ਚਾਕਲੇਟ ਦੇ ਬਹਾਨੇ ਬੱਚੀ ਦੇ ਮੂੰਹ 'ਚ ਜਲਦਾ ਪਟਾਕਾ ਰੱਖਿਆ - ਮਾਂ ਦਾ ਇਲਜ਼ਾਮ

ਪਟਾਕਾ Image copyright Shahbaz anwarBBC
ਫੋਟੋ ਕੈਪਸ਼ਨ ਪੁਲਿਸ ਨੇ ਇਸ ਮੁਲਜ਼ਮ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਕੀ ਕੋਈ ਮੂੰਹ ਵਿੱਚ ਪਟਾਕਾ ਰੱਖ ਕੇ ਸਾੜਨ ਬਾਰੇ ਸੋਚ ਸਕਦਾ ਹੈ? ਉਹ ਵੀ ਇੱਕ ਮਾਸੂਮ ਜਿਹੀ ਬੱਚੀ ਨੂੰ ਚਾਕਲੇਟ ਦਾ ਝਾਂਸਾ ਦੇ ਕੇ...!

ਆਮ ਤੌਰ ਉੱਤੇ ਵੱਡੇ, ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਮੇਰਠ ਦੇ ਸਰਧਨਾ ਜ਼ਿਲ੍ਹੇ ਦੇ ਮਿਲਕ ਪਿੰਡ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉੱਤੇ ਯਕੀਨ ਕਰਨਾ ਔਖਾ ਹੈ।

ਇੱਥੇ ਇੱਕ ਅੱਧਖੜ ਉਮਰ ਦੇ ਸ਼ਖਸ ਨੇ ਬੱਚੀ ਨੂੰ ਚਾਕਲੇਟ ਦਾ ਝਾਂਸਾ ਦੇ ਕੇ ਉਸ ਦੇ ਮੂੰਹ ਵਿੱਚ ਜਲਦਾ ਹੋਇਆ ਪਟਾਕਾ ਰੱਖ ਦਿੱਤਾ। ਪਟਾਕਾ ਸੜ ਰਿਹਾ ਸੀ ਅਤੇ ਮੂੰਹ ਵਿੱਚ ਰੱਖਦਿਆਂ ਹੀ ਕੁਝ ਦੇਰ ਬਾਅਦ ਫੱਟ ਗਿਆ।

ਮੂੰਹ ਵਿੱਚ ਪਟਾਕਾ ਫਟਣ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ। ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਨਰਸਿੰਗ ਹੋਮ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ:

ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਦੇ ਖਿਲਾਫ਼ ਕਤਲ ਦੀ ਕੋਸ਼ਿਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਘਟਨਾ ਵਿੱਚ ਬੁਰੀ ਤਰ੍ਹਾਂ ਜ਼ਖਮੀ ਬੱਚੀ ਆਰੂਸ਼ੀ ਦੀ ਮਾਂ ਜਿਉਤੀ ਕਹਿੰਦੀ ਹੈ, "ਧੰਨਤੇਰਸ ਦੀ ਸ਼ਾਮ ਸੀ ਅਤੇ ਸਾਰੇ ਬੱਚੇ ਘਰੋਂ ਬਾਹਰ ਖੇਡ ਰਹੇ ਸਨ। ਅਚਾਨਕ ਆਰੂਸ਼ੀ ਦੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੈਂ ਜਾ ਕੇ ਦੇਖਿਆ ਤਾਂ ਆਰੂਸ਼ੀ ਦਾ ਮੂੰਹ ਫਟਿਆ ਹੋਇਆ ਸੀ। ਉਸ ਦੇ ਮੂੰਹ ਵਿੱਚੋਂ ਖੂਨ ਵਹਿ ਰਿਹਾ ਸੀ।"

ਜਿਉਤੀ ਦੱਸਦੀ ਹੈ ਕਿ ਸ਼ੁਰੂ ਵਿੱਚ ਤਾਂ ਉਨ੍ਹਾਂ ਨੂੰ ਕੁਝ ਸਮਝ ਹੀ ਨਹੀਂ ਆਇਆ ਪਰ ਜਦੋਂ ਉਨ੍ਹਾਂ ਨੇ ਉੱਥੋ ਮੌਜੂਦ ਦੂਜੇ ਬੱਚਿਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਸਾਰੀ ਗੱਲ ਦੱਸੀ।

ਬੱਚਿਆਂ ਨੇ ਦੱਸਿਆ, "ਪਿੰਡ ਦੇ ਹਰਿਆ ਨੇ ਆਰੂਸ਼ੀ ਨੂੰ ਚਾਕਲੇਟ ਖਵਾਉਣ ਦੇ ਬਹਾਨੇ ਉਸ ਦੇ ਮੂੰਹ ਵਿੱਚ ਸੜਦਾ ਹੋਇਆ ਪਟਾਕਾ ਰੱਖ ਦਿੱਤਾ, ਜੋ ਮੂੰਹ ਵਿੱਚ ਹੀ ਫਟ ਗਿਆ।"

