ਸਟੈਚੂ ਆਫ਼ ਯੂਨਿਟੀ: ਪੀਐੱਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ

ਨਰਿੰਦਰ ਮੋਦੀ

ਤਸਵੀਰ ਸਰੋਤ, PMO INDIA

ਤਸਵੀਰ ਕੈਪਸ਼ਨ,

ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਨੇ ਭਾਰਤ ਨੂੰ 'ਇੱਕ ਭਾਰਤ, ਆਖੰਡ ਭਾਰਤ' ਬਣਾਉਣ ਦਾ ਪੁੰਨ ਦਾ ਕੰਮ ਕੀਤਾ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਦੁਨੀਆਂ ਦੇ ਸਭ ਤੋਂ ਉੱਚੇ ਬੁੱਤ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਕਿਹਾ ਕਿ "ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਸਰਦਾਰ ਪਟੇਲ ਦੇ ਇਸ ਬੁੱਤ 'ਸਟੈਚੂ ਆਫ਼ ਯੂਨਿਟੀ' ਨੂੰ ਦੇਸ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ।"

ਦੇਸ ਨੂੰ ਜੋੜਨ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 143ਵੀਂ ਜਯੰਤੀ ਹੈ।

ਇਹ ਵੀ ਪੜ੍ਹੋ:

ਇਸ ਮੌਕੇ 'ਤੇ ਗੁਜਰਾਤ ਦੇ ਰਾਜਪਾਲ, ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਣੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਕੁਝ ਵਿਦੇਸ਼ੀ ਮਹਿਮਾਨ ਵੀ ਮੌਜੂਦ ਸਨ।

ਸਰਦਾਰ ਪਟੇਲ ਦੇ ਇਸ ਬੁੱਤ ਦੀ ਉੱਚਾਈ 182 ਮੀਟਰ ਹੈ। ਇਹ ਦੁਨੀਆਂ ਦਾ ਸਭ ਤੋਂ ਉੱਚਾ ਬੁੱਤ ਹੈ।

ਤਸਵੀਰ ਸਰੋਤ, Twitter/@PMOIndia

ਤਸਵੀਰ ਕੈਪਸ਼ਨ,

ਮੋਦੀ ਨੇ ਕਿਹਾ ਬੁੱਤ ਦੀ ਇਹ ਉੱਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨਾਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ ਦਾ ਭਾਰਤ ਤੁਹਾਡੀਆਂ ਇੱਛਾਵਾਂ ਦਾ ਹੈ, ਜਿਹੜੀਆਂ ਐਨੀਆਂ ਹੀ ਵਿਰਾਟ ਹਨ

ਉਦਘਾਟਨ ਸਮਾਗਮ ਦੀ ਸ਼ੁਰੂਆਤ ਸਰਦਾਰ ਪਟੇਲ ਦੇ ਵਿਸ਼ਾਲ ਬੁੱਤ ਦੇ ਡਿਜਟਲ ਪ੍ਰੋਗਰਾਮ ਨਾਲ ਹੋਈ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਬੁੱਤ ਦੇ ਉੱਪਰੋਂ ਫਲਾਈ ਪਾਸਟ ਕੀਤਾ।

ਆਪਣੇ ਭਾਸ਼ਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬੁੱਤ ਦੇ ਆਰਕੀਟੈਕਟ ਦੱਸੇ ਜਾ ਰਹੇ ਰਾਮ ਸੁਤਾਰ ਅਤੇ ਉਨ੍ਹਾਂ ਦੇ ਪੁੱਤਰ ਅਨਿਲ ਸੁਤਾਰ ਨੂੰ ਵੀ ਸਟੇਜ 'ਤੇ ਬੁਲਾਇਆ ।

ਨਰਿੰਦਰ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਨੇ ਭਾਰਤ ਨੂੰ 'ਇੱਕ ਭਾਰਤ, ਅਖੰਡ ਭਾਰਤ' ਬਣਾਉਣ ਦਾ ਪੁੰਨ ਦਾ ਕੰਮ ਕੀਤਾ।

ਆਪਣੇ ਸੰਬੋਧਨ ਦੀ ਸ਼ੁਰੂਆਤ ਨਰਿੰਦਰ ਮੋਦੀ ਨੇ ਦੋ ਨਾਅਰਿਆਂ ਨਾਲ ਕੀਤੀ। ਉਨ੍ਹਾਂ ਨੇ ਕਿਹਾ,"ਮੈਂ ਬੋਲਾਂਗਾ ਸਰਦਾਰ ਪਟੇਲ ਅਤੇ ਤੁਸੀਂ ਮੇਰੇ ਨਾਲ ਬੋਲੋਗੇ ਅਮਰ ਰਹੇ।"

ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਦੇਸ ਦੀ ਏਕਤਾ, ਜ਼ਿੰਦਾਬਾਦ-ਜ਼ਿੰਦਾਬਾਦ।"

ਪੜ੍ਹੋ, ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

 • ਨਰਮਦਾ ਨਦੀ ਦੇ ਕਿਨਾਰੇ 'ਤੇ ਖੜ੍ਹੇ ਹੋ ਕੇ ਮੈਨੂੰ ਇਹ ਕਹਿਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪੂਰਾ ਦੇਸ ਸਰਦਾਰ ਪਟੇਲ ਦੀ ਯਾਦ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ।
 • ਭਾਰਤ ਸਰਕਾਰ ਨੇ ਭਾਰਤ ਦੇ ਮਹਾਨ ਸਪੂਤ ਨੂੰ ਸਨਮਾਨ ਦੇਣ ਦਾ ਕੰਮ ਕੀਤਾ ਹੈ।
 • ਅਸੀਂ ਆਜ਼ਾਦੀ ਦੇ ਐਨੇ ਸਾਲ ਤੱਕ ਇੱਕ ਅਧੂਰਾਪਣ ਲੈ ਕੇ ਚੱਲ ਰਹੇ ਸੀ, ਪਰ ਅੱਜ ਭਾਰਤ ਨੇ ਸਰਦਾਰ ਦੀ ਵਿਰਾਟ ਸ਼ਖਸੀਅਤ ਨੂੰ ਉਜਾਗਰ ਕਰਨ ਦਾ ਕੰਮ ਕੀਤਾ ਹੈ। ਅੱਜ ਜਦੋਂ ਧਰਤੀ ਤੋਂ ਲੈ ਕੇ ਅਸਮਾਨ ਤੱਕ ਸਰਦਾਰ ਸਾਹਿਬ ਦਾ ਸਨਮਾਨ ਹੋ ਰਿਹਾ ਹੈ, ਤਾਂ ਇਹ ਕੰਮ ਭਵਿੱਖ ਲਈ ਪ੍ਰੇਰਨਾ ਦਾ ਆਧਾਰ ਹੈ।
 • ਇਸ ਬੁੱਤ ਨੂੰ ਬਣਾਉਣ ਲਈ ਅਸੀਂ ਹਰ ਕਿਸਾਨ ਦੇ ਘਰੋਂ ਲੋਹਾ ਅਤੇ ਮਿੱਟੀ ਲਈ। ਇਸ ਯੋਗਦਾਨ ਨੂੰ ਦੇਸ ਯਾਦ ਰੱਖੇਗਾ
 • ਕਿਸੇ ਵੀ ਦੇਸ ਦੇ ਇਤਿਹਾਸ ਵਿੱਚ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਹ ਪੂਰਣਤਾ ਦਾ ਅਹਿਸਾਸ ਕਰਦਾ ਹੈ। ਅੱਜ ਉਹੀ ਪਲ ਹੈ ਜਿਹੜਾ ਦੇਸ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਦਰਜ ਹੋ ਜਾਂਦਾ ਹੈ, ਜਿਸ ਨੂੰ ਮਿਟਾ ਸਕਣਾ ਮੁਸ਼ਕਿਲ ਹੈ।

