ਪੀਰੀਅਡਜ਼ ਨਾਲ ਜੁੜੇ ਰਿਵਾਜਾਂ ਨੂੰ ਮੰਨਦੀ ਮਾਂ ਜਦੋਂ ਆਪਣੀ ਧੀ ਗੁਆ ਬੈਠੀ

ਵਿਜੈਲਕਸ਼ਮੀ ਦੀ ਮਾਂ
ਫੋਟੋ ਕੈਪਸ਼ਨ ਭਾਨੁਮਤੀ ਜਦੋਂ ਆਪਣੀ ਦੁਖ਼ ਭਰੀ ਕਹਾਣੀ ਸੁਣਾ ਰਹੀ ਸੀ ਤਾਂ ਉਸ ਸਮੇਂ ਹਸਪਤਾਲ 'ਚ ਦਾਖ਼ਲ ਲੋਕ ਉਨ੍ਹਾਂ ਨੂੰ ਹੌਸਲਾ ਦੇ ਰਹੇ ਸਨ

''ਮਾਂ ਮੈਂ ਮਰ ਜਾਵਾਂਗੀ,'' 14 ਸਾਲਾ ਵਿਜੈਲਕਸ਼ਮੀ ਨੇ ਇਹ ਗੱਲ ਆਪਣੀ ਮਾਂ ਭਾਨੁਮਤੀ ਨੂੰ ਆਖੀ ਸੀ। ਤਾਮਿਲਨਾਡੂ 'ਚ ਪਿਛਲੇ ਹਫ਼ਤੇ ਗਾਜਾ ਤੂਫ਼ਾਨ ਦੌਰਾਨ ਉਸ 'ਤੇ ਨਾਰੀਅਲ ਦਾ ਦਰਖ਼ਤ ਡਿੱਗ ਗਿਆ ਸੀ।

ਥੰਜਾਵੁਰ ਜ਼ਿਲ੍ਹੇ ਦੇ ਅਨਾਈਕੁੜਾ ਪਿੰਡ ਦੀ ਵਿਜੈਲਕਸ਼ਮੀ ਹਾਦਸੇ ਵੇਲੇ ਆਪਣੇ ਘਰ ਨੇੜੇ ਬਣੀ ਇੱਕ ਝੌਂਪੜੀ ਵਿੱਚ ਸੌਂ ਰਹੀ ਸੀ। ਉਸ ਵੇਲੇ ਵਿਜੈਲਕਸ਼ਮੀ ਨੂੰ ਪੀਰੀਅਡ ਆਏ ਹੋਏ ਸਨ।

ਪੁਰਾਣੇ ਰੀਤੀ-ਰਿਵਾਜਾਂ ਅਨੁਸਾਰ ਮਾਹਵਾਰੀ ਦੌਰਾਨ ਘਰ ਦੀਆਂ ਔਰਤਾਂ ਬਾਹਰ ਸੌਂਦੀਆਂ ਹਨ। ਉਸਦੀ ਮਾਂ ਵੀ ਉਸਦੇ ਨੇੜੇ ਹੀ ਸੁੱਤੀ ਹੋਈ ਸੀ।

ਭਾਰਤ ਦੇ ਪੇਂਡੂ ਖੇਤਰਾਂ ਦੇ ਵੱਡੇ ਹਿੱਸੇ 'ਚ ਮਾਹਵਾਰੀ ਅੱਜ ਵੀ ਇੱਕ ਟੈਬੂ ਹੈ। ਇਸ ਦੌਰਾਨ ਔਰਤਾਂ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਗਾਜਾ ਤੂਫ਼ਾਨ ਕਾਰਨ ਤੱਟਵਰਤੀ ਸੂਬੇ 'ਚ ਹੁਣ ਤੱਕ ਘੱਟੋ ਘੱਟ 46 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਾਹਵਾਰੀ ਨਾਲ ਜੁੜੀ ਰੂੜ੍ਹੀਵਾਦੀ ਪ੍ਰਥਾ ਕਾਰਨ 14 ਸਾਲ ਦੀ ਕੁੜੀ ਦੀ ਮੌਤ

