ਚੌਟਾਲਾ ਪਰਿਵਾਰ ਦੋਫਾੜ, ਦੁਸ਼ਯੰਤ ਦੀ ਇਨੈਲੋ 'ਚੋਂ ਛੁੱਟੀ
- ਸਤ ਸਿੰਘ
- ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, Getty Images
ਪਾਰਟੀ ਦੀ ਵਿਰਾਸਤ ਸੰਭਾਲਣ ਲਈ ਚੌਟਾਲਾ ਪਰਿਵਾਰ ਵਿੱਚ ਚੱਲ ਰਹੀ ਘਰੇਲੂ ਲੜਾਈ
ਹਰਿਆਣਾ ਦੇ ਪ੍ਰਮੁੱਖ ਸਿਆਸੀ ਘਰਾਣੇ ਚੌਟਾਲਾ ਪਰਿਵਾਰ ਦੀ ਖਾਨਾਜੰਗੀ ਸਿਖਰ 'ਤੇ ਪਹੁੰਚ ਗਈ ਲਗਦੀ ਹੈ।
ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੋਤਰੇ ਅਤੇ ਹਿਸਾਰ ਤੋਂ ਲੋਕ ਸਭਾ ਮੈਂਬਰ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਚੋਂ ਫਾਰਗ ਕਰ ਦਿੱਤਾ ਹੈ।
ਇਹੀ ਨਹੀਂ ਦੁਸ਼ਯੰਤ ਚੌਟਾਲਾ ਨੂੰ ਲੋਕ ਸਭਾ ਵਿਟ ਪਾਰਟੀ ਦੇ ਸੰਸਦੀ ਬੋਰਡ ਦੇ ਮੁਖੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈ।
ਓਮ ਪ੍ਰਕਾਸ਼ ਚੌਟਾਲਾ ਦੇ ਟੀਚਰ ਭਰਤੀ ਘੋਟਾਲੇ ਵਿਚ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦੀ ਵਿਰਾਸਤ ਸੰਭਾਲਣ ਲਈ ਚੌਟਾਲਾ ਪਰਿਵਾਰ ਵਿੱਚ ਘਰੇਲੂ ਲੜਾਈ ਕਾਫੀ ਦੇਰ ਤੋਂ ਚੱਲ ਰਹੀ ਹੈ।
ਇਹ ਵੀ ਪੜ੍ਹੋ:
ਪਾਰਟੀ ਪ੍ਰਧਾਨ ਅਤੇ ਸਰਪਰਸਤ ਓਮ ਪ੍ਰਕਾਸ਼ ਚੌਟਾਲਾ ਨੇ ਆਪਣੀ ਪਾਰਟੀ ਦੀ ਵਿਦਿਆਰਥੀ ਇਕਾਈ ਇੰਡੀਅਨ ਨੈਸ਼ਲਨ ਸਟੂਡੈਂਟ ਔਰਗਨਾਈਜ਼ੇਸ਼ਨ ਜਿਸ ਦੀ ਅਗਵਾਈ ਉਨ੍ਹਾਂ ਦੇ ਵੱਡੇ ਪੁੱਤਰ ਅਜੈ ਚੌਟਾਲਾ ਦੇ ਪੁੱਤਰ ਦਿਗਵਿਜੇ ਚੌਟਾਲਾ ਕਰ ਰਹੇ ਸਨ ਭੰਗ ਕਰ ਦਿੱਤਾ ਸੀ। ਇਹ ਗੋਹਾਨਾ ਦੀ ਪਾਰਟੀ ਰੈਲੀ ਵਿਚ ਹੋਏ ਰੌਲੇ ਰੱਪੇ ਤੋਂ ਬਾਅਦ ਕੀਤਾ ਗਿਆ ਸੀ।
