ਮਾਲੇਗਾਓਂ ਧਮਾਕੇ: ਕਰਨਲ ਪੁਰੋਹਿਤ ਤੇ ਸਾਧਵੀ ਪ੍ਰੱਗਿਆ 'ਤੇ ਚੱਲੇਗਾ ਕੇਸ

ਪੁਰੋਹਿਤ Image copyright PTI

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ ) ਦੀ ਸਪੈਸ਼ਲ ਕੋਰਟ ਨੇ ਲੈਫਟੀਨੈਂਟ ਕਰਨਲ ਪ੍ਰਸਾਦ ਪ੍ਰੋਹਿਤ ਦੀ ਉਸ ਅਰਜੀ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਆਪਣੇ-ਆਪ ਨੂੰ ਇਲਜ਼ਾਮ-ਮੁਕਤ ਕਰਨ ਦੀ ਅਪੀਲ ਕੀਤੀ ਸੀ।

ਇਸ ਅਰਜੀ ਨੂੰ ਖਾਰਿਜ ਕਰਨ ਮਗਰੋਂ ਇਸ ਮਾਮਲੇ ਦੇ ਸਾਰੇ ਮੁਲਜ਼ਮਾਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ, ਰਿਟਾਇਰਡ ਮੇਜਰ ਰਮੇਸ਼ ਉਪਾਧਿਆਏ, ਸਮੀਰ ਕੁਲਕਰਨੀ, ਅਚਾਰਿਆ ਰਾਹਿਰਕਰ, ਸੁਧਾਕਰ ਦਿਵੇਦੀ ਅਤੇ ਸੁਧਾਕਰ ਚਤੁਰਵੇਦੀ ਉੱਪਰ ਕੱਟੜਪੰਥੀ ਸਾਜਿਸ਼ ਰਚਣ, ਕਤਲ ਅਤੇ ਹੋਰ ਮਾਮਲਿਆਂ ਵਿੱਚ ਇਲਜ਼ਾਮ ਤੈਅ ਹੋ ਗਏ ਹਨ।

ਇਨ੍ਹਾਂ ਸੱਤਾਂ ਮੁਲਜ਼ਮਾਂ ਉੱਤੇ ਵਿਸ਼ੇਸ਼ ਅਦਾਲਤ ਵਿਚ ਕੇਸ ਚੱਲੇਗਾ ਅਤੇ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ ਨੂੰ ਹੋਵੇਗੀ।

ਇਸ ਤੋਂ ਪਹਿਲਾਂ ਮੁੰਬਈ ਹਾਈ ਕੋਰਟ ਨੇ ਸੋਮਵਾਰ ਨੂੰ ਪੁਰੋਹਿਤ ਅਤੇ ਬਾਕੀ ਮੁਲਜ਼ਮਾਂ ਉੱਪਰ ਇਲਜ਼ਾਮ ਤੈਅ ਕੀਤੇ ਜਾਣ ਉੱਪਰ ਰੋਕ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਜਸਟਿਸ ਐਸ.ਐਸ ਸ਼ਿੰਦੇ ਅਤੇ ਏ.ਐਸ ਗੜਕਰੀ ਦੇ ਬੈਂਚ ਨੇ ਅਗਲੇ ਮਹੀਨੇ ਪੁਰੋਹਿਤ ਦੀ ਅਰਜੀ ’ਤੇ ਸੁਣਵਾਈ ਲਈ ਤਿਆਰ ਹੋ ਗਿਆ ਸੀ।

ਪਿਛਲੇ ਸਾਲ 27 ਦਸੰਬਰ ਨੂੰ ਐਨਆਈਏ ਦੀ ਸਪੈਸ਼ਲ ਕੋਰਟ ਨੇ ਇਨ੍ਹਾਂ ਸਾਰਿਆਂ ਦੀ ਅਰਜੀ ਖਾਰਿਜ ਕਰ ਦਿੱਤੀ ਸੀ, ਜਿਸ ਵਿੱਚ ਇਨ੍ਹਾਂ ਸਾਰਿਆਂ ਨੇ ਮਾਮਲੇ ਤੋਂ ਡਿਸਚਾਰਜ ਕਰਨ ਦੀ ਮੰਗ ਕੀਤੀ ਸੀ।

