ਕੀ ਖ਼ਤਮ ਹੋ ਗਈ ਪੰਜਾਬ ਵਿਚ 'ਆਪ' ਦੀ ਏਕਤਾ ਦੀ ਸੰਭਾਵਨਾ

ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਫਿਰ ਅਹੁਦਾ ਸਾਂਭਿਆ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣ ਦੇ ਰੋਸ ਵਜੋਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਭਗਵੰਤ ਮਾਨ ਨੇ ਮੁੜ ਤੋਂ ਅਹੁਦਾ ਸਾਂਭਿਆ ਹੈ

ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਰਾਜਨੀਤੀ ਸੁਖਪਾਲ ਖਹਿਰਾ ਨਹੀਂ ਬਲਕਿ ਲੋਕ ਮੁੱਦੇ ਹਨ। ਉਨ੍ਹਾਂ ਪਾਰਟੀ ਅੰਦਰ ਉੱਠ ਰਹੇ ਸਵਾਲਾਂ ਬਾਰੇ ਕਿਹਾ ਕਿ ਅੰਦਰੂਨੀ ਮਸਲੇ ਅੰਦਰ ਬਹਿ ਨੇ ਨਜਿੱਠ ਲਏ ਜਾਣਗੇ।

ਖਹਿਰਾ ਖ਼ਿਲਾਫ਼ ਐਕਸ਼ਨ ਲਏ ਜਾਣ ਸੰਬਧੀ ਕੇਜਰੀਵਾਲ ਨੇ ਕਿਹਾ ਕਿ ਢੁੱਕਵਾਂ ਸਮਾਂ ਆਉਣ 'ਤੇ ਵਾਜਬ ਐਕਸ਼ਨ ਲਿਆ ਜਾਵੇਗਾ।

ਕੇਜਰੀਵਾਲ ਚੰਡੀਗੜ੍ਹ ਵਿਚ ਹਰਿਆਣਾ ਦਿਵਸ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਅਤੇ ਪਾਰਟੀ ਦਾ ਆਗਾਮੀ ਸੂਬਾਈ ਚੋਣਾਂ ਲਈ ਏਜੰਡਾ ਤੈਅ ਕਰਨ ਲਈ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ

ਸੁਖਪਾਲ ਖਹਿਰਾ ਦਾ ਪ੍ਰਤੀਕਰਮ

ਕੇਜਰੀਵਾਲ ਦੇ ਚੰਡੀਗੜ੍ਹ ਆਉਣ ਸਮੇਂ ਅਤੇ ਪੰਜਾਬ ਇਕਾਈ ਦੇ ਆਗੂਆਂ ਨਾਲ ਬੈਠਕ ਵਿਚ ਖਹਿਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਕਈ ਵਾਰ ਪੰਜਾਬ ਆ ਕੇ ਗਏ ਹਨ ਪਰ ਉਨ੍ਹਾਂ ਕਦੇ ਮੁਲਾਕਾਤ ਲਈ ਨਹੀਂ ਬੁਲਾਇਆ ਗਿਆ । ਖਹਿਰਾ ਨੇ ਸਾਫ਼ ਕੀਤਾ ਕਿ ਭਾਵੇਂ ਸਾਡੇ ਵਿਚਾਰਧਾਰਕ ਮਤਭੇਦ ਹਨ, 'ਪਰ ਮੈਂ ਇਹ ਕਦੇ ਨਹੀਂ ਕਿਹਾ ਕਿ ਮੈਂ ਕੇਜਰੀਵਾਲ ਦਾ ਨਾਂ ਮੂੰਹੋ ਨਹੀਂ ਲਵਾਂਗਾ'।

ਖਹਿਰਾ ਨੇ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਕੇਜਰੀਵਾਲ ਪੰਜਾਬ ਵਿਚ ਪਾਰਟੀ ਦੀ ਏਕਤਾ ਲਈ ਗੰਭੀਰ ਨਹੀਂ ਹਨ।

ਇਸ ਉੱਤੇ ਪ੍ਰਤੀਕਰਮ ਦਿੰਦਿਆਂ ਖਹਿਰਾ ਨੇ ਕਿਹਾ , ' ਪਾਰਟੀ ਵੱਲੋਂ ਇੱਕਪਾਸੜ ਲੋਕ ਸਭਾ ਲਈ 5 ਉਮੀਦਵਾਰਾਂ ਦਾ ਐਲਾਨ ਕਰਨ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਕੇਜਰੀਵਾਲ ਧੜ੍ਹਾ ਗੱਲਬਾਤ ਨਹੀਂ ਕਰਨਾ ਚਾਹੁੰਦਾ।