ਪਰਿਵਾਰਕ ਮੈਂਬਰਾਂ ਮੁਤਾਬਕ ਤੂਫ਼ਾਨ ਦੌਰਾਨ ਵਿਜੈਲਕਸ਼ਮੀ ਅਤੇ ਉਸਦੀ 40 ਸਾਲਾ ਮਾਂ ਭਾਨੁਮਤੀ ਝੌਂਪੜੀ ਵਿੱਚ ਫਸ ਗਏ ਸਨ ਜਿਹੜੀ ਨਾਰੀਅਲ ਦੇ ਬਾਗ ਵਿਚਾਲੇ ਬਣੀ ਹੋਈ ਸੀ।

ਨਾਰੀਅਲ ਦਾ ਇੱਕ ਵੱਡਾ ਦਰਖ਼ਤ ਝੌਂਪੜੇ 'ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਵਿਜੈਲਕਸ਼ਮੀ ਦੀ ਛਾਤੀ ਨੂੰ ਨੁਕਸਾਨ ਪਹੁੰਚਣ ਕਾਰਨ ਉਸਦੀ ਮੌਤ ਹੋ ਗਈ ਅਤੇ ਉਸਦੀ ਮਾਂ ਭਾਨੁਮਤੀ ਦੀ ਲੱਤ ਦੀ ਹੱਡੀ ਟੁੱਟ ਲੱਗੀ।

ਹਸਪਤਾਲ ਵਿੱਚ ਜੇਰੇ ਇਲਾਜ ਭਾਨੁਮਤੀ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, ''ਉਸ ਨੇ ਮੈਨੂੰ ਕਿਹਾ ਮੈਂ ਕੁਝ ਹੀ ਮਿੰਟਾ ਵਿੱਚ ਮਰ ਜਾਵਾਂਗੀ। ਮੈਂ ਉਸ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਦੇਖਿਆ। ਮੇਰੀ ਖੱਬੀ ਲੱਤ ਦੀ ਹੱਡੀ ਟੁੱਟ ਗਈ ਸੀ ਇਸ ਕਾਰਨ ਮੈਂ ਹਿਲ ਨਹੀਂ ਸਕਦੀ ਸੀ।''

ਮੈਂ ਉਹ ਆਖ਼ਰੀ ਤਸਵੀਰ ਨਹੀਂ ਭੁੱਲ ਸਕਦੀ

''ਮੈਂ ਸਿਰਫ਼ ਮਦਦ ਲਈ ਰੌਲਾ ਹੀ ਪਾ ਸਕਦੀ ਸੀ। ਪਰ ਜਦੋਂ ਤੱਕ ਪਰਿਵਾਰਕ ਮੈਂਬਰ ਅਤੇ ਗੁਆਂਢੀ ਮਦਦ ਲਈ ਪਹੁੰਚੇ, ਉਦੋਂ ਸਿਰਫ਼ ਮੇਰੀ ਧੀ ਦੀ ਲਾਸ਼ ਹੀ ਮਿਲ ਸਕੀ। ਮੈਂ ਉਸਦੇ ਮੂੰਹ ਵਿੱਚੋਂ ਖ਼ੂਨ ਨਿਕਲਦਾ ਦੇਖਿਆ ਤੇ ਉਹ ਆਖ਼ਰੀ ਤਸਵੀਰ ਸੀ ਜਿਹੜੀ ਮੇਰੀਆਂ ਅੱਖਾਂ ਅੱਗੇ ਅਜੇ ਵੀ ਘੁੰਮਦੀ ਹੈ। ਮੈਂ ਪੂਰੀ ਜ਼ਿੰਦਗੀ ਉਹ ਆਖ਼ਰੀ ਤਸਵੀਰ ਨਹੀਂ ਭੁੱਲ ਸਕਦੀ।''