ਡਿਸਚਾਰਜ ਕਰਨਾ ਕ੍ਰਿਮਨਲ ਕੇਸਾਂ ਵਿੱਚ ਟਰਾਇਲ ਤੋਂ ਪਹਿਲਾਂ ਦੀ ਪ੍ਰਕਿਰਿਆ ਹੈ।

ਹਾਲਾਂਕਿ ਉਸ ਸਮੇਂ ਅਦਾਲਤ ਨੇ ਇਨ੍ਹਾਂ ਲੋਕਾਂ ’ਤੇ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਦੇ ਤਹਿਤ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਇਨ੍ਹਾਂ ਉੱਪਰ ਭਾਰਤੀ ਦੰਡਾਵਲੀ ਤਹਿਤ ਕਤਲ ਅਤੇ ਜੁਰਮ ਦੀ ਸਾਜਿਸ਼ ਘੜਨ ਦਾ ਕੇਸ ਚੱਲੇਗਾ।

ਹੁਣ ਸਾਧਵੀ ਪ੍ਰਗਿਆ ਸਮੇਤ ਸੱਤਾਂ ਮੁਲਜ਼ਮਾਂ ਉੱਪਰ ਕਿਹੜੇ ਕੇਸ ਚੱਲਣਗੇ-

  • ਕੱਟੜਪੰਥ ਖਿਲਾਫ ਬਣਾਏ ਕਾਨੂੰਨ ਯੂਏਪੀਏ ਦੀਆਂ ਧਾਰਾਵਾਂ 16 ਅਤੇ 18
  • ਭਾਰਤੀ ਦੰਡਾਵਲੀ ਤਹਿਤ ਜੁਰਮ ਦੀ ਸਾਜਿਸ਼ ਘੜਨ ਦਾ ਕੇਸ।
  • ਕਤਲ 302
  • 307 ਕਤਲ ਦੀ ਕੋਸ਼ਿਸ਼
  • ਅਤੇ 326 (ਕਿਸੇ ਨੂੰ ਇਰਾਦੇ ਨਾਲ ਨੁਕਸਾਨ ਪਹੁੰਚਾਉਣਾ) ਅਧੀਨ ਕੇਸ ਚੱਲਣਗੇ।

ਕਰਨਲ ਪੁਰੋਹਿਤ ਕੌਣ ਹੈ?

ਮਾਲੇਗਾਓ ਧਮਾਕੇ ਦੇ ਮੁਲਜ਼ਮ ਨੰਬਰ 9 ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਲੰਘੇ ਸਾਲ 23 ਅਗਸਤ 2017 ਨੂੰ ਰਾਏਗੜ੍ਹ ਜ਼ਿਲ੍ਹੇ ਦੀ ਤਾਲੋਜਾ ਜ਼ੇਲ੍ਹ ਤੋਂ ਰਿਹਾ ਹੋਏ ਸਨ।

Image copyright Reuters
ਫੋਟੋ ਕੈਪਸ਼ਨ 29 ਸਤੰਬਰ 2008 ਨੂੰ ਹੋਏ ਇਨ੍ਹਾਂ ਬੰਬ ਧਮਾਕਿਆਂ ਵਿੱਚ 100 ਲੋਕ ਫਟੱੜ ਅਤੇ 6 ਹਲਾਕ ਹੋਏ ਸਨ।

ਵੈਸੇ 5 ਨਵੰਬਰ 2008 ਨੂੰ ਗ੍ਰਿਫਤਾਰ ਕੀਤੇ ਗਏ ਕਰਨਲ ਪੁਰੋਹਿਤ ਨੂੰ 21 ਅਗਸਤ 2017 ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਜਿਸ ਦੇ 9 ਸਾਲਾਂ ਬਾਅਦ ਉਨ੍ਹਾਂ ਦੀ ਰਿਹਾਈ ਦਾ ਰਾਹ ਸਾਫ ਹੋਇਆ।

ਮਰਾਠਾ ਲਾਈਟ ਇਨਫੈਂਟਰੀ ਲਈ ਨਿਯੁਕਤ ਕੀਤੇ ਗਏ ਕਰਨਲ ਪੁਰੋਹਿਤ ਬਾਅਦ ਵਿੱਚ ਮਿਲਟਰੀ ਇੰਟੈਲੀਜੈਂਸ ਫੀਲਡ ਯੂਨਿਟ ਦਾ ਹਿੱਸਾ ਬਣ ਗਏ। ਆਪਣੀ ਗ੍ਰਿਫਤਾਰੀ ਸਮੇਂ ਉਹ ਉੱਥੇ ਹੀ ਕੰਮ ਕਰ ਰਹੇ ਸਨ।

