ਅਲੀਗੜ੍ਹ ਦੇ ਸਾਧੂਆਂ ਦਾ ਕਤਲ ਅਤੇ ਮੁਸਲਮਾਨਾਂ ਦੇ ਐਨਕਾਉਂਟਰ ਦਾ ਸੱਚ: BBC INVESTIGATION

  • ਪ੍ਰਿਯੰਕਾ ਦੂਬੇ
  • ਬੀਬੀਸੀ ਪੱਤਰਕਾਰ, ਉੱਤਰ ਪ੍ਰਦੇਸ਼ ਤੋਂ ਵਾਪਸ ਆਉਣ 'ਤੇ
ਅਲੀਗੜ੍ਹ ਐਨਕਾਊਂਟਰ
ਤਸਵੀਰ ਕੈਪਸ਼ਨ,

ਐਨਕਾਊਂਟਰ ਬਾਰੇ ਪੁਲਿਸ ਦੀ ਕਹਾਣੀ ਬਾਕੀ ਸਾਰੇ ਲੋਕਾਂ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦੀ

ਲਗਪਗ ਇੱਕ ਮਹੀਨੇ ਪਹਿਲਾਂ ਅਲੀਗੜ੍ਹ ਦੇ ਛੇ ਪੁਜਾਰੀਆਂ ਅਤੇ ਕਿਸਾਨਾਂ ਦੇ 'ਬੇਰਿਹਮੀ' ਨਾਲ ਕੀਤੇ ਗਏ ਕਤਲਾਂ ਦਾ ਦੋਸ਼ੀ ਦੱਸ ਕੇ, ਉੱਤਰ ਪ੍ਰਦੇਸ਼ ਪੁਲਿਸ ਨੇ ਅਤਰੌਲੀ ਦੇ ਦੋ ਮੁਸਲਮਾਨ ਨੌਜਵਾਨਾਂ ਨੂੰ 'ਐਨਕਾਉਂਟਰ' ਵਿੱਚ ਮਾਰ ਮੁਕਾਇਆ ਸੀ।

ਬੀਬੀਸੀ ਨੇ ਆਪਣੀ ਵਿਸ਼ੇਸ਼ ਜਾਂਚ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਪੁਲਿਸ ਅਤੇ ਗਵਾਹਾਂ ਦੀ ਕਹਾਣੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ ਅਤੇ ਇਸ ਤਰ੍ਹਾਂ ਦੇ ਕਈ ਗੰਭੀਰ ਸਵਾਲ ਹਨ ਜੋ ਘਟਨਾਵਾਂ ਦੀ ਇਸ ਪੂਰੀ ਲੜੀ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਰਹੇ ਹਨ।

ਇੱਥੋਂ ਤੱਕ ਕਿ ਮਾਰੇ ਗਏ ਪੁਜਾਰੀਆਂ ਅਤੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਹੀ ਇਸ ਪੁਲਿਸ ਮੁਕਾਬਲੇ 'ਤੇ ਸਵਾਲ ਖੜ੍ਹੇ ਕਰ ਰਹੇ ਹਨ।

ਇਹ ਵੀ ਪੜ੍ਹੋ:

ਅਲੀਗੜ੍ਹ ਪੁਲਿਸ ਐਨਕਾਉਂਟਰ ਦੀ ਪੂਰੀ ਕਹਾਣੀ ਦੱਸਣ ਤੋਂ ਪਹਿਲਾਂ ਪਾਠਕਾਂ ਨੂੰ ਇਹ ਦੱਸਣਯੋਗ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਉੱਤਰ ਪ੍ਰਦੇਸ਼ ਵਿਚ ਹੋਏ 1500 ਤੋਂ ਜ਼ਿਆਦਾ ਪੁਲਿਸ ਮੁਕਾਬਲਿਆਂ ਵਿੱਚ 67 ਕਥਿਤ ਅਪਰਾਧੀ ਮਾਰੇ ਜਾ ਚੁੱਕੇ ਹਨ।

ਪੁਲਿਸ ਮੁਕਾਬਲਿਆਂ ਦੇ ਚੱਲ ਰਹੇ ਇਸ ਸਿਲਸਿਲੇ 'ਤੇ ਬਰੇਕ ਉਸ ਵੇਲੇ ਲੱਗੀ ਜਦੋਂ ਪਿਛਲੇ ਸਤੰਬਰ ਦੇ ਅਖ਼ੀਰ ਵਿਚ ਲਖਨਊ ਸ਼ਹਿਰ ਦੇ ਵਿਚਾਲੇ ਹੀ ਪੁਲਿਸ ਮੁਕਾਬਲੇ ਵਿਚ ਐਪਲ ਦੇ ਅਧਿਕਾਰੀ ਵਿਵੇਕ ਤਿਵਾੜੀ ਨੂੰ ਮਾਰ ਦਿੱਤਾ ਗਿਆ।

ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਪੁਲਿਸ ਦੇ ਕਹਿਣ 'ਤੇ ਆਪਣੀ ਗੱਡੀ ਨਹੀਂ ਰੋਕੀ ਸੀ। ਵਿਵੇਕ 'ਤੇ ਗੋਲੀ ਚਲਾਉਣ ਵਾਲੇ ਪੁਲਿਸ ਕਾਂਸਟੇਬਲ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਗਿਆ, ਪਰ ਇਸ ਕਤਲ ਨੇ ਆਮ ਲੋਕਾਂ ਦਾ ਧਿਆਨ ਪੁਲਿਸ ਦੇ ਰਵੱਈਏ ਵੱਲ ਜ਼ਰੂਰ ਖਿੱਚਿਆ।

ਸੂਬੇ ਵਿਚ ਹੋ ਰਹੇ ਪੁਲਿਸ ਮੁਕਾਬਲਿਆਂ 'ਤੇ ਦੇਸ਼ ਦੀ ਸਰਬਉੱਚ ਅਦਾਲਤ ਨੇ ਵੀ ਉੱਤਰ ਪ੍ਰਦੇਸ਼ ਸਰਕਾਰ ਨੂੰ ਜਵਾਬ ਲਈ ਤਲਬ ਕੀਤਾ ਹੈ।

ਵਿਵੇਕ ਤਿਵਾੜੀ ਦੇ ਕਤਲ ਦੇ ਨਾਲ ਹੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਜੂਨ 2017 ਵਿੱਚ ਦਿੱਤਾ ਗਿਆ ਇਹ ਬਿਆਨ ਮੁੜ ਤੋਂ ਸੁਰਖੀਆਂ ਵਿਚ ਆ ਗਿਆ- 'ਅਪਰਾਧ ਕਰੇਂਗੇ ਤੋ ਠੋਕ ਦੀਏ ਜਾਏਂਗੇ'।

ਤਸਵੀਰ ਸਰੋਤ, Priyanka Dubey/BBC

ਤਸਵੀਰ ਕੈਪਸ਼ਨ,

ਐਨਕਾਊਂਟਰ ਦੀਆਂ ਗੋਲੀਆਂ ਦੇ ਨਿਸ਼ਾਨ

ਉੱਤਰ ਪ੍ਰਦੇਸ਼ ਵਿਚ ਚੱਲ ਰਹੇ ਮੁਕਾਬਲਿਆਂ ਦੀ ਪੜਤਾਲ ਲਈ ਬੀਬੀਸੀ ਨੇ ਪਿਛਲੇ 2 ਹਫ਼ਤਿਆਂ ਵਿਚ ਸੂਬੇ ਦੇ ਅਲੀਗੜ੍ਹ, ਆਜ਼ਮਗੜ੍ਹ, ਮੇਰਠ, ਬਾਗ਼ਪਤ ਅਤੇ ਲਖ਼ਨਊ ਜ਼ਿਲ੍ਹਿਆਂ ਦਾ ਦੌਰਾ ਕੀਤਾ। ਇਸ ਜਾਂਚ ਦੌਰਾਨ ਅਸੀਂ ਪ੍ਰਭਾਵਿਤ ਪਰਿਵਾਰਾਂ, ਪੀੜਤਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ।

ਇਸ ਮਾਮਲੇ ਵਿਚ ਅਸੀਂ ਸਪੈਸ਼ਲ ਟਾਸਕ ਫੋਰਸ, ਐਂਟੀ ਟੈਰਰ ਸਕਵੈਡ, ਸਪੈਸ਼ਲ ਆਪ੍ਰੇਸ਼ਨ ਗਰੁੱਪ, ਪੁਲਿਸ ਥਾਣਿਆਂ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਤੋਂ ਲੈ ਕੇ ਪੁਲਿਸ ਦੇ ਡਾਇਰੈਕਟਰ ਜਨਰਲ ਤੱਕ ਨਾਲ ਗੱਲਬਾਤ ਕੀਤੀ।

ਵਿਵਾਦਾਂ ਵਿਚ ਘਿਰੇ ਪੁਲਿਸ ਮੁਕਾਬਲਿਆਂ ਨਾਲ ਜੁੜੇ ਦਰਜਨਾਂ ਦਸਤਾਵੇਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਜੋ ਕੁਝ ਸਾਹਮਣੇ ਆਇਆ, ਉਸ ਨੂੰ ਅਸੀਂ ਤਿੰਨ ਐਪੀਸੋਡਜ਼ ਦੀ ਇੱਕ ਵਿਸ਼ੇਸ਼ ਲੜੀ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।

ਉੱਤਰ ਪ੍ਰਦੇਸ਼ ਵਿੱਚ ਜਾਰੀ ਪੁਲਿਸ ਮੁਕਾਬਲਿਆਂ 'ਤੇ ਬੀਬੀਸੀ ਦੀ ਇਸ ਵਿਸ਼ੇਸ਼ ਖੋਜ-ਪੜਤਾਲ ਦੀ ਲੜੀ ਦੇ ਪਹਿਲੇ ਐਪੀਸੋਡ ਵਿਚ ਤੁਸੀਂ ਅਲੀਗੜ੍ਹ ਐਨਕਾਉਂਟਰ ਦੀ ਕਹਾਣੀ ਬਾਰੇ ਪੜ੍ਹੋਗੇ।

ਅਲੀਗੜ੍ਹ ਐਨਕਾਉਂਟਰ

ਕਹਾਣੀ ਉਲਝੀ ਹੋਈ ਹੈ। ਇਸ ਨੂੰ ਆਸਾਨੀ ਨਾਲ ਸਮਝਣ ਲਈ ਸ਼ੁਰੂਆਤ ਉਸੀ ਥਾਂ ਤੋਂ ਕਰਦੇ ਹਾਂ, ਜਿੱਥੋਂ ਪੂਰੇ ਮਾਮਲੇ ਦੀ ਸ਼ੁਰੂਆਤ ਹੋਈ ਸੀ।

20 ਸਤੰਬਰ ਦੀ ਸਵੇਰ, ਅਲੀਗੜ੍ਹ ਦੇ ਹਰਦੁਆਗੰਜ ਇਲਾਕੇ ਵਿੱਚ ਇੱਕ ਪੁਲਿਸ 'ਐਨਕਾਉਂਟਰ' ਹੋਇਆ। ਇੱਥੇ ਬ੍ਰਿਟਿਸ਼ ਸ਼ਾਸਨ ਦੇ ਸਮੇਂ ਦੇ ਇੱਕ ਖੰਡਰ ਬਣ ਚੁੱਕੇ ਬੰਗਲੇ ਵਿੱਚ ਤੜਕੇ ਸਵੇਰੇ ਡੇਢ ਘੰਟੇ ਤੱਕ ਮੁਕਾਬਲਾ ਚੱਲਿਆ।

