ਮੋਦੀ ਨੂੰ ਹਟਾਉਣ ਦੀ ਮੰਗ ਕਰਨ ਵਾਲੇ ਤੇ ਅਕਾਲੀ-ਭਾਜਪਾ ਗਠਜੋੜ 'ਚ ਵਾਜਪਾਈ ਦੇ ਭਰੋਸੇਮੰਦ ਮਦਨ ਲਾਲ ਖੁਰਾਨਾ ਦਾ ਦੇਹਾਂਤ

ਮਦਨ ਲਾਲ ਖੁਰਾਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਭਾਜਪਾ ਵੱਲੋਂ 'ਦਿੱਲੀ ਦਾ ਸ਼ੇਰ' ਕਹੇ ਜਾਣ ਵਾਲੇ ਮਦਨ ਲਾਲ ਖੁਰਾਨਾ ਨਹੀਂ ਰਹੇ

ਭਾਜਪਾ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਨਾ ਦਾ ਸ਼ਨਿੱਚਰਵਾਰ ਦੇਰ ਰਾਤ ਦੇਹਾਂਤ ਹੋ ਗਿਆ ਹੈ।

ਭਾਜਪਾ ਦੀ ਦਿੱਲੀ ਇਕਾਈ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ। 82 ਸਾਲ ਦੇ ਖੁਰਾਨਾ ਨੇ ਰਾਤ 11 ਵਜੇ ਕੀਰਤੀ ਨਗਰ ਆਪਣੇ ਘਰ ਵਿੱਚ ਆਖ਼ਰੀ ਸਾਹ ਲਏ।

ਕਈ ਭਾਜਪਾ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ, ਵਿਗਿਆਨ ਅਤੇ ਤਕਨੀਕ ਮੰਤਰੀ ਡਾ. ਹਰਸ਼ਵਰਧਨ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਵਿਜੇ ਗੋਇਲ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ।

ਭਾਜਪਾ ਨੇਤਾ ਤਜਿੰਦਰਪਾਲ ਸਿੰਘ ਬੱਗਾ ਨੇ ਦੱਸਿਆ ਹੈ ਕਿ ਖੁਰਾਨਾ ਦੀ ਦੇਹ ਐਤਵਾਰ 12 ਵਜੇ 14, ਪੰਡਿਤ ਮਾਰਗ ਸਥਿਤ ਭਾਜਪਾ ਦਫ਼ਤਰ ਵਿੱਚ ਅੰਤਿਮ ਦਰਸ਼ਨ ਲਈ ਰੱਖੀ ਜਾਵੇਗੀ।

ਇਹ ਵੀ ਪੜ੍ਹੋ:

'ਭਾਜਪਾਈ ਦੇ ਭਰੋਸੋਯੋਗ'

ਮਦਨ ਲਾਲ ਖੁਰਾਨਾ 1993 ਤੋਂ 1996 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ ਪਰ ਇਸ ਤੋਂ ਬਾਅਦ ਭਾਜਪਾ ਨੇ ਦਿੱਲੀ ਦੇ ਸਾਹਿਬ ਸਿੰਘ ਵਰਮਾ ਨੂੰ ਆਪਣਾ ਚਿਹਰਾ ਚੁਣ ਲਿਆ ਸੀ।

ਕੇਂਦਰ ਦੀ ਅਟਲ ਬਿਹਾਰੀ ਸਰਕਾਰ 'ਚ ਉਹ ਸੈਰ ਸਪਾਟਾ ਮੰਤਰੀ ਵੀ ਰਹੇ ਅਤੇ ਸਾਲ 2004 ਵਿੱਚ ਉਹ ਕੁਝ ਮਹੀਨਿਆਂ ਲਈ ਰਾਜਸਥਾਨ ਦੇ ਰਾਜਪਾਲ ਵੀ ਰਹੇ।

ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆ ਸੀਨੀਅਰ ਪੱਤਰਕਾਰ ਸ਼ੇਖ਼ਰ ਗੁਪਤਾ ਨੇ ਲਿਖਿਆ ਹੈ, "ਮਦਨ ਲਾਲ ਖੁਰਾਨਾ ਨੂੰ ਸ਼ਰਧਾਂਜਲੀ। ਪੁਰਾਣੀ ਪੀੜ੍ਹੀ ਦਾ ਇੱਕ ਹੋਰ ਉੱਘਾ, ਦੋਸਤਾਂ ਅਤੇ ਆਲੋਚਕਾਂ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਵਾਲਾ ਵੱਡੇ ਦਿਲ ਵਾਲਾ ਨੇਤਾ ਚਲਾ ਗਿਆ ਹੈ। ਭਾਜਪਾ-ਅਕਾਲੀ ਦਲ ਗਠਜੋੜ ਤਿਆਰ ਕਰਨ ਵਿੱਚ ਉਹ ਵਾਜਪਾਈ ਦੇ ਭਰੋਸੇਯੋਗ ਸਨ।"

ਵੰਡ ਤੋਂ ਬਾਅਦ ਦਿੱਲੀ ਆਇਆ ਪਰਿਵਾਰ

ਮਦਨ ਲਾਲ ਖੁਰਾਨਾ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਿਲ ਸਨ ਜੋ ਭਾਜਪਾ ਦੀ ਸਥਾਪਨਾ ਤੋਂ ਪਹਿਲਾਂ ਤੋਂ ਹੀ ਸੰਘ ਪਰਿਵਾਰ ਨਾਲ ਜੁੜੇ ਹੋਏ ਸਨ।

ਉਹ 1965 ਤੋਂ 1967 ਤੱਕ ਜਨਸੰਘ ਦੇ ਜਨਰਲ ਸਕੱਤਰ ਰਹੇ ਅਤੇ ਦਿੱਲੀ ਵਿੱਚ ਜਨਸੰਘ ਦੇ ਪ੍ਰਸਿੱਧ ਚਿਹਰਿਆਂ ਵਿੱਚ ਰਹੇ।

ਮਦਨ ਲਾਲ ਖੁਰਾਨਾ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਫ਼ੈਸਲਾਬਾਦ ਵਿੱਚ ਹੋਇਆ ਸੀ ਅਤੇ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਦਿੱਲੀ ਦੇ ਕੀਰਤੀ ਨਗਰ ਦੀ ਇੱਕ ਰਿਫਿਊਜ਼ੀ ਕਲੋਨੀ ਵਿੱਚ ਆ ਕੇ ਵੱਸ ਗਿਆ ਸੀ।

ਦਿੱਲੀ ਉਸ ਦੌਰ ਵਿੱਚ ਬਾਹਰੀ ਇਲਾਕਿਆਂ ਤੋਂ ਆ ਕੇ ਵੱਸੇ ਪੰਜਾਬੀਆਂ ਅਤੇ ਵਪਾਰੀਆਂ ਦੇ ਦਬਦਬੇ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ।

ਇਹ ਇੱਕ ਵੱਡਾ ਕਾਰਨ ਰਿਹਾ ਹੈ ਕਿ ਦਿੱਲੀ ਭਾਜਪਾ ਵਿੱਚ ਲੰਬੇ ਸਮੇਂ ਤੱਕ ਮਦਨ ਲਾਲ ਖੁਰਾਨਾ, ਵਿਜੇ ਕੁਮਾਰ ਮਲਹੋਤਰਾ ਅਤੇ ਕੇਦਾਰਨਾਥ ਸਾਹਨੀ ਤਿਕੜੀ ਦਾ ਰਾਜ ਰਿਹਾ।

ਹਾਲਾਂਕਿ ਬਾਅਦ ਵਿੱਚ ਦਿੱਲੀ ਵਿੱਚ ਪੂਰਵਾਂਚਲ ਤੋਂ ਆਏ ਲੋਕਾਂ ਦੀ ਗਿਣਤੀ ਵਧੀ ਅਤੇ ਭਾਜਪਾ ਤੇ ਕਾਂਗਰਸ ਦੋਵਾਂ ਪਾਰਟੀਆਂ ਵਿੱਚ ਸ਼ਕਤੀਆਂ ਪੂਰਵਾਂਚਲ ਦੇ ਨੇਤਾਵਾਂ ਵੱਲ ਖਿਸਕਦੀਆਂ ਗਈਆਂ