ਫੋਟੋ ਕੈਪਸ਼ਨ ਭਾਰਤ ਦੇ ਪੇਂਡੂ ਖੇਤਰਾਂ ਦੇ ਵੱਡੇ ਹਿੱਸੇ 'ਚ ਮਾਹਵਾਰੀ ਅੱਜ ਵੀ ਇੱਕ ਟੈਬੂ ਹੈ

ਭਾਨੁਮਤੀ ਜਦੋਂ ਆਪਣੀ ਦੁਖ ਭਰੀ ਕਹਾਣੀ ਸੁਣਾ ਰਹੀ ਸੀ ਤਾਂ ਉਸ ਸਮੇਂ ਹਸਪਤਾਲ 'ਚ ਦਾਖ਼ਲ ਲੋਕ ਉਸ ਨੂੰ ਨੂੰ ਹੌਂਸਲਾ ਦੇ ਰਹੇ ਸਨ।

ਉਸਦੀ ਭੈਣ ਉਸ ਨੂੰ ਖਾਣਾ ਅਤੇ ਦਵਾਈ ਖਾਣ ਲਈ ਜ਼ੋਰ ਦੇ ਰਹੀ ਸੀ ਪਰ ਉਹ ਆਪਣੇ ਨਾਲ ਵਾਪਰੇ ਹਾਦਸੇ ਬਾਰ ਦੱਬੀ ਜ਼ੁਬਾਨ 'ਚ ਕੁਝ ਨਾ ਕੁਝ ਬੋਲ ਰਹੀ ਸੀ।

''ਮੇਰੀ ਭੈਣ ਮੈਨੂੰ ਕਹਿੰਦੀ ਹੈ ਕਿ ਜਦੋਂ ਮੈਂ ਝੌਂਪੜੀ ਵਿੱਚੋਂ ਆਪਣੀ ਕੁੜੀ ਨਾਲ ਬਾਹਰ ਆ ਰਹੀ ਸੀ ਤਾਂ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਸੀ। ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਕਿ ਮੇਰੀ ਬੱਚੀ ਨਹੀਂ ਰਹੀ। ਉਸ ਨੂੰ ਦਫ਼ਨਾਏ ਜਾਣ ਤੋਂ ਪਹਿਲਾਂ ਮੈਂ ਉਸਦਾ ਚਿਹਰਾ ਨਹੀਂ ਦੇਖਿਆ। ਇਸਦਾ ਦੁਖ਼ ਮੈਨੂੰ ਸਾਰੀ ਉਮਰ ਰਹੇਗਾ।''

ਆਪਣੇ ਵਹਿੰਦੇ ਹੰਝੂਆਂ ਨਾਲ ਉਹ ਦੱਸਦੀ ਹੈ, ''ਉਹ ਮੇਰੀ ਪਰੀ ਸੀ। ਹਰ ਮਾਂ ਆਪਣੀ ਧੀ ਦਾ ਉਦੋਂ ਵੱਧ ਖਿਆਲ ਰੱਖਦੀ ਹੈ ਜਦੋਂ ਉਹ ਦਰਦ ਵਿੱਚ ਹੁੰਦੀ ਹੈ। ਪਰ ਮੇਰੇ ਵੱਲ ਦੇਖੋ ਮੈਂ ਇਕੱਲੀ ਰਹਿ ਗਈ ਹਾਂ ਤੇ ਮੈਂ ਆਪਣੀ ਧੀ ਗੁਆ ਦਿੱਤੀ ਜਿਸ ਨੂੰ ਮੈਂ ਦੁਨੀਆਂ ਵਿੱਚ ਸਭ ਤੋਂ ਵੱਧ ਪਿਆਰ ਕਰਦੀ ਸੀ। ਮੈਂ ਉਸ ਨੂੰ ਵੱਡੀ ਹੁੰਦੀ ਅਤੇ ਚੰਗੀ ਜ਼ਿੰਦਗੀ ਗੁਜ਼ਾਰਦੇ ਦੇਖਣਾ ਚਾਹੁੰਦੀ ਸੀ। ਮੇਰੇ ਸਾਰੇ ਸੁਪਨਿਆਂ 'ਤੇ ਪਾਣੀ ਫਿਰ ਗਿਆ।''