ਇਸ ਤੋਂ ਬਾਅਦ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਇਸ ਕਾਰਵਾਈ ਵਿਚ ਮੁਸਤਕੀਨ ਅਤੇ ਨੋਸ਼ਾਦ ਨਾਂ ਦੇ ਦੋ 'ਬਦਮਾਸ਼' ਨੌਜਵਾਨਾਂ ਦੀ ਮੌਤ ਹੋ ਗਈ ਹੈ।

ਤਸਵੀਰ ਸਰੋਤ, Hirdesh Kumar

ਤਸਵੀਰ ਕੈਪਸ਼ਨ,

ਪੁਲਿਸ ਦਾ ਦਾਅਵਾ ਹੈ ਕਿ ਐਨਕਾਊਂਟਰ ਵਿੱਚ ਮਾਰੇ ਗਏ ਦੋਵੇਂ ਵਿਅਕਤੀ ਸਾਧੂਆਂ ਤੇ ਕਤਲ ਵਿੱਚ ਸ਼ਾਮਿਲ ਸਨ

ਟੀਵੀ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੋਏ ਇਸ ਐਨਕਾਉਂਟਰ ਤੋਂ ਬਾਅਦ ਅਲੀਗੜ੍ਹ ਪੁਲਿਸ ਨੇ ਇੱਕ ਇੰਸਪੈਕਟਰ ਦੇ ਜ਼ਖਮੀ ਹੋਣ ਦਾ ਵੀ ਦਾਅਵਾ ਕੀਤਾ।

ਪੁਲਿਸ ਮੁਤਾਬਕ ਐਨਕਾਉਂਟਰ ਵਿਚ ਮਾਰੇ ਗਏ 25 ਸਾਲਾ ਮੁਸਤਕੀਨ ਅਤੇ 22 ਸਾਲਾ ਨੋਸ਼ਾਦ, ਇਸੀ ਸਾਲ ਅਗਸਤ ਅਤੇ ਸਤੰਬਰ ਵਿਚ ਅਲੀਗੜ੍ਹ 'ਚ ਹੋਏ ਛੇ ਕਤਲਾਂ ਵਿੱਚ ਸ਼ਾਮਲ ਹਨ।

ਕਿਹੜੇ ਸਨ ਉਹ ਛੇ ਕਤਲ?

ਤਕਰੀਬਨ ਇੱਕ ਮਹੀਨੇ ਦੇ ਅੰਦਰ ਹੋਏ ਛੇ ਕਤਲਾਂ ਦਾ ਸਿਲਸਿਲਾ ਅਲੀਗੜ੍ਹ ਦੇ ਪਾਲੀ ਮੁਕੀਮਪੁਰਾ ਥਾਣੇ ਦੇ ਖੇਤਰ ਵਿਚ ਹੋਏ ਡਬਲ ਮਰਡਰ ਤੋਂ ਸ਼ੁਰੂ ਹੋਇਆ।

12 ਅਗਸਤ ਦੀ ਰਾਤ ਪਾਲੀ ਮੁਕੀਮਪੁਰਾ ਥਾਣਾ ਖੇਤਰ ਦੇ ਭੂਡਰਾ ਆਸ਼ਰਮ ਰੋਡ 'ਤੇ ਬਣੇ ਇੱਕ ਸ਼ਿਵ ਮੰਦਰ ਵਿਚ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਇਸ ਸਮੇਂ ਮੰਦਰ ਵਿਚ ਦੋ ਪੁਜਾਰੀਆਂ ਸਮੇਤ ਤਿੰਨ ਲੋਕ ਸੁੱਤੇ ਹੋਏ ਸਨ।

ਹਮਲਾਵਰਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਦੋ ਲੋਕਾਂ ਦਾ ਕਤਲ ਕਰ ਦਿੱਤਾ ਅਤੇ ਤੀਸਰੇ ਨੂੰ ਮਰਿਆ ਹੋਇਆ ਸਮਝ ਕੇ ਫ਼ਰਾਰ ਹੋ ਗਏ। ਮ੍ਰਿਤਕਾਂ ਵਿੱਚ ਮੰਦਿਰ ਦੇ 70 ਸਾਲਾ ਪੁਜਾਰੀ ਅਤੇ ਗੁਆਂਢੀ ਪਿੰਡ ਵਿੱਚ ਰਹਿਣ ਵਾਲਾ ਇੱਕ 45 ਸਾਲਾ ਕਿਸਾਨ ਸ਼ਾਮਲ ਸੀ।

ਦੂਸਰੀ ਘਟਨਾ 26 ਅਗਸਤ ਦੀ ਰਾਤ ਜ਼ਿਲ੍ਹੇ ਦੇ ਅਤਰੌਲੀ ਕਸਬੇ ਵਿਚ ਹੋਈ। ਇੱਥੇ ਬਹਰਵਾਦ ਨਾਂ ਦੇ ਇੱਕ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਆਪਣੇ ਟਿਊਬ-ਵੈਲ 'ਤੇ ਸੋ ਰਹੇ ਮੰਟੂਰੀ ਸਿੰਘ ਨਾਂ ਦੇ ਇੱਕ ਕਿਸਾਨ ਦਾ ਲਾਠੀਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ।

ਹਮਲਾਵਰ ਅਜੇ ਵੀ ਅਣਪਛਾਤੇ ਸਨ ਅਤੇ ਘਟਨਾ ਤੋਂ ਬਾਅਦ ਫ਼ਰਾਰ ਹੋ ਗਏ ਸਨ।

ਤੀਜੀ ਘਟਨਾ 14 ਸਤੰਬਰ ਦੀ ਰਾਤ ਹਰਦੁਆਗੰਜ ਦੇ ਕਲਾਈ ਪਿੰਡ ਦੇ ਕੋਲ ਵਸੇ ਦੁਰੈਨੀ ਆਸ਼ਰਮ 'ਚ ਹੋਈ। ਇੱਥੇ ਵੀ ਅਣਪਛਾਤੇ ਹਮਲਾਵਰਾਂ ਨੇ ਇੱਕ ਸਾਧੂ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਉਸ ਰਾਤ ਮੰਦਰ ਦੇ ਕੋਲ ਹੀ ਖੇਤਾਂ ਵਿਚ ਕੀਟਨਾਸ਼ਕ ਦਵਾਈ ਪਾ ਰਹੇ ਕਿਸਾਨ ਜੋੜੇ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਸ ਹਮਲੇ ਵਿਚ ਮਾਰਿਆ ਗਿਆ ਕਿਸਾਨ ਜੋੜਾ, ਸੂਬੇ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਸੀ।

ਤਸਵੀਰ ਸਰੋਤ, Hirdesh Kumar

ਤਸਵੀਰ ਕੈਪਸ਼ਨ,

ਮੁਤਸਕੀਨ ਤੇ ਨੌਸ਼ਾਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਘਰੋਂ ਚੁੱਕ ਕੇ ਲੈ ਗਈ ਸੀ

ਪੁਲਿਸ 'ਤੇ ਇਨ੍ਹਾਂ ਕਤਲਾਂ ਤੋਂ ਬਾਅਦ ਹੀ ਮਾਮਲਿਆਂ ਨੂੰ ਸੁਲਝਾਉਣ ਦਾ ਦਬਾਅ ਵਧਦਾ ਜਾ ਰਿਹਾ ਸੀ ਜਿਸ ਤੋਂ ਬਾਅਦ 18 ਸਤੰਬਰ ਨੂੰ ਪੰਜ ਲੋਕਾਂ ਦੀ ਗ੍ਰਿਫ਼ਤਾਰੀ ਅਤੇ ਤਿੰਨ ਨੂੰ ਫ਼ਰਾਰ ਦਿਖਾਉਂਦੇ ਹੋਏ ਪੁਲਿਸ ਨੇ ਕਤਲ ਦੇ ਸਾਰੇ ਹੀ ਛੇ ਮਾਮਲੇ ਸੁਲਝਾ ਲੈਣ ਦਾ ਦਾਅਵਾ ਕੀਤਾ।

ਹੁਣ ਸਵਾਲ ਇਹ ਉੱਠਦਾ ਹੈ ਕਿ ਸਾਬਿਰ ਅਲੀ ਉਰਫ਼ ਦਿਨੇਸ਼ ਪ੍ਰਤਾਪ ਸਿੰਘ, ਸਲਮਾਨ, ਇਰਫ਼ਾਨ, ਯਾਸੀਨ ਅਤੇ ਨਦੀਮ ਨਾਮੀ ਗ੍ਰਿਫ਼ਤਾਰ ਕੀਤੇ ਗਏ ਇਹ ਪੰਜ ਲੋਕ ਕੌਣ ਸਨ? ਨਾਲ ਹੀ ਇਨ੍ਹਾਂ ਸਭ ਗੱਲਾਂ ਦਾ ਮੁਸਤਕੀਨ ਅਤੇ ਨੌਸ਼ਾਦ ਦੇ ਐਨਕਾਉਂਟਰ ਨਾਲ ਕੀ ਸਬੰਧ ਸੀ?

ਇਸ ਜਾਂਚ-ਪੜਤਾਲ ਦੌਰਾਨ ਬੀਬੀਸੀ ਨੂੰ ਇਨ੍ਹਾਂ ਸਾਵਾਲਾਂ ਦੇ ਵੱਖ-ਵੱਖ ਜਵਾਬ ਮਿਲੇ।

ਮੁਤਸਕੀਨ ਅਤੇ ਨੋਸ਼ਾਦ ਨੂੰ ਜਿਨ੍ਹਾਂ ਛੇ ਕਤਲਾਂ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਮਾਰੇ ਗਏ ਸਾਧੂਆਂ ਅਤੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ, ਪੁਲਿਸ ਦੀ ਕਹਾਣੀ ਤੋਂ ਬਿਲਕੁਲ ਵੱਖ ਹਨ।

ਇੱਥੋਂ ਤੱਕ ਕਿ ਇਨ੍ਹਾਂ ਮਾਮਲਿਆਂ ਵਿਚ ਜ਼ਿੰਦਾ ਬਚ ਗਏ ਇੱਕ ਪੁਜਾਰੀ ਵੀ ਪੁਲਿਸ ਦੀ ਜਾਂਚ ਵਿਚ ਸਾਹਮਣੇ ਆਏ ਨਤੀਜਿਆਂ ਨਾਲ ਸਹਿਮਤ ਨਹੀਂ ਹਨ।

ਨਾਲ ਹੀ ਮੁਸਤਕੀਤ ਅਤੇ ਨੋਸ਼ਾਦ ਦੇ ਆਪਣੇ ਪਰਿਵਾਰ ਵਾਲੇ ਹੀ ਘਟਾਨਾਵਾਂ ਦੇ ਵਾਪਰਨ ਦਾ ਕੁਝ ਵੱਖਰਾ ਹੀ ਕਿੱਸਾ ਸੁਣਾਉਂਦੇ ਹਨ। ਪਰ ਮ੍ਰਿਤਕਾਂ, ਚਸ਼ਮਦੀਦਾਂ ਅਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਦਾ ਪੱਖ ਜਾਨਣ ਤੋਂ ਪਹਿਲਾਂ, ਇਹ ਜਾਣਦੇ ਹਾਂ ਕਿ ਇਸ ਪੂਰੇ ਮਾਮਲੇ ਵਿਚ ਪੁਲਿਸ ਦਾ ਪੱਖ ਕੀ ਹੈ।

