ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੀਆਂ ਕਿਤਾਬਾਂ ਬਾਰੇ 5 ਇਤਰਾਜ਼ ਤੇ ਰਿਵਿਊ ਕਮੇਟੀ ਦੇ ਜਵਾਬ

ਵਿਦਿਆਰਥਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ਼੍ਰੋਮਣੀ ਕਮੇਟੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਅਤੇ 12ਵੀਂ ਦੀ ਇਤਿਹਾਸ ਦੀ ਕਿਤਾਬ 'ਚ ਸਿੱਖ ਇਤਿਹਾਸ ਨਾਲ ਛੇੜਛਾੜ ਦੇ ਇਲਜ਼ਾਮ ਲਗਾਏ ਹਨ

ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀ ਕਿਤਾਬਾਂ ਵਿੱਚ ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮੁੱਦਾ ਇੱਕ ਵਾਰੀ ਫਿਰ ਭੱਖ ਗਿਆ ਹੈ।

ਅਕਾਲੀ ਦਲ ਵੱਲੋਂ ਇਸ ਨੂੰ ਸਿਆਸੀ ਮੁੱਦਾ ਬਣਾਇਆ ਗਿਆ ਹੈ ਅਤੇ ਪਾਰਟੀ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਵਿਵਾਦਿਤ ਗੱਲਾਂ ਹਟਾਉਣ ਲਈ ਧਰਨੇ ਲਾਏ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਵੇਰਵਾ ਦਿੰਦਿਆਂ ਬਾਕਾਇਦਾ ਇਸ਼ਤਿਹਾਰ ਵੀ ਛਾਪਿਆ ਹੈ ਜਿਸ ਵਿੱਚ ਉਨ੍ਹਾਂ ਨੇ ਇਲਜ਼ਾਮਾਂ ਦਾ ਸਿਹਰਾ ਕਾਂਗਰਸ ਸਿਰ ਬੰਨ੍ਹਿਆ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਕਾਂਗਰਸ ਸਰਕਾਰ ਵੱਲੋਂ ਤਿਆਰ ਕਰਵਾਈ ਗਈ ਇਤਿਹਾਸ ਦੀ ਕਿਤਾਬ ਵਿੱਚ ਮਹਾਨ ਗੁਰੂ ਸਾਹਿਬਾਨ ਬਾਰੇ ਹੇਠ ਲਿਖੀਆਂ ਪੁਰਾਣੀਆਂ ਗੱਲਾਂ ਹਨ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ 11ਵੀਂ ਅਤੇ 12ਵੀਂ ਦੀਆਂ ਕਿਤਾਬਾਂ ਲਈ ਸਰਕਾਰ ਵੱਲੋਂ ਬਣਾਈ ਕਮੇਟੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕੇ ਗਏ ਮੁੱਦਿਆਂ ਉੱਤੇ ਸਪਸ਼ਟੀਕਰਨ ਦਿੱਤਾ ਹੈ। ਕਮੇਟੀ ਦੀ ਮੈਂਬਰ ਇੰਦੂ ਬੰਗਾ ਨੇ ਬਿਆਨ ਜਾਰੀ ਕਰਕੇ ਇਸ ਬਾਰੇ ਜਵਾਬ ਦਿੱਤੇ ਹਨ।

1. ਚਮਕੌਰ ਸਾਹਿਬ ਦੀ ਘਟਨਾ

ਸ਼੍ਰੋਮਣੀ ਕਮੇਟੀ ਦੇ ਇਤਰਾਜ਼- ਕਿਤਾਬ ਦੇ ਅਧਿਆਇ - 5 ਪੰਨਾ 16 ਅਨੁਸਾਰ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜ੍ਹੀ ਵਿੱਚੋਂ ਪੰਜ ਪਿਆਰਿਆਂ ਦੇ ਹੁਕਮ ਅਨੁਸਾਰ ਤਾੜੀ ਮਾਰ ਕੇ ਘੋੜੇ 'ਤੇ ਸਵਾਰ ਹੋ ਕੇ ਨਹੀਂ ਸਗੋਂ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਕਿਸੇ ਦੇਖੇ ਹੀ ਉੱਥੋਂ ਨਿਕਲ ਗਏ।