ਜਦੋਂ 2014 ਵਿੱਚ ਆਮ ਚੋਣਾਂ ਦਾ ਐਲਾਨ ਹੋਇਆ ਤਾਂ ਕਦੇ ਖੁਰਾਨਾ ਦੇ ਚੋਣ ਕਾਰਡੀਨੇਟਰ ਰਹੇ ਸਤੀਸ਼ ਉਪਾਧਿਆਇ ਨੂੰ ਭਾਜਪਾ ਪ੍ਰਦੇਸ਼ ਪ੍ਰਧਾਨ ਬਣਾ ਦਿੱਤਾ।

ਸਤੀਸ਼ ਉਪਾਧਿਆਇ ਤੋਂ ਬਾਅਦ ਹੁਣ ਇੱਕ ਹੋਰ ਪੂਰਬਾਂਚਲੀ ਨੇਤਾ ਮਨੋਜ ਤਿਵਾੜੀ ਦਿੱਲੀ ਵਿੱਚ ਭਾਜਪਾ ਦੇ ਪ੍ਰਧਾਨ ਹਨ।

ਹਾਲਾਂਕਿ 1990 ਦੇ ਦਹਾਕੇ ਵਿੱਚ ਮਦਨ ਲਾਲ ਖੁਰਾਨਾ ਭਾਜਪਾ ਦੀ ਦਿੱਲੀ ਇਕਾਈ ਦਾ ਚਿਹਰਾ ਸਨ। ਵਰਕਰਾਂ ਵਿਚਾਲੇ ਉਨ੍ਹਾਂ ਨੂੰ 'ਦਿੱਲੀ ਦਾ ਸ਼ੇਰ' ਕਿਹਾ ਜਾਂਦਾ ਸੀ।

ਭਾਜਪਾ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਚਹਿਲ ਨੇ ਉਨ੍ਹਾਂ ਨੂੰ ਇਸੇ ਨਾਮ ਨਾਲ ਸ਼ਰਧਾਂਜਲੀ ਦਿੱਤੀ।

ਕਦੇ ਮੋਦੀ ਨੂੰ ਹਟਾਉਣ ਦੀ ਕੀਤੀ ਸੀ ਮੰਗ

ਹਾਲਾਂਕਿ ਅਜਿਹਾ ਇੱਕ ਤੋਂ ਵੱਧ ਵਾਰ ਹੋਇਆ ਜਦੋਂ ਮਦਨ ਲਾਲ ਖੁਰਾਨਾ ਨੂੰ ਆਪਣੀ ਪਾਰਟੀ ਤੋਂ ਬਰਖ਼ਾਸਤ ਕੀਤਾ ਗਿਆ।

ਸਾਲ 2005 ਵਿੱਚ ਖੁਰਾਨਾ ਨੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਕਰਕੇ ਬਰਖ਼ਾਸਤ ਕਰ ਦਿੱਤਾ ਸੀ।

ਉਦੋਂ ਭਾਜਪਾ ਬੁਲਾਰਾ ਰਹੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਖੁਰਾਨਾ ਨੇ ਪਾਰਟੀ ਦੇ ਮੁੱਦੇ ਨੂੰ ਜਨਤਕ ਤੌਰ 'ਤੇ ਚੁੱਕਿਆ ਸੀ, ਇਸ ਲਈ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਗਿਆ।

ਮਦਨ ਲਾਲ ਖੁਰਾਨਾ ਨੇ ਨਾ ਕੇਵਲ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣ ਦੀ ਮੰਗ ਕੀਤੀ ਸੀ ਬਲਕਿ ਪਾਰਟੀ ਪ੍ਰਧਾਨ ਲਾਲ ਕ੍ਰਿਸ਼ਨ ਆਡਵਾਨੀ ਦੀ ਅਗਵਾਈ 'ਤੇ ਸਵਾਲ ਚੁੱਕੇ ਸਨ।

ਉਨ੍ਹਾਂ ਦਾ ਇਲਜ਼ਾਮ ਸੀ ਕਿ ਆਡਵਾਨੀ ਪਾਰਟੀ ਵਿੱਚ 'ਏਅਰਕੰਡੀਸ਼ਨਰ ਕਲਚਰ' ਨੂੰ ਵਧਾਵਾ ਦੇ ਰਹੇ ਹਨ।

ਇਹ ਵੀ ਪੜ੍ਹੋ:

