ਦਿੱਲੀ ਦੇ ਪ੍ਰਦੂਸ਼ਣ ਲਈ ਦਿਵਾਲੀ ਦੇ ਪਟਾਕੇ ਕਿੰਨੇ ਜ਼ਿੰਮੇਵਾਰ - BBC REALITY CHECK

ਦੀਵਾਲੀ Image copyright AFP

ਦਿਵਾਲੀ ਦੇ ਆਸਪਾਸ ਰਾਜਧਾਨੀ ਦਿੱਲੀ ਦੇ ਆਲੇ-ਦੁਆਲੇ ਪ੍ਰਦੂਸ਼ਣ ਬਹੁਤ ਵੱਧ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਚਲਾਏ ਜਾਂਦੇ ਪਟਾਕਿਆਂ ਦੀ ਵਰਤੋਂ ਉੱਪਰ ਰੋਕ ਲਾਉਣ ਦੀ ਕੋਸ਼ਿਸ਼ ਕੀਤੀ।

ਪਰ ਕੀ ਰਾਜਧਾਨੀ ਦੀ ਹਵਾ ਦੇ ਗੰਦਲੀ ਹੋਣ ਦਾ ਇਕਲੌਤਾ ਕਾਰਨ ਪਟਾਕੇ ਹੀ ਹਨ? ਇਸ ਬਾਰੇ ਹੋਈਆਂ ਖੋਜਾਂ ਦਸਦੀਆਂ ਹਨ ਕਿ ਦਿਵਾਲੀ ਦੇ ਦਿਨਾਂ ਦੌਰਾਨ ਪ੍ਰਦੂਸ਼ਣ ਕਾਫ਼ੀ ਵਧ ਜਾਂਦਾ ਹੈ। ਪਰ ਇਸ ਦੇ ਹੋਰ ਵੀ ਕਈ ਕਾਰਨ ਹਨ।

ਪ੍ਰਦੂਸ਼ਣ ਦੀ ਰੁੱਤ

ਬੀਤੇ ਕੁਝ ਸਾਲਾਂ ਦੌਰਾਨ ਪ੍ਰਦੂਸ਼ਨ ਭਾਰਤ ਦੀ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ਦੀ ਸੂਚੀ ਵਿੱਚ 9 ਭਾਰਤੀ ਸ਼ਹਿਰ ਵੀ ਸ਼ਾਮਲ ਹਨ। ਕਿਸੇ ਸ਼ਹਿਰ ਵਿੱਚ PM2.5 ਪ੍ਰਦੂਸ਼ਕ ਸਾਲਾਨਾ ਕਿੰਨੀ ਮਾਤਰਾ ਵਿੱਚ ਇਕੱਠੇ ਹੁੰਦੇ ਹਨ ਇਹ ਸੂਚੀ ਇਸੇ ਆਧਾਰ 'ਤੇ ਬਣਾਈ ਜਾਂਦੀ ਹੈ।

ਦਿੱਲੀ ਵਿੱਚ PM2.5 ਦੇ ਪੱਧਰ ਵਿਸ਼ਵ ਸਿਹਤ ਸੰਗਠਨ ਦੀ ਸਿਫ਼ਾਰਿਸ਼ ਕੀਤੇ ਪੱਧਰਾਂ ਤੋਂ ਕਿਤੇ ਵਧੇਰੇ ਹਨ।

ਇਹ ਵੀ ਪੜ੍ਹੋ:

PM2.5 ਕਣ ਕੀ ਹੁੰਦੇ ਹਨ?

 • ਤੈਰਦੇ ਕਣ ਜਾਂ PM2.5 ਇੱਕ ਕਿਸਮ ਦੇ ਪ੍ਰਦੂਸ਼ਕ ਹਨ ਜਿਸ ਵਿੱਚ 2.5 ਮਾਈਕ੍ਰੋਨ (0.0025mm) ਤੋਂ ਛੋਟੇ ਧੂੜ ਦੇ ਕਣ ਹੁੰਦੇ ਹਨ।
 • ਇਨ੍ਹਾਂ ਪ੍ਰਦੂਸ਼ਕਾਂ ਦੀ ਦੂਸਰੀ ਕਿਸਮ PM10 ਹੈ ਜਿਸ ਵਿੱਚ 10 ਮਾਈਕ੍ਰੋਨ ਵਿਆਸ ਤੱਕ ਦੇ ਧੂੜ ਦੇ ਕਣ ਹੁੰਦੇ ਹਨ।
 • ਇਨ੍ਹਾਂ ਵਿੱਚੋਂ ਕੁਝ ਕੁਦਰਤੀ ਰੂਪ ਵਿੱਚ - ਹਨੇਰੀਆਂ, ਜੰਗਲੀ ਅੱਗਾਂ ਅਤੇ ਦੂਸਰੇ - ਸਨਅਤੀ ਪ੍ਰਕਿਰਿਆਵਾਂ ਸਦਕਾ ਕੁਦਰਤੀ ਰੂਪ ਵਿੱਚ ਪੈਦਾ ਹੁੰਦੇ ਹਨ।
 • ਕਈ ਵਾਰ ਇਹ ਕਣ ਇੰਨੇ ਸੂਖਮ ਹੁੰਦੇ ਹਨ ਕਿ ਖੂਨ ਵਿੱਚ ਘੁਲ ਕੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ।
Image copyright AFP

