੂੰ ਅੱਗੇ ਲਿਖਿਆ, 'ਉਨਾਂ ਨੂੰ ਤੁਹਾਡੇ ਵੱਲੋਂ ਲਏ ਗਏ ਫ਼ੈਸਲੇ ਦੀ ਕਦਰ ਨਹੀ ਹੈ, ਜੋ ਕੁਝ ਸਮੇਂ ਅੰਦਰ ਹੀ ਲਾਈਵ ਹੋ ਕੇ ਉਨਾਂ ਨੇ ਲਕਸ਼ਮਣ ਰੇਖਾ ਪਾਰ ਕਰਕੇ ਤਾਲਮੇਲ ਕਮੇਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ।'

ਮਾਣੂਕੇ ਨੇ ਇੱਕ ਸੰਕੇਤਕ ਖੁਲਾਸਾ ਕੀਤਾ, 'ਮੈਂ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਅਹੁਦੇ ਦੀ ਕੁਰਸੀ ਦੀ ਮੰਗ ਵੀ ਜੱਗ ਜ਼ਾਹਿਰ ਨਹੀ ਕੀਤੀ। ਮੈਂ ਬਾਕੀ ਮੰਗਾਂ ਵੀ ਜੱਗ ਜ਼ਹਿਰ ਕਰ ਸਕਦੀ ਸੀ ਪਰ ਮੈਂ ਉਸ ਮੀਟਿੰਗ ਵਿੱਚ ਕੀਤੀ ਕੁਮੈਟਮੈਂਟ ਨੂੰ ਤੋੜ ਕੇ ਲਕਸ਼ਮਣ ਰੇਖਾ ਪਾਰ ਨਹੀਂ ਕਰਨਾ ਚਾਹੁੰਦੀ ਸੀ।

ਖਹਿਰਾ ਧੜ੍ਹੇ ਦੀਆਂ ਸ਼ਰਤਾਂ

  • ਸੂਬੇ ਦੀ ਇਕਾਈ ਨੂੰ ਮੁਕੰਮਲ ਖੁਦਮੁਖਤਿਆਰੀ ਮਿਲੇ , ਮਾਨ ਧੜ੍ਹੇ ਦਾ ਦਾਅਵਾ ਹੈ ਕਿ ਕੋਰ ਕਮੇਟੀ ਦੇ ਗਠਨ ਨਾਲ ਇਹ ਮਿਲ ਗਈ ਹੈ
  • ਸਮਝੌਤੇ ਤੋਂ ਬਾਅਦ ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਅਤੇ ਇਹ ਨਵੇਂ ਸਿਰਿਓ ਗਠਿਤ ਹੋਵੇ
  • ਸੁਖਪਾਲ ਸਿੰਘ ਖਹਿਰਾ ਦਾ ਕਦ ਹੁਣ ਵਧ ਗਿਆ ਹੈ, ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ
  • ਹਰਪਾਲ ਚੀਮਾ ਨੂੰ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਦੁਬਾਰਾ ਚੋਣ ਕਰਵਾਈ ਜਾਵੇ
  • ਕੰਵਰ ਸੰਧੂ ਨੂੰ ਐਨਆਰਆਈ ਸੈੱਲ ਦਾ ਪ੍ਰਧਾਨ ਬਣਾਇਆ ਜਾਵੇ

ਖਹਿਰਾ ਤੇ ਸੰਧੂ ਨੇ ਕੀ ਕਿਹਾ ਸੀ

ਕੰਵਰ ਸੰਧੂ ਤੇ ਸੁਖਪਾਲ ਖਹਿਰਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਪਾਰਟੀ ਨੇ ਸਮਝੌਤੇ ਦੀ ਗੱਲਬਾਤ ਤੋਂ ਪਹਿਲਾਂ ਅਹੁਦੇਦਾਰ ਐਲਾਨ ਕੇ ਨੈਤਕਿਤਾ ਦੀ ਉਲੰਘਣਾ ਕੀਤੀ ਹੈ।

ਉਨ੍ਹਾਂ ਕਿਹਾ ਸੀ ਕਿ ਉਹ ਪਹਿਲੀ ਨਵੰਬਰ ਤੱਕ ਅਗਲੀ ਬੈਠਕ ਦਾ ਇੰਤਜ਼ਾਰ ਕਰਨਗੇ ਅਤੇ ਉਸ ਤੋਂ ਬਾਅਦ ਆਪਣੇ ਵੱਖਰੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦੇਣਗੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਹਿਰਾਂ ਮੁਤਾਬਕ ਪਾਰਟੀ ਦੇ ਅੰਦਰੂਨੀ ਝਗੜਿਆਂ ਨੂੰ ਢੁਕਵੇਂ ਤਰੀਕੇ ਨਾਲ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

ਸੁਖਪਾਲ ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੈਂਸ ਭਰਾਵਾਂ ਅਤੇ ਧਰਮਵੀਰ ਗਾਂਧੀ ਨਾਲ ਵੀ ਗੱਲਬਾਤ ਹੋ ਚੁੱਕੀ ਹੈ।

ਇੱਕ ਪਾਸੇ ਜਿੱਥੇ ਦੋਵਾਂ ਧੜ੍ਹਿਆਂ ਵੱਲੋਂ ਏਕਤਾ ਦੀ ਮਰਿਯਾਦਾ ਨੂੰ ਭੰਗ ਕਰਨ ਦੇ ਇੱਕ ਦੂਜੇ ਉੱਤੇ ਦੋਸ਼ ਲਗਾਏ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਮੀਡੀਆ ਵਿਚ ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਦੇ ਗਠਨ ਦੀਆਂ ਤਿਆਰੀ ਦੀਆਂ ਵੀ ਖ਼ਬਰਾਂ ਛੱਪ ਰਹੀਆਂ ਹਨ। ਜਿਨ੍ਹਾਂ ਦਾ ਕਿਸੇ ਵੱਲੋਂ ਵੀ ਖੰਡਨ ਨਹੀਂ ਕੀਤਾ ਗਿਆ।

ਸੂਤਰਾਂ ਦੇ ਹਵਾਲੇ ਨਾਲ ਦਾਅਵੇ ਹੋ ਰਹੇ ਹਨ ਕਿ ਸੁਖਪਾਲ ਖਹਿਰਾ, ਬੈਂਸ ਭਰਾਵਾਂ, ਸਾਬਕਾ ਕਾਂਗਰਸੀ ਜਗਮੀਤ ਬਰਾੜ ਤੇ ਧਰਮਬੀਰ ਗਾਂਧੀ ਨਾਲ ਮਿਲ ਕੇ ਪੰਜਾਬ ਏਕਤਾ ਨਾਮ ਦੀ ਪਾਰਟੀ ਦਾ ਗਠਨ ਕਰ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)