ਮੰਨਿਆ ਜਾ ਰਿਹਾ ਸੀ ਕਿ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਆਪਣੇ ਚਾਚੇ ਦੀ ਅਭੈ ਚੌਟਾਲਾ ਦੀ ਅਗਵਾਈ ਨੂੰ ਸਵਿਕਾਰ ਨਹੀਂ ਕਰ ਰਹੇ ਹਨ ਅਤੇ ਗੋਹਾਨਾ ਰੈਲੀ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਹੀ ਅਨੁਸਾਸ਼ਨ ਭੰਗ ਕੀਤਾ ਸੀ। ਇਸ ਰੈਲੀ ਵਿਚ ਪੈਰੋਲ ਉੱਤੇ ਆਏ ਓਮ ਪ੍ਰਕਾਸ਼ ਚੌਟਾਲਾ ਮੌਜੂਦ ਸਨ।
'ਦੋਵੇਂ ਅਨੁਸਾਸ਼ਨ ਭੰਗ ਕਰਨ ਦੇ ਦੋਸ਼ੀ'
ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਸਿੰਘ ਦੋਹਾਂ 'ਤੇ ਹੀ ਅਨੁਸ਼ਾਸਨਹੀਣਤਾ, ਗੁੰਡਾਗਰਦੀ ਅਤੇ ਚੌਧਰੀ ਦੇਵੀ ਲਾਲ ਦੇ ਜਨਮ ਦਿਵਸ ਮੌਕੇ ਗੋਹਾਨਾ ਵਿੱਚ 7 ਅਕਤੂਬਰ ਨੂੰ ਪਾਰਟੀ ਲੀਡਰਸ਼ਿਪ ਖਿਲਾਫ਼ ਭੜਕਾਉਣ ਦੇ ਇਲਜ਼ਾਮ ਲੱਗੇ ਹਨ।"
ਤਸਵੀਰ ਸਰੋਤ, DUSHYANT CHAUTALA/FB
ਚੌਟਾਲਾ ਨੇ ਕਿਹਾ, "ਅਨੁਸ਼ਾਸਨੀ ਕਮੇਟੀ ਨੇ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ"
ਇਨੈਲੋ ਦੇ ਸਰਪਰਸਤ ਨੇ ਪਾਰਟੀ ਦਫਤਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਬਾਹਰੀ ਸਬੂਤ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਖੁਦ ਅੱਖੀਡਿੱਠਾ ਹੈ ਕਿ ਕਿਸ ਤਰ੍ਹਾਂ ਅਨੁਸ਼ਾਸਨ ਭੰਗ ਕੀਤਾ ਗਿਆ ਹੈ ਅਤੇ ਭਾਸ਼ਨ ਦੌਰਾਨ ਹੰਗਾਮਾ ਕੀਤਾ। ਫਿਰ ਵੀ ਉਨ੍ਹਾਂ ਨੇ ਇਹ ਮਾਮਲਾ ਅਨੁਸ਼ਾਸਨ ਕਮੇਟੀ ਕੋਲ ਭੇਜ ਦਿੱਤਾ।
ਚੌਟਾਲਾ ਨੇ ਕਿਹਾ, "ਅਨੁਸ਼ਾਸਨੀ ਕਮੇਟੀ ਨੇ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ"
ਇਸ ਬਿਆਨ ਵਿੱਚ ਕਿਹਾ ਗਿਆ ਹੈ, "ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਸਿੰਘ ਦੋਵੇਂ ਹੀ ਪਰਿਵਾਰ ਦੇ ਮੈਂਬਰ ਸਨ। ਇਸ ਲਈ ਫੈਸਲਾ ਸੌਖਾ ਨਹੀਂ ਸੀ। ਪਰ ਉਮਰ ਭਰ ਦੇਵ ਨਾਇਕ ਚੌਧਰੀ ਦੇਵੀ ਲਾਲ ਦੇ ਸਿਧਾਤਾਂ ਨੂੰ ਮੰਨਿਆ ਹੈ ਜਿਨ੍ਹਾਂ ਲਈ ਕਿਸੇ ਸ਼ਖਸ ਜਾਂ ਪਰਿਵਾਰਕ ਮੈਂਬਰ ਨਾਲੋਂ ਪਾਰਟੀ ਉੱਪਰ ਸੀ।"