ਥੋੜੀ ਹੀ ਦੇਰ ਵਿੱਚ ਘਟਨਾ ਦੀ ਜਾਣਕਾਰੀ ਪੂਰੇ ਪਿੰਡ ਨੂੰ ਹੀ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚ ਗਏ।

ਆਰੂਸ਼ੀ ਦੇ ਪਿਤਾ ਸ਼ੀਸ਼ਪਾਲ ਨੇ ਕਿਹਾ, "ਮੇਰੀ ਧੀ ਕੁਝ ਬੋਲ ਨਹੀਂ ਪਾ ਰਹੀ। ਜਦੋਂ ਅਸੀਂ ਉਸ ਨੂੰ ਦੇਖਿਆ ਤਾਂ ਉਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਸਾਨੂੰ ਕੁਝ ਸਮਝ ਨਹੀਂ ਆਇਆ। ਹਰਿਆ ਨੇ ਅਜਿਹਾ ਕਿਉਂ ਕੀਤਾ ਸਾਨੂੰ ਨਹੀਂ ਪਤਾ। ਸਾਡੀ ਉਸ ਨਾਲ ਕੋਈ ਦੁਸ਼ਮਣੀ ਵੀ ਨਹੀਂ ਹੈ। ਪਰ ਇੰਨਾ ਤਾਂ ਤੈਅ ਹੈ ਕਿ ਹਰਿਆ ਨੇ ਮੇਰੀ ਧੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ।"

ਮਾਸੂਮ ਦੇ ਮੂੰਹ ਵਿੱਚ ਚਾਕਲੇਟ ਦੇ ਬਹਾਨੇ ਪਟਾਕਾ ਰੱਖਣ ਦੀ ਗੱਲ ਨੂੰ ਸਰਧਨਾ ਦੇ ਥਾਣਾ ਮੁਖੀ ਸ਼ੱਕੀ ਮੰਨਦੇ ਹਨ।

ਐਸਓ ਪ੍ਰਸ਼ਾਂਤ ਕਪਿਲ ਕਹਿੰਦੇ ਹਨ," ਬੱਚੀ ਨੂੰ ਪਟਾਕੇ ਕਾਰਨ ਸੱਟ ਲੱਗੀ ਹੈ ਇਹ ਤਾਂ ਸੱਚ ਹੈ ਪਰ ਚਾਕਲੇਟ ਦੇ ਬਹਾਨੇ ਉਸ ਦੇ ਮੂੰਹ ਵਿੱਚ ਰੱਖਿਆ ਗਿਆ ਇਸ ਗੱਲ ਦੀ ਜਾਂਚ ਹੋਵੇਗੀ। ਮੁਲਜ਼ਮ ਹਰਿਆ ਦੇ ਖਿਲਾਫ਼ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਤਹਿਤ ਰਿਪੋਰਟ ਦਰਜ ਕਰ ਲਈ ਗਈ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।"

ਬੱਚੀ ਦੇ ਮੂੰਹ ਵਿੱਚ ਹੀ ਛੱਡਿਆ ਗਿਆ ਪਟਾਕਾ

ਆਰੂਸ਼ੀ ਜ਼ਖਮੀ ਹਾਲਤ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਹੈ। ਉਹ ਨਾ ਤਾਂ ਕੁਝ ਬੋਲ ਪਾ ਰਹੀ ਹੈ ਅਤੇ ਨਾ ਹੀ ਖਾ ਸਕਦੀ ਹੈ।

ਆਰੂਸ਼ੀ ਦੇ ਮੂੰਹ ਵਿੱਚ ਹੀ ਪਟਾਕਾ ਰੱਖ ਕੇ ਛੱਡਿਆ ਗਿਆ, ਇਸ ਗੱਲ ਦੀ ਤਸਦੀਕ ਡਾਕਟਰ ਸੁਨੀਲ ਤਿਆਗੀ ਕਰਦੇ ਹਨ।

ਇਹ ਵੀ ਪੜ੍ਹੋ:

ਸੁਨੀਲ ਤਿਆਗੀ ਕਹਿੰਦੇ ਹਨ, "ਜਿਸ ਤਰ੍ਹਾਂ ਆਰੂਸ਼ੀ ਦੇ ਮੂੰਹ ਵਿੱਚ ਜ਼ਖ਼ਮ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੇ ਮੂੰਹ ਵਿੱਚ ਹੀ ਪਟਾਕਾ ਰੱਖ ਕੇ ਜਲਾਇਆ ਗਿਆ ਹੈ। ਪਟਾਕੇ ਦੇ ਮਸਾਲੇ ਦੇ ਕਣ ਵੀ ਸ਼ਾਇਦ ਬੱਚੀ ਦੇ ਅੰਦਰ ਹੀ ਹਨ। ਉਸ ਦੇ ਮੂੰਹ ਵਿੱਚ ਕਈ ਟਾਂਕੇ ਲਾਉਣੇ ਪਏ ਹਨ। ਬੱਚੀ ਉੱਤੇ ਡਾਕਟਰ ਲਗਾਤਾਰ ਨਜ਼ਰ ਰੱਖ ਰਹੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