ਅਕਾਲੀ ਦਲ ਤੋਂ ਬਾਹਰ ਅਸੀਂ ਨਹੀਂ ਇਸ ਦਾ ਮਾੜਾ ਹਸ਼ਰ ਕਰਨ ਵਾਲੇ ਜਾਣਗੇ - ਸੇਵਾ ਸਿੰਘ ਸੇਖਵਾਂ

ਸੇਵਾ ਸਿੰਘ ਸੇਖਵਾਂ

ਤਸਵੀਰ ਸਰੋਤ, Gurpreet chawla / bbc

ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਹੈ, ਇਹ ਸਾਡੇ ਪੁਰਖਿਆ ਦੀ ਪਾਰਟੀ ਹੈ, ਸਾਨੂੰ ਇਸ ਵਿੱਚੋਂ ਕੋਈ ਨਹੀਂ ਕੱਢ ਸਕਦਾ, ਇਹ ਕਹਿਣਾ ਹੈ ਅਕਾਲੀ ਦਲ ਵਿਚੋਂ ਬਾਹਰ ਕੱਢੇ ਗਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾ ਦਾ।

ਪਾਰਟੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸੇਖਵਾਂ ਨੇ ਕਿਹਾ ਕਿ ਪਾਰਟੀ ਤੋਂ ਬਾਹਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਵੇਗਾ ਜੋ ਅਕਾਲੀ ਦਲ ਦੇ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਪਾਰਟੀ ਦੀ ਕੋਰ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਵੀ ਛੱਡ ਦਿੱਤਾ ਸੀ।

ਸੇਵਾ ਸਿੰਘ ਸੇਖਵਾਂ ਨੇ ਇਸ ਦੌਰਾਨ ਪਾਰਟੀ ਵਿੱਚ ਆਪਣੀ ਗੱਲ ਨਾ ਸੁਣੇ ਜਾਣ ਦਾ ਇਲਜ਼ਾਮ ਲਗਾਇਆ ਸੀ।

ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਦੀ ਸਥਿਤੀ ਜੱਗ ਜਾਹਿਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਰਾਜਨੀਤੀਕਰਨ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ 'ਚ ਮੁੱਖ ਆਗੂਆਂ ਦੁਆਰਾ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ।

ਸੇਖਵਾਂ ਨੇ ਬਿਆਨ ਦਿੱਤਾ ਹੀ ਸੀ ਕਿ ਇਸ ਮਗਰੋਂ ਅਕਾਲੀ ਦਲ ਨੇ ਵੀ ਇੱਕ ਬਿਆਨ ਜਾਰੀ ਕੀਤਾ ਕਿ ਸੇਖਵਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਜਾਂਦਾ ਹੈ।

ਸੇਖਵਾਂ ਨੇ ਹੋਰ ਕੀ-ਕੀ ਕਿਹਾ ਸੀ?

 • ਪਿਛਲੇ ਸਮਿਆਂ 'ਚ ਪੰਥਕ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਮਾੜਾ ਹਸ਼ਰ ਹੋਇਆ ਹੈ।
 • ਸੁਖਬੀਰ ਸਿੰਘ ਬਾਦਲ ਜਦੋਂ ਦੇ ਪਾਰਟੀ ਪ੍ਰਧਾਨ ਬਣੇ ਹਨ ਉਨ੍ਹਾਂ ਨੇ ਇਨ੍ਹਾਂ ਤਿੰਨਾ ਸੰਸਥਾਵਾਂ ਵਿੱਚ ਬੇਲੋੜਾ ਦਖਲ ਦੇ ਕੇ ਇਨ੍ਹਾਂ ਦਾ ਘਾਣ ਕੀਤਾ ਹੈ। ਅਸੀਂ ਇਨ੍ਹਾਂ ਸੰਸਥਾਵਾਂ ਨੂੰ ਬਚਾਉਣ ਲਈ ਲੜਾਈ ਲੜ ਰਹੇ ਹਾਂ।
 • ਪੰਥਕ ਏਜੰਡੇ ਲਈ ਯੋਗ ਵਿਅਕਤੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ।
 • 10 ਸਾਲ ਸਰਕਾਰ ਰਹੀ ਹੈ ਅਕਾਲੀ ਦਲ ਦੀ ਅਤੇ ਹੁਣ ਵਿਰੋਧੀ ਧਿਰ ਵਿੱਚ ਆਉਣ ਮਗਰੋਂ 1984 ਸਿੱਖ ਕਤਲੇਆਮ ਦੀ ਯਾਦ ਆ ਗਈ ਹੈ। ਇਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ।