"ਇਸ ਲਈ ਉਨ੍ਹਾਂ ਨੂੰ ਪਾਰਟੀ ਅਤੇ ਪਰਿਵਰਾਕ ਮੈਂਬਰ ਵਿੱਚੋਂ ਚੋਣ ਕਰਨੀ ਸੀ। ਉਨ੍ਹਾਂ ਨੇ ਪਾਰਟੀ ਨੂੰ ਚੁਣਿਆ ਹੈ ਅਤੇ ਅਨੁਸ਼ਾਸਨ ਕਮੇਟੀ ਦੇ ਫੈਸਲੇ ਨੂੰ ਮੰਨਿਆ ਹੈ। ਇਸ ਲਈ ਉਨ੍ਹਾਂ ਨੇ ਪਾਰਟੀ ਦਫ਼ਤਰ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਉਨ੍ਹਾਂ ਦੇ ਫੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ।"
ਚੌਟਾਲਾ ਪਰਿਵਾਰ ਦਾ ਪ੍ਰੋਟੋਕਾਲ
ਚੌਟਾਲਾ ਪਰਿਵਾਰ ਹਰਿਆਣਾ ਦੀ ਸੱਤਾ ਉੱਤੇ ਕਿਸੇ ਵੇਲੇ ਕਾਬਜ਼ ਰਿਹਾ ਪਰ ਹੁਣ ਕਰੀਬ 15 ਸਾਲ ਤੋਂ ਸੱਤਾ ਤੋਂ ਬਾਹਰ ਹੈ। ਸਾਲ 2014 ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨੈਲੋ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਸੀ।
ਓਮ ਪ੍ਰਕਾਸ਼ ਚੌਟਾਲਾ ਦੇ ਦੋ ਪੁੱਤਰ ਹਨ। ਛੋਟੇ ਅਭੈ ਅਤੇ ਵੱਡੇ ਅਜੈ ਚੌਟਾਲਾ, ਜਿਨ੍ਹਾਂ ਦੇ ਦੋ ਪੁੱਤਰ ਹਨ ਦੁਸ਼ਯੰਤ (ਹਿਸਾਰ ਤੋਂ ਸੰਸਦ ਮੈਂਬਰ) ਅਤੇ ਦਿਗਵਿਜੇ ਜੋ ਇਨਸੋ ਦੇ ਕੌਮੀ ਪ੍ਰਧਾਨ ਸਨ। ਪਰ ਗੋਹਾਨਾ ਰੈਲੀ ਦੀ ਘਟਨਾ ਤੋਂ ਬਾਅਦ ਇਸਨੂੰ ਕਰ ਦਿੱਤਾ ਗਿਆ।
ਪਹਿਲਾ ਚੌਟਾਲਾ ਨੇ ਕਿਹਾ ਸੀ ਕਿ ਅਜਿਹਾ ਇਨਸੋ ਵਿੱਚ ਪਾਰਟੀ ਇਕਾਈ ਵਜੋਂ ਅਨੁਸ਼ਾਸ਼ਨਹੀਨਤਾ ਦੇ ਵਧਦੇ ਮਾਮਲਿਆਂ ਕਰਕੇ ਲਿਆ ਗਿਆ ਹੈ।
ਤਸਵੀਰ ਸਰੋਤ, SAT SINGH/BBC
ਘਰੇਲੂ ਲ਼ੜਾਈ ਦਾ ਅਸਰ ਸੱਤਾ ਤੋਂ 15 ਸਾਲ ਬਾਅਦ ਵੀ ਪਾਰਟੀ ਦੀ ਵਾਗਡੋਰ ਲਈ ਲੜਨ ਵਾਲਿਆਂ ਉੱਪਰ ਪਏਗਾ