ਰਿਵਿਊ ਕਮੇਟੀ ਦਾ ਜਵਾਬ-ਚਮਕੌਰ ਸਾਹਿਬ ਦੀ ਜੰਗ ਬਾਰੇ ਸੈਨਾਪਤ ਦੀ ਸ੍ਰੀ ਗੁਰ ਸੋਭਾ ਉੱਤੇ ਆਧਾਰਿਤ ਹੈ। ਉਹ ਗੁਰੂ ਸਾਹਿਬ ਦੇ ਸਮਕਾਲੀ ਸਨ ਅਤੇ ਦਸਵੇਂ ਗੁਰੂ ਦੇ ਦਰਬਾਰ ਵਿੱਚ 52 ਕਵੀਆਂ ਵਿੱਚੋਂ ਇੱਕ ਸਨ। ਸੈਨਾਪਤ ਦੇ ਸ਼ਬਦਾਂ ਰਾਹੀਂ ਗੁਰੂ ਗੋਬਿੰਦ ਸਿੰਘ ਦੀਆਂ ਬੇਮਿਸਾਲ ਸ਼ਕਤੀਆਂ ਦਾ ਵੇਰਵਾ ਮਿਲਦਾ ਹੈ।

2. ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ

ਸ਼੍ਰੋਮਣੀ ਕਮੇਟੀ ਦੇ ਇਤਰਾਜ਼ - ਇਤਿਹਾਸ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੁਰਬਾਨੀ ਦਾ ਕੋਈ ਜ਼ਿਕਰ 'ਨਹੀਂ' ਹੈ। (ਅਧਿਆਇ 3, ਪੰਨਾ 14) ਇਸ ਰਾਹੀਂ ਕਾਂਗਰਸੀ ਸਰਕਾਰ ਵੱਲੋਂ ਇਹ ਦਰਸਾਇਆ ਗਿਆ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਹੀ ਨਹੀਂ ਸੀ।

ਰਿਵਿਊ ਕਮੇਟੀ ਦਾ ਜਵਾਬ - ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਅਲੋਚਕਾਂ ਨੂੰ ਗ਼ਲਤੀ ਲੱਗੀ ਹੈ। ਇੱਕ ਸੈਕਸ਼ਨ ਜਿਸ ਦਾ ਸਿਰਲੇਖ ਹੀ 'ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ' ਹੈ, ਉਹ ਕਿਤਾਬ ਵਿੱਚ ਸ਼ਾਮਿਲ ਹੈ।

3. ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਤੱਥ

ਸ਼੍ਰੋਮਣੀ ਕਮੇਟੀ ਦੇ ਇਤਰਾਜ਼ - ਕਾਂਗਰਸੀ ਇਤਿਹਾਸ ਦੇ ਅਧਿਆਇ - 5 ਪੰਨਾ 5 ਅਨੁਸਾਰ ਗੁਰੂ ਸਾਹਿਬ ਗੁੱਸੇ ਵਿੱਚ ਆ ਕੇ ਲੁੱਟਾਂ ਮਾਰਾਂ ਕਰਦੇ ਸਨ। ਮਿਸਾਲ ਵਜੋਂ, "ਉਨ੍ਹਾਂ ਨੇ ਪਿੰਡ ਅਲਸਨ ਦੀ ਲੁੱਟ ਕੀਤੀ।"

ਇਸ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦਸ਼ਮੇਸ਼ ਪਿਤਾ ਦੇ ਅਦੁੱਤੀ ਜੀਵਨ ਦਾ ਮਕਸਦ ਨਾ ਤਾਂ ਜਬਰ, ਜ਼ੁਲਮ ਤੇ ਬੇਇਨਸਾਫ਼ੀ ਖਿਲਾਫ਼ ਜੰਗ ਕਰਨਾ ਸੀ ਤੇ ਨਾ ਹੀ ਖ਼ਾਲਸਾ ਪੰਥ ਦੀ ਸਾਜਨਾ, ਬਲਕਿ ਸਿਰਫ਼ ਲੁੱਟ ਮਾਰ ਕਰਨਾ ਹੀ ਉਨ੍ਹਾਂ ਦਾ ਮਕਸਦ ਸੀ।

ਰਿਵਿਊ ਕਮੇਟੀ ਦਾ ਜਵਾਬ - ਪਿੰਡ ਅਲਸਨ ਵਿੱਚ ਰਾਜਾ ਭੀਮ ਚੰਦ ਦੇ ਖੇਤਰ ਵਿੱਚ ਹਮਲਾ ਉਨ੍ਹਾਂ ਦਿਨਾਂ ਵਿੱਚ ਜੰਗ ਦਾ ਹਿੱਸਾ ਸੀ। ਇਸ ਨੂੰ ਹਟਾ ਦਿੱਤਾ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਇਤਿਹਾਸ ਦੀ ਕਿਤਾਬ ਵਿੱਚ 5ਵੇਂ ਗੁਰੂ ਅਰਜਨ ਦੇਵ ਦੀ ਕੁਰਬਾਨੀ ਦਾ ਕੋਈ ਜ਼ਿਕਰ 'ਨਹੀਂ' ਹੈ

4. ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜੇ ਤੱਥ

ਸ਼੍ਰੋਮਣੀ ਕਮੇਟੀ ਦੇ ਇਤਰਾਜ਼ - ਕਿਤਾਬ ਦੇ ਅਧਿਆਇ - 4, ਪੰਨਾ 3 ਅਨੁਸਾਰ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਜੀ ਮਹਾਰਾਜ "ਪੱਕੇ ਸ਼ਰਧਾਲੂਆਂ ਦੇ ਮੁਕਾਬਲੇ ਦੁਸ਼ਟਾਂ ਨੂੰ ਪਹਿਲ ਦਿੰਦੇ ਸਨ।"

ਕਿਤਾਬ ਦੇ ਅਧਿਆਇ 4, ਪੰਨਾ 3 'ਤੇ ਕਿਹਾ ਹੈ ਕਿ ਮੁਗ਼ਲ ਹਾਕਮ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਿਕਾਰ ਵਿੱਚ ਦਿਲਚਸਪੀ ਰੱਖਣ ਕਾਰਨ ਉਨ੍ਹਾਂ ਦੇ ਵਿਰੋਧ 'ਚ ਖੜ੍ਹੇ ਹੋ ਗਏ ਤੇ ਗੁਰੂ ਸਾਹਿਬਾਨ ਨੇ ਕੁੱਤੇ ਪਾਲੇ ਹੋਏ ਸਨ।

ਇਹ ਵੀ ਪੜ੍ਹੋ:

ਰਿਵਿਊ ਕਮੇਟੀ ਦਾ ਜਵਾਬ - ਗੁਰੂ ਹਰਗੋਬਿੰਦ ਸਿੰਘ ਜੀ ਨੇ ਮਾਰਸ਼ਲ ਕਾਰਵਾਈ 'ਤੇ ਜ਼ੋਰ ਦਿੱਤਾ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਸ਼ਿਕਾਰ ਕਰਨਾ ਮਾਰਸ਼ਲ ਟਰੇਨਿੰਗ ਦਾ ਹਿੱਸਾ ਹੁੰਦਾ ਸੀ ਅਤੇ ਕੁੱਤੇ ਸ਼ਿਕਾਰ ਦਾ ਅਹਿਮ ਹਿੱਸਾ ਸਨ।

'ਦੁਸ਼ਟ' ਸ਼ਬਦ ਦੀ ਵਰਤੋਂ ਗੁਰੂ ਦੇ ਅਲੋਚਕਾਂ (ਖ਼ਾਸ ਕਰਕੇ ਮੀਨਾ) ਵੱਲੋਂ ਕੀਤੀ ਗਈ ਹੈ ਛੇਵੇਂ ਗੁਰੂ ਸਾਹਿਬ ਦੀ ਫੌਜ ਵਿੱਚ ਉਨ੍ਹਾਂ ਗ਼ੈਰ-ਸਿੱਖਾਂ ਦੀ ਭਰਤੀ ਦੇ ਸੰਦਰਭ ਵਿੱਚ ਹੈ।

5. ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ

ਸ਼੍ਰੋਮਣੀ ਕਮੇਟੀ ਦੇ ਇਤਰਾਜ਼ -ਇਸੇ ਤਰ੍ਹਾਂ ਇਹ ਦਾਅਵਾ ਕੀਤਾ ਗਿਆ ਹੈ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਨ੍ਹਾਂ ਦੇ ਜੀਵਨ ਕਾਲ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਿਲ ਕਰ ਲਈ ਗਈ ਸੀ, ਨਾ ਕਿ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਦਸ਼ਮੇਸ਼ ਪਿਤਾ ਵੱਲੋਂ ਕਰਵਾਈ ਸੰਪੂਰਨਤਾ ਦੌਰਾਨ ਸ਼ਾਮਿਲ ਕੀਤੀ ਗਈ ਸੀ।

ਤਸਵੀਰ ਸਰੋਤ, NARINDER NANU/AFP/GETTY IMAGES

ਰਿਵਿਊ ਕਮੇਟੀ ਦਾ ਜਵਾਬ - ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਸ਼ਾਮਲ ਕਰਨ ਦੀ ਗੱਲ ਹੈ, ਮੰਨੇ-ਪ੍ਰਮੰਨੇ ਸਿੱਖ ਸਕਾਲਰ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਹਰਭਜਨ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਗੁਰੂ ਦੀ ਬਾਣੀ ਆਨੰਦਪੁਰ ਸਾਹਿਬ ਵਿੱਚ ਸ਼ਾਮਿਲ ਕੀਤੀ ਗਈ ਹੈ। 1680 ਵਿੱਚ ਤਿਆਰ ਕੀਤੇ ਖਰੜੇ ਮੌਜੂਦ ਹਨ ਜਿਸ ਵਿੱਚ ਗੁਰੂ ਜੀ ਦੀ ਬਾਣੀ ਸ਼ਾਮਿਲ ਕਰਨ ਦਾ ਸਹੀ ਜ਼ਿਕਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)