ਇਸ ਮਾਮਲੇ ਵਿੱਚ ਏਟੀਐਸ ਦੀ ਪਹਿਲੀ ਦੋਸ਼ ਸੂਚੀ ਮੁਤਾਬਕ ਮੁਲਜ਼ਮ ਕਰਨਲ ਪੁਰੋਹਿਤ ਨੇ ਸਾਲ 2007 ਵਿੱਚ ‘ਅਭਿਨਵ ਭਾਰਤ’ ਨਾਮ ਦਾ ਸੰਗਠਨ ਬਣਾਇਆ ਜਿਸ ਦਾ ਉਦੇਸ਼ ‘ਇੱਕ ਛਤਰ ਹਿੰਦੂ ਰਾਜ’ ਕਾਇਮ ਕਰਨਾ ਸੀ, ਜਿਸ ਦਾ ਵੱਖਰਾ ਸੰਵਿਧਾਨ ਅਤੇ ਵੱਖਰਾ ਭਗਵਾਂ ਝੰਡਾ ਹੋਵੇ।

ਏਟੀਐਸ ਮੁਤਾਬਕ ਇਸ ਸੰਗਠਨ ਨੇ ਫਰੀਦਾਬਾਦ, ਕੋਲਕਤਾ, ਭੋਪਾਲ, ਜਬਲਪੁਰ, ਇੰਦੌਰ, ਅਤੇ ਨਾਸਿਕ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਸਾਜਿਸ਼ਾਂ ਬਣਾਈਆਂ।

ਇਹ ਸੰਗਠਨ ਆਪਣਾ ਉਦੇਸ਼ ਪੂਰਾ ਕਰਨ ਲਈ ਸਾਰੇ ਭਾਰਤ ਵਿੱਚੋਂ ਲੋਕਾਂ ਨੂੰ ਆਪਣੇ ਨਾਲ ਜੋੜ ਰਿਹਾ ਸੀ।

ਕੀ ਹੈ ਪੂਰਾ ਮਾਮਲਾ?

ਮਹਾਰਾਸ਼ਟਰ ਦੇ ਮਾਲੇਗਾਓਂ ਪਿੰਡ ਦੇ ਅੰਜੁਮਨ ਚੌਂਕ ਵਿੱਚ 29 ਸਤੰਬਰ 2008 ਨੂੰ ਬੰਬ ਧਮਾਕੇ ਹੋਏ ਸਮ। ਜਿਨ੍ਹਾਂ ਵਿੱਚ 100 ਲੋਕ ਫਟੱੜ ਅਤੇ 6 ਹਲਾਕ ਹੋਏ ਸਨ।

ਇਨ੍ਹਾਂ ਧਮਾਕਿਆਂ ਵਿੱਚ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ। ਰਮਜ਼ਾਨ ਮਹੀਨੇ ਵਿੱਚ ਹੋਏ ਇਨ੍ਹਾਂ ਧਮਾਕਿਆਂ ਦੀ ਮੁਢਲੀ ਜਾਂਚ ਸੂਬੇ ਦੀ ਏਟੀਐਸ ਨੇ ਕੀਤੀ ਸੀ।

ਇਸ ਜਾਂਚ ਵਿੱਚ ਮੁਲਜ਼ਮਾਂ ਖਿਲਾਫ ਮਕੋਕਾ ਦੀਆਂ ਧਾਰਾਵਾਂ ਲਾਈਆਂ ਗਈਆਂ ਸਨ। ਏਟੀਐਸ ਨੇ ਜਾਂਚ ਪੂਰੀ ਕਰਕੇ 11 ਗ੍ਰਿਫਤਾਰ ਅਤੇ 3 ਫਰਾਰ ਲੋਕਾਂ ਖਿਲਾਫ 29 ਜਨਵਰੀ 2009 ਨੂੰ ਚਾਰਜਸ਼ੀਟ ਦਾਖਲ ਕੀਤੀ ਸੀ।

ਇਸ ਤੋਂ ਬਾਅਦ ਮਹਾਰਾਸ਼ਟਰ ਏਟੀਐਸ ਨੇ ਇੱਕ ਹੋਰ ਚਾਰਜਸ਼ੀਟ ਦਾਖਲ ਕੀਤੀ। ਭਾਰਤ ਸਰਕਾਰ ਨੇ ਜਨਵਰੀ 2011 ਵਿੱਚ ਆਏ ਇੱਕ ਅਦਾਲਤੀ ਹੁਕਮ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਐਨਏਆਈ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