ਦਿਵਾਲੀ ਦੇ ਇਨ੍ਹਾਂ ਦਿਨਾਂ ਦੌਰਾਨ ਉੱਤਰੀ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਹਵਾ ਦੀ ਗੁਣਵੱਤਾ ਬਹੁਤ ਘਟ ਜਾਂਦੀ ਹੈ। ਇਸ ਪਿੱਛੇ ਦਿਵਾਲੀ ਦੀ ਰਾਤ ਚੱਲਣ ਵਾਲੇ ਪਟਾਕੇ ਹੀ ਇਕਲੌਤੀ ਵਜ੍ਹਾ ਨਹੀਂ ਹਨ।

ਇਨ੍ਹਾਂ ਕਾਰਨਾਂ ਵਿੱਚ ਹੇਠ ਲਿਖੇ ਕਾਰਨ ਵੀ ਸ਼ਾਮਲ ਹਨ:

 • ਪੰਜਾਬ ਅਤੇ ਹਰਿਆਣੇ ਵਿੱਚ ਝੋਨੇ ਦੀ ਪਰਾਲੀ ਨੂੰ ਸਾੜਿਆ ਜਾਣਾ।
 • ਵਾਹਨਾਂ ਦਾ ਧੂੰਆਂ।
 • ਦਿੱਲੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਜਾਰੀ ਭਵਨ ਉਸਾਰੀ ਅਤੇ ਹੋਰ ਸਨਅਤੀ ਗਤੀਵਿਧੀਆਂ।
 • ਖਿੱਤੇ ਦਾ ਖ਼ਾਸ ਨਮੀ ਵਾਲਾ ਵਾਤਾਵਰਣ ਜੋ ਪ੍ਰਦੂਸ਼ਕਾਂ ਨੂੰ ਜਕੜ ਲੈਂਦਾ ਹੈ।

ਕੁਝ ਵੀ ਹੋਵੇ ਸਾਲ ਦੇ ਇਸ ਸਮੇਂ ਦੌਰਾਨ ਹਵਾ ਖ਼ਰਾਬ ਹੀ ਹੁੰਦੀ ਹੈ ਤਾਂ ਇਸ ਵਿੱਚ ਦੀਵਾਲੀ ਦੇ ਪਟਾਕਿਆਂ ਦੀ ਭੂਮਿਕਾ ਕਿਵੇਂ ਨਿਰਧਾਰਿਤ ਕੀਤੀ ਜਾ ਸਕਦੀ ਹੈ?

ਦਿਵਾਲੀ ਦਾ ਅਸਰ

ਇੱਕ ਹਾਲੀਆ ਖੋਜ ਮੁਤਾਬਕ ਦਿੱਲੀ ਵਿੱਚਲੀ ਖ਼ਰਾਬ ਹਵਾ ਉੱਪਰ ਦਿਵਾਲੀ ਦੇ ਪਟਾਕਿਆਂ ਦਾ "ਮੱਧਮ ਪਰ ਸਾਰਥਕ" ਪ੍ਰਭਾਵ ਹੁੰਦਾ ਹੈ।

Image copyright AFP

ਇਸ ਅਧਿਐਨ ਦਾ ਕੇਂਦਰ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਸਨ ਅਤੇ ਇਸ ਲਈ ਸਾਲ 2013 ਅਤੇ 2016 ਦੌਰਾਨ ਡਾਟਾ ਇਕੱਠਾ ਕੀਤਾ ਗਿਆ।

ਦਿਵਾਲੀ ਚੰਦਰਮਾਂ ਦੇ ਹਿਸਾਬ ਨਾਲ ਚੱਲਣ ਵਾਲੇ ਹਿੰਦੂ ਕੈਲੰਡਰ ਮੁਤਾਬਕ ਮਨਾਈ ਜਾਂਦੀ ਹੈ ਅਤੇ ਅਕਸਰ ਅਕਤੂਬਰ ਜਾਂ ਨਵੰਬਰ ਦੇ ਸ਼ੁਰੂ ਵਿੱਚ ਹੀ ਆਉਂਦੀ ਹੈ।

