ਅੰਮ੍ਰਿਤਸਰ ਰੇਲ ਹਾਦਸੇ 'ਚ ਰੇਲਵੇ ਨੂੰ ਕਲੀਨ ਚਿੱਟ, ਲੋਕਾਂ 'ਤੇ ਇਲਜ਼ਾਮ - 5 ਅਹਿਮ ਖਬਰਾਂ

Image copyright EPA
ਫੋਟੋ ਕੈਪਸ਼ਨ ਅੰਮ੍ਰਿਤਸਰ ਵਿੱਚ 19 ਅਕਤੂਬਰ ਨੂੰ ਦਸਹਿਰੇ ਮੌਕੇ ਰੇਲ ਹਾਦਸਾ ਹੋਇਆ ਸੀ

ਹਿੰਦੁਸਤਾਨ ਟਾਈਮਜ਼ ਅਨੁਸਾਰ 19 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਦਸਹਿਰੇ ਮੌਕੇ ਹੋਏ ਰੇਲ ਹਾਦਸੇ ਲਈ ਜਾਂਚ ਅਧਿਕਾਰੀ ਚੀਫ਼ ਕਮਿਸ਼ਨਰ ਆਫ਼ ਰੇਲਵੇ ਸੇਫਟੀ (ਸੀਸੀਆਰਐਸ) ਨੇ ਲੋਕਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ।

ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਕਿ ਹੈ ਕਿ ਸੀਸੀਆਰਐਸ ਐਸਕੇ ਪਾਠਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਦਸੇ ਦੀ ਵਜ੍ਹਾ ਸੀ ਲੋਕਾਂ ਦੀ ਅਣਗਹਿਲੀ ਜੋ ਕਿ ਰੇਲਵੇ ਲਾਈਨ ਉੱਤੇ ਸਨ।

ਉਨ੍ਹਾਂ ਕਿਹਾ ਕਿ ਜੌੜਾ ਫਾਟਕ ਨੇੜੇ 50 ਪੁਲਿਸ ਮੁਲਾਜ਼ਮ ਤੈਨਾਤ ਸਨ, ਕੁਝ ਪੁਲਿਸ ਮੁਲਾਜ਼ਮਾਂ ਨੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਗੱਲ ਨਹੀਂ ਮੰਨੀ।

ਉਨ੍ਹਾਂ ਇਹ ਵੀ ਕਿਹਾ ਕਿ ਟਰੇਨ ਦੀ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਸੀ ਪਰ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਟਰੇਨ 82 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵੱਧ ਰਹੀ ਸੀ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਗ੍ਰੇਨੇਡ ਹਮਲਾ: 'ਪਿਸਤੌਲ ਤੇ ਗ੍ਰੇਨੇਡ ਅਵਤਾਰ ਲੈ ਕੇ ਆਇਆ'

ਪੰਜਾਬੀ ਟ੍ਰਿਬਿਊਨ ਮੁਤਾਬਕ ਅੰਮ੍ਰਿਤਸਰ ਸਥਿਤ ਨਿਰੰਕਾਰੀ ਭਵਨ ਵਿੱਚ ਗ੍ਰੇਨੇਡ ਹਮਲੇ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੇ ਬਿਕਰਮਜੀਤ ਸਿੰਘ ਨੇ ਪੁਲਿਸ ਸਾਹਮਣੇ ਖੁਲਾਸਾ ਕੀਤਾ ਹੈ ਕਿ ਇਸ ਘਟਨਾ ਵਿੱਚ ਉਸ ਦਾ ਦੂਜਾ ਸਾਥੀ ਅਵਤਾਰ ਸਿੰਘ 'ਮੁੱਖ ਸਾਜ਼ਿਸ਼ਕਾਰ' ਸੀ, ਜਿਸ ਨੇ ਵਾਰਦਾਤ ਦੀ ਸਮੁੱਚੀ ਯੋਜਨਾ ਤਿਆਰ ਕੀਤੀ ਸੀ। ਉਸ ਨੇ ਹੀ ਗ੍ਰੇਨੇਡ ਅਤੇ ਪਿਸਤੌਲ ਲਿਆਂਦੇ ਅਤੇ ਨਿਰੰਕਾਰੀ ਸਮਾਗਮ ਵਿਚ ਗ੍ਰੇਨੇਡ ਸੁੱਟਿਆ।