ਪੁਲਿਸ ਦਾ ਪੱਖ

ਬੀਬੀਸੀ ਨੂੰ ਦਿੱਤੇ ਗਏ 45 ਮਿੰਟ ਲੰਬੇ ਇੰਟਰਵਿਊ ਵਿੱਚ ਸੀਨੀਅਰ ਜ਼ਿਲ੍ਹਾ ਪੁਲਿਸ ਅਧਿਕਾਰੀ ਅਜੈ ਸਾਹਨੀ ਨੇ ਅਲੀਗੜ੍ਹ ਐਨਕਾਉਂਟਰ ਦੀ ਪਿਛੋਕੜ ਬਾਰੇ ਦੱਸਦੇ ਹੋਏ, ਲੰਬੀ ਕਹਾਣੀ ਸੁਣਾਈ।

ਉਨ੍ਹਾਂ ਦੀ ਕਹਾਣੀ ਦੇ ਵਿੱਚ ਕੇਂਦਰ ਦਾ ਇੱਕ ਨਵਾਂ ਕਿਰਦਾਰ ਸੀ- ਸਾਬਿਰ ਅਲੀ ਉਰਫ਼ ਦਿਨੇਸ਼ ਪ੍ਰਤਾਪ ਸਿੰਘ, ਜੋ ਕਿ ਏਟਾ ਦੇ ਸ਼ਹਿਰ ਕਾਜ਼ੀ ਦੇ ਕਤਲ ਕੇਸ ਦਾ ਸਾਹਮਣਾ ਕਰ ਰਿਹਾ ਸੀ।

ਤਸਵੀਰ ਕੈਪਸ਼ਨ,

ਨੌਸ਼ਾਦ ਦੀ ਉਮਰ ਕੇਵਲ 17 ਸਾਲ ਦੀ ਸੀ

ਸਾਹਨੀ ਦਸਦੇ ਹਨ, "ਏਟਾ ਦੇ ਮੂਲ ਨਿਵਾਸੀ ਸਾਬਿਰ ਅਲੀ ਦਾ ਅਸਲੀ ਨਾਮ ਦਿਨੇਸ਼ ਪ੍ਰਤਾਪ ਸਿੰਘ ਹੈ। ਉਹ ਜਾਤ ਤੋਂ ਜਾਟ ਹੈ ਅਤੇ ਧਰਮ ਬਦਲਣ ਤੋਂ ਬਾਅਦ ਰਾਖਵੇਂਕਰਨ ਦਾ ਫ਼ਾਇਦਾ ਲੈ ਕੇ ਏਟਾ ਵਿੱਚ ਐਮਸੀ ਰਹਿ ਚੁੱਕਿਆ ਹੈ।''

"ਜਾਂਚ ਤੋਂ ਪਤਾ ਚੱਲਿਆ ਹੈ ਕਿ ਪਹਿਲਾਂ ਏਟਾ ਦੇ ਕਿਦਵਈ ਨਗਰ ਵਿੱਚ ਮੁਲਜ਼ਮ ਸਾਬਿਰ ਅਲੀ ਦੀ ਜ਼ਮੀਨ ਵੀ ਹੁੰਦੀ ਸੀ। ਆਪਣੀ ਜ਼ਮੀਨ ਵਿੱਚੋਂ ਦੋ ਬਿਘੇ ਦਾ ਹਿੱਸਾ ਉਸ ਨੇ ਮਦਰੱਸਾ ਬਣਾਉਣ ਲਈ ਦਾਨ ਕਰ ਦਿੱਤਾ ਸੀ।''

''ਮਦਰੱਸਾ ਚਲਾਉਣ ਲਈ ਬਿਹਾਰ ਤੋਂ ਸ਼ਹਿਜ਼ਾਦ ਨਾਮ ਦੇ ਮੁਫਤੀ ਸਾਹਿਬ ਨੂੰ ਸੱਦਿਆ ਗਿਆ। ਬੱਚੇ ਆ ਕੇ ਪੜ੍ਹਨ ਲੱਗ ਪਏ ਅਤੇ ਮਦਰੱਸਾ ਠੀਕ-ਠਾਕ ਚੱਲਣ ਲੱਗ ਪਿਆ।''

"ਇਸੇ ਦੌਰਾਨ ਜ਼ਮੀਨ ਦੇ ਮੁੱਲ ਵੱਧ ਗਏ ਅਤੇ ਸਾਬਿਰ ਨੇ ਮਦਰੱਸੇ ਦੀ ਜ਼ਮੀਨ ਵੇਚਣੀ ਚਾਹੀ। ਪਰ ਮੁਫ਼ਤੀ ਨੇ ਮਦਰੱਸਾ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ।''

"ਕਾਫ਼ੀ ਡਰਾਉਣ-ਧਮਕਾਉਣ ਮਗਰੋਂ ਵੀ ਜਦੋਂ ਮੁਫ਼ਤੀ ਮਦਰੱਸਾ ਛੱਡਣ ਲਈ ਤਿਆਰ ਨਾ ਹੋਏ ਤਾਂ ਅਪ੍ਰੈਲ 2016 ਵਿੱਚ ਸਾਬਿਰ ਨੇ ਦੋ ਸ਼ੂਟਰਾਂ ਨੂੰ ਸੁਪਾਰੀ ਦੇ ਕੇ ਮੁਫਤੀ ਦਾ ਕਤਲ ਕਰਵਾ ਦਿੱਤਾ।"

ਤਸਵੀਰ ਕੈਪਸ਼ਨ,

ਉਹ ਖੰਡਰ ਜਿੱਥੇ ਅਲੀਗੜ੍ਹ ਐਨਕਾਊਂਟਰ ਹੋਇਆ ਸੀ

ਪੁਲਿਸ ਮੁਤਾਬਕ ਮੁਫਤੀ ਨੇ ਆਪਣੀ ਜਾਨ ਤੇ ਮੰਡਰਾ ਰਹੇ ਖਤਰੇ ਨੂੰ ਮਹਿਸੂਸ ਕਰਦਿਆਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਸਾਬਿਰ ਵੱਲੋਂ ਮਿਲ ਰਹੀਆਂ ਧਮਕੀਆਂ ਬਾਰੇ ਦੱਸਿਆ ਹੋਇਆ ਸੀ।

ਮੁਫਤੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਸਾਬਿਰ ਦੇ ਖਿਲਾਫ ਆਪਣੇ ਪਤੀ ਦੇ ਕਤਲ ਦਾ ਕੇਸ ਦਰਜ ਕਰਵਾ ਦਿੱਤਾ। ਮੁਫਤੀ ਦਾ ਬੇਟਾ ਸ਼ੋਏਬ ਜੋ ਕਿ ਮੌਕਾ-ਏ-ਵਾਰਦਾਤ ਦਾ ਚਸ਼ਮਦੀਦ ਗਵਾਹ ਬਣਿਆ।

ਸਾਹਨੀ ਦੱਸਦੇ ਹਨ ਕਿ ਏਟਾ ਪੁਲਿਸ ਨੇ 40 ਦਿਨ੍ਹਾਂ ਦੇ ਅੰਦਰ ਹੀ ਸਾਜਿਸ਼ ਦਾ ਪਰਦਾਫਾਸ਼ ਕਰ ਕੇ ਸਾਬਿਰ ਨੂੰ ਉਸਦੇ ਪੁੱਤਰ ਨਦੀਮ ਸਮੇਤ ਗ੍ਰਿਫਤਾਰ ਕਰ ਲਿਆ।

ਜੇਲ੍ਹ ਵਿੱਚ ਸਾਬਿਰ ਦੀ ਮੁਲਾਕਾਤ ਅਸਗਰ, ਅਫਸਰ ਅਤੇ ਪਾਸ਼ਾ ਨਾਮ ਦੇ ਤਿੰਨ ਬਾਉਰੀਆਂ (ਫਿਰਤੂ ਜਾਤੀ) ਨਾਲ ਹੋਈ ਅਤੇ ਤਿੰਨਾਂ ਵਿੱਚ ਦੋਸਤੀ ਹੋ ਗਈ।

"ਸਾਬਿਰ ਕੁਝ ਦਿਨਾਂ ਬਾਅਦ ਜ਼ਮਾਨਤ 'ਤੇ ਰਿਹਾ ਹੋ ਗਿਆ, ਪਰ ਮੁਫਤੀ ਕਤਲ ਕਾਂਡ ਵਿੱਚ ਉਸ ਨੂੰ ਸਜ਼ਾ ਹੋਣ ਦਾ ਡਰ ਸੀ। ਇਸ ਲਈ ਬਾਹਰ ਨਿਕਲਦਿਆਂ ਹੀ ਉਸਨੇ ਅਸਗਰ, ਅਫਸਰ ਅਤੇ ਪਾਸ਼ਾ ਦੀ ਜ਼ਮਾਨਤ ਕਰਵਾਈ ਅਤੇ ਬਦਲੇ ਵਿੱਚ ਮੁਫਤੀ ਦੇ ਮੁੱਕਦਮਿਆਂ ਵਿੱਚ ਫਿਲਹਾਲ ਗਵਾਹੀ ਦੇਣ ਵਾਲੇ ਲੋਕਾਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਲਈ ਕਿਹਾ।"

ਤਸਵੀਰ ਕੈਪਸ਼ਨ,

ਨੋਸ਼ਾਦ ਅਤੇ ਮੁਸਤੀਕਨ ਦੇ ਘਰ ਬਾਹਰ ਪੁਲਿਸ ਦਾ ਪਹਿਰਾ ਲੱਗਿਆ ਹੋਇਆ ਹੈ

ਸਾਹਨੀ ਮੁਤਾਬਕ ਲੰਘੇ ਇੱਕ ਮਹੀਨੇ ਵਿੱਚ ਅਲੀਗੜ੍ਹ ਵਿੱਚ ਹੋਏ ਹਰੇਕ ਕਤਲ ਕਾਂਡ ਤੋਂ ਪੁਲਿਸ ਨੂੰ ਇੱਕ ਪਰਚੀ ਮਿਲਿਆ ਕਰਦੀ ਸੀ ਜਿਸ ਉੱਪਰ ਕੁਝ ਨਾਮ ਅਤੇ ਨੰਬਰ ਲਿਖੇ ਹੁੰਦੇ ਸਨ।

ਸਾਹਨੀ ਦਸਦੇ ਹਨ ਕਿ ਇਹ ਨਾਮ ਹਾਜੀ ਕੈਸਰ, ਜਾਨ ਮੁਹੰਮਦ ਅਤੇ ਫਿਰੋਜ ਉੱਰਫ ਕਾਲੇ ਨੇਤਾ ਨਾਮ ਦੇ ਤਿੰਨ ਏਟਾ ਵਾਸੀਆਂ ਦੇ ਹੁੰਦੇ ਸਨ। ਇਹ ਤਿੰਨੇਂ ਹੀ ਮੁਫਤੀ ਦੇ ਕਤਲ ਦੇ ਕੇਸ ਵਿੱਚ ਸਾਬਿਰ ਅਲੀ ਦੇ ਖਿਲਾਫ ਪੇਸ਼ ਹੋਣ ਵਾਲੇ ਮੁੱਖ ਗਵਾਹ ਹਨ।

