ਸਾਨੀਆ ਮਿਰਜ਼ਾ ਤੇ ਸ਼ੋਏਬ ਮਲਿਕ ਦੇ ਘਰ ਜੰਮਿਆ ਮੁੰਡਾ, #BabyMirzaMalik ਦਾ ਬਾਰਡਰ ਦੇ ਦੋਵਾਂ ਪਾਸੇ ਚਾਅ — ਸੋਸ਼ਲ

ਸਾਨੀਆ ਵੀ ਬੱਚੇ ਦੇ ਜਨਮ ਲਈ ਬ੍ਰੇਕ ਲੈਣ ਤੋਂ ਬਾਅਦ ਵਾਪਸੀ ਕਰ ਕੇ 2020 ਦੇ ਟੋਕੀਓ ਓਲੰਪਿਕਸ 'ਚ ਭਾਰਤ ਲਈ ਤਮਗਾ ਜਿੱਤਣ ਦੀ ਮੰਸ਼ਾ ਰੱਖਦੀ ਹੈ।

ਤਸਵੀਰ ਸਰੋਤ, Getty Images

ਗੱਲ ਭਾਵੇਂ ਦੁਸ਼ਮਣੀ ਦੀ ਜ਼ਿਆਦਾ ਹੁੰਦੀ ਹੈ ਪਰ ਅੱਜ ਭਾਰਤ ਤੇ ਪਾਕਿਸਤਾਨ ਦੇ ਇਸ਼ਕ ਦੀ ਇੱਕ ਤਾਜ਼ਾ ਨਿਸ਼ਾਨੀ ਨੇ ਜਨਮ ਲਿਆ ਹੈ।

ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਤੇ ਉਨ੍ਹਾਂ ਦੇ ਪਤੀ, ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਏਬ ਮਲਿਕ, ਦੇ ਘਰ ਮੁੰਡਾ ਜੰਮਿਆ ਹੈ। ਟਵਿੱਟਰ 'ਤੇ #BabyMirzaMalik ਹੈਸ਼ਟੈਗ ਦੀਆਂ ਧੁੱਮਾਂ ਪੈ ਗਈਆਂ ਹਨ।

ਮੰਗਲਵਾਰ, 30 ਅਕਤੂਬਰ, ਸਵੇਰੇ 8 ਵਜੇ ਦੇ ਕਰੀਬ ਸ਼ੋਏਬ ਮਲਿਕ ਨੇ ਟਵੀਟ ਕਰ ਕੇ ਅਧਿਕਾਰਕ ਪੁਸ਼ਟੀ ਕਰ ਦਿੱਤੀ ਤੇ ਇਹ ਵੀ ਦੱਸਿਆ ਕਿ ਸਾਨੀਆ ਬਿਲਕੁਲ ਠੀਕ ਹਨ।

ਇਹ ਵੀ ਪੜ੍ਹੋ :

ਤਿੰਨ ਘੰਟਿਆਂ 'ਚ ਹੀ ਉਨ੍ਹਾਂ ਦੇ ਟਵੀਟ ਉੱਪਰ 10,000 ਤੋਂ ਵੱਧ 'ਲਾਈਕ' ਆ ਚੁੱਕੇ ਸਨ ਤੇ ਕਰੀਬ ਦੋ ਹਜ਼ਾਰ 'ਰਿਪਲਾਈ' (ਜਵਾਬ) ਸਨ, ਜਿਨ੍ਹਾਂ 'ਚ ਵਧਾਈਆਂ ਹੀ ਵਧਾਈਆਂ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ਼ੋਏਬ 2019 ਦੇ ਕ੍ਰਿਕਟ ਵਰਲਡ ਕੱਪ ਦੀ ਤਿਆਰੀ ਕਰ ਰਹੇ ਹਨ, ਸਾਨੀਆ 2020 ਦੇ ਟੋਕੀਓ ਓਲੰਪਿਕਸ 'ਚ ਭਾਰਤ ਲਈ ਤਮਗਾ ਜਿੱਤਣ ਦੀ ਮੰਸ਼ਾ ਰੱਖਦੇ ਹਨ

ਵਧਾਈ ਦੇਣ ਵਾਲਿਆਂ 'ਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਿਸਮਾਹ ਮਾਰੂਫ਼ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

ਪਾਕਿਸਤਾਨ ਦੇ ਦੋ ਮਸ਼ਹੂਰ ਖੱਬੂ ਤੇਜ਼ ਗੇਂਦਬਾਜ਼ਾਂ ਮੁਹੰਮਦ ਆਮਿਰ ਤੇ ਸੋਹੇਲ ਤਨਵੀਰ ਨੇ ਵੀ ਵਧਾਈਆਂ ਦਿੱਤੀਆਂ।