ਮੁਆਫ਼ੀ ਮੰਗ ਕੇ ਆਏ ਵਾਪਸ

ਖੁਰਾਨਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਮੁਆਫ਼ੀ ਮੰਗ ਲਈ ਅਤੇ ਜਗਦੀਸ਼ ਟਾਈਟਲਰ ਨੂੰ ਮੰਤਰੀ ਮੰਡਲ ਤੋਂ ਹਟਾ ਦਿੱਤਾ, ਉਸੇ ਤਰ੍ਹਾਂ ਨਰਿੰਦਰ ਮੋਦੀ ਨੂੰ ਹਟਾ ਕੇ ਪਾਰਟੀ ਨੂੰ ਗੁਜਰਾਤ ਦੰਗਿਆਂ ਦੇ ਦਾਗ਼ ਨੂੰ ਧੋ ਦੇਣਾ ਚਾਹੀਦਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਖੁਰਾਨਾ ਨੂੰ ਬਰਖ਼ਾਸਤ ਕੀਤੇ ਜਾਣ ਦੇ ਫ਼ੈਸਲੇ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ

ਹਾਲਾਂਕਿ ਕੁਝ ਹੀ ਦਿਨਾਂ ਬਾਅਦ ਆਪਣੀਆਂ ਟਿਪੱਣੀਆਂ ਲਈ ਖ਼ੇਦ ਜਤਾਇਆ ਅਤੇ ਪਾਰਟੀ ਵਿੱਚ ਉਨ੍ਹਾਂ ਨੂੰ ਵਾਪਸ ਲੈ ਲਿਆ ਗਿਆ।

ਪਾਰਟੀ ਦੇ ਜਨਰਲ ਸਕੱਤਰ ਪ੍ਰਮੋਦ ਮਹਾਜਨ ਨੇ ਇਸ ਬਾਰੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਖੁਰਾਨਾ ਨੇ ਪਾਰਟੀ ਪ੍ਰਧਾਨ ਕੋਲੋਂ ਸ਼ਰਤਾਂ ਸਣੇਂ ਮੁਆਫ਼ੀ ਮੰਗੀ ਹੈ।

ਖੁਰਾਨਾ ਨੂੰ 6 ਸਾਲਾਂ ਲਈ ਪਾਰਟੀ ਤੋਂ ਬਰਖ਼ਾਸਤ ਕੀਤੇ ਜਾਣ ਦੇ ਫ਼ੈਸਲੇ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਇੱਕ ਵਾਰ ਅਟਲ ਅਤੇ ਵਾਜਪਾਈ ਆਹਮੋ-ਸਾਹਮਣੇ ਸਨ।

ਖੁਰਾਨਾ ਦੀ ਬਰਖ਼ਾਸਤੀ ਤੋਂ ਬਾਅਦ ਉਨ੍ਹਾਂ ਸਮਰਥਨ ਵਿੱਚ ਦਿੱਲੀ ਦੇ ਕੇਵਲ ਤਿੰਨ ਵਿਧਾਇਕ ਹੀ ਆਏ ਸਨ, ਜਿਸ ਤੋਂ ਬਾਅਦ ਲੱਗਾ ਸੀ ਕਿ ਉਹ ਪਾਰਟੀ ਵਿੱਚ ਵੱਖ ਜਿਹੇ ਹੋਣ ਜਾਣਗੇ ਪਰ ਇੱਕ ਦਿਨ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਖਰਾਨਾ ਨੂੰ ਪੂਰਾ ਸਮਰਥਨ ਦੇ ਦਿੱਤਾ

ਇਸ ਤੋਂ ਬਾਅਦ ਕਈ ਦਿਨਾਂ ਤੱਕ ਚਰਚਾਵਾਂ ਦਾ ਦੌਰ ਚੱਲਦਾ ਰਿਹਾ ਅਤੇ ਭਾਜਪਾ ਨੂੰ ਆਪਣਾ ਅਕਸ ਬਚਾਉਣ ਲਈ ਰਸਤੇ ਲੱਭਣੇ ਪਏ।