Image copyright Ravinder singh robin/bbc

ਬਿਕਰਮਜੀਤ ਨੇ ਕਿਹਾ ਕਿ ਉਹ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੁੰਦਾ ਸੀ ਪਰ ਅਵਤਾਰ ਸਿੰਘ ਨੇ ਉਸ ਨੂੰ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਉਹ ਉਸ ਦੀਆਂ ਗੱਲਾਂ ਵਿਚ ਫਸ ਗਿਆ। ਉਸ ਦੇ ਪਰਿਵਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਵੇਲੇ ਉਹ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ।

ਇਸ ਬਾਰੇ ਉਸ ਨੇ ਦੱਸਿਆ ਕਿ ਘਰ ਆਉਣ ਬਾਅਦ ਉਹ ਖੇਤਾਂ ਵਿਚ ਚਲਾ ਗਿਆ ਅਤੇ ਉਥੋਂ ਆਪਣੇ ਮੋਟਰਸਾਈਕਲ 'ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਚਲਾ ਗਿਆ ਸੀ, ਜਿਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਦਿੱਤੀ ਗਈ। ਉਹ ਦੋਵੇਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਅਦਲੀਵਾਲ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮੂੰਹ ਢਕ ਲਏ ਸਨ।

6 ਦਿਨ ਬਾਅਦ ਵੀ ਸੈਲਾਨੀ ਦੀ ਲਾਸ਼ ਦਾ ਥਹੁ-ਪਤਾ ਨਹੀਂ

ਦਿ ਇੰਡੀਅਨ ਐਕਸਪ੍ਰੈਸ ਅਨੁਸਾਰ ਅੰਡਮਾਨ ਅਤੇ ਨਿਕੋਬਾਰ ਵਿੱਚ ਮਾਰੇ ਗਏ ਅਮਰੀਕੀ ਸੈਲਾਨੀ ਜੌਹਨ ਐਲਨ ਚਾਓ ਦੀ ਲਾਸ਼ ਨੂੰ 6 ਦਿਨ ਬਾਅਦ ਵੀ ਲਿਆਂਦਾ ਨਹੀਂ ਜਾ ਸਕਿਆ। ਹਾਲੇ ਤੱਕ ਤਾਂ ਰੇਕੀ ਟੀਮਾਂ ਨੇ ਟਾਪੂ ਤੋਂ ਦੂਰੀ ਬਣਾਈ ਹੋਈ ਸੀ।

ਫੋਟੋ ਕੈਪਸ਼ਨ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ

ਅੰਡਮਾਨ ਅਤੇ ਨਿਕੋਬਾਰ ਦੇ ਡੀਜੀਪੀ ਦੀਪਿੰਦਰ ਪਾਠਕ ਦਾ ਕਹਿਣਾ ਹੈ, "ਇਹ ਬਹੁਤ ਵੱਡੀ ਚੁਣੌਤੀ ਹੈ। ਅਸੀਂ ਪਹਿਲਾਂ ਲਾਸ਼ ਦੇਖਣਾ ਚਾਹੁੰਦੇ ਹਾਂ ਅਤੇ ਫਿਰ ਉਸ ਨੂੰ ਉੱਥੋਂ ਕੱਢਣਾ ਚਾਹੁੰਦੇ ਹਾਂ। ਅਸੀਂ ਹਵਾਈ ਅਤੇ ਸਮੁੰਦਰੀ ਰੇਕੀ ਕਰ ਚੁੱਕੇ ਹਾਂ ਪਰ ਹਾਲੇ ਵੀ ਟਾਪੂ ਦੇ ਨੇੜੇ ਨਹੀਂ ਪਹੁੰਚੇ ਹਾਂ। ਸਾਨੂੰ ਹਾਲਾਤ ਦੀ ਸੰਵੇਦਨਸ਼ੀਲਤਾ ਨੂੰ ਸਮਝਣਾ ਪਏਗਾ। ਅਸੀਂ ਹੋਰ ਮੁਸ਼ਕਿਲ ਖੜ੍ਹੀ ਨਹੀਂ ਕਰਨਾ ਚਾਹੁੰਦੇ।"

