‘ਟੁੱਟੇ ਸ਼ੀਸ਼ਿਆਂ ਦਾ ਗੁੱਸਾ ਹਰਮਨਪ੍ਰੀਤ ਨੂੰ ਵੇਖ ਉਤਰ ਜਾਂਦਾ’

ਹਰਮਨਪ੍ਰੀਤ ਕੌਰ Image copyright Getty Images
ਫੋਟੋ ਕੈਪਸ਼ਨ ਹਰਮਨਪ੍ਰੀਤ ਕੌਰ ਇੱਕ ਮੈਚ ਦੌਰਾਨ

ਅੱਜ 2018 ਦਾ 9 ਨਵੰਬਰ ਤੋਂ 24 ਨਵੰਬਰ ਤੱਕ ਆਈਸੀਸੀ ਵੂਮੈੱਨਜ਼ ਵਰਲਡ ਟੀ -20 ਵੈਸਟ ਇੰਡੀਜ਼ ਦੇ ਗੁਆਨਾ ਵਿਚ ਹੋਣ ਜਾ ਰਿਹਾ ਹੈ। ਭਾਰਤੀ ਟੀਮ ਦੀ ਕਪਤਾਨੀ ਇਸ ਵਾਰ ਹਰਮਨਪ੍ਰੀਤ ਕੌਰ ਨੂੰ ਸੌਪੀ ਜਾ ਰਹੀ ਹੈ।

ਪੰਜਾਬ ਦੇ ਮੋਗਾ ਦੀ ਜੰਮਪਲ ਹਰਮਨਪ੍ਰੀਤ ਨਾਲ ਬੀਬੀਸੀ ਪੰਜਾਬੀ ਵੱਲੋਂ ਕੁਝ ਸਮਾਂ ਪਹਿਲਾਂ ਗੱਲਬਾਤ ਕੀਤੀ ਗਈ ਸੀ।

ਹਰਮਨਪ੍ਰੀਤ ਕੌਰ ਆਪਣੀ ਸ਼ਾਨਦਾਰ ਖੇਡ ਦੇ ਨਾਲ ਨਾਲ ਆਪਣੇ ਡਿਗਰੀ ਵਿਵਾਦ ਕਾਰਨ ਵੀ ਚਰਚਾ ਵਿਚ ਰਹੀ ਹੈ।

ਹੁਣ ਸਭ ਦੀਆਂ ਨਜ਼ਰਾਂ ਹਰਮਨਪ੍ਰੀਤ ਉੱਤੇ ਹਨ ਕਿ ਉਹ ਭਾਰਤੀ ਟੀਮ ਨੂੰ ਕਿਸ ਤਰ੍ਹਾਂ ਦੀ ਅਗਵਾਈ ਦਿੰਦੀ ਹੈ।

ਤਾਬੜਤੋੜ ਬੱਲੇਬਾਜ਼ੀ ਲਈ ਜਾਣੀ ਜਾਂਦੀ ਹਰਮਨਪ੍ਰੀ ਕੌਰ ਦੀ ਕਪਤਾਨੀ ਵਿਚ ਭਾਰਤੀ ਟੀਮ ਦੀ ਪਹਿਲਾਂ ਹੀ ਗਿਣਤੀ ਸਿਖਰਲੀਆਂ ਚਾਰ ਟੀਮਾਂ ਵਿਚ ਹੁੰਦੀ ਹੈ।

ਇਹ ਵੀ ਪੜ੍ਹੋ

ਤਾਬੜਤੋੜ ਬੱਲੇਬਾਜ਼

ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਜੰਮਪਲ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਣ ਹਰਮਨਪ੍ਰੀਤ ਕੌਰ ਜਦੋਂ ਸ਼ਾਟਸ ਲਾਉਂਦੀ ਸੀ ਤਾਂ ਕਈ ਘਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਸੀ।

ਹਰਮਨਪ੍ਰੀਤ ਦੇ ਕੋਚ ਅਨੁਸਾਰ, "ਜਦੋਂ ਹਰਮਨਪ੍ਰੀਤ ਪਹਿਲੀ ਵਾਰ ਅਕੈਡਮੀ 'ਚ ਆਈ ਤਾਂ ਟੂਰਨਾਮੈਂਟ ਦੌਰਾਨ ਇਸ ਤਰ੍ਹਾਂ ਦੇ ਸ਼ਾਟ ਮਾਰੇ ਕਿ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਗਏ।''

ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਲੋਕ ਗ਼ੁੱਸੇ ਹੋਏ ਪਰ ਬਾਅਦ ਵਿੱਚ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸ਼ਾਟ ਇੱਕ ਕੁੜੀ ਨੇ ਮਾਰੇ ਹਨ ਤਾਂ ਉਹ ਕਾਫ਼ੀ ਖ਼ੁਸ਼ ਵੀ ਹੋਏ।

ਕ੍ਰਿਕਟ ਖਿਡਾਰਣ ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਬਣਾਇਆ ਗਿਆ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਡਿਗਰੀ ਉੱਤੇ ਵਿਵਾਦ ਖੜ੍ਹਾ ਹੋ ਗਿਆ ਅਤੇ ਡਿਗਰੀ ਕਰਨ ਤੱਕ ਅਹੁਦੇ ਤੋਂ ਹਟਾ ਦਿੱਤਾ ਗਿਆ।

'ਹਾਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ'

ਕੁਝ ਸਮਾਂ ਪਹਿਲਾਂ ਬੀਬੀਸੀ ਨਾਲ ਗੱਲਬਾਤ ਦੌਰਾਨ ਹਰਮਨਪ੍ਰੀਤ ਨੇ ਕਿਹਾ ਸੀ, "ਮੇਰਾ ਇਹ ਸੁਪਨਾ ਸੀ ਕਿ ਮੈਂ ਪੰਜਾਬ ਪੁਲਿਸ 'ਚ ਭਰਤੀ ਹੋਵਾਂ।''

ਕ੍ਰਿਕਟ ਵਿੱਚ ਕੁੜੀਆਂ ਦੀ ਆਮਦ ਬਾਰੇ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ, "ਜਦੋਂ ਤੁਸੀਂ ਦੇਸ ਲਈ ਕੁਝ ਕਰਦੇ ਹੋ ਤਾਂ ਲੋਕ ਵੀ ਤੁਹਾਨੂੰ ਮੰਨਦੇ ਹਨ। ਅਸੀਂ ਲਗਾਤਾਰ ਟੂਰਨਾਮੈਂਟ ਜਿੱਤ ਰਹੇ ਹਾਂ।''

ਇਹ ਵੀ ਪੜ੍ਹੋ :

"ਹਾਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਅਸੀਂ ਆਪਣੀ ਕਾਰਗੁਜ਼ਾਰੀ ਸਦਕਾ ਹੀ ਲੋਕਾਂ ਦੀਆਂ ਨਜ਼ਰਾਂ ਵਿੱਚ ਹਾਂ।"

'ਹੁਣ ਖੇਡ 'ਚ ਭਵਿੱਖ ਸੁਰੱਖਿਅਤ'

ਆਪਣੇ ਵਧੀਆ ਪ੍ਰਦਰਸ਼ਨ ਬਾਰੇ ਬੋਲਦੇ ਹੋਏ ਹਰਮਨਪ੍ਰੀਤ ਨੇ ਕਿਹਾ ਸੀ, "ਮੈਂ ਬਚਪਨ ਤੋਂ ਮੁੰਡਿਆਂ ਨਾਲ ਹੀ ਖੇਡਦੀ ਸੀ। ਮੁੰਡਿਆਂ ਨਾਲ ਖੇਡਣ ਕਾਰਨ ਹੀ ਉਨ੍ਹਾਂ ਦਾ ਸਟਾਈਲ ਵੀ ਆ ਗਿਆ।''

"ਮੈਂ ਬਚਪਨ ਤੋਂ ਤੇਜ਼ ਕ੍ਰਿਕਟ ਖੇਡਦੀ ਸੀ। ਹੁਣ ਤੱਕ ਕੋਚ ਦੇ ਦੇਖਰੇਖ ਵਿੱਚ ਹੀ ਮੈਂ ਹਰ ਮੈਚ ਦੀ ਤਿਆਰੀ ਕੀਤੀ ਹੈ।''