ਦੂਸਰੇ ਪਾਸੇ ਦਿਗਵਿਜੇ ਨੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨਸੋ ਇੱਕ ਖ਼ੁਦਮੁਖਤਿਆਰ ਸੰਗਠਨ ਹੈ, ਜਿਸ ਦਾ ਆਪਣਾ ਸੰਵਿਧਾਨ ਹੈ।
ਉਨ੍ਹਾਂ ਦੱਸਿਆ, "ਸਿਰਫ਼ ਅਜੈ ਚੌਟਾਲਾ ਇਸ ਨੂੰ ਭੰਗ ਕਰ ਸਕਦੇ ਹਨ ਜਦਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਸੰਦੇਸ਼ ਨਹੀਂ ਮਿਲਿਆ।"
ਪਰਿਵਾਰਕ ਵਿਰਾਸਤ ਦੀ ਜੰਗ
ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਮੁਤਾਬਕ ਇਸ ਘਰੇਲੂ ਲ਼ੜਾਈ ਦਾ ਅਸਰ ਸੱਤਾ ਤੋਂ 15 ਸਾਲ ਬਾਅਦ ਵੀ ਪਾਰਟੀ ਦੀ ਵਾਗਡੋਰ ਲਈ ਲੜਨ ਵਾਲਿਆਂ ਉੱਪਰ ਪਏਗਾ।
" ਓਮ ਪ੍ਰਕਾਸ਼ ਚੌਟਾਲਾ ਦੇ ਪਿਤਾ ਦੇਵੀ ਲਾਲ ਇੱਕ ਲੋਕ ਆਗੂ ਸਨ ਪਰ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲ ਨੇ ਨਵੀਂ ਸਿਆਸਤ ਅਪਣਾਈ।"
ਤਕਸ਼ਕ ਕਹਿੰਦੇ ਹਨ ਕਿ ਦੇਵੀ ਲਾਲ ਵੀਪੀ ਸਿੰਘ ਵਜ਼ਾਰਤ ਵਿੱਚ ਉਪ-ਪ੍ਰਧਾਨ ਮੰਤਰੀ ਸਨ ਅਤੇ ਸਾਲ 1989 ਵਿੱਚ ਸੂਬੇ ਵਿੱਚ ਸੱਤਾ ਦੀ ਵਾਗਡੋਰ ਓਪੀ ਚੌਟਾਲਾ ਦੇ ਹੱਥਾਂ ਵਿੱਚ ਸੀ।
"ਦੇਵੀ ਲਾਲ ਨੇ ਆਪਣੇ ਵੱਡੇ ਪੁੱਤਰ ਰਣਜੀਤ ਸਿੰਘ ਦੀ ਥਾਂ ਓਪੀ ਚੌਟਾਲਾ ਜੋ ਕਿ ਸਿਆਸੀ ਤੌਰ 'ਤੇ ਵਧੇਰੇ ਢੁਕਵੇਂ ਸਨ ਨੂੰ ਆਪਣਾ ਵਾਰਸ ਬਣਾਇਆ।"
ਤਸਵੀਰ ਸਰੋਤ, SAT SINGH/BBC
ਭਾਜਪਾ ਸਰਕਾਰ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ ਪਰ ਖਾਨਾ ਜੰਗੀ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ
ਉਹੀ ਸਥਿਤੀ ਹੁਣ ਚੌਟਾਲਾ ਸੀਨੀਅਰ ਦੇ ਸਾਹਮਣੇ ਹੈ। ਅਜੈ ਸਾਲ 2013 ਦੇ ਜੇਬੀਟੀ ਟੀਚਰ ਭਰਤੀ ਘੁਟਾਲੇ ਕਰਕੇ ਜੇਲ੍ਹ ਵਿੱਚ ਹਨ ਅਤੇ ਅਭੈ ਚੌਟਾਲਾ ਕੋਲ ਪਾਰਟੀ ਦੀ ਕਮਾਨ ਹੈ।