ਦਿਵਾਲੀ ਦੀਆਂ ਤਰੀਕਾਂ ਵਿੱਚ ਪੈਣ ਵਾਲਾ ਫਰਕ ਇਸ ਗੱਲੋਂ ਵੀ ਅਹਿਮ ਹੈ ਕਿ ਇਸ ਨਾਲ ਵਿਗਿਆਨੀ ਪਰਾਲੀ ਸਾੜੇ ਜਾਣ ਨੂੰ ਵੀ ਇਸ ਵਿੱਚ ਇੱਕ ਕਾਰਨ ਵਜੋਂ ਸ਼ਾਮਲ ਕਰ ਸਕਦੇ ਹਨ। ਪਰਾਲੀ ਵੀ ਲਗਪਗ ਸਾਲ ਦੇ ਇਸੇ ਅਰਸੇ ਦੌਰਾਨ ਸਾੜੀ ਜਾਂਦੀ ਹੈ।

ਧਨੰਜੈਯ ਘਈ ਜੋ ਕਿ ਇਸ ਰਿਪੋਰਟ ਦੇ ਲੇਖਕਾਂ ਵਿੱਚੋਂ ਇੱਕ ਹਨ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਉੱਤਰੀ ਭਾਰਤ ਵਿੱਚ ਪਰਾਲੀ ਸਾੜੇ ਜਾਣ ਦੇ ਸਮੇਂ ਨੂੰ ਨਿਰਧਾਰਿਤ ਕਰਨ ਲਈ ਅਸੀਂ ਨਾਸਾ ਦੇ ਸੈਟਲਾਈਟ ਦੀ ਵਰਤੋਂ ਕੀਤੀ।"

ਇਹ ਵੀ ਪੜ੍ਹੋ:

ਚਾਰ ਵਿੱਚੋਂ ਦੋ ਸਾਲਾਂ ਦੌਰਾਨ ਪਰਾਲੀ ਦੀਵਾਲੀ ਦੇ ਆਸ-ਪਾਸ ਨਹੀਂ ਸਾੜੀ ਗਈ।

ਉਨ੍ਹਾਂ ਨੇ ਦਿਵਾਲੀ ਦੀ ਛੁੱਟੀ ਕਾਰਨ ਰੋਕੇ ਗਏ ਭਵਨ ਉਸਾਰੀ ਦੇ ਕਾਰਜਾਂ ਨੂੰ ਵੀ ਆਪਣੇ ਹਿਸਾਬ-ਕਿਤਾਬ ਵਿੱਚ ਸ਼ਾਮਲ ਕੀਤਾ।

ਉਨ੍ਹਾਂ ਨੇ ਦਿਵਾਲੀ ਤੋਂ ਅਗਲੇ ਦਿਨ ਹਵਾ ਵਿੱਚ PM2.5 ਦੀ ਮਾਤਰਾ ਵਿੱਚ ਲਗਪਗ 40% ਦਾ ਵਾਧਾ ਦੇਖਿਆ।

Image copyright EPA

ਉਸ ਤੋਂ ਬਾਅਦ ਇਹ ਦੀਵਾਲੀ ਤੋਂ ਪਹਲੇ ਵਾਲੇ ਦਿਨਾਂ ਦੇ ਪੱਧਰ ਤੇ ਹੀ ਵਾਪਸ ਆ ਜਾਂਦਾ ਹੈ।

ਘੰਟਿਆਂ ਦੇ ਹਿਸਾਬ ਨਾਲ ਸਥਾਨਕ ਸਮੇਂ ਮੁਤਾਬਕ ਸ਼ਾਮ ਛੇ ਵਜੇ ਤੋਂ ਪੰਜ ਘੰਟੇ ਬਾਅਦ ਤੱਕ (ਜਦੋਂ ਜਿਆਦਾਤਰ ਪਟਾਕੇ ਚਲਾਏ ਜਾਂਦੇ ਹਨ) 100 ਫੀਸਦੀ ਦਾ ਵਾਧਾ ਦੇਖਿਆ

ਦਿੱਲੀ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਵੀ 2016 ਅਤੇ 2017 ਦੀ ਦੀਵਾਲੀ ਦੇ ਆਸ-ਪਾਸ ਵਧੇਰੇ ਪ੍ਰਦੂਸ਼ਣ ਦਿਖਾਉਂਦੀ ਹੈ।

ਹੋਰ ਪ੍ਰਦੂਸ਼ਕ

ਇੱਥੇ ਇਹ ਦੱਸ ਦੇਣਾ ਵੀ ਵਾਜਬ ਹੋਵੇਗਾ ਕਿ ਸਾਰੇ ਪਟਾਖੇ PM2.5 ਕਿਸਮ ਦੇ ਕਣ ਨਹੀਂ ਛੱਡਦੇ ਹਾਲਾਂਕਿ ਵੱਡੇ ਪਟਾਖਿਆਂ ਵਿੱਚ ਇਨ੍ਹਾਂ ਦੀ ਮਾਤਰਾ ਵਧੇਰੇ ਹੁੰਦੀ ਹੈ।