ਉਨ੍ਹਾਂ ਅੱਗੇ ਗੱਲ ਤੋਰੀ, "ਪਾਲੀ-ਮਕੀਮਪੁਰ ਵਿੱਚ ਹੋਏ ਪਹਿਲੇ ਕਤਲ ਕਾਂਡ ਤੋਂ ਬਾਅਦ ਸਾਨੂੰ ਮੋਬਾਈਲ ਨੰਬਰਾਂ ਦੀ ਪਰਚੀ ਲੱਭੀ ਤਾਂ ਅਸੀਂ ਇਨ੍ਹਾਂ ਨੰਬਰਾਂ ਦੀ ਪੜਤਾਲ ਕੀਤੀ। ਪਤਾ ਲੱਗਿਆ ਕਿ ਘਟਨਾ ਵਾਲੀ ਥਾਂ ਤੋਂ ਲੁੱਟੇ ਹੋਏ ਮੋਬਾਈਲ ਫੋਨਾਂ ਤੋਂ ਇਨ੍ਹਾਂ ਨੰਬਰਾਂ ਉੱਪਰ ਦੇਰ ਰਾਤ ਫੋਨ ਕਰਕੇ ਬੇਮਤਲਬ ਗੱਲਾਂ ਕੀਤੀਆਂ ਗਈਆਂ ਸਨ।''

''ਦੂਸਰੇ ਕਤਲ ਕਾਂਡ ਵਿੱਚ ਸਾਨੂੰ ਪਾਲੀ-ਮੁਕੀਮਪੁਰ ਦੀ ਵਾਰਦਾਤ ਵਿੱਚ ਲੁੱਟੇ ਗਏ ਸ਼ਰਧਾਲੂਆਂ ਦੇ ਫੋਨ ਮੌਕੇ ਵਾਲੀ ਥਾਂ ਤੋਂ ਮਿਲੇ ਅਤੇ ਫਿਰ ਉਹੀ ਨੰਬਰਾਂ ਵਾਲੀ ਪਰਚੀ ਵੀ ਮਿਲੀ।''

"ਸਭ ਕੁਝ ਪਲਾਂਟ ਕੀਤਾ ਹੋਇਆ ਲੱਗ ਰਿਹਾ ਸੀ। ਸੱਚਾਈ ਪਤਾ ਕਰਨ ਲਈ ਅਸੀਂ ਏਟਾ ਦੇ ਇਨ੍ਹਾਂ ਗਵਾਹਾਂ ਨੂੰ ਸੱਦ ਕੇ ਪੁੱਛਗਿੱਛ ਕੀਤੀ। ਤਿੰਨਾਂ ਨੇ ਸਾਬਿਰ ਅਲੀ ਉੱਪਰ ਸ਼ੱਕ ਜ਼ਾਹਿਰ ਕੀਤਾ।''

ਹੁਣ ਅਸੀਂ ਸਾਬਿਰ ਦਾ ਨੰਬਰ ਸਰਵਿਲੰਸ ਉੱਪਰ ਲਾ ਦਿੱਤਾ ਅਤੇ ਦੇਖਿਆ ਕਿ ਅਤਰੌਲੀ ਦੇ ਇੱਕ ਨੰਬਰ ਨਾਲ ਇਸ ਦੀ ਗੱਲ ਵਧੇਰੇ ਹੋ ਰਹੀ ਸੀ। ਇਸ ਦੀ ਲੋਕੇਸ਼ਨ ਵੀ ਅਤਰੌਲੀ ਦੇ ਭੈਂਸਪਾੜਾ ਵਿਚਲੇ ਮੁਸਤਕੀਨ ਅਤੇ ਨੌਸ਼ਾਦ ਦਾ ਘਰ ਹੀ ਸੀ।"

ਤਸਵੀਰ ਕੈਪਸ਼ਨ,

ਭੈਂਸਪਾੜਾ

ਪੁਲਿਸ ਦਾ ਕਹਿਣਾ ਹੈ ਕਿ 18 ਸਤੰਬਰ ਨੂੰ ਉਨ੍ਹਾਂ ਨੇ ਭੈਸਪਾੜਾ ਵਿੱਚ ਛਾਪਾ ਮਾਰ ਕੇ ਸਾਬਿਰ, ਸਲਮਾਨ, ਇਰਫਾਨ, ਯਸੀਨ ਅਤੇ ਨਦੀਮ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਅਨੁਸਾਰ ਹਾਲਾਂਕਿ, ਮੁਸਤਕੀਨ ਤੇ ਨੋਸ਼ਾਦ ਮੌਕੇ ਤੋਂ ਫਰਾਰ ਹੋ ਗਏ। ਫਿਰ 20 ਸਤੰਬਰ ਦੀ ਸਵੇਰੇ ਅਚਾਨਕ ਨੌਸ਼ਾਦ ਅਤੇ ਮੁਸਤਕੀਨ ਨੂੰ ਚੋਰੀ ਦੀ ਬਾਈਕ ਨਾਲ ਵਾਇਰਲੈਸ ਇੰਟਕਰਸੈਪਟ ਦੀ ਮਦਦ ਨਾਲ ਫੜਿਆ ਗਿਆ।

ਐਨਕਾਊਂਟਰ ਦੀ ਸੱਚਾਈ ਉੱਪਰ ਖੜ੍ਹੇ ਹੋ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਾਹਨੀ ਮੁਸਤਕੀਨ ਅਤੇ ਨੋਸ਼ਾਦ ਨੂੰ ਲਗਪਗ ਬੰਗਲਾਦੇਸ਼ੀ ਕਹਿੰਦੇ ਹਨ।

ਉਨ੍ਹਾਂ ਕਿਹਾ, "ਹਾਲੇ ਜੇ ਮੈਂ ਇਨ੍ਹਾਂ ਦਾ ਪਰਿਵਾਕ ਰੁਖ ਬਣਾ ਰਿਹਾ ਸੀ। ਇਨ੍ਹਾਂ ਲੋਕਾਂ ਨੂੰ ਉਸ ਬਾਰੇ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਸੀ। ਪਰਿਵਾਰ ਵਿੱਚ ਸਾਰਿਆਂ ਦੇ ਆਪਸੀ ਵਿਆਹ ਹੋਏ ਹਨ ਅਤੇ ਸਾਰੇ ਨਾਮ ਅਤੇ ਥਾਂ ਬਦਲ ਕੇ ਰਹਿ ਰਹੇ ਹਨ।''

ਇਨ੍ਹਾਂ ਦੀਆਂ ਜੜਾਂ ਦੀ ਭਾਲ ਕਰਦੇ ਅਸੀਂ ਬੰਗਾਲ ਵਿੱਚ ਪੁਰਲੀਆ ਜ਼ਿਲ੍ਹੇ ਤੱਕ ਪਹੁੰਚ ਗਏ। ਅੱਗੇ ਸ਼ਾਇਦ ਬੰਗਲਾਦੇਸ਼ ਦਾ ਕਨੈਕਸ਼ਨ ਵੀ ਕੱਢਿਆ ਜਾ ਸਕਦਾ ਹੈ। ਇਹ ਦੋਵੇਂ ਪੁਰਾਣੇ ਮੁਲਜ਼ਮ ਸਨ। ਮੁਸਤਕੀਨ ਚੋਰੀਆਂ-ਡਕੈਤੀਆਂ ਵਿੱਚ ਜੇਲ੍ਹ ਕੱਟ ਚੁੱਕਿਆ ਸੀ।"

ਮੇਰੇ ਪੁੱਛਣ 'ਤੇ ਪੁਲਿਸ ਨੇ ਦੱਸਿਆ ਕਿ ਛੋਟੇ ਬਾਰੇ ਵੇਰਵੇ ਪੁਲਿਸ ਥਾਣੇ ਵਿੱਚ ਹਨ ਅਤੇ ਜਲਦੀ ਹੀ ਕਨਫਰਮ ਹੋ ਜਾਣਗੇ।

ਪੁਜਾਰੀ ਅਤੇ ਉਨ੍ਹਾਂ ਦਾ ਪਰਿਵਾਰ

ਇਸ ਪੜਤਾਲ ਦੌਰਾਨ ਸਭ ਤੋਂ ਪਹਿਲਾਂ ਪਾਲੀ-ਮੁਕੀਮਪੁਰ ਥਾਣੇ ਦੇ ਉਸੇ ਭੂਡਰਾ ਆਸ਼ਰਮ ਪਹੁੰਚੇ, ਜਿੱਥੋਂ ਕਤਲਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਥਾਣੇ ਦੇ ਰੂਪ ਵਾਸ ਪਿੁੰਡ ਦੇ ਦਰਾਂ 'ਤੇ ਬਣੇ ਸ਼ਿਵ ਮੰਦਿਰ ਨਾਲ ਲਗਦੀ ਦੋਂ ਕਮਰਿਆਂ ਦੀ ਇਮਾਰਤ ਨੂੰ ਹੀ ਪਾਲੀ-ਮੁਕੀਮਪੁਰ ਵਿੱਚ ਭੂਡਰਾ ਪਿੰਡ ਆਸ਼ਰਮ ਦੇ ਨਾਂ ਨਾਲ ਪਛਾਣਿਆ ਜਾਂਦਾ ਹੈ।

ਆਸ਼ਰਮ ਦੇ ਸਾਹਮਣੇ ਇੱਕ ਖੁੱਲ੍ਹਾ ਮੈਦਾਨ ਸੀ। ਕੁਝ ਬਜ਼ੁਰਗ ਪਿੰਡ ਦੀ ਸੱਥ ਵਿੱਚ ਬੈਠੇ ਸਨ। ਦੋ ਸਿਪਾਹੀ ਵੀ ਉੱਥੇ ਤਾਇਨਾਤ ਸਨ। ਨਜ਼ਦੀਕ ਹੀ ਇੱਕ ਪੁਲਿਸ ਚੌਕੀ ਦੀ ਉਸਾਰੀ ਹੋ ਰਹੀ ਸੀ। ਆਸ਼ਰਮ ਦੇ ਸਾਹਮਣੇ ਹੀ ਚਾਦਰਾਂ ਨਾਲ ਢਕੀ ਇੱਕ ਕਬਰ ਵੀ ਦਿਖ ਰਹੀ ਸੀ।

ਤਸਵੀਰ ਕੈਪਸ਼ਨ,

ਭੂਡਰਾ ਆਸ਼ਰਮ

ਪਿੰਡ ਵਾਲਿਆਂ ਤੋਂ ਪਤਾ ਲੱਗਿਆ ਕਿ ਇਹ ਕਬਰ ਕਿਸੇ ਸਾਧੂ ਕਾਲੀਦਾਸ ਦੀ ਹੈ। ਪੁਲਿਸ ਚੌਂਕੀ ਦੀ ਉਸਾਰੀ ਵੀ ਸਾਧੂਆਂ ਦੇ ਕਤਲ ਤੋਂ ਬਾਅਦ ਹੀ ਸ਼ੁਰੂ ਹੋਈ ਸੀ।

ਆਸ਼ਰਮ ਦੇ ਸਾਹਮਣੇ ਬੈਠੇ ਲਾਲਾਰਾਮ (70) ਨੇ ਦੱਸਿਆ,"ਪਿੰਡ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਇਸ ਮੰਦਿਰ ਦੀ ਉਸਾਰੀ ਕਰਵਾਈ ਸੀ। ਜਿੱਥੋਂ ਤੱਕ ਸਾਨੂੰ ਯਾਦ ਹੈ ਬਾਬੂਾ ਕਾਲੀਦਾਸ ਇੱਥੇ ਹੀ ਰਹਿੰਦੇ ਸਨ। ਨਜ਼ਦੀਕੀ ਖ਼ੁਸ਼ੀਪੁਰਾ ਪਿੰਡ ਦੇ ਰਹਿਣ ਵਾਲੇ ਹੋਣਗੇ। ਮੰਦਿਰ ਦੇ ਪੁਜਾਰੀ ਮਹੇਂਦਰ ਸ਼ਰਮਾ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੇ ਸਨ।"

