ਗੁਰੂ ਨਾਨਕ ਦੇਵ ਨਾਲ ਜੁੜੇ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਭਾਰਤ-ਪਾਕਿਸਤਾਨ ਰੱਖਣਗੇ ਨੀਂਹ ਪੱਥਰ

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ
ਫੋਟੋ ਕੈਪਸ਼ਨ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

ਵੀਰਵਾਰ ਨੂੰ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਲਾਂਘੇ ਦੀ ਉਸਾਰੀ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰਨ ਸਕਣ।

ਇਸਦੇ ਕੁਝ ਘੰਟਿਆਂ ਦੇ ਅੰਦਰ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੀ ਲਾਂਘੇ ਦੀ ਉਸਾਰੀ ਕੀਤੀ ਜਾਵੇਗੀ।

ਉਨ੍ਹਾਂ ਨੇ ਐਲਾਨ ਕੀਤਾ ਕਿ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਵਾਲੇ ਪਾਸਿਓਂ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ।

ਇੱਧਰ ਭਾਰਤ ਵੱਲੋਂ 26 ਨਵੰਬਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੰਜਾਬ ਦੇ ਮੁੱਖ ਮੰਤਰੀ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ।

ਵੀਰਵਾਰ ਨੂੰ ਹੀ ਭਾਰਤ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਕਰਤਾਰਪੁਰ ਲਾਂਘੇ ਦੀ ਉਸਾਰੀ ਕਰਨ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ।

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਕੈਬਨਿਟ ਦੇ ਫੈਸਲੇ ਦੀ ਜਾਣਕਾਰੀ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਬਿਆਨ ਜਾਰੀ ਕਰਕੇ ਦਿੱਤੀ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਨੁਮਾਇੰਦਗੀ ਹੇਠ ਇੱਕ ਕਮੇਟੀ ਬਣੀ ਸੀ ਜਿਸਦੇ ਸੁਝਾਅ 'ਤੇ ਫੈਸਲਾ ਲਿਆ ਗਿਆ।

ਕੀ ਹੈ ਭਾਰਤ ਦਾ ਫੈਸਲਾ

  • ਡੇਰਾ ਬਾਬਾ ਨਾਨਕ ਤੋਂ ਲੈ ਕੇ ਕੌਮਾਂਤਰੀ ਸਰਹੱਦ ਤੱਕ ਕਰਤਾਰਪੁਰ ਸਾਹਿਬ ਲਈ ਲਾਂਘਾ ਬਣਾਇਆ ਜਾਵੇਗਾ ਅਤੇ ਲਾਂਘੇ ਦਾ ਪੂਰਾ ਖ਼ਰਚਾ ਕੇਂਦਰ ਸਰਕਾਰ ਚੁੱਕੇਗੀ।
  • ਸੁਲਤਾਨਪੁਰ ਲੋਧੀ ਨੂੰ ਹੈਰੀਟੇਜ ਸਿਟੀ ਬਣਾਇਆ ਜਾਵੇਗਾ ਜਿਸਦਾ ਨਾਮ 'ਪਿੰਡ ਬਾਬੇ ਨਾਨਕ ਦਾ' ਰੱਖਿਆ ਜਾਵੇਗਾ। ਇੱਥੇ ਗੁਰੂ ਨਾਨਕ ਦੇਵ ਜੀ ਦੀ ਜੀਵਨ ਅਤੇ ਸਿੱਖਿਆਵਾਂ ਬਾਰੇ ਦੱਸਿਆ ਜਾਵੇਗਾ।
  • ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਦਰ ਨਿਰਮਾਣ ਹੋਵੇਗਾ। ਬ੍ਰਿਟੇਨ ਅਤੇ ਕੈਨੇਡਾ ਦੀਆਂ ਦੋ ਯੂਨੀਵਰਸੀਟੀਆਂ ਵਿੱਚ ਇਸ ਸੈਂਟਰ ਦੇ ਨਾਮ ਨਾਲ ਚੇਅਰ ਸਥਾਪਿਤ ਕੀਤੀ ਜਾਵੇਗੀ।
  • ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਿਹਾੜੇ 'ਤੇ ਡਾਕ ਟਿਕਟ ਅਤੇ ਸਿੱਕੇ ਰਿਲੀਜ਼ ਹੋਣਗੇ।
  • ਵਿਦੇਸ਼ਾਂ ਵਿੱਚ ਭਾਰਤੀ ਸਿਫਾਰਤਖਾਨਿਆਂ ਵਿੱਚ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਜਾਵੇਗਾ।
  • ਨੈਸ਼ਨਲ ਬੁੱਕ ਟਰੱਸਟ ਉਨ੍ਹਾਂ ਦੀਆਂ ਸਿਖਿਆਵਾਂ ਬਾਰੇ ਸਮਗਰੀ ਛਾਪੇਗਾ। ਭਾਰਤੀ ਰੇਲਵੇ ਗੁਰੂ ਨਾਨਕ ਦੇਵ ਨਾਲ ਸਬੰਧਿਤ ਥਾਵਾਂ ਤੱਕ ਰੇਲਾਂ ਚਲਾਏਗਾ

