ਸਾਵਧਾਨ! ਬੁਖਾਰ ਤੋਂ ਬਿਨਾਂ ਵੀ ਡੇਂਗੂ ਹੋ ਸਕਦਾ ਹੈ, ਪੜ੍ਹੋ ਕਿਵੇਂ

  • ਗੁਰਪ੍ਰੀਤ ਸੈਣੀ
  • ਪੱਤਰਕਾਰ, ਬੀਬੀਸੀ
ਤਸਵੀਰ ਕੈਪਸ਼ਨ,

ਬਿਨਾਂ ਬੁਖਾਰ ਵਾਲੇ ਡੇਂਗੂ ਵਿੱਚ ਕਾਫ਼ੀ ਹਲਕਾ ਇਨਫੈਕਸ਼ਨ ਹੁੰਦਾ ਹੈ

"ਕੁਝ ਦੇਰ ਕੰਮ ਤੋਂ ਬਾਅਦ ਮੈਨੂੰ ਥਕਾਵਟ ਮਹਿਸੂਸ ਹੋਣ ਲਗਦੀ ਹੈ। ਮੇਰੀ ਉਮਰ 50 ਸਾਲ ਹੈ। ਪਿਛਲੇ 12 ਸਾਲਾਂ ਤੋਂ ਮੈਨੂੰ ਡਾਇਬਟੀਜ਼ ਹੈ ਅਤੇ ਮੈਂ ਕਈ ਸਾਲਾਂ ਤੋਂ ਦਵਾਈ ਉੱਤੇ ਹੀ ਜ਼ਿੰਦਾ ਹਾਂ।"

ਬਸ ਇੰਨੀ ਕੁ ਸ਼ਿਕਾਇਤ ਲੈ ਕੇ ਇਸ ਸਾਲ ਅਗਸਤ ਦੇ ਅਖੀਰ ਵਿੱਚ ਇੱਕ ਅਧੇੜ ਉਮਰ ਦਾ ਸ਼ਖਸ ਡਾਕਟਰ ਆਸ਼ੂਤੋਸ਼ ਵਿਸ਼ਵਾਸ ਕੋਲ ਆਇਆ।

ਦਿੱਲੀ ਦੇ ਏਮਸ ਵਿੱਚ ਮੈਡੀਕਲ ਵਿਭਾਗ ਦੇ ਡਾਕਟਰ ਆਸ਼ੂਤੋਸ਼ ਵਿਸ਼ਵਾਸ ਨੂੰ ਇਹ ਬੜੀ ਹੀ ਆਮ ਜਿਹੀ ਬਿਮਾਰੀ ਲੱਗੀ। ਡਾਕਟਰ ਆਸ਼ੂਤੋਸ਼ ਨੇ ਮਰੀਜ਼ ਦਾ ਸ਼ੂਗਰ ਟੈਸਟ ਕੀਤਾ ਜੋ ਖਤਰੇ ਦੇ ਨਿਸ਼ਾਨ ਤੋਂ ਪਾਰ ਸੀ।

ਫਿਰ ਕੀ ਹੋਇਆ, ਡਾਕਟਰ ਵਿਸ਼ਵਾਸ ਨੇ ਸ਼ੂਗਰ ਦਾ ਇਲਾਜ ਕੀਤਾ ਅਤੇ 24 ਘੰਟਿਆਂ ਦੇ ਅੰਦਰ ਸ਼ੂਗਰ ਨੂੰ ਕਾਬੂ ਵਿੱਚ ਲੈ ਆਏ।

ਸ਼ੂਗਰ ਕਾਬੂ ਵਿੱਚ ਕਰਨ ਤੋਂ ਬਾਅਦ ਮਰੀਜ਼ ਦੇ ਖੂਨ ਦੇ ਨਮੂਨੇ ਨਿਰੀਖਣ ਲਈ ਭੇਜੇ ਗਏ ਸਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਦੇ ਪਲੈਟਲੇਟ ਕਾਊਂਟ ਬਹੁਤ ਘੱਟ ਸਨ।

ਇਹ ਵੀ ਪੜ੍ਹੋ:

ਡਾ. ਵਿਸ਼ਵਾਸ ਨੇ ਤੁਰੰਤ ਉਸ ਮਰੀਜ਼ ਦਾ ਡੇਂਗੂ ਟੈਸਟ ਕਰਵਾਇਆ, ਜਿਸ ਤੋਂ ਪਤਾ ਲੱਗਿਆ ਕਿ ਮਰੀਜ਼ ਨੂੰ ਡੇਂਗੂ ਹੈ।

ਇਹ ਡਾਕਟਰ ਵਿਸ਼ਵਾਸ ਅਤੇ ਉਨ੍ਹਾਂ ਦੀ ਟੀਮ ਦੇ ਲਈ ਕਾਫ਼ੀ ਹੈਰਾਨ ਕਰਨ ਵਾਲਾ ਤੱਥ ਸੀ। ਮਰੀਜ਼ ਨੂੰ ਤਾਂ ਕਦੇ ਬੁਖਾਰ ਹੋਇਆ ਹੀ ਨਹੀਂ ਸੀ।

ਤਸਵੀਰ ਕੈਪਸ਼ਨ,

ਐਫੇਬ੍ਰਿਲ ਡੇਂਗੂ ਦੇ ਮਰੀਜ਼ ਨੂੰ ਕਈ ਵਾਰੀ ਮਰੀਜ਼ ਨੂੰ ਲਗਦਾ ਹੈ ਕਿ ਉਸ ਨੂੰ ਨਾਰਮਲ ਵਾਇਰਲ ਹੋਇਆ ਹੈ

ਯਾਨੀ ਇਹ ਬਿਨਾਂ ਬੁਖਾਰ ਵਾਲਾ ਡੇਂਗੂ ਸੀ, ਜਿਸ ਦਾ ਮਰੀਜ਼ ਉਨ੍ਹਾਂ ਨੇ ਇਸ ਤੋਂ ਪਹਿਲਾਂ ਨਹੀਂ ਦੇਖਿਆ ਸੀ।

ਹਾਲਾਂਕਿ 9 ਦਿਨਾਂ ਬਾਅਦ ਇਲਾਜ ਤੋਂ ਬਾਅਦ ਮਰੀਜ਼ ਠੀਕ ਹੋ ਗਏ ਸਨ।

ਜਰਨਲ ਆਫ਼ ਫਿਜ਼ੀਸ਼ਿਅਨ ਆਫ਼ ਇੰਡੀਆ' ਵਿੱਚ ਛਪੇ ਇੱਕ ਸੋਧ ਪੱਤਰ ਮੁਤਾਬਰ ਡਾਕਟਰ ਵਿਸ਼ਵਾਸ ਅਤੇ ਉਨ੍ਹਾਂ ਦੀ ਟੀਮ ਨੇ ਇਸ ਕੇਸ ਬਾਰੇ ਪੂਰਾ ਇੱਕ ਸੋਧ ਪੱਤਰ ਲਿਖਿਆ ਹੈ।

'ਏ ਕਿਊਰੀਅਸ ਕੇਸ ਆਫ਼ ਐਫੈਬ੍ਰਿਲ ਡੇਂਗੂ' ਨਾਮ ਤੋਂ ਛਪੇ ਇਸ ਸੋਧ ਪੱਤਰ ਵਿੱਚ ਡਾਕਟਰ ਵਿਸ਼ਵਾਸ ਨੇ ਵਿਸਥਾਰ ਨਾਲ ਇਸ ਬਾਰੇ ਲਿਖਿਆ ਹੈ।

'ਐਫੇਬ੍ਰਿਲ ਡੇਂਗੂ' ਕੀ ਹੈ?