ਲਾਲਾਰਾਮ ਨੇ ਦੱਸਿਆ, "ਆਪਣੇ ਖੇਤਾਂ ਵਿੱਚ ਟਿਊਬਵੈਲ ਦਾ ਪਾਣੀ ਲਾ ਕੇ ਸੋਨਪਾਲ ਵੀ ਮੰਦਿਰ ਵਿੱਚ ਹੀ ਆ ਗਏ। ਬਾਬਾ ਕਾਲੀਦਾਸ, ਮਹੇਂਦਰ ਅਤੇ ਸੋਨਪਾਲ, ਤਿੰਨੇ ਵਿਅਕਤੀ ਛੱਤ 'ਤੇ ਇਕੱਠੇ ਹੀ ਸੌਂ ਰਹੇ ਸਨ ਜਦੋਂ ਹਮਲਾ ਹੋਇਆ। ਸਾਨੂੰ ਤਾਂ ਸਵੇਰੇ ਪਤਾ ਲੱਗਿਆ। ਮਹਾਤਮਾ ਜੀ ਅਤੇ ਸੋਨਪਾਲ ਮਰ ਚੁੱਕੇ ਸਨ। ਪੁਜਾਰੀ ਜ਼ਖਮੀਂ ਸਨ ਪਰ ਬਚ ਗਏ।"

ਕੋਲ ਹੀ ਬੈਠੇ ਮੱਖਣ ਸਿੰਘ (65) ਨੇ ਦੱਸਿਆ, "ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਸੀ। ਡੰਡਿਆਂ ਨਾਲ ਮਾਰ-ਮਾਰ ਕੇ ਸਿਰ ਪਾੜ ਦਿੱਤੇ ਸਨ। ਮਹਾਤਮਾ ਦੀਆਂ ਤਾਂ ਅੱਖਾਂ ਵੀ ਭੰਨ ਦਿੱਤੀਆਂ ਸਨ। ਇਸ ਨਾਲੋਂ ਤਾਂ ਚੰਗਾ ਹੁੰਦਾ ਗੋਲੀ ਮਾਰ ਦਿੰਦੇ। ਇੰਨ੍ਹਾਂ ਖੂਨ ਵਗਿਆ ਕਿ ਸਾਰੀ ਛੱਤ ਲਾਲ ਹੋ ਗਈ।"

ਅਲੀਗੜ੍ਹ ਐਨਕਾਊਂਟਰ ਬਾਰੇ ਪੁੱਛਣ 'ਤੇ ਉੱਥੇ ਹੀ ਬੈਠੇ ਇੱਕ ਹੋਰ ਪੰਜਾਬੀ ਸਿੰਘ ਨੇ ਦੱਸਿਆ, "ਅਸਲੀ ਝਗੜਾ ਤਾਂ ਮੰਦਿਰ ਦੀ ਜ਼ਮੀਨ ਦਾ ਹੈ। ਇਹ ਮੰਦਿਰ ਕਈ ਸਾਲਾਂ ਤੋਂ ਕਾਇਮ ਹੈ ਅਤੇ ਕਦੇ ਸਮੱਸਿਆ ਨਹੀਂ ਹੋਈ। ਇਸੇ ਸਾਲ ਗਰਮੀਆਂ ਵਿੱਚ ਗੁਆਂਢੀ ਪੀਢੋਲ ਪਿੰਡ ਦੇ ਕੁਝ ਲੋਕ ਆਏ ਅਤੇ ਕਹਿਣ ਲੱਗੇ ਕਿ ਆਸ਼ਰਮ ਦੀ ਜ਼ਮੀਨ ਉੱਪਰ ਉਨ੍ਹਾਂ ਦੇ ਪਿੰਡ ਦੇ 10-12 ਲੋਕਾਂ ਦੇ ਪੱਟੇ ਹਨ।"

ਇਹ ਵੀ ਪੜ੍ਹੋ:

ਲਾਲਾਰਾਮ ਦੱਸਦੇ ਹਨ ਕਿ ਪੀਢੋਲ ਪਿੰਡ ਦੇ ਲੋਕ ਅਗਲੀਵਾਰ ਪਟਵਾਰੀ ਨੂੰ ਲੈ ਕੇ ਆਏ ਸਨ। "ਉਨ੍ਹਾਂ ਨੇ ਮੰਦਿਰ ਦੇ ਆਲੇ-ਦੁਆਲੇ ਦੀ ਜ਼ਮੀਨ ਦੀ ਗਿਰਦਾਵਰੀ ਕਰਵਾਈ ਅਤੇ ਮੰਦਿਰ ਛੱਡਣ ਦੀ ਧਮਕੀ ਦੇ ਕੇ ਚਲੇ ਗਏ।"

ਅਲੀਗੜ੍ਹ ਐਨਕਾਊਂਟਰ ਵਿੱਚ ਮਾਰੇ ਗਏ ਮੁਸਤਕੀਨ ਅਤੇ ਨੋਸ਼ਾਦ ਦੇ ਬਾਰੇ ਪੁੱਛਣ 'ਤੇ ਪਿੰਡ ਵਾਲਿਆਂ ਨੇ ਦੱਸਿਆ,"ਸਾਡੇ ਰੂਪਵਾਸ ਅਤੇ ਖ਼ੁਸ਼ੀਪੁਰਾ ਪਿੰਡਾਂ ਦੀ ਪੂਰੀ ਪੰਚਾਇਤ ਨੂੰ ਯਕੀਨ ਹੈ ਕਿ ਮਹਾਤਮਾ ਜੀ ਅਤੇ ਸੋਨਪਾਲ ਨੂੰ ਪੀਢੋਲ ਵਾਲਿਆਂ ਨੇ ਹੀ ਮਾਰਿਆ ਹੈ।''

"ਬਾਬਾ ਜੀ ਦੇ ਕਤਲ ਤੋਂ ਬਾਅਦ ਉਸ ਪਿੰਡ ਦੇ ਕੁਝ ਲੋਕ ਗ੍ਰਿਫ਼ਤਾਰ ਵੀ ਹੋਏ ਸਨ। ਪਰ ਬਾਅਦ ਵਿੱਚ ਪੁਲਿਸ ਨੇ ਸਾਰਿਆਂ ਨੂੰ ਛੱਡ ਦਿੱਤਾ। ਬਾਅਦ ਵਿੱਚ ਇਨ੍ਹਾਂ ਦੋਹਾਂ ਮੁੰਡਿਆਂ ਨੂੰ ਬਿਨਾਂ ਵਜ੍ਹਾ ਹੀ ਮਾਰ ਦਿੱਤਾ। ਇਹ ਛਰਰਾ (ਅਲੀਗੜ੍ਹ) ਦੇ ਮੁਸਲਮਾਨ ਇੱਥੇ ਰੂਪਵਾਸ ਦੇ ਬਾਬੇ ਨੂੰ ਮਾਰ ਕੇ ਕੀ ਕਰਨਗੇ?"

ਤਸਵੀਰ ਕੈਪਸ਼ਨ,

ਜਿਸ ਮੰਦਰ ਵਿੱਚ ਕਤਲ ਹੋਏ ਉੱਥੇ ਲੋਕ ਮੁਤਸਕੀਨ ਤੇ ਨੌਸ਼ਾਦ ਨੂੰ ਸਾਧੂਆਂ ਤੇ ਕਤਲ ਦਾ ਜ਼ਿੰਮਵਾਰ ਨਹੀਂ ਮੰਨਦੇ

ਗੌਰਤਲਬ ਹੈ ਕਿ ਛਰਰਾ ਅਲੀਗੜ੍ਹ ਦਾ ਉਹ ਕਸਬਾ ਹੈ, ਜਿੱਥੇ ਐਨਕਾਊਂਟਰ ਵਿੱਚ ਮਾਰੇ ਗਏ ਮੁਸਤਕੀਨ ਅਤੇ ਨੌਸ਼ਾਦ ਦੇ ਪਰਿਵਾਰ ਅਤਰੌਲੀ ਦੇ ਆਪਣੇ ਮੌਜੂਦਾ ਨਿਵਾਸ ਵਿੱਚ ਆਉਣ ਤੋਂ ਪਹਿਲਾਂ ਰਹਿੰਦੇ ਸਨ।

ਅੱਗੇ ਪੜਤਾਲ ਕਰਨ 'ਤੇ ਇਹ ਵੀ ਪਤਾ ਲੱਗਿਆ ਹੈ ਕਿ ਘਟਨਾ ਦੇ 20 ਦਿਨ ਬਾਅਦ ਪੁਲਿਸ ਨੇ ਪੀਢੋਲ ਪਿੰਡ ਦੇ ਤੁਲਸੀ ਅਤੇ ਬਬਲੂ ਉਰਫ਼ ਕਲੂਆ ਨਾਮ ਦੇ ਦੋ ਨੌਜਵਾਨਾਂ ਨੂੰ ਗਿਰਫ਼ਤਾਰ ਵੀ ਕੀਤਾ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਚਸ਼ਮਦੀਦ ਗਵਾਹ

ਖੁਸ਼ੀਪੁਰਾ ਪਿੰਡ ਵਿੱਚ ਸਾਡੀ ਮੁਲਾਕਾਤ ਹਮਲੇ ਤੋਂ ਬਾਅਦ ਜ਼ਿੰਦਾ ਬਚ ਗਏ ਅਤੇ ਹੁਣ ਮਾਮਲੇ ਦੇ ਇਕਲੌਤੇ ਚਸ਼ਮਦੀਦ ਗਵਾਹ ਪੁਜਾਰੀ ਮਹਿੰਦਰ ਸ਼ਰਮਾ ਨਾਲ ਹੋਈ।

ਤਸਵੀਰ ਕੈਪਸ਼ਨ,

ਘਟਨਾ ਵਾਲੀ ਥਾਂ 'ਤੇ ਜਾਰੀ ਪੁਲਿਸ ਚੌਕੀ ਦਾ ਨਿਰਮਾਣ ਕਾਰਜ

ਛੋਟੇ ਕੱਦ ਦੇ 50 ਸਾਲਾ ਮਹਿੰਦਰ ਆਪਣੇ ਘਰ ਦੇ ਸਾਹਮਣੇ ਵਿਛੀ ਚਾਰਪਾਈ 'ਤੇ ਲੰਮੇ ਪਏ ਹੋਏ ਸਨ। ਉਨ੍ਹਾਂ ਦੀਆਂ ਭੂਰੀਆ ਅੱਖਾਂ ਅਤੇ ਲੜਖੜਾਉਂਦੀਆਂ ਆਵਾਜ਼ਾਂ ਵਿੱਚ ਅੱਜ ਵੀ ਮੌਤ ਦਾ ਖੌਫ਼ ਸਾਫ਼ ਮਹਿਸੂਸ ਹੁੰਦਾ ਹੈ।

ਡਰੀ ਹੋਈ ਆਵਾਜ਼ ਵਿੱਚ ਉਨ੍ਹਾਂ ਨੇ ਕਿਹਾ, "ਅਸੀਂ ਸਾਲਾਂ ਤੋਂ ਬਾਬਾ ਦੇ ਨਾਲ ਮੰਦਿਰ ਵਿੱਚ ਹੀ ਰਹਿੰਦੇ ਸੀ। ਅਤਰੌਲੀ ਤੋਂ ਤਹਿਸੀਲਦਾਰ ਅਤੇ ਲੇਖਪਾਲ ਆਸ਼ਰਮ ਆਏ। ਉਨ੍ਹਾਂ ਦੇ ਨਾਲ ਪੀਢੌਲ ਦੀ ਉਹ ਔਰਤ ਵਿਜੈ ਵੀ ਸੀ। ਮਈ ਵਿੱਚ ਉਹ ਮੁੜ ਆਸ਼ਰਮ ਆਏ।''