ਤਸਵੀਰ ਸਰੋਤ, Twitter/PMO India

 • ਸਰਦਾਰ ਸਾਹਿਬ ਦੀ ਤਾਕਤ ਉਦੋਂ ਭਾਰਤ ਦੇ ਕੰਮ ਆਈ ਸੀ ਜਦੋਂ ਮਾਂ ਭਾਰਤੀ ਸਾਢੇ 500 ਤੋਂ ਵੱਧ ਰਿਆਸਤਾਂ ਵਿੱਚ ਵੰਡੀ ਗਈ ਸੀ। ਦੁਨੀਆਂ ਵਿੱਚ ਭਾਰਤ ਦੇ ਭਵਿੱਖ ਪ੍ਰਤੀ ਬਹੁਤ ਨਿਰਾਸ਼ਾ ਸੀ। ਨਿਰਾਸ਼ਾਵਾਦੀਆਂ ਨੂੰ ਲਗਦਾ ਸੀ ਕਿ ਭਾਰਤ ਆਪਣੀਆਂ ਵਿਭਿੰਨਤਾਵਾਂ ਕਰਕੇ ਹੀ ਟੁੱਟ ਜਾਵੇਗਾ।
 • ਸਰਦਾਰ ਪਟੇਲ ਵਿੱਚ ਕੋਟੀਲਯ ਦੀ ਕੂਟਨੀਤੀ ਅਤੇ ਸ਼ਿਵਾਜੀ ਦੀ ਵੀਰਤਾ ਦੇ ਗੁਣ ਸਨ।
 • ਕੱਛ ਤੋਂ ਕੋਹੀਮਾ ਤੱਕ, ਕਾਰਗਿੱਲ ਤੋਂ ਕੰਨਿਆਕੁਮਾਰੀ ਤੱਕ ਅੱਜ ਜੇਕਰ ਅਸੀਂ ਬਿਨਾਂ ਰੋਕ-ਟੋਕ ਤੋਂ ਜਾ ਰਹੇ ਹਾਂ ਤਾਂ ਇਹ ਸਿਰਫ਼ ਸਰਦਾਰ ਸਾਹਿਬ ਕਾਰਨ। ਇਹ ਉਨ੍ਹਾਂ ਦੇ ਸੰਕਲਪ ਕਾਰਨ ਹੀ ਸੰਭਵ ਹੋ ਸਕਿਆ ਹੈ।
 • ਸਰਦਾਰ ਸਾਹਿਬ ਨੇ ਸੰਕਲਪ ਨਾ ਲਿਆ ਹੁੰਦਾ ਤਾਂ ਅੱਜ ਗੀਰ ਦੇ ਸ਼ੇਰ ਨੂੰ ਦੇਖਣ ਲਈ, ਸੋਮਨਾਥ ਵਿੱਚ ਪੂਜਾ ਕਰਨ ਲਈ ਅਤੇ ਹੈਦਰਾਬਾਦ ਚਾਰ ਮੀਨਾਰ ਦੇਖਣ ਲਈ ਸਾਨੂੰ ਵੀਜ਼ਾ ਲੈਣਾ ਪੈਂਦਾ।
 • ਸਰਦਾਰ ਸਾਹਿਬ ਦਾ ਸੰਕਲਪ ਨਾ ਹੁੰਦਾ ਤਾਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਸਿੱਧੀ ਰੇਲ ਗੱਡੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
 • ਇਹ ਮੂਰਤੀ ਭਾਰਤ ਦੀ ਹੋਂਦ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਇਹ ਰਾਸ਼ਟਰ ਸ਼ਾਸ਼ਵਤ ਸੀ, ਸ਼ਾਸ਼ਵਤ ਹੈ ਅਤੇ ਸ਼ਾਸ਼ਵਤ ਰਹੇਗਾ।
 • ਬੁੱਤ ਦੀ ਇਹ ਉੱਚਾਈ, ਇਹ ਬੁਲੰਦੀ ਭਾਰਤ ਦੇ ਨੌਜਵਾਨਾਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਭਵਿੱਖ ਦਾ ਭਾਰਤ ਤੁਹਾਡੀਆਂ ਇੱਛਾਵਾਂ ਦਾ ਹੈ, ਜਿਹੜੀਆਂ ਐਨੀਆਂ ਹੀ ਵਿਰਾਟ ਹਨ। ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੰਤਰੀ ਸਿਰਫ਼ ਅਤੇ ਸਿਰਫ਼ ਇੱਕ ਹੀ ਹੈ- 'ਇੱਕ ਭਾਰਤ, ਸ੍ਰੇਸ਼ਠ ਭਾਰਤ'।

ਤਸਵੀਰ ਸਰੋਤ, Twitter/PMO India

ਤਸਵੀਰ ਕੈਪਸ਼ਨ,

ਦੇਸ ਨੂੰ ਜੋੜਨ ਵਾਲੇ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਅੱਜ 143ਵੀਂ ਜਯੰਤੀ ਹੈ