'ਐਫੇਬ੍ਰਿਲ ਡੇਂਗੂ' ਯਾਨੀ ਬਿਨਾ ਬੁਖਾਰ ਵਾਲਾ ਡੇਂਗੂ। ਆਮ ਤੌਰ 'ਤੇ ਹੋਣ ਵਾਲੇ ਡੇਂਗੂ ਵਿੱਚ ਮਰੀਜ਼ ਤੇਜ਼ ਬੁਖਾਰ ਦੀ ਸ਼ਿਕਾਇਤ ਕਰਦਾ ਹੈ। ਉਸ ਦੇ ਸ਼ਰੀਰ ਵਿੱਚ ਭਿਆਨਕ ਦਰਦ ਹੁੰਦਾ ਹੈ।

ਤਸਵੀਰ ਕੈਪਸ਼ਨ,

ਡਾਇਬਟੀਜ਼ ਦੇ ਮਰੀਜ਼ਾਂ, ਬੁਜ਼ੁਰਗਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਵਿੱਚ ਬੁਖਾਰ ਦੇ ਬਿਨਾਂ ਵੀ ਡੇਂਗੂ ਹੋ ਸਕਦਾ ਹੈ

ਪਰ ਡਾਇਬਟੀਜ਼ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਵਿੱਚ ਬੁਖਾਰ ਦੇ ਬਿਨਾਂ ਵੀ ਡੇਂਗੂ ਹੋ ਸਕਦਾ ਹੈ।

ਅਜਿਹੇ ਮਰੀਜ਼ਾਂ ਨੂੰ ਬੁਖਾਰ ਤਾਂ ਨਹੀਂ ਹੁੰਦਾ ਪਰ ਡੇਂਗੂ ਦੇ ਦੂਜੇ ਲੱਛਣ ਜ਼ਰੂਰ ਹੁੰਦੇ ਹਨ। ਇਹ ਲੱਛਣ ਵੀ ਕਾਫ਼ੀ ਹਲਕੇ ਹੁੰਦੇ ਹਨ।

ਏਮਸ ਵਿੱਚ ਡਿਪਾਰਟਮੈਂਟ ਆਫ਼ ਮੈਡੀਸੀਨ ਦੇ ਡਾਕਟਰ ਆਸ਼ੂਤੋਸ਼ ਵਿਸ਼ਵਾਸ ਕਹਿੰਦੇ ਹਨ, "ਇਸ ਤਰ੍ਹਾਂ ਦਾ ਡੇਂਗੂ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਡੇਂਗੂ ਹੋ ਗਿਆ ਹੈ। ਕਈ ਵਾਰੀ ਉਹ ਡਾਕਟਰ ਕੋਲ ਵੀ ਨਹੀਂ ਜਾਂਦੇ।"

ਇਹ ਵੀ ਪੜ੍ਹੋ:

ਇਸ ਤਰ੍ਹਾਂ ਦੇ ਡੇਂਗੂ ਵਿੱਚ ਕਾਫ਼ੀ ਹਲਕਾ ਇਨਫੈਕਸ਼ਨ ਹੁੰਦਾ ਹੈ। ਮਰੀਜ਼ ਨੂੰ ਬੁਖਾਰ ਨਹੀਂ ਆਉਂਦਾ, ਸ਼ਰੀਰ ਵਿੱਚ ਜ਼ਿਆਦਾ ਦਰਦ ਨਹੀਂ ਹੁੰਦਾ, ਚਮੜੀ ਉੱਤੇ ਜ਼ਿਆਦਾ ਧੱਫੜ ਵੀ ਨਹੀਂ ਹੁੰਦੇ। ਕਈ ਵਾਰੀ ਮਰੀਜ਼ ਨੂੰ ਲਗਦਾ ਹੈ ਕਿ ਉਸ ਨੂੰ ਨਾਰਮਲ ਵਾਇਰਲ ਹੋਇਆ ਹੈ।

"ਪਰ ਟੈਸਟ ਕਰਾਉਣ ਉੱਤੇ ਉਨ੍ਹਾਂ ਦੇ ਸਰੀਰ ਵਿੱਚ ਪਲੈਟਲੇਟਸ ਦੀ ਕਮੀ, ਵਾਈਟ ਅਤੇ ਰੈੱਡ ਬਲੱਡ ਸੈਲਸ ਦੀ ਕਮੀ ਹੁੰਦੀ ਹੈ।"