"ਪੀਢੋਲ ਦੇ ਲੋਕਾਂ ਨੇ ਬਾਬਾ ਨੂੰ ਕਿਹਾ ਕਿ ਬਾਬਾ ਤੁਸੀਂ ਇਹ ਥਾਂ ਛੱਡ ਦਿਓ। ਬਾਬਾ ਚੁੱਪਚਾਪ ਸੁਣਦੇ ਰਹੇ। ਕੁਝ ਨਹੀਂ ਬੋਲੇ। ਇਸ ਤੋਂ ਬਾਅਦ ਇੱਕ ਦਿਨ ਪੀਢੋਲ ਦੇ ਲੋਕ ਆਸ਼ਰਮ ਆਏ ਅਤੇ ਉਨ੍ਹਾਂ ਨੇ ਬਾਬਾ ਨੂੰ ਧਮਕੀ ਦਿੱਤੀ। ਕਿਹਾ ਕਿ ਬਾਬਾ ਇਹ ਥਾਂ ਛੱਡ ਦਿਓ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ। ਬਸ ਇਸ ਘਟਨਾ ਤੋਂ ਇੱਕ ਦਿਨ ਬਾਅਦ ਇਹ ਕਾਂਡ ਹੋ ਗਿਆ।"

ਤਸਵੀਰ ਕੈਪਸ਼ਨ,

ਪੁਜਾਰੀ ਮਹਿੰਦਰ ਸ਼ਰਮਾ

ਘਟਨਾ ਦੀ ਰਾਤ ਨੂੰ ਯਾਦ ਕਰਦੇ ਹੋਏ ਮਹਿੰਦਰ ਅੱਗੇ ਕਹਿੰਦੇ ਹਨ, "ਉਸ ਦਿਨ ਸੋਨਪਾਲ ਦੇ ਘਰੋਂ ਖਾਣਾ ਆਇਆ ਸੀ। 8 ਵਜੇ ਤੱਕ ਅਸੀਂ ਲੋਕ ਖਾਣਾ ਖਾ ਕੇ ਛੱਤ 'ਤੇ ਆ ਗਏ ਸੀ। ਫਿਰ ਮੈਂ ਹਨੁਮਾਨ ਚਾਲੀਸਾ ਪੜ੍ਹਿਆ ਅਤੇ 9 ਵਜੇ ਦੇ ਕਰੀਬ ਅਸੀਂ ਸਾਰੇ ਸੌਂ ਗਏ।''

"ਜਦੋਂ ਹਮਲਾ ਹੋਇਆ ਤਾਂ ਮੈਂ ਸੌਂ ਰਿਹਾ ਸੀ। ਪਰ ਮੈਨੂੰ ਐਨਾ ਯਾਦ ਹੈ ਕਿ ਸਾਨੂੰ ਬਹੁਤ ਮਾਰਿਆ ਸੀ। ਪਿੰਡ ਵਾਲੇ ਕਹਿੰਦੇ ਹਨ ਕਿ 5 ਦਿਨ ਤੱਕ ਮੇਰੇ ਕੰਨ ਵਿੱਚ ਖ਼ੂਨ ਬੰਦ ਨਹੀਂ ਹੋਇਆ ਸੀ।''

ਹਮਲਾਵਰਾਂ ਬਾਰੇ ਪੁੱਛਣ 'ਤੇ ਮਹਿੰਦਰ ਥੋੜ੍ਹੀ ਦੇਰ ਚੁੱਪ ਰਹਿੰਦੇ ਹਨ। ਫਿਰ ਹੱਥ ਜੋੜਦੇ ਹੋਏ ਕਹਿੰਦੇ ਹਨ, "ਪੀਢੋਲ ਦੇ ਹੀ ਮੁੰਡੇ ਸਨ।"

ਹਰਦੁਆਗੰਜ ਦਾ ਤਿਹਰਾ ਕਤਲਕਾਂਡ

ਪਾਲੀ ਮੁਕੀਮਪੁਰ ਤੋਂ ਬਾਅਦ 14 ਸਤੰਬਰ ਦੀ ਰਾਤ ਹਰਦੁਆਗੰਜ ਦੇ ਦੁਰੈਨੀ ਮਾਤਾ ਦੇ ਮੰਦਿਰ 'ਚ ਮਾਰੇ ਗਏ ਸਾਧੂ ਰਾਮਸਵਰੂਪ ਦੇ ਰਿਸ਼ਤੇਦਾਰਾਂ ਨੂੰ ਮਿਲਣ ਅਸੀਂ ਸਫ਼ੇਦਾਪੁਰ ਪਿੰਡ ਪਹੁੰਚੇ।

ਮੰਦਿਰ ਤੋਂ ਕੁਝ ਹੀ ਦੂਰ ਵਸੇ ਪਿੰਡ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣ ਵਾਲੇ ਬਾਬਾ ਰਾਮਸਵਰੂਪ ਦਾ ਪਰਿਵਾਰ ਅੱਜ ਤੱਕ ਉਨ੍ਹਾਂ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਿਕਲ ਨਹੀਂ ਸਕਿਆ ਹੈ।

ਤਸਵੀਰ ਕੈਪਸ਼ਨ,

ਦੁਰੈਨੀ ਮਾਤਾ ਦਾ ਮੰਦਿਰ

ਸਭ ਤੋਂ ਛੋਟੇ ਭਰਾ ਸੁੰਦਰ ਲਾਲ ਕਹਿੰਦੇ ਹਨ, "ਸਾਡੇ ਬਾਬਾ ਦਾ ਮੰਦਿਰ ਬੜਾ ਮਾਨਤਾ ਵਾਲਾ ਸੀ। ਹਰ ਵੀਰਵਾਰ ਨੂੰ ਇੱਥੇ ਭਗਤਾਂ ਦੀ ਭੀੜ ਲੱਗ ਜਾਂਦੀ ਸੀ। ਮਥੁਰਾ ਤੱਕ ਤੋਂ ਲੋਕ ਦਰਸ਼ਨਾਂ ਲਈ ਆਉਂਦੇ ਸਨ।''

"ਸ਼ੁਰੂਆਤ ਵਿੱਚ ਜਦੋਂ ਬਾਬਾ ਨੇ ਇੱਥੇ ਪੀਠ ਦੀ ਸਥਾਪਨਾ ਕੀਤੀ ਸੀ, ਉਦੋਂ ਤਾਂ ਇੱਥੇ ਗੋਡਿਆਂ ਤੱਕ ਘਾਹ ਉੱਗਦਾ ਸੀ। ਮੰਦਿਰ ਦੀ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਕਿਤੇ ਦਾ ਕਿਤੇ ਪਹੁੰਚਾ ਦਿੱਤਾ ਸੀ ਉਨ੍ਹਾਂ ਨੇ।"

ਸੁੰਦਰਲਾਲ ਘਟਨਾ ਤੋਂ ਬਾਅਦ ਬਾਬਾ ਰਾਮਸਵਰੂਪ ਨੂੰ ਦੇਖਣ ਵਾਲੇ ਉਹ ਪਹਿਲੇ ਲੋਕਾਂ ਵਿੱਚੋਂ ਸਨ। ਘਟਨਾ ਦੀ ਅਗਲੀ ਸਵੇਰ ਯਾਦ ਕਰਦੇ ਹੋਏ ਉਹ ਦੱਸਦੇ ਹਨ, "ਸਵੇਰੇ ਦੁੱਧ ਲੈ ਕੇ ਪਹੁੰਚਿਆ ਤਾਂ ਦੇਖਿਆ ਬਾਬਾ ਮੱਛਰਦਾਨੀ ਵਿੱਚ ਲਿਪਟੇ ਮੰਜੇ ਹੇਠਾਂ ਡਿੱਗੇ ਪਏ ਸੀ ਅਤੇ ਹਰ ਪਾਸੇ ਖ਼ੂਨ ਹੀ ਖ਼ੂਨ ਸੀ।"

ਤਸਵੀਰ ਕੈਪਸ਼ਨ,

ਸਾਧੂ ਰਾਮਸਵਰੂਪ ਦੇ ਪਰਿਵਾਰ ਵਾਲੇ

ਬਾਬਾ ਰਾਮਸਵਰੂਪ ਦੇ ਪਰਿਵਾਰ ਵਾਲਿਆਂ ਦਾ ਮੰਨਣਾ ਹੈ ਕਿ ਅਲੀਗੜ੍ਹ ਐਨਕਾਊਂਟਰ ਤੋਂ ਬਾਅਦ ਹੁਣ ਬਾਬਾ ਨੂੰ ਕਦੇ ਇਨਸਾਫ਼ ਨਹੀਂ ਮਿਲੇਗਾ।

ਸੁੰਦਰਲਾਲ ਕਹਿੰਦੇ ਹਨ, "ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਸਾਡੇ ਬਾਬਾ ਦਾ ਕਤਲ ਅਤਰੌਲੀ ਦੇ ਉਨ੍ਹਾਂ ਦੋ ਮੁਸਲਮਾਨ ਮੁੰਡਿਆ ਨੇ ਕੀਤਾ ਸੀ।''

"ਸਾਨੂੰ ਤਾਂ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਬਾਬਾ ਦੇ ਕਤਲ ਦਾ ਕੇਸ ਵੀ ਪੁਲਿਸ ਨੇ ਉਨ੍ਹਾਂ ਮੁੰਡਿਆ 'ਤੇ ਵੀ ਖੋਲ੍ਹਿਆ ਹੈ। ਹੁਣ ਤਾਂ ਉਹ ਮੁੰਡੇ ਵੀ ਮਰ ਗਏ ਹਨ ਅਤੇ ਸਾਡਾ ਕੇਸ ਵੀ ਬੰਦ ਹੋ ਜਾਵੇਗਾ।''

"ਅਸੀਂ ਤਾਂ ਇਸ ਮਾਮਲੇ ਵਿੱਚ ਸਹੀ ਜਾਂਚ ਅਤੇ ਬਾਬਾ ਲਈ ਇਨਸਾਫ਼ ਚਾਹੁੰਦੇ ਹਾਂ। ਪਰ ਪਤਾ ਨਹੀਂ ਇਨਸਾਫ਼ ਕਦੇ ਮਿਲੇਗਾ ਵੀ ਜਾਂ ਨਹੀਂ?"