ਨਾਰਾਜ਼ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਵੀ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਨ। ਬ੍ਰਹਮਪੁਰਾ ਨੇ ਕਿਹਾ ਕਿ ਪਿਛਲੇ 10 ਸਾਲ ਵਿੱਚ ਜੋ ਕੁਝ ਹੋਇਆ ਉਸ ਲਈ ਅਕਾਲ ਤਖਤ ਸਹਿਬ 'ਤੇ ਜਾ ਕੇ ਅਕਾਲੀ ਦਲ ਮੁਆਫ਼ੀ ਮੰਗੇ।

ਸੇਖਵਾਂ ਦੀ ਪਾਰਟੀ 'ਚੋਂ ਛੁੱਟੀ

ਸੇਖਵਾਂ ਵੱਲੋਂ ਅਹੁਦਿਆਂ ਉੱਪਰੋਂ ਅਸਤੀਫੇ ਤੋਂ ਬਾਅਦ ਅਕਾਲੀ ਦਲ ਨੇ ਸੇਖਵਾਂ ਕੋਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਹੀ ਵਾਪਸ ਲੈ ਲਈ।

ਬਿਆਨ ਜਾਰੀ ਕਰਕੇ ਪਾਰਟੀ ਵੱਲੋਂ ਕਿਹਾ ਗਿਆ, ''ਇਹ ਕਾਰਵਾਈ ਸੇਖਵਾਂ ਵੱਲੋਂ ਪਾਰਟੀ-ਵਿਰੋਧੀ ਕੰਮਾਂ ਦੀ ਵਜ੍ਹਾ ਨਾਲ ਕੀਤੀ ਗਈ। ਮੌਕਾਪ੍ਰਸਤ ਸੇਖਵਾਂ ਲਗਾਤਾਰ ਚਾਰ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਆਪਣੀ ਪਾਰਟੀ ਦੀ ਪਿੱਠ 'ਚ ਖੰਜਰ ਮਾਰ ਰਹੇ ਹਨ।''

ਇਹ ਵੀਡੀਓ ਵੀ ਜ਼ਰੂਰ ਦੇਖੋ

ਤਸਵੀਰ ਸਰੋਤ, SUKHBIR BADAL/FB

ਤਸਵੀਰ ਕੈਪਸ਼ਨ,

ਅੰਮ੍ਰਿਤਸਰ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਸੰਕਟ ਦੂਰ ਕਰਨ ਲਈ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ

ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਕਰ ਚੁੱਕੇ ਹਨ

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੇ ਸੀਨੀਅਰ ਲੀਡਰਾਂ ਨੂੰ ਮਨਾਉਣ ਲਈ ਅਤੇ ਪਾਰਟੀ ਵਿੱਚ ਸੰਕਟ ਦੂਰ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਵੀ ਛੱਡਣ ਦੀ ਪੇਸ਼ਕਸ਼ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ , "ਪਾਰਟੀ ਜੇਕਰ ਪ੍ਰਧਾਨਗੀ ਲਈ ਕਿਸੇ ਹੋਰ ਨੂੰ ਮੌਕਾ ਦੇਵੇਗੀ ਤਾਂ ਮੈਂ ਸੇਵਾਮੁਕਤ ਹੋਣ ਲਈ ਤਿਆਰ ਹਾਂ। ਪਾਰਟੀ ਸਭ ਤੋਂ ਵੱਡੀ ਹੈ, ਕੋਈ ਸ਼ਖਸ ਪਾਰਟੀ ਤੋਂ ਵੱਡਾ ਨਹੀਂ। ਪਾਰਟੀ ਦੇ ਸੀਨੀਅਰ ਲੀਡਰ ਸਾਡੇ ਬਜ਼ੁਰਗ ਹਨ ਮੈਂ ਉਨ੍ਹਾਂ ਦੇ ਪੈਰੀਂ ਹੱਥ ਵੀ ਲਾਉਂਦਾ ਹਾਂ।"

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ, "ਪਾਰਟੀ ਖ਼ਤਮ ਹੋ ਗਈ, ਪਾਰਟੀ ਦਾ ਨੁਕਸਾਨ ਹੋ ਗਿਆ ਤਾਂ ਪਾਰਟੀ ਵੀ ਕੀ ਕਰੂ ਤੇ ਹੋਰ ਅਹੁਦੇਦਾਰ ਕੀ ਕਰਨਗੇ। ਮੈਂ ਸੁਆਗਤ ਕਰਦਾ ਹਾਂ ਉਨ੍ਹਾਂ ਦੇ ਬਿਆਨ ਦਾ, ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਗੱਲ ਕਹੀ ਹੈ।"

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਕੀ-ਕੀ ਹੋਇਆ ਸੀ ?

 • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 27 ਅਕਤੂਬਰ ਸ਼ਨਿੱਚਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਕਾਲੀ ਵਿਧਇਕਾਂ ਨਾਲ ਮੀਟਿੰਗ ਰੱਖੀ ਸੀ ਪਰ ਇਸ ਦੌਰਾਨ ਮਾਝਾ ਦੇ ਨਾਰਾਜ਼ ਟਕਸਾਲੀ ਅਕਾਲੀ ਨੇਤਾ ਇਸ ਬੈਠਕ ਵਿੱਚ ਨਹੀਂ ਪਹੁੰਚੇ।
 • ਮਾਝੇ ਦੇ ਟਕਸਾਲੀ ਲੀਡਰਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਵਰਗੇ ਅਕਾਲੀ ਨੇਤਾ ਹਨ ਜੋ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ।
 • 30 ਸਤੰਬਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਤਿੰਨ ਅਕਾਲੀ ਆਗੂਆਂ, ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਸੀ ਕਿ ਪਾਰਟੀ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਅਸਹਿਮਤੀ ਜਤਾਈ।

ਤਸਵੀਰ ਸਰੋਤ, Ravinder Singh Robin/BBC

 • ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਖਦਸ਼ਾ ਸੀ ਕਿ ਪਾਰਟੀ ਦੇ ਹੋਰ ਆਗੂ ਵੀ ਅਸਤੀਫ਼ਾ ਦੇ ਸਕਦੇ ਹਨ।
 • ਪਰ ਖਬਰਾਂ ਮੁਤਾਬਕ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੋਰ ਆਗੂਆਂ ਨੂੰ ਪਾਰਟੀ ਦੇ ਖਿਲਾਫ ਬਗਾਵਤ ਕਰਨ ਤੋਂ ਰੋਕਿਆ।
 • ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਰਤਨ ਸਿੰਘ ਅਜਨਾਲਾ ਨੇ ਪੁਸ਼ਟੀ ਕੀਤੀ ਸੀ ਕਿ ਉਹ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਨਹੀਂ ਜਾ ਰਹੇ।
 • ਅਜਨਾਲਾ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਰੈਲੀ ਲਈ ਥਾਂ-ਥਾਂ ਜਾ ਕੇ ਇਕੱਠ ਕਰਨ ਬਾਰੇ ਹੱਸਦਿਆਂ ਕਿਹਾ, "ਇਨ੍ਹਾਂ ਰੈਲੀਆਂ ਲਈ ਲੋਕ ਸਾਡੇ ਵਰਗੇ ਆਮ ਵਰਕਰ ਇਕੱਠ ਕਰਦੇ ਹੁੰਦੇ ਹਨ, ਪ੍ਰਧਾਨ ਜਾਂ ਸਰਪ੍ਰਸਤ ਨਹੀਂ ਜਾਂਦੇ। ਮੈਂ ਹੈਰਾਨ ਹਾਂ ਕਿ ਇਹ ਦੋਵੇਂ ਕਿਵੇਂ ਨਿਕਲੇ ਹੋਏ ਹਨ।"
 • ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਕਲੇਸ਼ 'ਚ ਵਾਧਾ ਕਰਦਿਆਂ ਪਾਰਟੀ ਦੇ ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਨੇ ਆਖਿਆ ਸੀ ਕਿ ਪਾਰਟੀ 'ਚ ਪਿਛਲੇ ਦਸ ਸਾਲਾਂ ਵਿੱਚ ਹੋਈਆਂ ਗ਼ਲਤੀਆਂ ਲਈ ਜ਼ਿੰਮੇਵਾਰਾਂ ਦੀ ਪਛਾਣ ਕਰਕੇ ਐਕਸ਼ਨ ਲੈਣਾ ਚਾਹੀਦਾ ਹੈ, "ਭਾਵੇਂ ਉਹ ਕੋਈ ਵੀ ਹੋਣ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)