'ਜਰਨਲ ਆਫ਼ ਫਿਜ਼ੀਸ਼ਿਅਨ ਆਫ਼ ਇੰਡੀਆ' ਦੇ ਇੱਕ ਸਰਵੇਖਣ ਮੁਤਾਬਕ ਥਾਈਲੈਂਡ ਵਿੱਚ ਬੱਚਿਆਂ ਦੇ ਬੁਖਾਰ ਵਾਲੇ ਡੇਂਗੂ ਦੇ ਬਹੁਤ ਮਾਮਲੇ ਆਏ ਹਨ। ਖਬਰ ਮੁਤਾਬਕ ਉੱਥੋਂ ਦੇ 20 ਫੀਸਦੀ ਬੱਚਿਆਂ ਵਿੱਚ ਅਜਿਹਾ ਡੇਂਗੂ ਪਾਇਆ ਜਾਂਦਾ ਹੈ।

ਅਜਿਹਾ ਡੇਂਗੂ ਕਿਹੜੇ ਲੋਕਾਂ ਵਿੱਚ ਹੋ ਸਕਦਾ ਹੈ

ਮੈਕਸ ਹਸਪਤਾਲ ਦੇ ਐਸੋਸੀਏਟ ਡਾਇਰੈਕਟਰ- ਇੰਟਰਨਲ ਮੈਡੀਸੀਨ ਰੋਮੇਲ ਟੀਕੁ ਅਨੁਸਾਰ ਇਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਡੇਂਗੂ ਹੋਣ ਦਾ ਖ਼ਤਰਾ ਰਹਿੰਦਾ ਹੈ।

  • ਬਜ਼ੁਰਗਾਂ, ਛੋਟੇ ਬੱਚਿਆਂ
  • ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ
  • ਡਾਇਬਟੀਜ਼ ਦੇ ਮਰੀਜ਼ਾਂ
  • ਕੈਂਸਰ ਦੇ ਮਰੀਜ਼ਾਂ
  • ਜਾਂ ਫਿਰ ਜਿਨ੍ਹਾਂ ਦਾ ਟਰਾਂਸਪਲਾਂਟ ਹੋਇਆ ਹੋਵੇ

ਇਸ ਲਈ ਇਸ ਮੌਸਮ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਡਾਕਟਰਾਂ ਮੁਤਾਬਕ ਇਸ ਸੀਜ਼ਨ ਵਿੱਚ ਯਾਨੀ ਕਿ ਅਗਸਤ-ਸਤੰਬਰ-ਅਕਤੂਬਰ ਵਿੱਚ ਜੇ ਕਿਸੇ ਨੂੰ ਸਰੀਰ ਵਿੱਚ ਦਰਦ, ਥਕਾਵਟ ਅਤੇ ਭੁੱਖ ਨਾ ਲੱਗਣਾ, ਹਲਕਾ-ਜਿਹਾ ਰੈਸ਼, ਲੋ-ਬਲੱਡ ਪ੍ਰੈਸ਼ਰ ਵਰਗੀਆਂ ਮੁਸ਼ਕਿਲਾਂ ਹੁੰਦੀਆਂ ਹਨ, ਪਰ ਬੁਖਾਰ ਦਾ ਇਤਿਹਾਸ ਨਾ ਹੋਵੇ ਤਾਂ ਉਹ ਡੇਂਗੂ ਹੋ ਸਕਦਾ ਹੈ।

ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ

ਉਨ੍ਹਾਂ ਮੁਤਾਬਕ ਜੇ ਮਰੀਜ਼ ਸਹੀ ਸਮੇਂ ਉੱਤੇ ਪਲੈਟਲੇਟਸ ਚੈੱਕ ਨਹੀਂ ਕਰਦਾ ਤਾਂ ਮੁਸ਼ਕਿਲ ਹੋ ਸਕਦੀ ਹੈ। ਜੇ ਪਲੈਟਲੇਟਸ ਘੱਟ ਹੋ ਗਏ ਹਨ ਤਾਂ ਇਹ ਖ਼ਤਰੇ ਦੀ ਗੱਲ ਹੋ ਸਕਦੀ ਹੈ।