ਪਾਕਿਸਤਾਨ ਨੇ ਕੀ ਕਿਹਾ?

ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਕਰਤਾਰਪੁਰ ਲਾਂਘਾ ਬਣਾਉਣ ਦਾ ਫੈਸਲਾ ਕਰ ਲਿਆ ਸੀ।

ਪਾਕਿਸਤਾਨੀ ਸਰਕਾਰ ਨੇ ਵਿਦੇਸ਼ ਮੰਤਰੀ ਦਾ ਬਿਆਨ ਸ਼ੇਅਰ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ , ''ਪ੍ਰਧਾਨਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣਗੇ।''

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਤਿੰਨ ਕਿੱਲੋਮੀਟਰ ਦੂਰ ਹੈ।

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜਿਹੜਾ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ, ਸਿਰਫ਼ ਤਿੰਨ ਘੰਟੇ ਦੀ ਦੂਰੀ 'ਤੇ।

ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਨੇ ਇਸ ਸਫ਼ਰ ਨੂੰ ਬੇਹੱਦ ਲੰਬਾ ਬਣਾ ਦਿੱਤਾ ਹੈ।

ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।

ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ-ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਭਰੋਸਾ ਦਵਾਇਆ ਸੀ।

ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਸੀ, "ਕਰਤਾਰਪੁਰ ਸਰਹੱਦ ਖੋਲ੍ਹੀ ਜਾ ਰਹੀ ਹੈ, ਗੁਰਦੁਆਰੇ ਤੱਕ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਉੱਥੋਂ ਤੱਕ ਆਉਣ ਲਈ ਰਸਤਾ ਬਣਾਇਆ ਜਾਵੇਗਾ। ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਟਿਕਟ ਖਰੀਦ ਕੇ ਆ ਸਕਣਗੇ ਅਤੇ ਮੱਥਾ ਟੇਕਣ ਤੋਂ ਵਾਪਸ ਜਾ ਸਕਣਗੇ। ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।''

ਭਾਰਤ ਨੇ ਕਰਤਾਰਪੁਰ ਲਾਂਘੇ ਬਾਰੇ 1998 ਵਿੱਚ ਪਹਿਲੀ ਵਾਰ ਗੱਲ ਕੀਤੀ ਸੀ ਅਤੇ ਉਸ ਤੋਂ 20 ਸਾਲ ਬਾਅਦ ਇਹ ਮੁੱਦਾ ਸੁਰਖ਼ੀਆਂ ਵਿੱਚ ਆਇਆ ਹੈ।

ਇਹ ਵੀ ਪੜ੍ਹੋ:

Image copyright GURINDER BAJWA/BBC

ਕਰਤਾਰਪੁਰ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸੀ।

ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ। ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।

ਦੇਖੋ ਗੁਰਦੁਆਰਾ ਦਰਬਾਰ ਸਾਹਿਬ

ਪਾਕਿਸਤਾਨ ਵਿੱਚ ਸਿੱਖਾਂ ਦੇ ਹੋਰ ਧਾਰਮਿਕ ਸਥਾਨ ਡੇਰਾ ਸਾਹਿਬ ਲਾਹੌਰ, ਪੰਜਾ ਸਾਹਿਬ ਅਤੇ ਨਨਕਾਣਾ ਸਾਹਿਬ ਉਨ੍ਹਾਂ ਪਿੰਡਾਂ ਵਿੱਚ ਹਨ, ਜਿਹੜੇ ਸਰਹੱਦ ਨੇ ਨੇੜੇ ਹਨ।