16 ਦਿਨ ਕੁੜੀਆਂ ਨੂੰ ਘਰੋਂ ਬਾਹਰ ਰੱਖਿਆ ਜਾਂਦਾ ਹੈ

ਭਾਨੁਮਤੀ ਨਾਰੀਅਲ ਦੇ ਬਾਗ ਵਿੱਚ ਕੰਮ ਕਰਦੀ ਹੈ। ਉਹ ਕਹਿੰਦੀ ਹੈ, ''ਮਾਹਵਾਰੀ ਦੌਰਾਨ ਕੁੜੀਆਂ ਨੂੰ ਘਰੋਂ ਬਾਹਰ ਰੱਖਣਾ ਸਾਡੇ ਪਿੰਡਾਂ ਵਿੱਚ ਬੜੀ ਆਮ ਜਿਹੀ ਗੱਲ ਹੈ। ਜਦੋਂ ਕੁੜੀ ਨੂੰ ਪੀਰੀਅਡ ਆਉਦੇ ਹਨ ਤਾਂ ਉਸ ਨੂੰ 16 ਦਿਨਾਂ ਲਈ ਘਰੋਂ ਬਾਹਰ ਇੱਕ ਵੱਖਰੀ ਥਾਂ 'ਤੇ ਭੇਜ ਦਿੱਤਾ ਜਾਂਦਾ ਹੈ। 16ਵੇਂ ਦਿਨ ਉਤਸਵ ਤੋਂ ਬਾਅਦ ਉਸ ਨੂੰ ਘਰ ਵਾਪਿਸ ਲਿਆਂਦਾ ਜਾਂਦਾ ਹੈ।''

ਇਹ ਵੀ ਪੜ੍ਹੋ:

''ਇਸ ਰੀਤੀ-ਰਿਵਾਜ ਨੂੰ ਅਸੀਂ ਕਈ ਸਾਲਾਂ ਤੋਂ ਮੰਨਦੇ ਆ ਰਹੇ ਹਾਂ। ਇਸ ਰਿਵਾਜ ਕਰਕੇ ਮੈਂ ਉਸ ਨੂੰ ਘਰ ਨਹੀਂ ਲਿਆ ਸਕੀ। ਪਰ ਮੈਂ ਉਸ ਨੂੰ ਗੁਆ ਜ਼ਰੂਰ ਦਿੱਤਾ। ਮੈਨੂੰ ਮਹਿਸੂਸ ਹੋਇਆ ਕਿ ਕਿਵੇਂ ਇਸ ਰਿਵਾਜ ਕਾਰਨ ਮੇਰੀ ਬੱਚੀ ਮਰ ਗਈ।''

ਫੋਟੋ ਕੈਪਸ਼ਨ ਵਿਜੈਲਕਸ਼ਮੀ ਦੀ ਦਾਦੀ ਉਸ ਦਿਨ ਨੂੰ ਯਾਦ ਕਰਦੀ ਹੈ

ਵਿਜੈਲਕਸ਼ਮੀ ਦੇ ਦਾਦਾ-ਦਾਦੀ ਡੂੰਘੇ ਸਦਮੇ 'ਚ ਸਨ। ਉਸਦੀ ਦਾਦੀ ਵਿਸਾਲਕਸ਼ਮੀ ਮੁਤਾਬਕ, ''ਜਦੋਂ ਅਸੀਂ ਝੋਂਪੜੀ ਉੱਤੇ ਦਰਖ਼ਤ ਦੇਖਿਆ ਤਾਂ ਉਮੀਦ ਗੁਆ ਬੈਠੇ। ਅਸੀਂ ਪਿੰਡ ਵਾਲਿਆਂ ਦੀ ਉਡੀਕ ਕਰਨ ਲੱਗੇ ਤਾਂ ਜੋ ਉਹ ਸਾਡੀ ਦਰਖ਼ਤ ਹਟਾਉਣ ਅਤੇ ਵਿਜੈਲਕਸ਼ਮੀ ਨੂੰ ਬਾਹਰ ਕੱਢਣ 'ਚ ਮਦਦ ਕਰਨ।

