ਜਪਾਨ ਨੇ ਇਮੀਗ੍ਰੇਸ਼ਨ ਨੀਤੀ ਵਿੱਚ ਲਿਆ ਰਿਹਾ ਹੈ ਵੱਡਾ ਬਦਲਾਅ - 5 ਅਹਿਮ ਖ਼ਬਰਾਂ

ਜਹਾਜ਼

ਤਸਵੀਰ ਸਰੋਤ, Tomohiro Ohsumi

ਜਪਾਨ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਲਿਆਉਂਦਿਆਂ ਹੱਥੀ ਕੰਮ ਕਰਨ ਵਾਲੇ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਹੈ।

ਇਸ ਤੋਂ ਪਹਿਲਾਂ ਰਵਾਇਤੀ ਤੌਰ 'ਤੇ ਜਪਾਨ ਇਮੀਗ੍ਰੇਸ਼ਨ ਬਾਰੇ ਕੋਈ ਖੁੱਲਦਿਲ ਨਹੀਂ ਰਿਹਾ ਪਰ ਹੁਣ ਜਪਾਨ ਇੱਕ ਬਜ਼ੁਰਗ ਹੁੰਦਾ ਸਮਾਜ ਹੈ ਜਿਸ ਕਰਕੇ ਖ਼ਾਸ ਕਰਕੇ ਨਰਸਿੰਗ, ਉਸਾਰੀ ਦੇ ਕੰਮ ਅਤੇ ਖੇਤੀਬਾੜੀ ਖੇਤਰਾਂ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਦੀ ਵੱਡੀ ਕਮੀ ਹੋ ਗਈ ਹੈ।

ਨਵੇਂ ਕਾਨੂੰਨ ਤਹਿਤ ਕਾਮਿਆਂ ਨੂੰ ਸ਼ੁਰੂ ਵਿੱਚ ਪੰਜ ਸਾਲ ਦੇਸ ਵਿੱਚ ਰਹਿਣ ਦੀ ਆਗਿਆ ਮਿਲੇਗੀ ਪਰ ਜੇ ਉਹ ਵਧੀਆ ਕੌਸ਼ਲ ਰੱਖਦੇ ਅਤੇ ਫਰਾਟੇਦਾਰ ਜਪਾਨੀ ਭਾਸ਼ਾ ਸਿੱਖ ਲੈਂਦੇ ਹਨ ਤਾਂ ਉਹ ਉੱਥੇ ਜਿੰਨੀ ਦੇਰ ਚਾਹੇ ਰਹਿ ਸਕਣਗੇ।

ਸਰਕਾਰ ਇਹ ਸਕੀਮ ਆਉਂਦੀ ਅਪ੍ਰੈਲ ਵਿੱਚ ਸ਼ੁਰੂ ਕਰਨ ਦਾ ਵਿਚਾਰ ਬਣਾ ਰਹੀ ਅਤੇ ਫਿਲਹਾਲ ਕਾਮਿਆਂ ਦੀ ਗਿਣਤੀ ਮਿੱਥਣ ਦਾ ਕੋਈ ਵਿਚਾਰ ਨਹੀਂ ਹੈ।

ਦਿੱਲੀ ਦੇ ਧੂੰਏਂ ਲਈ ਪੰਜਾਬ ਜਿੰਮੇਵਾਰ

ਤਸਵੀਰ ਸਰੋਤ, NARINDER NANU

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿੱਚ ਬੋਲਦਿਆਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਇਆ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬ ਉਨ੍ਹਾਂ ਨੇ ਕੌਮੀ ਰਾਜਧਾਨੀ ਦੀ ਹਵਾ ਬਦਤਰ ਕਰਨ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਜੋਂ ਸੂਬੇ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ।

ਖ਼ਬਰ ਮੁਤਾਬਕ ਉਨ੍ਹਾਂ ਨੇ ਦੱਸਿਆ ਕਿ 25 ਅਕਤੂਬਰ ਤੋਂ ਬਾਅਦ ਹਵਾ ਦੀ ਗੁਣਵੱਤਾ ਸੂਚਕਅੰਕ 200 ਤੋਂ ਖਰਾਬ ਹੋ ਕੇ 400 ਹੋ ਗਿਆ ਜਿਸ ਦਾ ਸਿੱਧਾ ਸੰਬੰਧ ਪੰਜਾਬ ਵਿੱਚ ਝੋਨੇ ਦੀ ਨਾੜ ਫੂਕੇ ਜਾਣ ਨਾਲ ਹੈ।

ਇਹ ਵੀ ਪੜ੍ਹੋ

ਘਟੀਆ ਚਾਵਲਾਂ ਦੇ 64,000 ਥੈਲੇ ਫੜ੍ਹੇ

ਤਸਵੀਰ ਸਰੋਤ, MONEY SHARMA

ਪੰਜਾਬ ਦੇ ਫੂਡ ਅਤੇ ਸਿਵਲ ਸਪਲਾਈਜ਼ ਵਿਭਾਗ ਨੇ ਘਟੀਆ ਗੁਣਵੱਤਾ ਦੇ ਚੌਲਾਂ ਦੇ 64,000 ਥੈਲੇ ਫੜ੍ਹੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਥੈਲੇ ਜਿਨ੍ਹਾਂ ਵਿੱਚੋਂ ਹਰੇਕ ਦਾ ਭਾਰ 50 ਕਿੱਲੋ ਸੀ ਅਤੇ 20 ਟਰੱਕਾਂ ਵਿੱਚ ਲੱਦੇ ਹੋਏ ਸਨ।

ਇਹ ਬੋਰੀਆਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੋਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਇਹ ਥੈਲੇ ਕੁਝ ਵਪਾਰੀਆਂ ਵੱਲੋਂ ਬਿਹਾਰ ਤੋਂ ਪੰਜਾਬ ਦੇ ਬਾਜ਼ਾਰਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਵੇਚਣ ਲਈ ਖਰੀਦੇ ਗਏ ਸਨ।

