ਭਾਰਤ 'ਚ 50% ਤੋਂ ਵੱਧ ਡਾਕਟਰ ਤੇ ਵਕੀਲ ਨਹੀਂ ਭਰ ਰਹੇ ਟੈਕਸ - ਇਨਕਮ ਟੈਕਸ ਮਹਿਕਮੇ ਦਾ ਦਾਅਵਾ

ਤਸਵੀਰ ਸਰੋਤ, Getty Images
ਸੀਬੀਡੀਟੀ ਦੀ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ
ਪਿਛਲੇ ਚਾਰ ਸਾਲਾਂ ਵਿੱਚ ਟੈਕਸ ਭਰਨ ਵਾਲਿਆਂ ਦੀ ਗਿਣਤੀ ਵਿੱਚ 80 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵੱਧ ਕੇ 3.79 ਕਰੋੜ ਤੋਂ 6.85 ਕਰੋੜ ਹੋ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਕੰਮਕਾਜੀ ਲੋਕ ਟੈਕਸ ਭਰ ਰਹੇ ਹਨ।
ਸੀਬੀਡੀਟੀ (ਸੈਂਟਰ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ) ਦੀ ਤਾਜ਼ਾ ਰਿਪੋਰਟ ਮੁਤਾਬਕ 10 ਵਿੱਚੋਂ 5 ਡਾਕਟਰਾਂ ਨੇ ਸਾਲ 2017-18 ਵਿੱਚ ਟੈਕਸ ਦਾ ਭੁਗਤਾਨ ਨਹੀਂ ਕੀਤਾ।
ਟੈਕਸ ਦੀ ਅਦਾਇਗੀ ਕਰਨ ਵਾਲਿਆਂ ਦੀ ਸੂਚੀ ਵਿੱਚ 4,21,920 ਮੈਡੀਕਲ ਪੇਸ਼ੇਵਰ ਹਨ, ਹਾਲਾਂਕਿ ਦੇਸ ਵਿੱਚ 9 ਲੱਖ ਡਾਕਟਰ ਹਨ। ਇਸ ਦਾ ਮਤਲਬ ਹੈ ਕਿ 50 ਫੀਸਦੀ ਡਾਕਟਰਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ:
ਮੈਡੀਕਲ ਖਿੱਤੇ ਦੇ ਪੇਸ਼ੇਵਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਨਰਸਿੰਗ ਹੋਮ ਦਾ ਪਤਾ ਲਾਉਣਾ ਔਖਾ ਨਹੀਂ ਹੈ। ਕੁਝ ਕਦਮ ਚੱਲੋ ਤਾਂ ਇੱਕ ਨਰਸਿੰਗ ਹੋਮ ਨਜ਼ਰ ਆ ਜਾਂਦਾ ਹੈ।
ਭਾਰਤ ਵਿੱਚ ਕੁੱਲ 13,005 ਨਰਸਿੰਗ ਹੋਮ ਹਨ ਜੋ ਟੈਕਸ ਦਾ ਭਗਤਾਨ ਕਰਦੇ ਹਨ। ਇਹ ਅੰਕੜਾ ਟੈਕਸ ਦਾ ਭੁਗਤਾਨ ਕਰਨ ਵਾਲੇ ਫੈਸ਼ਨ ਡਿਜ਼ਾਇਨਰਜ਼ ਨਾਲੋਂ ਸਿਰਫ਼ 1000 ਹੀ ਘੱਟ ਹੈ।

ਸੀਏ ਤੇ ਵਕੀਲਾਂ ਬਾਰੇ ਜਾਣੋ
ਇਸ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਟੈਕਸ ਦਾ ਭੁਗਤਾਨ ਕਰਨ ਵਾਲੇ ਸੀਏ ਅਤੇ ਵਕੀਲਾਂ ਦੀ ਗਿਣਤੀ ਵੀ ਘੱਟ ਹੈ।
1,03,049 ਸੀਏ/ਲੇਖਾਕਾਰਾਂ ਨੇ ਟੈਕਸ ਦਾ ਭੁਗਤਾਨ ਕੀਤਾ ਹੈ ਜਦਕਿ ਦੇਸ ਵਿੱਚ ਇਨ੍ਹਾਂ ਦੀ ਗਿਣਤੀ ਦੁਗਣੀ ਹੈ।
ਵਕੀਲਾਂ ਦੇ ਮਾਮਲੇ ਵਿੱਚ ਅੰਕੜੇ ਹੈਰਾਨ ਕਰਨ ਵਾਲੇ ਹਨ। 13 ਲੱਖ ਵਕੀਲਾਂ ਵਿੱਚੋਂ 2.6 ਲੱਖ ਹੀ ਹਨ ਜਿਨ੍ਹਾਂ ਨੇ ਟੈਕਸ ਦੀ ਅਦਾਇਗੀ ਕੀਤੀ ਹੈ।
ਇਸ ਦਾ ਮਤਲਬ ਹੈ ਕਿ 75 ਫੀਸਦੀ ਵਕੀਲਾਂ ਨੇ ਟੈਕਸ ਨਹੀਂ ਭਰਿਆ ਹੈ।
ਇਹ ਵੀ ਪੜ੍ਹੋ:
ਜ਼ਿਆਦਾਤਰ ਤਨਖਾਹਦਾਰ ਤੇ ਪੇਸ਼ੇਵਰ ਕਰ ਰਹੇ ਹਨ ਭੁਗਤਾਨ
ਇਸ ਰਿਪੋਰਟ ਵਿੱਚ ਤਨਖਾਹ ਲੈਣ ਵਾਲੇ ਅਤੇ ਗੈਰ ਤਨਖਾਹਦਾਰ ਪੇਸ਼ੇਵਰ ਬਾਰੇ ਵੀ ਤੱਥ ਸਾਹਮਣੇ ਆਏ ਹਨ। ਤਿੰਨ ਸਾਲਾਂ ਵਿੱਚ ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ 37 ਫੀਸਦੀ ਦਾ ਇਜ਼ਾਫਾ ਹੋਇਆ ਹੈ। ਇਹ ਅੰਕੜਾ 1.70 ਕਰੋੜ ਤੋਂ ਵੱਧ ਕੇ 2.33 ਕਰੋੜ ਹੋ ਗਿਆ ਹੈ।