ਇਸ ਮੌਕੇ ਖੁਸ਼ੀ 'ਚ ਸਾਂਝ ਕਰਦਿਆਂ ਇੱਕ ਭਾਰਤੀ ਟਵਿੱਟਰ ਯੂਜ਼ਰ ਕੀਰਤੀ ਪਾਂਡੇ ਨੇ ਸ਼ੋਏਬ ਨੂੰ "ਜਮਾਈ ਬਾਬੂ" ਆਖਦਿਆਂ "ਲੱਖ-ਲੱਖ ਦੁਆਵਾਂ" ਵੀ ਦਿੱਤੀਆਂ ਤੇ ਉਮੀਦ ਜ਼ਾਹਿਰ ਕੀਤੀ ਕਿ ਇਹ ਬੱਚਾ ਆਪਣੇ ਪਿਤਾ ਤੇ ਆਪਣੀ ਮਾਂ ਦੇ ਦੇਸਾਂ ਦੇ ਲੋਕਾਂ ਨੂੰ ਦੋਸਤਾਂ ਵਜੋਂ ਨਾਲ ਜੋੜੇਗਾ।

ਪਾਕਿਸਤਾਨ ਤੇ ਯੂ.ਏ.ਈ. ਦੇ ਰਹਿਣ ਵਾਲੇ ਫਾਰੂਕ ਆਜ਼ਮ ਨੇ ਵੀ ਇਹੀ ਉਮੀਦ ਜ਼ਾਹਿਰ ਕੀਤੀ ਅਤੇ ਕਿਹਾ ਕਿ ਇਹ ਬੱਚਾ ਦੋਵਾਂ ਦੇਸਾਂ 'ਚ ਅਮਨ ਦਾ ਕਾਰਣ ਬਣੇ।

ਇਹੀ ਉਮੀਦ ਉਬੈਦ ਉਰ ਰਹਿਮਾਨ ਨੇ ਵੀ ਜ਼ਾਹਿਰ ਕੀਤੀ ਤੇ ਲਿਖਿਆ ਕਿ #babymirzamalik ਹੁਣ ਦੋਵਾਂ ਦੇਸ਼ਾਂ ਦੇ ਵਿੱਚ ਪੁੱਲ ਬਣੇ।

ਸਾਜਿਦ ਮਹਿਮੂਦ ਨੇ ਵੀ "ਭਰਾ ਤੇ ਭਰਜਾਈ" ਨੂੰ ਵਧਾਈ ਦਿੱਤੀ। ਸਈਅਦ ਹੁਸੈਨ ਅਲੀ ਸ਼ਾਹ ਨੇ "ਭਰਾ" ਸ਼ੋਏਬ ਨੂੰ ਆਖਿਆ ਕਿ ਹੁਣ ਉਹ "ਭਾਭੀ" ਸਾਨੀਆ ਦਾ ਖਾਸ ਖਿਆਲ ਰੱਖਣ।

ਪਾਕਿਸਤਾਨ ਤੋਂ ਹੀ ਟਵਿੱਟਰ ਯੂਜ਼ਰ ਹੁਮੈਰਾ ਮਲਿਕ ਨੇ ਕਿਹਾ ਕਿ ਹੁਣ ਬੱਚੇ ਦੀ ਫੋਟੋ ਦੀ ਉਡੀਕ ਹੈ।

ਪਾਕਿਸਤਾਨ ਦੀ ਖੇਡ ਪੱਤਰਕਾਰ ਸਵੇਰ ਪਾਸ਼ਾ ਨੇ ਵਧਾਈ ਤੇ ਨਾਲ-ਨਾਲ ਖਿਡਾਰੀ ਜੋੜੇ ਨੂੰ ਆਖਿਆ ਕਿ ਮਾਪੇ ਹੋਣਾ ਇੱਕ ਬਹੁਤ ਔਖਾ ਕੰਮ ਹੈ "ਪਰ ਜੇ ਚੰਗੀ ਤਰ੍ਹਾਂ ਹੋ ਜਾਵੇ ਤਾਂ ਬਹੁਤ ਸੁਖ ਦਿੰਦਾ ਹੈ"।

ਇਸ ਗੱਲ 'ਤੇ ਟਵਿੱਟਰ ਯੂਜ਼ਰ ਅਜਮਲ ਨੇ ਉਨ੍ਹਾਂ ਨਾਲ ਟਿੱਚਰ ਕਰਦਿਆਂ ਆਖਿਆ ਕਿ ਨਾਨੀਆਂ-ਢਾਡੀਆਂ ਵਾਲੀਆਂ ਨਸੀਹਤਾਂ ਹੁਣੇ ਨਾਲ ਹੀ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ

ਨਸੀਹਤਾਂ ਦੇ ਨਾਲ ਹੀ ਇੱਕ ਟਵਿੱਟਰ ਯੂਸਰ ਨੇ ਤਾਂ ਸ਼ੋਏਬ ਤੋਂ ਇਸ ਖੁਸ਼ੀ 'ਚ ਹੁਣ ਅਗਲੀ ਕ੍ਰਿਕਟ ਸੀਰੀਜ਼ 'ਚ ਨਿਊਜ਼ੀਲੈਂਡ ਖਿਲਾਫ ਸੈਂਕੜੇ ਦੀ ਮੰਗ ਹੀ ਕਰ ਛੱਡੀ।

ਸਿਆਲਕੋਟ ਦੇ ਸ਼ੋਏਬ ਤੇ ਹੈਦਰਾਬਾਦ ਦੀ ਸਾਨੀਆ ਦਾ ਵਿਆਹ ਅਪ੍ਰੈਲ 2010 'ਚ ਹੋਇਆ ਸੀ।

ਸ਼ੋਏਬ ਫਿਲਹਾਲ 2019 ਦੇ ਕ੍ਰਿਕਟ ਵਰਲਡ ਕੱਪ ਦੀ ਤਿਆਰੀ ਕਰ ਰਹੇ ਹਨ। ਸਾਨੀਆ ਵੀ ਬੱਚੇ ਦੇ ਜਨਮ ਲਈ ਬ੍ਰੇਕ ਲੈਣ ਤੋਂ ਬਾਅਦ ਵਾਪਸੀ ਕਰ ਕੇ 2020 ਦੇ ਟੋਕੀਓ ਓਲੰਪਿਕਸ 'ਚ ਭਾਰਤ ਲਈ ਤਮਗਾ ਜਿੱਤਣ ਦੀ ਮੰਸ਼ਾ ਰੱਖਦੀ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ਼ੋਏਬ ਤੇ ਸਾਨੀਆ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ

ਕੌਣ ਬਣੀ ਖ਼ਾਲਾ-ਤਾਈ?

ਸੋਸ਼ਲ ਮੀਡੀਆ 'ਤੇ ਸਭ ਤੋਂ ਪਹਿਲਾਂ ਵਧਾਈ ਦੇਣ ਵਾਲਿਆਂ 'ਚ ਸ਼ਾਮਲ ਸਨ ਐੱਬਾ ਕੁਰੈਸ਼ੀ, ਜਿਨ੍ਹਾਂ ਦੇ ਪਤੀ ਅਜ਼ਹਰ ਮਹਿਮੂਦ ਵੀ ਪਾਕਿਸਤਾਨ ਲਈ ਇੱਕ ਆਲ-ਰਾਉਂਡਰ ਵਜੋਂ ਕਈ ਸਾਲ ਕ੍ਰਿਕਟ ਖੇਡ ਚੁੱਕੇ ਹਨ।

ਉਨ੍ਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਆਪਣੇ ਖ਼ਾਲਾ (ਮਾਸੀ)-ਤੇ-ਤਾਈ ਬਣਨ ਦੀ ਖੁਸ਼ੀ ਖਾਸ ਤੌਰ 'ਤੇ ਸਾਂਝੀ ਕੀਤੀ।

ਭਾਰਤੀ ਗਾਇਕਾ ਨੀਤੀ ਮੋਹਨ ਨੇ ਵੀ ਇੰਸਟਾਗ੍ਰਾਮ ਉੱਪਰ ਸਾਨੀਆ ਨਾਲ ਆਪਣੀ ਇੱਕ ਫੋਟੋ ਸ਼ੇਅਰ ਕਰਦਿਆਂ ਵਧਾਈ ਦਿੱਤੀ ਅਤੇ ਸਾਨੀਆ ਤੇ ਸ਼ੋਏਬ ਦੇ ਪਰਿਵਾਰ ਦੇ ਜੀਆਂ ਨੂੰ ਵੀ ਟੈਗ ਕੀਤਾ।

ਫਿਲਮਕਾਰ ਫ਼ਰਾਹ ਖ਼ਾਨ ਨੇ ਵੀ ਇੰਸਟਾਗ੍ਰਾਮ 'ਤੇ ਅਜਿਹੀ ਇੱਕ ਪੋਸਟ ਪਾ ਕੇ "ਨਿੱਕੇ ਰਾਜਕੁਮਾਰ" ਨੂੰ ਮਿਲਣ ਦੀ ਚਾਹਤ ਜ਼ਾਹਰ ਕੀਤੀ।

ਇਸ ਖ਼ਬਰ ਨੂੰ ਲਿਖਣ ਸਮੇਂ, ਸਵੇਰੇ ਕਰੀਬ 11 ਵਜੇ ਤੱਕ #BabyMirzaMalik ਤੇ #SaniaMirza ਟਵਿੱਟਰ ਉੱਤੇ ਸਿਖਰ ਦੇ ਟ੍ਰੈਂਡ ਸਨ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER,YouTube 'ਤੇ ਜੁੜੋ।)