ਤਸਵੀਰ ਕੈਪਸ਼ਨ,

'ਐਫੇਬ੍ਰਿਲ ਡੇਂਗੂ' ਯਾਨੀ ਬਿਨਾ ਬੁਖਾਰ ਵਾਲਾ ਡੇਂਗੂ ਜਿਸ ਦਾ ਪਤਾ ਲਾਉਣਾ ਮਰੀਜ਼ ਲਈ ਕਾਫੀ ਔਖਾ ਹੁੰਦਾ ਹੈ

ਡਾਕਟਰ ਟੀਕੂ ਕਹਿੰਦੇ ਹਨ ਕਿ ਆਮ ਤੌਰ ਉੱਤੇ ਡੇਂਗੂ ਵਿੱਚ ਤੇਜ਼ ਬੁਖਾਰ, ਸਰੀਰ ਵਿੱਚ ਭਿਆਨਕ ਦਰਦ, ਸਿਰ ਦਰਦ, ਉਲਟੀ, ਸ਼ਰੀਰ ਉੱਤੇ ਧੱਫੜ ਹੋ ਜਾਂਦੇ ਹਨ।

"ਪਰ ਕੁਝ ਮਾਮਲਿਆਂ ਵਿੱਚ ਅਜਿਹੇ ਲੱਛਣ ਨਹੀਂ ਹੁੰਦੇ। ਅਜਿਹੇ ਅਸਾਧਾਰਨ ਮਾਮਲੇ ਹਰ ਸਾਲ ਆਉਂਦੇ ਹਨ। ਅਜਿਹੇ ਮਰੀਜ਼ਾਂ ਨੂੰ ਅਸੀਂ ਟੈਸਟ ਕਰਾਉਣ ਦੀ ਸਲਾਹ ਦਿੰਦੇ ਹਾਂ ਅਤੇ ਕਈ ਮਾਮਲਿਆਂ ਵਿੱਚ ਟੈਸਟ ਸਕਾਰਾਤਮਕ ਵੀ ਹੁੰਦਾ ਹੈ।"

ਬੁਖਾਰ ਨਾ ਵੀ ਹੋਵੇ ਤਾਂ ਵੀ ਰਹੋ ਸਾਵਧਾਨ

ਡਾਕਟਰ ਟੀਕੂ ਕਹਿੰਦੇ ਹਨ ਕਿ ਕਈ ਵਾਰੀ ਜਦੋਂ ਡੇਂਗੂ ਦਾ ਮੱਛਰ ਕੱਟਦਾ ਹੈ ਤਾਂ ਉਹ ਖੂਨ ਵਿੱਚ ਕਾਫ਼ੀ ਘੱਟ ਵਾਇਰਸ ਛੱਡਦਾ ਹੈ ਇਸ ਲਈ ਡੇਂਗੂ ਦੇ ਲੱਛਣ ਵੀ ਕਾਫੀ ਹਲਕੇ ਹੁੰਦੇ ਹਨ।

ਡਾਕਟਰ ਟੀਕੂ ਅਨੁਸਾਰ, "ਜ਼ਿਆਦਾ ਵਾਇਰਸ ਛੱਡੇਗਾ ਤਾਂ ਜ਼ਿਆਦਾ ਲੱਛਣ ਦੇਖਣ ਨੂੰ ਮਿਲਣਗੇ ਅਤੇ ਘੱਟ ਵਾਇਰਸ ਛੱਡੇਗਾ ਤਾਂ ਘੱਟ ਲੱਛਣ ਦੇਖਣ ਨੂੰ ਮਿਲਣਗੇ ਜਾਂ ਹੋ ਸਕਦਾ ਹੈ ਕਿ ਲੱਛਣ ਨਜ਼ਰ ਹੀ ਨਾ ਆਉਣ।''

"ਇਸ ਤੋਂ ਇਲਾਵਾ ਕਈ ਲੋਕਾਂ ਵਿੱਚ ਬੁਖਾਰ ਦੀ ਹਿਸਟਰੀ ਨਹੀਂ ਹੁੰਦੀ, ਇਸ ਲਈ ਵੀ ਉਨ੍ਹਾਂ ਨੂੰ ਬੁਖਾਰ ਨਹੀਂ ਹੁੰਦਾ।"