ਟੈਕਸ ਦੀ ਅਦਾਇਗੀ ਕਰਨ ਵਾਲਿਆਂ ਵਿੱਚ ਵੀ ਇਨ੍ਹਾਂ ਦੀ ਹਿੱਸੇਦਾਰੀ ਵਿੱਚ 19% ਦਾ ਵਾਧਾ ਹੋਇਆ ਹੈ।
ਇਸ ਵਿਚਾਲੇ ਗੈਰ-ਤਨਖਾਹਦਾਰ ਪੇਸ਼ੇਵਰਾਂ ਦੀ ਗਿਣਤੀ ਵੀ 1.95 ਕਰੋੜ ਤੋਂ 2.33 ਕਰੋੜ ਵਧੀ ਹੈ। ਪਰ ਤਨਖਾਹਦਾਰਾਂ ਨੇ ਹੀ ਜ਼ਿਆਦਾ ਟੈਕਸ ਦਾ ਭੁਗਤਾਨ ਕੀਤਾ ਹੈ।

ਇਨ੍ਹਾਂ ਤਿੰਨ ਸਾਲਾਂ ਵਿੱਚ ਕਰੋੜਪਤੀਆਂ ਦੀ ਗਿਣਤੀ ਵੀ ਕਾਫ਼ੀ ਵਧੀ ਹੈ।
ਸਾਲ 2013-14 ਵਿੱਚ ਕੁੱਲ 48,416 ਲੋਕਾਂ ਨੇ ਆਪਣੀ ਆਮਦਨ ਇੱਕ ਕਰੋੜ ਰੁਪਏ ਤੋਂ ਵੱਧ ਦੱਸੀ ਜੋ ਕਿ ਹੁਣ 81,344 ਕਰੋੜ ਹੋ ਗਈ ਹੈ। ਇਸ ਦਾ ਮਤਲਬ ਹੈ 68 ਫੀਸਦੀ ਦਾ ਵਾਧਾ।
ਸਭ ਤੋਂ ਵੱਧ ਟੈਕਸ ਭਰਨ ਵਾਲੇ ਸੂਬੇ
2017-18 ਵਿੱਚ ਸਭ ਤੋਂ ਵੱਧ ਟੈਕਸ ਦਾ ਭੁਗਤਾਨ ਕਰਨ ਵਾਲੇ ਸੂਬਿਆਂ ਵਿੱਚ ਮਹਾਰਾਸ਼ਟਰ 384277.53 ਕਰੋੜ ਦੀ ਅਦਾਇਗੀ ਕਰਕੇ ਮੋਹਰੀ ਹੈ।

ਰਾਜਧਾਨੀ ਦਿੱਲੀ 136934.88 ਕਰੋੜ ਟੈਕਸ ਦਾ ਭੁਗਤਾਨ ਕਰਕੇ ਦੂਜੇ ਨੰਬਰ ਉੱਤੇ ਹੈ।
ਆਮ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਜੇ ਕੁੱਲ ਟੈਕਸ 100 ਰੁਪਏ ਹੈ ਤਾਂ ਮਹਾਰਾਸ਼ਟਰ 39 ਰੁਪਏ ਦੀ ਅਦਾਇਗੀ ਕਰਦਾ ਹੈ, ਦਿੱਲੀ 13 ਰੁਪਏ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਉੱਤਰ ਪ੍ਰਦੇਸ਼ 2.52 ਰੁਪਏ ਟੈਕਸ ਦਾ ਭੁਗਤਾਨ ਕਰਦਾ ਹੈ।
ਕੁੱਲ ਟੈਕਸ ਭੁਗਤਾਨ ਵਿੱਚ ਉੱਤਰ ਪ੍ਰਦੇਸ਼ ਨੇ 24 ਫੀਸਦੀ ਦਾ ਘਾਟਾ ਦਰਜ ਕੀਤਾ ਹੈ।

ਸਾਲ 2016-17 ਵਿੱਚ ਉੱਤਰ ਪ੍ਰਦੇਸ਼ ਤੋਂ ਇਕੱਠਾ ਕੀਤਾ ਟੈਕਸ 29,309 ਕਰੋੜ ਰੁਪਏ ਸੀ ਪਰ ਸਾਲ 2017-18 ਵਿੱਚ ਇਹ ਟੈਕਸ 23,515 ਰੁਪਏ ਹੀ ਰਹਿ ਗਿਆ।
ਮਿਜ਼ੋਰਮ ਟੈਕਸ ਭੁਗਤਾਨ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਹੇਠਾਂ ਹੈ।
ਸਾਲ 2016-17 ਦੇ ਮੁਕਾਬਲੇ ਟੈਕਸ ਅਦਾਇਗੀ ਵਿੱਚ ਮਿਜ਼ੋਰਮ ਨੇ 46 ਫੀਸਦੀ ਦਾ ਘਾਟਾ ਦਰਜ ਕੀਤਾ ਹੈ।