ਬਾਬਾ ਰਾਮਸਵਰੂਪ ਕਤਲਕਾਂਡ ਦੀ ਰਾਤ ਹੀ ਮੰਦਿਰ ਦੇ ਨੇੜੇ ਖੇਤਾਂ ਤੋਂ ਇੱਕ ਕਿਸਾਨ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ। ਇਹ ਜੋੜਾ ਵੀ ਇਸੇ ਸਫ਼ੇਦਾਪੁਰ ਪਿੰਡ ਦਾ ਰਹਿਣ ਵਾਲਾ ਸੀ। ਬਾਬਾ ਦੇ ਘਰ ਤੋਂ ਅੱਗੇ ਵਧਦੇ ਹੋਏ ਅਸੀਂ ਪਿੰਡ ਦੇ ਦੂਜੇ ਪਾਸੇ ਮੌਜੂਦ ਮ੍ਰਿਤਕ ਜੋੜੇ ਦੇ ਘਰ ਪਹੁੰਚੇ।

ਤਸਵੀਰ ਕੈਪਸ਼ਨ,

ਮ੍ਰਿਤਕ ਕਿਸਾਨਾਂ ਦੀਆਂ ਤਸਵੀਰਾਂ ਫੜ ਕੇ ਖੜ੍ਹੇ ਲਲਿਤ ਅਤੇ ਭਾਵਨਾ

ਘਰ ਦਾ ਦਰਵਾਜ਼ਾ ਮ੍ਰਿਤਕ ਕਿਸਾਨ ਦੀ ਵੱਡੀ ਕੁੜੀ 16 ਸਾਲਾ ਭਾਵਨਾ ਨੇ ਖੋਲ੍ਹਿਆ ਹੈ।

ਵਿਹੜੇ ਵਿੱਚ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਬੈਠੇ ਭਾਵਨਾ ਦੇ ਚਾਚੇ ਅਤੇ ਮ੍ਰਿਤਕ ਕਿਸਾਨ ਦੇ ਛੋਟੇ ਭਰਾ ਲਲਿਤ ਕੁਮਾਰ ਨੇ ਆਪਣੇ ਭਰਾ-ਭਾਬੀ ਦਾ ਨਾਮ ਯੋਗੇਂਦਰ ਪਾਲ ਅਤੇ ਵਿਮਲੇਸ਼ ਦੇਵੀ ਦੱਸਿਆ।

ਉਨ੍ਹਾਂ ਦੱਸਿਆ, ''ਭਰਾ ਦੀ ਉਮਰ 45 ਸਾਲ ਅਤੇ ਭਾਬੀ ਦੀ ਉਮਰ 42 ਸਾਲ ਦੇ ਕਰੀਬ ਸੀ। ਉਸ ਰਾਤ ਮੇਰੇ ਭਰਾ-ਭਾਬੀ ਸਾਡੇ ਮੱਕੇ ਦੇ ਖੇਤਾਂ ਵਿੱਚ ਦਵਾਈ ਪਾਉਣ ਗਏ ਸਨ। ਫਿਰ ਵਾਪਿਸ ਨਹੀਂ ਪਰਤੇ।''

"ਸਵੇਰੇ 9 ਵਜੇ ਮੈਨੂੰ ਪਤਾ ਲੱਗਿਆ ਅਤੇ ਅਸੀਂ ਸਾਰਿਆ ਨੇ ਦੋਵਾਂ ਨੂੰ ਲੱਭਣਾ ਸ਼ੁਰੂ ਕੀਤਾ। ਉਦੋਂ ਤੱਕ ਮੰਦਿਰ ਵਾਲੇ ਰਾਮਸਵਰੂਪ ਬਾਬਾ ਦੇ ਕਤਲ ਦੀ ਖ਼ਬਰ ਹਰ ਥਾਂ ਫੈਲ ਚੁੱਕੀ ਸੀ ਇਸ ਲਈ ਅਸੀਂ ਜ਼ਿਆਦਾ ਡਰੇ ਹੋਏ ਸੀ।''

ਕੁਝ ਹੀ ਦੇਰ ਵਿੱਚ ਮੇਰੇ ਭਰਾ ਦੀ ਲਾਸ਼ ਖੇਤਾਂ ਵਿੱਚ ਪਈ ਮਿਲੀ। ਭਾਬੀ ਦੀ ਲਾਸ਼ ਉੱਥੋਂ ਕਰੀਬ 100 ਮੀਟਰ ਦੂਰ ਦੂਜੀ ਕਿਆਰੀ ਵਿੱਚ ਸੁੱਟੀ ਗਈ ਸੀ।"

ਲਲਿਤ ਦੇ ਨਾਲ ਖੜ੍ਹੇ ਉਨ੍ਹਾਂ ਦੇ ਭਤੀਜੇ ਰਾਜ ਪਾਲ ਨੇ ਅਲੀਗੜ੍ਹ ਐਨਕਾਊਂਟਰ 'ਤੇ ਸਵਾਲ ਚੁੱਕਦੇ ਹੋਏ ਅੱਗੇ ਕਿਹਾ, "ਇਹ ਐਨਕਾਊਂਟਰ ਕਰਕੇ ਪੁਲਿਸ ਨੇ ਤਾਂ ਸਿਰਫ਼ ਇਸ ਮਾਮਲੇ ਵਿੱਚ ਲੀਪਾਪੋਤੀ ਹੀ ਕੀਤੀ ਹੈ। ਖੇਤਰੀ ਵਿਧਾਇਕ ਦਲਵੀਰ ਸਿੰਘ ਨੇ ਸਾਡੇ ਥਾਣੇਦਾਰ ਨੂੰ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਚੰਗੀ ਤਰ੍ਹਾਂ ਕੀਤੀ ਜਾਵੇ।''

"ਉਸ ਦਿਨ ਥਾਣੇਦਾਰ ਸਾਹਿਬ ਨੇ ਦੱਸਿਆ ਸੀ ਕਿ ਸਾਡੇ ਪਿੰਡ ਵਿੱਚ ਹੀ ਕੁਝ ਲੋਕ ਇਸ ਕਤਲਕਾਂਡ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ 3-4 ਦਿਨ ਵਿੱਚ ਪੁਲਿਸ ਪਰਿਵਾਰ ਦੇ ਲੋਕਾਂ ਨੂੰ ਬੁਲਾ ਕੇ ਕੇਸ ਖੋਲ੍ਹੇਗੀ। ਪਰ ਸਾਨੂੰ ਕਦੇ ਕੁਝ ਨਹੀਂ ਦੱਸਿਆ ਗਿਆ। ਮੀਡੀਆ ਦੇ ਜ਼ਰੀਏ ਹੀ 18 ਸਤੰਬਰ ਨੂੰ ਫੜੇ ਗਏ 5 ਲੋਕਾਂ ਬਾਰੇ ਪਤਾ ਲੱਗਿਆ ਅਤੇ ਫਿਰ 20 ਸਤੰਬਰ ਨੂੰ ਤਾਂ ਐਨਕਾਊਂਟਰ ਹੀ ਹੋ ਗਿਆ।''

ਤਸਵੀਰ ਕੈਪਸ਼ਨ,

ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲੇ

ਲਲਿਤ ਅੱਗੇ ਦੱਸਦੇ ਹਨ, "ਭਰਾ ਦਾ ਸਰੀਰ ਆਕੜਿਆ ਹੋਇਆ ਸੀ, ਪਰ ਭਾਬੀ ਦੇ ਸਿਰ ਤੋਂ ਤਾਜ਼ਾ ਖ਼ੂਨ ਵਹਿ ਰਿਹਾ ਸੀ। ਉਸ ਖ਼ੂਨ ਨੂੰ ਦੇਖ ਕੇ ਲਗਦਾ ਸੀ ਕਿ ਉਨ੍ਹਾਂ ਦੀ ਅਤੇ ਭਰਾ ਦੀ ਮੌਤ ਵਿੱਚ ਕਾਫ਼ੀ ਫਰਕ ਰਿਹਾ ਹੋਵੇਗਾ। ਭਾਬੀ ਨੂੰ ਤਾਂ ਬਹੁਤ ਮਾਰਿਆ ਸੀ।''

"ਗਰਦਨ, ਰੀੜ੍ਹ ਦੀ ਹੱਡੀ, ਸਭ ਕੁਝ ਟੁੱਟਿਆ ਹੋਇਆ ਸੀ। ਅੱਖਾਂ ਭੰਨੀਆ ਹੋਈਆਂ ਸਨ। ਪਤਾ ਨਹੀਂ ਉਨ੍ਹਾਂ ਨਾਲ ਕੀ ਹੋਇਆ ਹੋਵੇਗਾ। ਉਨ੍ਹਾਂ ਦੋਵਾਂ ਕੋਲ ਤਾਂ ਸਿਰਫ਼ ਪੁਰਾਣਾ ਮੋਬਾਈਲ ਹੀ ਸੀ ਜਿਸਦੀ ਟਾਰਚ ਨੂੰ ਜਗਾ ਕੇ ਉਹ ਖੇਤਾਂ ਵਿੱਚ ਦਵਾਈ ਅਤੇ ਪਾਣੀ ਪਾਉਣ ਜਾਂਦੇ ਸਨ।''

"ਮੰਦਿਰ ਦਾ ਸਾਮਾਨ ਭਾਬੀ ਦੇ ਆਲੇ-ਦੁਆਲੇ ਪਿਆ ਮਿਲਿਆ ਸੀ। ਜਿਵੇਂ ਕਿ ਚੁੰਨੀ ਵਿੱਚ ਲਿਪਟਿਆ ਨਾਰੀਅਲ ਅਤੇ ਕੁਝ ਅਗਰਬੱਤੀਆਂ।"

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਅੱਗੇ ਸੁਪਰੀਮ ਕੋਰਟ ਜਾ ਕੇ ਅਦਾਲਤ ਤੋਂ ਸੀਬੀਆਈ ਜਾਂਚ ਦੀ ਮੰਗ ਕਰਨਾ ਚਾਹੁੰਦੇ ਹਨ ਪਰ ਮ੍ਰਿਤਕ ਜੋੜੇ ਦੇ ਬੱਚੇ ਭਵਿੱਖ ਦੀ ਫ਼ਿਕਰ ਕਰਦੇ ਹੋਏ ਕੋਈ ਕਦਮ ਨਹੀਂ ਚੁੱਕ ਰਹੇ।

ਮੁਸਤਕੀਨ, ਨੋਸ਼ਾਦ ਅਤੇ ਹੀਨਾ ਦਾ ਪੱਖ

ਮ੍ਰਿਤਕਾਂ ਦੇ ਘਰ ਦੇ ਸਾਹਮਣੇ ਪੁਲਿਸ ਵੱਡੀ ਗਿਣਤੀ 'ਚ ਤਾਇਨਾਤ ਸੀ। ਵਰਦੀ ਵਾਲਿਆਂ ਦੀ ਸਖ਼ਤ ਨਾਕਾਬੰਦੀ ਦੇ ਨਾਲ-ਨਾਲ ਲੋਕਲ-ਇੰਟੈਲੀਜੈਂਸ ਦੇ ਸਿਪਾਹੀ ਵੀ ਉੱਥੇ ਸਾਦੇ ਕੱਪੜਿਆਂ ਵਿੱਚ ਘੁੰਮ ਰਹੇ ਸਨ।

ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਤੋਂ ਹੁਣ ਮੀਡੀਆ ਜਾਂ ਕਿਸੇ ਹੋਰ ਦਾ ਮਿਲ ਸਕਣਾ ਲਗਪਗ ਨਾਮੁਮਕਿਨ ਸੀ। ਫਿਰ ਵੀ ਥੋੜ੍ਹੀ ਕੋਸ਼ਿਸ਼ ਤੋਂ ਬਾਅਦ ਮੈਂ ਮੁਸਤਕੀਨ ਦੇ ਘਰ ਵਿੱਚ ਦਾਖ਼ਲ ਹੋ ਗਏ।

ਤਸਵੀਰ ਕੈਪਸ਼ਨ,

ਹੀਨਾ

ਅੰਦਰ ਹੀਨਾ ਦੀ ਭੈਣ ਇੱਟਾਂ ਦੇ ਇੱਕ ਚੁੱਲ੍ਹੇ 'ਤੇ ਗੁਆਂਢੀਆ ਦਾ ਦਿੱਤਾ ਹੋਇਆ ਅਨਾਜ ਪਕਾ ਕੇ ਰਾਤ ਦੇ ਖਾਣੇ ਦਾ ਇੰਤਜ਼ਾਮ ਕਰ ਰਹੀ ਸੀ। ਚੁੱਲ੍ਹੇ ਦੇ ਸਾਹਮਣੇ ਭੈਣਾਂ ਦੇ ਕੱਪੜੇ ਰੱਸੀ 'ਤੇ ਸੁੱਕ ਰਹੇ ਸਨ।

