1900 ਵੋਟਾਂ ਵਾਲੀ ਪਾਰਟੀ ਦਾ ਪ੍ਰਧਾਨ ਕੋਈ ਮੂਰਖ ਹੀ ਬਣਨਾ ਚਾਹੇਗਾ- ਸੁਖਪਾਲ ਖਹਿਰਾ ਦਾ ਮਾਣੂਕੇ ਨੂੰ ਜਵਾਬ

ਆਮ ਆਦਮੀ ਪਾਰਟੀ ਦੇ ਲੀਡਰ, ਖਹਿਰਾ, ਕੰਵਰ ਸੰਧੂ ਅਤੇ ਬੈਂਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਹਿਰਾਂ ਮੁਤਾਬਕ ਪਾਰਟੀ ਦੇ ਅੰਦਰੂਨੀ ਝਗੜਿਆਂ ਨੂੰ ਢੁਕਵੇਂ ਤਰੀਕੇ ਨਾਲ ਸੁਲਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ

'ਆਪ' ਵਿਧਾਇਕ ਸਰਬਜੀਤ ਕੌਰ ਮਾਣੂਕੇ ਨੂੰ ਮੋੜਵੀਂ ਚਿੱਠੀ ਲਿਖ ਕੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਸੁਖਪਾਲ ਖਹਿਰਾ ਦੇ ਮੀਡੀਆ ਵਿਚ ਜਾਣ ਉੱਤੇ ਸਫ਼ਾਈ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਏਕਤਾ ਬੈਠਕ ਦੇ ਨਾਲ-ਨਾਲ ਪਾਰਟੀ ਵੱਲੋਂ ਨਿਯੁਕਤੀਆਂ ਦਾ ਐਲਾਨ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਯਕੀਨ ਹੈ ਕਿ ਸੁਖਪਾਲ ਖਹਿਰਾ ਨੇ ਮੀਡੀਆ ਵਿਚ ਨਹੀਂ ਆਉਣਾ ਸੀ।

ਉੱਧਰ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਪਾਰਟੀ ਆਗੂਆਂ ਨੂੰ ਸਖ਼ਤ ਸ਼ਬਦਾਂ ਵਿਚ ਜਵਾਬ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਹੈ ਕਿ 1900 ਵੋਟਾਂ ਹਾਸਲ ਕਰਨ ਵਾਲੀ ਪਾਰਟੀ ਦਾ ਪ੍ਰਧਾਨ ਕੋਈ ਮੂਰਖ ਹੀ ਬਣਨਾ ਚਾਹੇਗਾ।

ਇਹ ਵੀ ਪੜ੍ਹੋ:

ਖਹਿਰਾ ਨੇ ਕਿਹਾ, ''ਉਨ੍ਹਾਂ ਦੀ ਕਮੇਟੀ ਦੇ ਇੱਕ ਮੈਂਬਰ ਨੇ ਇਸ ਦਾ ਸੁਝਾਅ ਦਿੱਤਾ ਸੀ, ਇਹ ਕੋਈ ਸ਼ਰਤ ਨਹੀਂ ਸੀ। ਉਨ੍ਹਾਂ ਸਿਰਫ਼ ਇਹੀ ਕਿਹਾ ਸੀ ਕਿ ਬਦਲੇ ਹਾਲਾਤ ਵਿਚ ਲੋਕ ਇਹ ਮੰਗ ਕਰ ਰਹੇ ਹਨ ਕਿ ਸੁਖਪਾਲ ਖਹਿਰਾ ਨੂੰ ਪ੍ਰਧਾਨ ਬਣਾਇਆ ਜਾਵੇ।''

'ਖਹਿਰਾ ਨਹੀਂ ਚਾਹੁੰਦੇ ਕਿ ਪਾਰਟੀ ਇਕੱਠੀ ਹੋਵੇ'

ਆਮ ਆਦਮੀ ਪਾਰਟੀ ਦੀ ਤਾਲਮੇਲ ਕਮੇਟੀ ਦੀ ਮੁਖੀ ਸਰਬਜੀਤ ਕੌਰ ਮਾਣੂਕੇ ਵੱਲੋਂ ਖਹਿਰਾ ਧੜ੍ਹੇ ਦੀ ਤਾਲਮੇਲ ਕਮੇਟੀ ਦੇ ਮੁਖੀ ਕੰਵਰ ਸੰਧੂ ਨੂੰ ਪੱਤਰ ਲਿਖ ਕੇ ਸੁਖਪਾਲ ਖਹਿਰਾ ਉੱਤੇ ਸਮਝੌਤੇ ਦੀ ਮਰਿਯਾਦਾ ਤੋੜਨ ਦਾ ਦੋਸ਼ ਲਗਾਇਆ ਗਿਆ ਸੀ।

ਮਾਣੂਕੇ ਨੇ ਚਿੱਠੀ ਵਿਚ ਲਿਖਿਆ ਸੀ ,''ਦੋਵਾਂ ਧਿਰਾਂ ਦੀ ਪੱਕੀ ਸਹਿਮਤੀ ਬਣੀ ਕਿ ਅੱਗੇ ਤੋਂ ਕੋਈ ਵੀ ਪਾਰਟੀ ਦੀ ਮੀਟਿੰਗ ਜਾਂ ਕੋਈ ਵੀ ਗੱਲ ਹੋਏਗੀ ਉਹ ਬੰਦ ਕਮਰੇ ,ਪਰਿਵਾਰ ਦੇ ਅੰਦਰ ਬਹਿਕੇ ਹੋਏਗੀ, ਕੋਈ ਵੀ ਕਮੇਟੀ ਮੈਂਬਰ ਮੀਡੀਆ ਜਾਂ ਸ਼ੋਸ਼ਲ ਮੀਡੀਆ ਅੰਦਰ ਕੋਈ ਗੱਲ ਨਹੀਂ ਕਰੇਗਾ।''