ਸਾਫ਼ ਹੈ ਕਿ ਨੌਜਵਾਨ ਦੁਸ਼ਯੰਤ ਅਤੇ ਦਿਗਵਿਜੇ ਨੂੰ ਪਸੰਦ ਕਰਦੇ ਹਨ ਜਦਕਿ ਪਾਰਟੀ ਦੇ ਵਿਧਾਨ ਸਭਾ ਮੈਂਬਰ ਅਭੈ ਨਾਲ ਹਨ ਜੋ ਕਿ ਵਿਧਾਨ ਸਭ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹਨ।
ਸੀਨੀਅਰ ਪੱਤਰਕਾਰ ਪਵਨ ਬਾਂਸਲ ਮੁਤਾਬਕ ਸਾਲ 1989 ਵਿੱਚ ਦੇਵੀ ਲਾਲ ਨੇ ਬੜੀ ਚੁਸਤੀ ਨਾਲ ਓਪੀ ਚੌਟਾਲਾ ਨੂੰ ਉਭਾਰਨ ਲਈ ਆਪਣੇ ਛੋਟੇ ਪੁੱਤਰ ਰਣਜੀਤ ਨੂੰ ਕਾਬੂ ਕੀਤਾ।
ਚੌਟਾਲਾ ਦੀ ਅਗਵਾਈ ਵਿੱਚ ਪਾਰਟੀ ਨੇ ਕਾਫੀ ਤਰੱਕੀ ਕੀਤੀ ਅਤੇ ਪਰ ਜਦੋਂ ਉਨ੍ਹਾਂ ਦੇ ਪੁੱਤਰ ਅਜੈ ਨੇ ਵਾਗਡੋਰ ਆਪਣੇ ਭਰਾ ਅਭੈ ਦੇ ਹੱਥ ਦਿੱਤੀ ਤਾਂ ਹਾਲਾਤ ਵਿਗੜ ਗਏ। ਪਾਰਟੀ ਦੇ ਵਾਰਸ ਬਣਨ ਬਾਰੇ ਸੋਚ ਰਹੇ ਅਜੈ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਹਾਸ਼ੀਏ ਉੱਪਰ ਧੱਕੇ ਮਹਿਸੂਸ ਕੀਤਾ।
ਇਨੈਲੋ ਕੋਲ ਇਸ ਸਮੇਂ ਸੁਨਹਿਰੀ ਮੌਕਾ ਹੈ ਕਿਉਂਕਿ ਭਾਜਪਾ ਸਰਕਾਰ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ ਪਰ ਖਾਨਾ ਜੰਗੀ ਨਾਲ ਪਾਰਟੀ ਨੂੰ ਨੁਕਸਾਨ ਹੋਵੇਗਾ। ਇਹ ਖਾਨਾ ਜੰਗੀ ਪਾਰਟੀ ਦੀ ਵੰਡ ਬਗੈਰ ਰੁਕਣ ਵਾਲੀ ਨਹੀਂ ਲੱਗਦੀ।
ਤਸਵੀਰ ਸਰੋਤ, SAT SINGH/BBC
ਅਜੈ ਸਾਲ 2013 ਦੇ ਜੇਬੀਟੀ ਟੀਚਰ ਭਰਤੀ ਘੁਟਾਲੇ ਕਰਕੇ ਜੇਲ੍ਹ ਵਿੱਚ ਹੈ ਅਤੇ ਅਭੈ ਚੌਟਾਲਾ ਕੋਲ ਪਾਰਟੀ ਦੀ ਕਮਾਂਡ ਹੈ।
ਮੌਜੂਦਾ ਸੰਕਟ ਅਤੇ ਇਸ ਦੇ ਸਿੱਟੇ
ਹਰਿਆਣਾ ਸਟਡੀਜ਼ ਦੇ ਸਾਬਕਾ ਨਿਰਦੇਸ਼ਕ ਐਸਐਸ ਛਾਹੜ ਮੁਤਾਬਕ ਪਰਿਵਾਰਵਾਦੀ ਖੇਤਰੀ ਪਾਰਟੀਆਂ ਵਿੱਚ ਅਜਿਹੀ ਖਿੱਚੋਤਾਣ ਆਮ ਦੇਖਣ ਨੂੰ ਮਿਲਦੀ ਹੈ।