ਵਿਭਾਗ ਵੱਲੋਂ ਆਪਣੀ ਕਿਸਮ ਦੀ ਇਸ ਪਹਿਲੀ ਕਾਰਵਾਈ ਕੀਤੀ ਗਈ ਹੈ। ਖ਼ਬਰ ਮੁਤਾਬਕ ਅਜਿਹੀ ਤਸਕਰੀ ਜ਼ਰੀਏ ਵਪਾਰੀ ਪ੍ਰਤੀ ਕੁਇੰਟਲ 620-820 ਰੁਪਏ ਦਾ ਮੁਨਾਫਾ ਕਮਾ ਲੈਂਦੇ ਹਨ। ਇਸ ਮੁਨਾਫੇ ਦੀ ਵਜ੍ਹਾ ਹੈ ਬਿਹਾਰ, ਉੱਤਰ ਪ੍ਰਦੇਸ਼ ਵਿੱਚ ਝੋਨੇ ਦਾ ਮੁੱਲ ਪੰਜਾਬ ਨਾਲੋਂ ਬਹੁਤ ਘੱਟ ਹੈ।

ਅਧਿਕਾਰੀਆਂ ਮੁਤਾਬਕ ਇਨ੍ਹਾਂ ਟਰੱਕਾਂ ਦੇ ਫੜੇ ਜਾਣ ਤੋਂ ਪਹਿਲਾਂ ਹੀ 20 ਟਰੱਕ ਪੰਜਾਬ ਦਾਖਲ ਹੋ ਚੁੱਕੇ ਸਨ, ਜਿਨ੍ਹਾਂ ਦਾ ਪਤਾ ਨਹੀਂ ਲਾਇਆ ਜਾ ਸਕਿਆ।

ਜੰਮੂ ਵਿੱਚ ਭਾਜਪਾ ਆਗੂ ਦਾ ਕਤਲ

ਤਸਵੀਰ ਸਰੋਤ, ANIL PARIHAR/TWITTER

ਜੰਮੂ ਵਿੱਚ ਭਾਜਪਾ ਦੇ ਸੂਬਾ ਸਕੱਤਰ, ਅਨਿਲ ਪਰਿਹਾਰ ਅਤੇ ਉਨ੍ਹਾਂ ਦੇ ਭਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਹ ਘਟਨਾ ਡੋਡਾ ਜ਼ਿਲ੍ਹੇ ਦੇ ਕਿਸ਼ਤਵਾੜ ਇਲਾਕੇ ਵਿੱਚ ਉਸ ਸਮੇਂ ਵਾਪਰੀ ਜਦੋਂ ਦੋਵੇਂ ਭਰਾ ਘਰ ਵਾਪਸ ਪਰਤ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਬਹੁਤ ਨਜ਼ਦੀਕ ਤੋਂ ਮਾਰੀਆਂ ਗਈਆਂ ਸਨ। ਭਾਜਪਾ ਦੇ ਸੂਬਾ ਸਕੱਤਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਨੂੰ ਕਾਇਰਾਨਾ ਕਦਮ ਦੱਸਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਆਸਾਮ 'ਚ 5 ਬੰਗੀਲ ਦਿਹਾੜੀਦਾਰ ਮਜ਼ਦੂਰਾਂ ਦਾ ਕਤਲ

ਤਸਵੀਰ ਸਰੋਤ, AVIK CHAKRABORTY

ਉੱਤਰ-ਪੂਰਬੀ ਸੂਬੇ ਆਸਾਮ ਵਿੱਚ 5 ਬੰਗਾਲੀ ਦਿਹਾੜੀਦਾਰ ਮਜ਼ਦੂਰਾਂ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਦਿੱਤਾ ਹੈ।

ਇਹ ਘਟਨਾ ਵੀਰਵਾਰ ਸ਼ਾਮੀਂ ਲਗਪਗ ਸਾਢੇ ਸੱਤ ਵਜੇ ਵਾਪਰੀ ਅਤੇ ਇਸ ਵਿੱਚ ਦੋ ਵਿਅਕਤੀਆਂ ਦੇ ਫਟੱੜ ਹੋਣ ਦੀ ਵੀ ਖ਼ਬਰ ਹੈ।

ਆਸਾਮ ਦੇ ਏਡੀਜੀਪੀ (ਅਮਨ ਕਾਨੂੰਨ), ਮੁਕੇਸ਼ ਅਗਰਵਾਲ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕੁਝ ਲੋਕ ਧੋਲਾ ਠਾਣੇ ਅਧੀਨ ਪੈਂਦੇ ਖੇਰਬਾੜੀ ਪਿੰਡ ਵਿੱਚ ਇੱਕ ਦੁਕਾਨ ਦੇ ਬਾਹਰ ਬੈਠੇ ਸਨ ਜਦੋਂ ਕੁਝ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਮਰਨ ਵਾਲੇ ਪੰਜਾਂ ਵਿੱਚੋਂ ਤਿੰਨ ਇੱਕੋ ਪਰਿਵਾਰ ਦੇ ਜੀਅ ਸਨ ਅਤੇ ਗੋਲੀਆਂ ਚਲਾਉਣ ਵਾਲੇ ਪੰਚ ਤੋਂ ਛੇ ਜਣੇ ਸਨ ਅਤੇ ਪੁਲਿਸ ਨੂੰ ਉਲਫਾ ਉੱਪਰ ਸ਼ੱਕ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ

ਤੁਹਾਨੂੰ ਇਹ ਵੀਡੀਓ ਵੀ ਵਧੀਆ ਲੱਗ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)