 • ਸਟੈਚੂ ਆਫ਼ ਯੂਨਿਟੀ ਸਾਡੇ ਇੰਜੀਨਅਰਿੰਗ ਅਤੇ ਤਕਨੀਕੀ ਤਾਕਤ ਦਾ ਵੀ ਪ੍ਰਤੀਕ ਹੈ। ਬੀਤੇ ਕਰੀਬ ਸਾਢੇ ਤਿੰਨ ਹਫ਼ਤਿਆਂ ਵਿੱਚ ਹਰ ਰੋਜ਼ ਕਾਮਿਆਂ ਨੇ, ਆਰਕੀਟੈਕਟਸ ਨੇ ਮਿਸ਼ਨ ਮੋਡ 'ਤੇ ਕੰਮ ਕੀਤਾ ਹੈ। ਰਾਮ ਸੁਤਾਰ ਜੀ ਦੀ ਅਗਵਾਈ ਵਿੱਚ ਦੇਸ ਦੇ ਬਿਹਤਰੀਨ ਆਰਕੇਟੈਕਚਰਸ ਦੀ ਟੀਮ ਨੇ ਕਲਾ ਦੇ ਇਸ ਗੌਰਵਸ਼ਾਲੀ ਸਮਾਰਕ ਨੂੰ ਪੂਰਾ ਕੀਤਾ ਹੈ।
 • ਅੱਜ ਜਿਹੜਾ ਇਹ ਸਫ਼ਰ ਇੱਕ ਪੜਾਅ ਤੱਕ ਪਹੁੰਚਿਆ ਹੈ, ਉਸਦੀ ਯਾਤਰਾ 8 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ। 31 ਅਕਤੂਬਰ 2010 ਨੂੰ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਮੈਂ ਇਸਦਾ ਵਿਚਾਰ ਸਭ ਦੇ ਸਾਹਮਣੇ ਰੱਖਿਆ ਸੀ।
 • ਜਦੋਂ ਇਹ ਕਲਪਨਾ ਮਨ ਵਿੱਚ ਚੱਲ ਰਹੀ ਸੀ ਉਦੋਂ ਮੈਂ ਸੋਚ ਰਿਹਾ ਸੀ ਕਿ ਇੱਥੇ ਕੋਈ ਅਜਿਹਾ ਪਹਾੜ ਮਿਲ ਜਾਵੇ ਜਿਸ ਨੂੰ ਤਰਾਸ਼ ਕੇ ਮੂਰਤੀ ਬਣਾ ਦਿੱਤੀ ਜਾਵੇ। ਪਰ ਉਹ ਸੰਭਵ ਨਹੀਂ ਹੋ ਸਕਿਆ, ਫਿਰ ਇਸ ਰੂਪ ਦੀ ਕਲਪਨਾ ਕੀਤੀ ਗਈ।
 • ਦੇਸ ਦੇ ਜਿਨ੍ਹਾਂ ਜੰਗਲਾਂ ਬਾਰੇ ਕਵਿਤਾਵਾਂ ਵਿੱਚ ਪੜ੍ਹਿਆ, ਹੁਣ ਉਨ੍ਹਾਂ ਜੰਗਲਾਂ, ਉਨ੍ਹਾਂ ਆਦਿਵਾਸੀ ਪੰਪਰਾਵਾਂ ਨੂੰ ਪੂਰੀ ਦੁਨੀਆਂ ਦੇਖਣ ਵਾਲੀ ਹੈ।
 • ਸਰਦਾਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਟੂਰਿਸਟ ਸਰਦਾਰ ਸਰੋਵਰ ਡੈਮ, ਸਤਪੁੜਾ ਅਤੇ ਵਿੰਧਿਆ ਦੇ ਪਰਬਤਾਂ ਦੇ ਦਰਸ਼ਨ ਵੀ ਕਰ ਸਕਣਗੇ।
 • ਕਈ ਵਾਰ ਤਾਂ ਮੈਂ ਹੈਰਾਨ ਰਹਿ ਜਾਂਦਾ ਹਾਂ, ਜਦੋਂ ਦੇਸ ਵਿੱਚ ਹੀ ਕੁਝ ਲੋਕ ਸਾਡੀ ਇਸ ਮੁਹਿੰਮ ਨੂੰ ਸਿਆਸਤ ਨਾਲ ਜੋੜ ਕੇ ਦੇਖਦੇ ਹਨ। ਸਰਦਾਰ ਪਟੇਲ ਵਰਗੇ ਮਹਾਂਪੁਰਸ਼ਾਂ, ਦੇਸ ਦੇ ਸਪੂਤਾਂ ਦੀ ਤਾਰੀਫ਼ ਕਰਨ ਲਈ ਵੀ ਸਾਡੀ ਆਲੋਚਨਾ ਹੋਣ ਲਗਦੀ ਹੈ। ਅਜਿਹਾ ਮਹਿਸੂਸ ਕਰਵਾਇਆ ਜਾਂਦਾ ਹੈ ਜਿਵੇਂ ਅਸੀਂ ਬਹੁਤ ਵੱਡਾ ਪਾਪ ਕਰ ਦਿੱਤਾ ਹੋਵੇ।
 • ਅੱਜ ਦੇਸ ਲਈ ਸੋਚਣ ਵਾਲੇ ਨੌਜਵਾਨਾਂ ਦੀ ਸ਼ਕਤੀ ਸਾਡੇ ਕੋਲ ਹੈ, ਦੇਸ ਦੇ ਵਿਕਾਸ ਲਈ ਇਹੀ ਇੱਕ ਰਸਤਾ ਹੈ ਜਿਸ ਨੂੰ ਕੇ ਅਸੀਂ ਅੱਗੇ ਵਧਣਾ ਹੈ।
 • ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਦੇਸ ਨੂੰ ਵੰਡਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਦਾ ਸਖ਼ਤ ਜਵਾਬ ਦੇਣਾ ਹੈ। ਇਸ ਲਈ ਸਾਨੂੰ ਹਰ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਸਮਾਜ ਦੇ ਤੌਰ 'ਤੇ ਇੱਕਜੁੱਟ ਰਹਿਣਾ ਹੈ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)