Image copyright Reuters

ਕੁੜੀਆਂ ਦੇ ਖੇਡਾਂ ਵਿੱਚ ਆਉਣ ਬਾਰੇ ਹਰਮਨਪ੍ਰੀਤ ਨੇ ਕਿਹਾ, "ਬਹੁਤ ਵਧੀਆ ਲੱਗਦਾ ਹੈ ਕਿ ਹੋਰ ਕੁੜੀਆਂ ਵੀ ਖੇਡਾਂ ਵਿੱਚ ਆ ਰਹੀਆਂ ਹਨ। ਹੁਣ ਮਾਪੇ ਵੀ ਇਸ ਵੱਲ ਧਿਆਨ ਦੇ ਰਹੇ ਹਨ।''

ਹਰਮਨਪ੍ਰੀਤ ਨੇ ਅੱਗੇ ਕਿਹਾ, "ਪਹਿਲਾਂ ਤਾਂ ਇਹ ਸੁਣਨ ਨੂੰ ਮਿਲਦਾ ਸੀ ਕਿ ਕੁੜੀਆਂ ਖੇਡਾਂ ਵਿੱਚ ਕਿਉਂ ਆਉਣ। ਪਹਿਲਾ ਨੌਕਰੀਆਂ ਦੇ ਮੌਕੇ ਵੀ ਘੱਟ ਸੀ ਪਰ ਹੁਣ ਨੌਕਰੀਆਂ ਦੇ ਮੌਕੇ ਵੀ ਹਨ। ਖੇਡਾਂ ਦੇ ਨਾਲ ਤੁਹਾਡਾ ਭਵਿੱਖ ਸੁਰੱਖਿਅਤ ਹੈ।"

'ਹਾਕੀ ਤੇ ਕ੍ਰਿਕਟ ਦੀ ਤੁਲਨਾ ਗਲਤ'

ਹਰਮਨਪ੍ਰੀਤ ਨੇ ਕਿਹਾ ਕਿ ਜਿੰਨੀ ਮਹੱਤਤਾ ਬੀਸੀਸੀਆਈ ਮਰਦਾਂ ਦੇ ਕ੍ਰਿਕਟ ਨੂੰ ਦੇ ਰਿਹਾ ਹੈ ਉੰਨੀ ਮਹੱਤਤਾ ਹੀ ਹੁਣ ਔਰਤਾਂ ਦੀ ਖੇਡ ਨੂੰ ਵੀ ਮਿਲ ਰਹੀ ਹੈ।

ਹਾਕੀ ਅਤੇ ਕ੍ਰਿਕਟ ਦੀ ਤੁਲਨਾ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ, "ਦੋਵੇਂ ਖੇਡ ਦੇਸ ਲਈ ਅਹਿਮ ਹਨ। ਇਹ ਤੁਹਾਡੇ 'ਤੇ ਹੈ ਕਿ ਤੁਸੀਂ ਕਿਸ ਖੇਡ ਨੂੰ ਤਰਜੀਹ ਦਿੰਦੇ ਹੋ। ਹਾਕੀ ਦੀ ਪੰਜਾਬ ਵਿੱਚ ਵੱਖਰੀ ਮਹੱਤਤਾ ਹੈ ਤੇ ਅਸੀਂ ਇਸ ਦੀ ਕਿਸੇ ਹੋਰ ਖੇਡ ਨਾਲ ਤੁਲਨਾ ਨਹੀਂ ਕਰ ਸਕਦੇ।"

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਨੇ ਕਿਹਾ, "ਛੋਟੀ ਹੁੰਦੀ ਹਰਮਨਪ੍ਰੀਤ ਮੇਰੇ ਨਾਲ ਖੇਡਦੀ ਹੁੰਦੀ ਸੀ। ਸਾਰੇ ਮੁੰਡੇ ਹੀ ਹੁੰਦੇ ਸਨ।"

ਉਨ੍ਹਾਂ ਕਿਹਾ, "ਇਕੱਲੀ ਮੇਰੀ ਬੇਟੀ ਨੇ ਹੀ ਨਹੀਂ ਬਲਕਿ ਸਾਰੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹੁਣ ਕਾਫ਼ੀ ਕੁੜੀਆਂ ਖੇਡਾਂ ਵੱਲ ਆਈਆਂ ਹਨ। ਸਾਨੂੰ ਬਹੁਤ ਚੰਗਾ ਲੱਗਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