'ਖੁਰਾਨਾ ਤਾਂ ਪੁਰਾਣਾ ਹੋ ਗਿਆ'

ਇਸ ਤੋਂ ਬਾਅਦ 16 ਸਤੰਬਰ 2005 ਨੂੰ ਚੇਨਈ ਵਿੱਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਹੋਣੀ ਸੀ ਅਤੇ ਸਭ ਦੀਆਂ ਨਜ਼ਰਾਂ ਉਸ 'ਤੇ ਟਿਕੀਆਂ ਸਨ ਕਿ ਕੀ ਖੁਰਾਨਾ ਨੂੰ ਲੈ ਕੇ ਪਾਰਟੀ ਦੇ ਇਸ ਮੰਚ 'ਤੇ ਚਰਚਾ ਹੋਵੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਦਨ ਲਾਲ ਖੁਰਾਨਾ ਨੇ ਨਰਿੰਦਰ ਮੋਦੀ ਨੂੰ 2005 ਵਿੱਚ ਗੁਜਰਾਤ ਦੇ ਮੁੱਖੀ ਮਤੰਰੀ ਵਜੋਂ ਹਟਾਉਣ ਦੀ ਮੰਗ ਕੀਤੀ ਸੀ

ਜਦੋਂ ਇਸ ਮੁੱਦੇ ਨੂੰ ਨਿਪਟਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਜਪਾ ਦੇ ਸਾਬਕਾ ਪ੍ਰਧਾਨ ਵੈਂਕਈਆ ਨਾਇਡੂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ, 'ਖੁਰਾਨਾ ਤਾਂ ਪੁਰਾਣਾ ਹੋ ਗਿਆ' ਅਤੇ ਅੱਗੇ ਵੱਧ ਗਏ।

ਉਨ੍ਹਾਂ ਦੇ ਕਹਿਣ ਦਾ ਮਤਲਬ ਸੀ ਕਿ ਇਹ ਮੁੱਦਾ ਤਾਂ ਹੁਣ ਪੁਰਾਣਾ ਹੋ ਗਿਆ।

ਪਰ ਅਜਿਹਾ ਨਹੀਂ ਹੋਇਆ ਨਹੀਂ। 6 ਮਹੀਨੇ ਬਾਅਦ ਹੀ ਉਨ੍ਹਾਂ ਨੂੰ ਪਾਰਟੀ ਵਿਰੋਧੀ ਬਿਆਨਬਾਜੀ ਕਾਰਨ ਬਰਖ਼ਾਸਤ ਕਰ ਦਿੱਤਾ ਗਿਆ।

ਉਨ੍ਹਾਂ ਨੇ ਉਸ ਵੇਲੇ ਭਾਜਪਾ ਤੋਂ ਬਾਗ਼ੀ ਹੋਈ ਨੇਤਾ ਉਮਾ ਭਾਰਤੀ ਦੇ ਨਾਲ ਇੱਕ ਰੈਲੀ ਵਿੱਚ ਜਾਣ ਦਾ ਐਲਾਨ ਕੀਤਾ ਸੀ।

ਮਦਨ ਲਾਲ ਨੇ ਕਿਹਾ ਸੀ, "ਮੈਂ ਕੋਈ ਲੱਲੂ ਪੰਜੂ ਨਹੀਂ ਹਾਂ, ਮੈਂ ਰਾਜਪਾਲ ਸੀ ਪਰ ਉਹ ਅਹੁਦਾ ਛੱਡ ਕੇ ਮੈਂ ਪਾਰਟੀ ਲਈ ਕੰਮ ਕਰਨਾ ਚਾਹੁੰਦਾ ਸੀ। ਜੇਕਰ ਮੈਨੂੰ ਘਰੇ ਹੀ ਬੈਠਣਾ ਸੀ ਤਾਂ ਰਾਜਨਿਵਾਸ 'ਚ ਬੈਠਾ ਰਹਿ ਸਕਦਾ ਸੀ। ਪਾਰਟੀ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ, ਅਫ਼ਸੋਸ ਤਾਂ ਮੈਨੂੰ ਇਹੀ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)