ਛਾਹੜ ਮੁਤਾਬਕ, "ਪਰਿਵਾਰਕ ਕਲੇਸ਼ ਜਨਤਕ ਨਹੀਂ ਹੋਣਾ ਚਾਹੀਦਾ ਸੀ ਅਤੇ ਇਨਸੋ ਨੂੰ ਤੋੜਨਾ ਇੱਕ ਸਖ਼ਤ ਫੈਸਲਾ ਸੀ ਜਿਸ ਨਾਲ ਪਾਰਟੀ ਦੇ ਆਗਾਮੀ ਚੋਣਾਂ ਜਿੱਤਣ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੋਣਗੀਆਂ। ਇਹ ਵੀ ਸੰਭਾਵਨਾ ਹੈ ਕਿ ਇਸ ਕਲੇਸ਼ ਕਰਕੇ ਬੀਐਸਪੀ ਸੁਪਰੀਮੋ ਮਾਇਆਨਵਤੀ ਆਪਣੀ ਪਾਰਟੀ ਬੀਐਸਪੀ ਨੂੰ ਇਨੈਲੋ ਤੋਂ ਵੱਖ ਕਰ ਲੈਣ।"
ਉਨ੍ਹਾਂ ਇਹ ਵੀ ਕਿਹਾ ਕਿ ਦੋ ਭਰਾਵਾਂ ਦਰਮਿਆਨ ਚੱਲ ਰਹੀ ਇਸ ਖਿੱਚੋਤਾਣ ਕਰਕੇ ਭੁਪਿੰਦਰ ਸਿੰਘ ਹੂਡਾ ਦੀ ਅਗਵਾਈ ਵਾਲੀ ਕਾਂਗਰਸ ਨੂੰ ਲਾਭ ਪਹੁੰਚੇਗਾ।
ਇਨੈਲੋ ਦੇ ਰਵਾਇਤੀ ਜਾਟ ਵੋਟਰ ਰੋਹਤਕ ਦੇ ਦਿੱਗਜ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ ਨਾਲ ਜੁੜ ਸਕਦੇ ਹਨ।
ਉਨ੍ਹਾਂ ਕਿਹਾ ਕਿ ਹਾਲਾਂਕਿ, ਓਪੀ ਚੌਟਾਲਾ ਨੇ ਗੋਹਾਨਾ ਰੈਲੀ ਮੌਕੇ ਦੁਸ਼ਯੰਤ ਚੌਟਾਲਾ ਦੇ ਹਮਾਇਤੀਆਂ ਨੂੰ ਅਭੈ ਚੌਟਾਲਾ ਦੀ ਮੌਜੂਦਗੀ ਵਿੱਚ ਸਖ਼ਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਦੋਹਾਂ ਧੜਿਆਂ ਵਿੱਚ ਸਮਤੋਲ ਬਰਕਰਾਰ ਰੱਖਣਾ ਚਾਹੀਦਾ ਸੀ।
ਸਿਰਫ਼ ਦੁਸ਼ਯੰਤ ਦੇ ਹਮਾਇਤੀਆਂ ਖਿਲਾਫ ਕਾਰਵਾਈ ਨਾਲ ਉਨ੍ਹਾਂ ਦੇ ਖੇਮੇ ਵਿੱਚ ਤਰਥੱਲੀ ਮੱਚ ਗਈ ਹੈ। ਦੁਸ਼ਯੰਤ ਦਾ ਨੌਜਵਾਨਾ ਵਿੱਚ ਖ਼ਾਸਾ ਪ੍ਰਭਾਵ ਹੈ।
ਇਨੈਲੋ ਦੇ ਬੁਲਾਰੇ ਰਵਿੰਦਰ ਦੁੱਲ ਨੇ ਕਿਹਾ ਕਿ ਇਨਸੋ ਨੂੰ ਭੰਗ ਕਰਨ ਦਾ ਫੈਸਲਾ ਆਰਜੀ ਸੀ ਤਾਂ ਕਿ ਪਾਰਟੀ ਵਿੱਚ ਅਨੁਸ਼ਾਸ਼ਨਹੀਣਤਾ ਪੈਦਾ ਕਰਨ ਵਾਲੇ ਤੱਤਾਂ ਨੂੰ ਕੱਢਿਆ ਜਾ ਸਕੇ।
ਉਨ੍ਹਾਂ ਦੱਸਿਆ, "ਇਸ ਨਾਲ ਸਾਡੀ ਪਾਰਟੀ ਦੇ ਚੋਣ ਨਤੀਜਿਆਂ ਉੱਪਰ ਅਸਰ ਨਹੀਂ ਪਵੇਗਾ। ਕਿਉਂਕਿ ਪਾਰਟੀ ਸੁਪਰੀਮੋ ਚੌਟਾਲਾ ਨੇ ਆਪ ਹੀ ਕਹਿ ਦਿੱਤਾ ਹੈ ਕਿ ਉਨ੍ਹਾਂ ਦੇ ਵਾਰਸ ਦਾ ਸਹੀ ਸਮੇਂ ਤੇ ਐਲਾਨ ਕੀਤਾ ਜਾਵੇਗਾ।"