ਸ਼ਿਖਰ ਗੋਥ ਰੋਡ 'ਤੇ ਆਉਂਦੇ ਹੀ ਤੁਹਾਨੰ ਗੁਰਦੁਆਰਾ ਦਰਬਾਰ ਸਾਹਿਬ ਦਾ ਸੋਹਣਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ।

ਹਰੇ-ਭਰੇ ਖੇਤ ਤੁਹਾਡਾ ਸਵਾਗਤ ਕਰਦੇ ਹਨ, ਬੱਚੇ ਖੇਤਾਂ ਵਿੱਚ ਖੇਡਦੇ, ਟਿਊਬਵੈਲਾਂ ਤੋਂ ਪਾਣੀ ਪੀਂਦੇ ਨਜ਼ਰ ਆਉਣਗੇ ਅਤੇ ਉਨ੍ਹਾਂ ਖੇਤਾਂ ਵਿੱਚ ਹੀ ਇੱਕ ਚਿੱਟੇ ਰੰਗ ਦੀ ਸ਼ਾਨਦਾਰ ਇਮਾਰਤ ਨਜ਼ਰ ਆਵੇਗੀ।

ਫੋਟੋ ਕੈਪਸ਼ਨ ਲਾਹੌਰ ਤੋਂ ਕਰਤਾਰ ਪੁਰ ਸਾਹਿਬ ਦੇ ਰਾਹ ਉੱਤੇ ਵਾਹਨ ਦੀ ਉਡੀਕ ਵਿਚ ਯਾਤਰੀ

ਗੁਰਦੁਆਰੇ ਦੇ ਅੰਦਰ ਇੱਕ ਖੂਹ ਵੀ ਹੈ। ਮੰਨਿਆ ਜਾਂਦਾ ਹੈ ਕਿ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੈ। ਇਸ ਖੂਹ ਨੂੰ ਲੈ ਕੇ ਸ਼ਰਧਾਲੂਆਂ ਦੀ ਕਾਫ਼ੀ ਮਾਨਤਾ ਹੈ।

ਫੋਟੋ ਕੈਪਸ਼ਨ ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ ਵੀ ਹੈ।
ਫੋਟੋ ਕੈਪਸ਼ਨ ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੀ ਨਿਸ਼ਾਨੀ ਬੰਬ ਦੇ ਟੁਕੜੇ।

ਖੂਹ ਦੇ ਨੇੜੇ ਇੱਕ ਬੰਬ ਦੇ ਟੁੱਕੜੇ ਨੂੰ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ 1971 ਦੀ ਜੰਗ ਵਿੱਚ ਇਹ ਬੰਬ ਇੱਥੇ ਸੁੱਟਿਆ ਗਿਆ ਸੀ।

ਫੋਟੋ ਕੈਪਸ਼ਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼

ਸੇਵਾ ਕਰਨ ਵਾਲਿਆਂ ਵਿੱਚ ਸਿੱਖ ਵੀ ਸਨ ਅਤੇ ਮੁਸਲਮਾਨ ਵੀ। ਇੱਥੇ ਹਰ ਆਉਣ ਵਾਲੇ ਲਈ ਪ੍ਰਬੰਧ ਕੀਤੇ ਗਏ ਸਨ।

ਫੋਟੋ ਕੈਪਸ਼ਨ 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।
ਫੋਟੋ ਕੈਪਸ਼ਨ 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ

ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ। 1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸਦੀ ਉਸਾਰੀ ਦਾ ਕੰਮ ਕਰਵਾਇਆ ਸੀ।

ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਨੇ ਇਸ ਤਣਾਅ ਨੇ ਯਾਤਰੀਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ।

ਫੋਟੋ ਕੈਪਸ਼ਨ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਇੱਕ ਹੋਰ ਤਸਵੀਰ
ਫੋਟੋ ਕੈਪਸ਼ਨ ਕਰਤਾਰਪੁਰ ਸਾਹਿਬ ਵਿਚ ਗੁਰੂਘਰ ਦਾ ਪ੍ਰਸ਼ਾਦਾ-ਪਾਣੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)