ਤਸਵੀਰ ਸਰੋਤ, Getty Images

ਮੈਂ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦਾ'। ਜੇਕਰ ਕੇਜਰੀਵਾਲ ਚੰਡੀਗੜ੍ਹ ਆ ਕੇ ਬੈਠਕ ਲਈ ਸੱਦਾ ਨਹੀਂ ਦਿੰਦੇ ਤਾਂ ਸਾਡੀਆਂ ਵੀ ਬਾਹਵਾਂ ਨਹੀਂ ਆਕੜੀਆਂ ਹੋਈਆਂ।

ਖਹਿਰਾ ਧੜ੍ਹੇ ਦੀਆਂ ਸ਼ਰਤਾਂ

  • ·ਸੂਬੇ ਦੀ ਇਕਾਈ ਨੂੰ ਮੁਕੰਮਲ ਖੁਦਮੁਖਤਿਆਰੀ ਮਿਲੇ , ਮਾਨ ਧੜ੍ਹੇ ਦਾ ਦਾਅਵਾ ਹੈ ਕਿ ਕੋਰ ਕਮੇਟੀ ਦੇ ਗਠਨ ਨਾਲ ਇਹ ਮਿਲ ਗਈ ਹੈ
  • ·ਸਮਝੌਤੇ ਤੋਂ ਬਾਅਦ ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਅਤੇ ਇਹ ਨਵੇਂ ਸਿਰਿਓ ਗਠਿਤ ਹੋਵੇ
  • ·ਸੁਖਪਾਲ ਸਿੰਘ ਖਹਿਰਾ ਦਾ ਕਦ ਹੁਣ ਵਧ ਗਿਆ ਹੈ, ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ
  • ·ਹਰਪਾਲ ਚੀਮਾ ਨੂੰ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਦੁਬਾਰਾ ਚੋਣ ਕਰਵਾਈ ਜਾਵੇ
  • ·ਕੰਵਰ ਸੰਧੂ ਨੂੰ ਐਨਆਰਆਈ ਸੈੱਲ ਦਾ ਪ੍ਰਧਾਨ ਬਣਾਇਆ ਜਾਵੇ

ਗੱਲਬਾਤ ਅੱਗੇ ਕਿਉਂ ਨਹੀਂ ਵਧ ਰਹੀ

ਦੋਵਾਂ ਧੜ੍ਹਿਆਂ ਵੱਲੋਂ ਭਾਵੇਂ ਸਮਝੌਤੇ ਲਈ ਤਾਲਮੇਲ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਇਸ ਲਈ ਬੈਠਕ ਵੀ ਹੋਈ। ਪਰ ਬੈਠਕ ਤੋਂ ਦੂਜੇ ਹੀ ਦਿਨ ਸੁਖਪਾਲ ਖਹਿਰਾ ਨੇ ਮੀਡੀਆ ਵਿਚ ਆਕੇ ਕਿਹਾ ਕਿ ਗੱਲਬਾਤ ਦੇ ਨਾਲ- ਨਾਲ ਪਾਰਟੀ ਵੱਲੋਂ ਨਿਯੁਕਤੀਆਂ ਦਾ ਐਲਾਨ ਕਰਨਾ ਸਾਬਿਤ ਕਰਦਾ ਹੈ ਕਿ ਪਾਰਟੀ ਏਕਤਾ ਲਈ ਗੰਭੀਰ ਨਹੀਂ।

ਤਸਵੀਰ ਸਰੋਤ, Sukhpal Singh Khaira/fb

ਉੱਧਰ ਪਾਰਟੀ ਨੇ ਖਹਿਰਾ ਧੜ੍ਹੇ ਉੱਤੇ ਤਾਲਮੇਲ ਕਮੇਟੀਆਂ ਦੀ ਬੈਠਕ ਦੌਰਾਨ ਮੀਡੀਆ ਵਿਚ ਨਾ ਜਾਣ ਦਾ ਦੋਸ਼ ਲਾਇਆ ਸੀ। ਇਸੇ ਦੌਰਾਨ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਮੀਡੀਆ ਰਿਪੋਰਟਾਂ ਆਉਣ 'ਤੇ ਹੁਣ ਪਾਰਟੀ ਨੇ ਪੰਜ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਐਲਾਨ ਦਿੱਤੇ ਹਨ।

ਜਿਸ ਤੋਂ ਬਾਅਦ ਗੱਲਬਾਤ ਦੀਆਂ ਸੰਭਵਾਨਾਵਾਂ ਲਗਭਰ ਖਤਮ ਹੀ ਸਮਝੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)