ਉਨ੍ਹਾਂ ਅਨੁਸਾਰ ਇਸ ਸਾਲ ਡੇਂਗੂ ਦੇ ਮਰੀਜ਼ਾਂ ਵਿੱਚ ਜ਼ਿਆਦਾ ਕਾਮਪਲੀਕੇਸ਼ਨ ਦੇਖਣ ਨੂੰ ਨਹੀਂ ਮਿਲ ਰਹੇ ਹਨ। ਇਸ ਸਾਲ ਡੇਂਗੂ ਕਾਫ਼ੀ ਹਲਕਾ ਹੈ। ਇਸ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਜ਼ਿਆਦਾ ਪਾਣੀ ਪਿਓ

ਡਾਕਟਰ ਕਹਿੰਦੇ ਹਨ ਕਿ ਪਾਣੀ ਪੀਣਾ ਡੇਂਗੂ ਦਾ ਕਾਰਗਰ ਇਲਾਜ ਹੈ। ਤੁਹਾਨੂੰ ਮਾਈਲਡ ਡੇਂਗੂ ਹੋਵੇ ਜਾਂ ਖ਼ਤਰਨਾਕ ਡੇਂਗੂ, ਜੇ ਤੁਸੀਂ ਜ਼ਿਆਦਾ ਪਾਣੀ ਪਿਓਗੇ ਤਾਂ ਜਲਦੀ ਤੋਂ ਜਲਦੀ ਠੀਕ ਹੋ ਜਾਵੋਗੇ।

ਪਾਣੀ ਨਾ ਪੀਣ ਜਾਂ ਘੱਟ ਪੀਣ ਕਾਰਨ ਡੇਂਗੂ ਵਧ ਜਾਂਦਾ ਹੈ।

ਤਸਵੀਰ ਕੈਪਸ਼ਨ,

ਮਾਈਲਡ ਡੇਂਗੂ ਹੋਵੇ ਜਾਂ ਖਤਰਨਾਕ ਡੇਂਗੂ ਜ਼ਿਆਦਾ ਪਾਣੀ ਪੀਣ ਨਾਲ ਜਲਦੀ ਤੋਂ ਜਲਦੀ ਠੀਕ ਹੋ ਜਾਓਗੇ

ਇਸ ਲਈ ਪਾਣੀ ਜਿੰਨਾ ਹੋ ਸਕੇ ਪੀਓ। ਪਾਣੀ ਪੀਂਦੇ ਰਹਿਣ ਅਤੇ ਆਰਾਮ ਕਰਨ ਨਾਲ ਕਈ ਵਾਰੀ ਡੇਂਗੂ ਖੁਦ ਹੀ ਠੀਕ ਹੋ ਜਾਂਦਾ ਹੈ।

ਦਿੱਲੀ ਨਗਰ ਨਿਗਮ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ 20 ਅਕਤੂਬਰ ਤੱਕ ਡੇਂਗੂ ਦੇ 1,020 ਮਾਮਲੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਡਾਕਟਰਾਂ ਮੁਤਾਬਕ ਬੀਤੇ ਸਾਲਾਂ ਮੁਕਾਬਲੇ ਇਸ ਸਾਲ ਡੇਂਗੂ ਦੇ ਘੱਟ ਹੀ ਮਾਮਲੇ ਸਾਹਮਣੇ ਆਏ ਹਨ। ਇਸ ਦੀ ਵਜ੍ਹਾ ਇਸ ਸਾਲ ਡੇਂਗੂ ਦੇ ਵਾਇਰਸ ਦਾ ਮਾਈਲਡ ਹੋਣਾ ਹੈ।

ਤੁਹਾਨੂੰ ਦੱਸ ਦੇਈਏ ਕਿ 2015 ਵਿੱਚ ਡੇਂਗੂ ਦੇ 15 ਹਜ਼ਾਰ 867 ਮਾਮਲੇ ਦੇਖਣ ਨੂੰ ਮਿਲੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)