ਗੱਲਬਾਤ ਦੌਰਾਨ ਹੀਨਾ ਜ਼ਿਆਦਾਤ ਖਲਾਅ ਵੱਲ ਦੇਖਦੀ ਰਹੀ। ਭਰਾ ਅਤੇ ਸ਼ੌਹਰ ਨੂੰ ਗੁਆ ਦੇਣ ਦੇ ਦੁਖ਼ ਦੇ ਨਾਲ-ਨਾਲ ਉਨ੍ਹਾਂ ਦੇ ਚਿਹਰੇ 'ਤੇ ਮਦਦ ਦੇ ਲਈ ਤੜਫ਼ਦੇ ਇਨਸਾਨ ਦੀ ਨਿਰਾਸ਼ਾ ਸੀ।

ਹੀਨਾ ਦੀ ਕਹਾਣੀ, ਪੁਲਿਸ ਦੀ ਕਹਾਣੀ ਦੇ ਠੀਕ ਉਲਟ ਹੈ। ਉਨ੍ਹਾਂ ਮੁਤਾਬਕ ਪੁਲਿਸ ਮੁਸਤਕੀਨ ਅਤੇ ਨੋਸ਼ਾਦ ਨੂੰ 16 ਸਤੰਬਰ ਨੂੰ ਹੀ ਉਨ੍ਹਾਂ ਦੇ ਘਰ ਤੋਂ ਚੁੱਕ ਕੇ ਲੈ ਗਈ ਸੀ।

ਤਸਵੀਰ ਸਰੋਤ, Priyanka Dubey/BBC

ਤਸਵੀਰ ਕੈਪਸ਼ਨ,

ਹੀਨਾ ਅਤੇ ਮੁਸਤਕੀਨ ਦਾ ਘਰ

ਉਹ ਦੱਸਦੀ ਹੈ, "ਐਤਵਾਰ ਦੀ ਦੁਪਹਿਰ ਸੀ। ਪੁਲਿਸ ਵਾਲੇ ਆਏ ਅਤੇ ਘਰ ਵਿੱਚ ਵੜਦੇ ਹੀ ਸਾਡੇ ਸ਼ੌਹਰ ਅਤੇ ਸਾਡੇ ਭਰਾ ਨੂੰ ਮਾਰਨ ਲੱਗੇ।''

"ਜ਼ੋਰ-ਜ਼ੋਰ ਨਾਲ ਮਾਰਨ ਲੱਗੇ। ਪੂਰੇ ਮੁਹੱਲੇ ਨੇ ਦੇਖਿਆ ਹੈ, ਸਾਰੇ ਜਾਂਦੇ ਹਨ, ਫਿਰ ਉਨ੍ਹਾਂ ਨੇ ਮੁਸਤਕੀਨ ਅਤੇ ਨੋਸ਼ਾਦ ਦੋਵਾਂ ਨੂੰ ਆਪਣੀਆਂ ਗੱਡੀਆਂ ਵਿੱਚ ਭਰਿਆ ਅਤੇ ਲੈ ਗਏ।''

"ਦੋਵਾਂ ਨੂੰ ਬਿਨਾਂ ਗ਼ਲਤੀ ਦੇ ਲੈ ਗਏ ਅਤੇ ਜਾ ਕੇ ਮਾਰ ਦਿੱਤਾ। ਪੁਲਿਸ ਵਾਲੇ ਮੁੜ ਸਾਡੇ ਘਰ ਵੀ ਆਏ ਸਨ। ਘਰ ਤੋਂ ਸਾਡੇ ਸਾਰਿਆ ਦੇ ਆਧਾਰ ਕਾਰਡ, ਸਾਡੇ ਨਿਕਾਹ ਦੇ ਕਾਗਜ਼ ਅਤੇ ਮੇਰੇ ਕੋਲ ਜਿਹੜੇ 230 ਰੁਪਏ ਬਚੇ ਸਨ, ਉਹ ਸਭ ਲੈ ਗਏ।''

''ਇਸ ਤੋਂ ਬਾਅਦ ਤੀਜੀ ਵਾਰ ਆਏ ਤਾਂ ਮੈਨੂੰ ਸਿੱਧੇ ਲਾਸ਼ ਦਿਖਾਉਣ ਹੀ ਲੈ ਗਏ। ਸ਼ੌਹਰ ਦੀ ਲਾਸ਼ ਮੈਂ ਚੁੱਪਚਾਪ ਦੇਖ ਲਈ ਪਰ ਭਰਾ ਦੀ ਲਾਸ਼ ਦੇਖਦੇ ਹੀ ਮੈਂ ਬੇਹੋਸ਼ ਹੋ ਗਈ। ਉਹ ਸਿਰਫ਼ 17 ਸਾਲ ਦਾ ਸੀ।''

"ਉਸਦੇ ਦੰਦ ਟੁੱਟ ਹੋਏ ਸਨ ਅਤੇ ਅੱਖਾਂ ਭੰਨੀਆ ਹੋਈਆਂ ਸਨ। ਫਿਰ ਪੁਲਿਸ ਵਾਲਿਆਂ ਨੇ ਮੇਰੇ ਤੋਂ ਦੋ ਅੰਗੂਠੇ ਲਗਵਾਏ ਅਤੇ ਮੈਨੂੰ ਘਰ ਭੇਜ ਦਿੱਤਾ। ਦੋਵਾਂ ਨੂੰ ਆਖ਼ਰੀ ਵਾਰ ਚੰਗੀ ਤਰ੍ਹਾਂ ਦੇਖਣ ਵੀ ਨਹੀਂ ਦਿੱਤਾ।"

ਸਰਕਾਰ ਦਾ ਪੱਖ

ਅਲੀਗੜ੍ਹ ਐਨਕਾਊਂਟਰ 'ਤੇ ਉੱਠ ਰਹੇ ਸਵਾਲਾਂ ਬਾਰੇ ਸਰਕਾਰ ਦਾ ਪੱਖ ਜਾਣਨ ਲਈ ਅਸੀਂ ਲਖਨਊ ਸਕੱਤਰੇਤ ਵਿੱਚ ਬੈਠਣ ਵਾਲੇ ਸੂਬਾ ਸਰਕਾਰ ਦੇ ਊਰਜਾ ਮੰਤਰੀ ਅਤੇ ਸੂਬਾ ਸਰਕਾਰ ਦੇ ਅਧਿਕਾਰਕ ਬੁਲਾਰੇ ਸ਼੍ਰੀਕਾਂਤ ਸ਼ਰਮਾ ਨਾਲ ਗੱਲਬਾਤ ਕੀਤੀ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਦੇਖੋ, ਸਰਕਾਰ ਦੀ ਪਹਿਲ ਸੂਬੇ ਵਿੱਚ ਸੁਰੱਖਿਆ ਦਾ ਵਾਤਾਵਰਣ ਬਣਾਉਣਾ ਹੈ। ਅਤੀਤ ਵਿੱਚ ਜੋ ਇੱਥੇ ਸਪਾ-ਬਸਪਾ ਅਤੇ ਕਾਂਗਰਸ ਦਾ ਕੌਕਟੇਲ ਸੀ, ਉਹ ਮੁਲਜ਼ਮਾ ਨੂੰ ਬਚਾਉਂਦਾ ਸੀ। ਸਾਡਾ ਕੰਮ ਕਰਨਾ ਦਾ ਤਰੀਕਾ ਵੱਖਰਾ ਹੈ।''

"ਇਸ ਸਰਕਾਰ ਵਿੱਚ ਅਪਰਾਧੀਆਂ ਦਾ ਕੋਈ ਬਚਾਅ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਜੁਰਮ ਕਰੇਗਾ ਤਾਂ ਉਸ ਨੂੰ ਉਸੇ ਦੀ ਭਾਸ਼ਾ ਵਿੱਚ ਪੁਲਿਸ ਜਵਾਬ ਦੇਵੇਗੀ। ਨਾਲ ਹੀ, ਜੇਕਰ ਕੋਈ ਵਰਦੀ ਪਾ ਕੇ ਦਾਦਾਗੀਰੀ ਕਰੇਗਾ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।"

ਤਸਵੀਰ ਕੈਪਸ਼ਨ,

ਊਰਜਾ ਮੰਤਰੀ ਸ਼੍ਰੀਕਾਂਤ ਸ਼ਰਮਾ ਅਨੁਸਾਰ ਪੁਲਿਸ ਮੁਲਜ਼ਮਾਂ ਨੂੰ ਸਜ਼ਾ ਜ਼ਰੂਰ ਦੇਵੇਗੀ

ਇਸ ਬਾਰੇ ਹੋਰ ਗੱਲ ਕਰਨ ਲਈ ਅਸੀਂ ਉੱਤਰ ਪ੍ਰਦੇਸ਼ ਦੇ ਡੀਜੀਪੀ ਓਪੀ ਸਿੰਘ ਨਾਲ ਮੁਲਾਕਾਤ ਕੀਤੀ।

ਅਲੀਗੜ੍ਹ ਐਨਕਊਂਟਰ 'ਤੇ ਉੱਠ ਰਹੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਮੇਰੇ ਹੱਥ ਵਿੱਚ ਸੂਬੇ ਦੇ ਪਿਛਲੇ ਤਿੰਨ ਸਾਲ ਦਾ ਅਪਰਾਧਿਕ ਰਿਕਾਰਡ ਫੜਾਉਂਦੇ ਹੋਏ ਕਿਹਾ, "ਸਵਾਲ ਤਾਂ ਕੋਈ ਵੀ ਕਿਸੇ 'ਤੇ ਚੁੱਕ ਸਕਦਾ ਹੈ ਪਰ ਤੁਸੀਂ ਦੇਖੋ ਸੂਬੇ ਵਿੱਚ ਜੁਰਮ ਘੱਟ ਹੋਏ ਜਾਂ ਨਹੀਂ?

ਇਹ ਵੀ ਪੜ੍ਹੋ:

"ਅੰਕੜੇ ਤਾਂ ਇਹੀ ਕਹਿੰਦੇ ਹਨ। ਇਸਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਹਰ ਐਨਕਾਊਂਟਰ ਦੀ ਮੈਜੀਸਟ੍ਰੇਟ ਜਾਂਚ ਹੋਵੇਗੀ ਅਤੇ ਹੁੰਦੀ ਹੈ।ਇਹੀ ਕਾਨੂੰਨ ਹੈ।''

"ਮੈਂ ਕਿਸੇ ਇੱਕ ਐਨਕਾਊਂਟਰ 'ਤੇ ਟਿੱਪਣੀ ਤਾਂ ਨਹੀਂ ਕਰ ਸਕਦਾ, ਪਰ ਪੂਰੇ ਸੂਬੇ ਦੇ ਕਾਨੂੰਨ-ਪ੍ਰਬੰਧ ਬਾਰੇ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਸਾਡਾ ਪਹਿਲਾ ਉਦੇਸ਼ ਅਪਰਾਧੀ ਨੂੰ ਜ਼ਿੰਦਾ ਫੜਨਾ ਹੈ।''

"ਆਤਮ-ਰੱਖਿਆ ਲਈ ਗੋਲੀ ਚਲਾਉਣਾ ਆਖ਼ਰੀ ਉਪਾਅ ਹੈ, ਨਿਯਮ ਨਹੀਂ। ਸਾਰੇ ਐਨਕਾਊਂਟਰਾਂ ਦੀ ਜਾਂਚ ਹੋ ਰਹੀ ਹੈ ਅਤੇ ਜੇਕਰ ਕੋਈ ਵੀ ਪੁਲਿਸ ਅਫ਼ਸਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)