"ਮੈਂ ਉਨ੍ਹਾਂ ਨੂੰ ਵਿਜੈਲਕਸ਼ਮੀ ਨੂੰ ਕਿਸੇ ਹੋਰ ਥਾਂ ਲਿਜਾਉਣ ਲਈ ਕਿਹਾ। ਪਰ ਕੁਝ ਹੀ ਘੰਟਿਆਂ 'ਚ ਤੂਫ਼ਾਨ ਨੇ ਸਾਡੇ ਪਿੰਡ ਨੂੰ ਘੇਰ ਲਿਆ ਅਤੇ ਅਸੀਂ ਕਿਤੇ ਜਾ ਨਹੀਂ ਸਕਦੇ ਸੀ। ਸਾਡੇ ਕੋਲ ਬਾਗ ਤੋਂ ਇਲਾਵਾ ਕੋਈ ਥਾਂ ਨਹੀਂ ਸੀ। ਅਸੀਂ ਇੱਥੇ ਸਾਲਾਂ ਤੋਂ ਕੰਮ ਕਰ ਰਹੇ ਹਾਂ। ਸਾਡੇ ਕੋਲ ਕਿਤੇ ਹੋਰ ਰਹਿਣ ਲਈ ਥਾਂ ਨਹੀਂ ਹੈ।''

ਗਰੀਬ-ਅਮੀਰ ਸਭ ਰਿਵਾਜ ਮੰਨਦੇ ਹਨ

ਜਦੋਂ ਅਸੀਂ ਤਮਿਲਨਾਡੂ ਦੇ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਐਮ ਪੀ ਨਿਰਮਲਾ ਨਾਲ ਪੀਰੀਅਡ ਦੌਰਾਨ ਬੱਚਿਆਂ ਦੀ ਸੁਰੱਖਿਆ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਲੋਕਾਂ ਨੂੰ ਇਹ ਸਮਝਾਉਣਾ ਕਿ ਮਾਹਵਾਰੀ ਦੌਰਾਨ ਔਰਤਾਂ ਅਸ਼ੁੱਧ ਨਹੀਂ ਹੁੰਦੀਆਂ ਇਹ ਇੱਕ ਵੱਡੀ ਚੁਣੌਤੀ ਹੈ।

ਫੋਟੋ ਕੈਪਸ਼ਨ ਗਾਜਾ ਤੂਫ਼ਾਨ ਕਾਰਨ ਤੱਟਵਰਤੀ ਸੂਬੇ 'ਚ ਹੁਣ ਤੱਕ ਘੱਟੋ ਘੱਟ 46 ਲੋਕਾਂ ਦੀ ਮੌਤ ਹੋ ਚੁੱਕੀ ਹੈ

ਨਿਰਮਲਾ ਕਹਿੰਦੇ ਹਨ,''ਸਾਨੂੰ ਇਸ ਖ਼ਬਰ ਨਾਲ ਬਹੁਤ ਧੱਕਾ ਲੱਗਿਆ ਹੈ। ਕਿਵੇਂ ਲੋਕ ਅਜਿਹੇ ਰਿਵਾਜ ਮੰਨਦੇ ਹਨ ਅਤੇ ਆਪਣੇ ਬੱਚਿਆਂ ਨੂੰ ਇਕੱਲਿਆਂ ਛੱਡ ਦਿੰਦੇ ਹਨ। ਪੇਰਾਂਬਲੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਵੀ ਮੈਂ ਅਜਿਹੇ ਕਈ ਮਾਮਲੇ ਦੇਖੇ ਹਨ। ਸਾਨੂੰ ਲੋਕਾਂ ਨੂੰ ਜਾਗਰੂਕ ਅਤੇ ਮਾਹਵਾਰੀ ਖ਼ਿਲਾਫ਼ ਗ਼ਲਤਫ਼ਹਿਮੀਆਂ ਨੂੰ ਦੂਰ ਕਰਨ ਦੀ ਲੋੜ ਹੈ।''

ਸਥਾਨਕ ਸਮਾਜਿਕ ਕਾਰਕੁਨ ਵੀਰਾਸੇਨਾ ਦਾ ਕਹਿਣਾ ਹੈ ਕਿ ਪੀਰੀਅਡ ਦੌਰਾਨ ਕੁੜੀ ਨੂੰ ਵੱਖ ਸੁਆਉਣ ਵਾਲੇ ਰਿਵਾਜ ਨੂੰ ਅਮੀਰ ਅਤੇ ਗਰੀਬ ਸਾਰੇ ਮੰਨਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)