ਤਸਵੀਰ ਸਰੋਤ, SARVJIT KAUR MANUKE/fb

ਤਸਵੀਰ ਕੈਪਸ਼ਨ,

ਮਾਣੂਕੇ ਨੇ ਇੱਕ ਸੰਕੇਤਕ ਖੁਲਾਸਾ ਕੀਤਾ, 'ਮੈਂ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਅਹੁਦੇ ਦੀ ਕੁਰਸੀ ਦੀ ਮੰਗ ਵੀ ਜੱਗ ਜ਼ਾਹਰ ਨਹੀ ਕੀਤੀ।'

''ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਖਹਿਰਾ ਸਾਹਿਬ ਆਪਣੇ ਵੱਲੋਂ ਬਣਾਈ ਤਾਲਮੇਲ ਕਮੇਟੀ ਦੀ ਸਮਰੱਥਾ ਉੱਪਰ ਵਿਸ਼ਵਾਸ਼ ਨਹੀਂ ਰੱਖਦੇ ਜਾਂ ਉਹ ਨਹੀ ਚਾਹੁੰਦੇ ਕਿ ਪਾਰਟੀ ਇਕੱਠੀ ਹੋਵੇ।''

ਮਾਣੂਕੇ ਨੇ ਕੰਵਰ ਸੰਧੂ ਨੂੰ ਅੱਗੇ ਲਿਖਿਆ ਸੀ , ''ਉਨਾਂ ਨੂੰ ਤੁਹਾਡੇ ਵੱਲੋਂ ਲਏ ਗਏ ਫ਼ੈਸਲੇ ਦੀ ਕਦਰ ਨਹੀਂ ਹੈ, ਜੋ ਕੁਝ ਸਮੇਂ ਅੰਦਰ ਹੀ ਲਾਈਵ ਹੋ ਕੇ ਉਨਾਂ ਨੇ ਲਕਸ਼ਮਣ ਰੇਖਾ ਪਾਰ ਕਰਕੇ ਤਾਲਮੇਲ ਕਮੇਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ।''

ਮਾਣੂਕੇ ਨੇ ਇੱਕ ਸੰਕੇਤਕ ਖੁਲਾਸਾ ਕੀਤਾ ਸੀ , ''ਮੈਂ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਅਹੁਦੇ ਦੀ ਕੁਰਸੀ ਦੀ ਮੰਗ ਵੀ ਜੱਗ ਜ਼ਾਹਿਰ ਨਹੀ ਕੀਤੀ। ਮੈਂ ਬਾਕੀ ਮੰਗਾਂ ਵੀ ਜੱਗ ਜ਼ਹਿਰ ਕਰ ਸਕਦੀ ਸੀ ਪਰ ਮੈਂ ਉਸ ਮੀਟਿੰਗ ਵਿੱਚ ਕੀਤੀ ਕਮਿਟਮੈਂਟ ਨੂੰ ਤੋੜ ਕੇ ਲਕਸ਼ਮਣ ਰੇਖਾ ਪਾਰ ਨਹੀਂ ਕਰਨਾ ਚਾਹੁੰਦੀ ਸੀ।''

ਪ੍ਰਧਾਨਗੀ ਦੀ ਮੰਗ 'ਤੇ ਦੇਣੀ ਪੈ ਰਹੀ ਸਫ਼ਾਈ

ਖਹਿਰਾ ਤੇ ਕੰਵਰ ਸੰਧੂ ਧੜਾ ਜਨਤਕ ਤੌਰ ਉੱਤੇ ਮੰਗ ਕਰ ਰਿਹਾ ਸੀ ਕਿ ਸੂਬੇ ਦੀ ਇਕਾਈ ਨੂੰ ਮੁਕੰਮਲ ਖੁਦਮੁਖਤਿਆਰੀ ਮਿਲੇ , ਜਦਕਿ ਮਾਨ ਧੜ੍ਹੇ ਦਾ ਦਾਅਵਾ ਹੈ ਕਿ ਕੋਰ ਕਮੇਟੀ ਦੇ ਗਠਨ ਨਾਲ ਇਹ ਮਿਲ ਗਈ ਹੈ ਖਹਿਰਾ ਦੀ ਇਹ ਵੀ ਮੰਗ ਸੀ ਕਿ ਸਮਝੌਤੇ ਤੋਂ ਬਾਅਦ ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਅਤੇ ਇਹ ਨਵੇਂ ਸਿਰਿਓ ਗਠਿਤ ਹੋਵੇ।

ਇਹ ਵੀ ਮੰਗ ਕੀਤੀ ਗਈ ਕਿ ਸੁਖਪਾਲ ਸਿੰਘ ਖਹਿਰਾ ਦਾ ਕਦ ਹੁਣ ਵਧ ਗਿਆ ਹੈ, ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ।

ਇਸ ਤੋਂ ਇਲਾਵਾ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਉਣ 'ਤੇ ਦੁਬਾਰਾ ਚੋਣ ਕਰਵਾਉਣ ਤੇ ਕੰਵਰ ਸੰਧੂ ਨੂੰ ਐਨਆਰਆਈ ਸੈੱਲ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ।

ਪਰ ਹੁਣ ਸੁਖਪਾਲ ਖਹਿਰਾ ਕਹਿ ਰਹੇ ਨੇ ਕਿ ਦੂਜੇ ਧੜ੍ਹੇ ਵਜੋਂ ਇਨ੍ਹਾਂ ਨੂੰ ਗਲਤ ਰੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਹ ਅਹੁਦਿਆਂ ਦੇ ਭੁੱਖੇ ਨਹੀਂ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)