ਦੂਸਰੀ ਵਜ੍ਹਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਵਧੇਰੇ ਲੋਕ ਤੋਹਫਿਆਂ ਦੀ ਖ਼ਰੀਦਦਾਰੀ ਕਰਨ ਅਤੇ ਤੋਹਫੇ ਵੰਡਣ ਨਿਕਲਦੇ ਹਨ ਜਿਸ ਕਾਰਨ ਵਾਹਨਾਂ ਦੁਆਰਾ ਵੀ ਬਹੁਤ ਸਾਰਾ ਪ੍ਰਦੂਸ਼ਣ ਫੈਲਦਾ ਹੈ।

ਤਾਂ ਫੇਰ ਕੀ ਪ੍ਰਦੂਸ਼ਣ ਦੀ ਵੱਡੀ ਵਜ੍ਹਾ ਪਟਾਖੇ ਨਾ ਹੋ ਕੇ ਵਧੀ ਆਵਾਜਾਈ ਹੋ ਸਕਦੀ ਹੈ?

ਖੋਜ ਦੇ ਲੇਖਕ ਇਸ ਮਸਲੇ ਨੂੰ ਆਪਣੇ ਅਗਲੇ ਅਧਿਐਨ ਦਾ ਵਿਸ਼ਾ ਬਣਾਉਣਾ ਚਾਹੁੰਦੇ ਹਨ।

Image copyright EPA

ਇਸ ਦਾ ਮਤਲਬ ਇਹ ਹੋਇਆ ਕਿ ਪਟਾਕਿਆਂ ਕਾਰਨ ਵੀ ਪ੍ਰਦੂਸ਼ਣ ਹੁੰਦਾ ਹੈ, ਇਨ੍ਹਾਂ ਵਿੱਚੋਂ ਭਾਰੀਆਂ ਧਾਤਾਂ ਵੀ ਨਿਕਲਦੀਆਂ ਹਨ। ਜਮਸ਼ੇਦਪੁਰ ਵਿੱਚ ਹੋਏ ਇੱਕ ਹੋਰ ਅਧਿਐਨ ਵਿੱਚ ਦਿਵਾਲੀ ਦੇ ਦਿਨਾਂ ਦੌਰਾਨ ਹੇਠ ਲਿਖੇ ਪ੍ਰਦੂਸ਼ਕਾਂ ਦੀ ਮਾਤਰਾ ਜ਼ਿਆਦਾ ਵਧੀ ਹੋਈ ਦੇਖੀ ਗਈ।

 • PM10 ਦੇ ਕਣ
 • ਸਲਫ਼ਰ ਡਾਇਔਕਸਾਈਡ
 • ਨਾਈਟਰੋਜਨ ਡਾਈਔਕਸਾਈਡ
 • ਓਜ਼ੋਨ ਗੈਸ
 • ਲੋਹਾ
 • ਸਿੱਕਾ
 • ਮੈਗਨੀਜ਼
 • ਤਾਂਬਾ
 • ਬਿਰੇਲੀਅਮ
 • ਨਿੱਕਲ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਪਟਾਖਿਆਂ ਵਿੱਚ ਵਰਤੇ ਜਾਂਦੇ 15 ਅਜਿਹੇ ਤੱਤਾਂ ਦੀ ਸੂਚੀ ਬਣਾਈ ਹੈ ਜੋ ਇਨਸਾਨ ਲਈ "ਨੁਕਸਾਨਦਾਇਕ ਅਤੇ ਜ਼ਹਿਰੀਲੇ" ਹਨ।

ਇਨ੍ਹਾਂ ਵਿੱਚੋਂ ਵੀ ਕੁਝ ਤੱਤ ਵਾਹਨਾਂ ਦੇ ਧੂੰਏਂ ਵਿੱਚ ਸ਼ਾਮਲ ਹੁੰਦੇ ਹਨ।

ਫੇਰ ਵੀ ਪਟਾਖਿਆਂ ਉੱਪਰ ਪਾਬੰਦੀ ਲਾਉਣ ਦਾ ਇਹ ਤਰਕ ਤਾਂ ਬਚਿਆ ਹੀ ਹੋਇਆ ਹੈ ਕਿ ਇਹ ਦੁਨੀਆਂ ਦੇ ਕੁਝ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸਮੱਸਿਆ ਹੋਰ ਵਧਾ ਜ਼ਰੂਰ ਦਿੰਦੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)