ਉੱਥੇ ਹੀ ਜੌਹਨ ਐਲਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਨ। ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੌਹਨ ਐਲਨ ਰੱਬ ਅਤੇ ਜ਼ਿੰਦਗੀ ਨੂੰ ਪਿਆਰ ਕਰਦਾ ਸੀ ਅਤੇ ਲੋੜਵੰਦਾਂ ਦੀ ਮਦਦ ਕਰਦਾ ਸੀ ਅਤੇ ਉਹ ਸੈਂਟੀਨੈਲੀਜ਼ ਲੋਕਾਂ ਨੂੰ ਵੀ ਪਿਆਰ ਕਰਦਾ ਸੀ।

ਮਾਲਿਆ ਦਾ ਲੰਡਨ ਵਾਲਾ ਘਰ ਖਤਰੇ ਵਿੱਚ

ਟਾਈਮਜ਼ ਆਫ਼ ਇੰਡੀਆ ਅਨੁਸਾਰ ਸਵਿੱਸ ਬੈਂਕ ਯੂਬੀਐਸ ਏਜੀ ਦੀ ਕੋਸ਼ਿਸ਼ ਹੈ ਕਿ ਵਿਜੇ ਮਾਲਿਆ ਦਾ ਲੰਡਨ ਸਥਿਤ ਮਲਟੀ-ਮਿਲੀਅਨ ਘਰ ਖਾਲੀ ਕਰਵਾ ਲਿਆ ਜਾਵੇ। ਇਸ ਘਰ ਵਿੱਚ 62 ਸਾਲਾ ਵਿਜੇ ਮਾਲਿਆ ਤੋਂ ਇਲਾਵਾ ਉਨ੍ਹਾਂ ਦਾ 31 ਸਾਲਾ ਪੁੱਤਰ ਸਿਧਾਰਥ ਅਤੇ 92 ਸਾਲਾ ਮਾਂ ਲਲਿਤਾ ਰਹਿੰਦੀ ਹੈ।

Image copyright AFP

ਦਰਅਸਲ ਇਸ ਘਰ ਉੱਤੇ ਲਿਆ 185.4 ਕਰੋੜ ਦੇ ਕਰਜ਼ੇ ਦੀ ਤਰੀਕ ਖ਼ਤਮ ਹੋ ਰਹੀ ਹੈ। ਬੈਂਕ ਨੇ ਕਈ ਵਾਰੀ ਜਾਣਕਾਰੀ ਵੀ ਦਿੱਤੀ ਪਰ ਇਸ ਦੀ ਅਦਾਇਗੀ ਨਹੀਂ ਕੀਤੀ ਗਈ।

ਯੂਕੇ ਦੀ ਇੱਕ ਕੋਰਟ ਦੇ ਜੱਜ ਨੇ ਵਿਜੇ ਮਾਲਿਆ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਹੈ।

ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਬੰਦ ਕਰਨ ਦੀ ਦਿੱਤੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਮੈਕਸੀਕੋ ਬਾਰਡਰ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਜਾਵੇਗਾ। ਟਰੰਪ ਦਾ ਕਹਿਣਾ ਹੈ ਕਿ ਪਰਵਾਸੀ ਮੈਕਸੀਕੋ ਦੇ ਸਰਹੱਦੀ ਸ਼ਹਿਰ ਤਿਜੁਆਨਾ ਵਿੱਚ ਰਹਿੰਦੇ ਹਨ ਅਤੇ ਫਿਰ ਕਾਫਲੇ ਦੇ ਰੂਪ ਵਿੱਚ ਅਮਰੀਕਾ ਪਹੁੰਚਦੇ ਹਨ।

Image copyright Donald J. Trump/ twitter
ਫੋਟੋ ਕੈਪਸ਼ਨ ਟਰੰਪ ਨੇ ਪਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਬਾਰਡਰ ਪੂਰੀ ਤਰ੍ਹਾਂ ਬੰਦ ਕਰਨ ਦੀ ਦਿੱਤੀ ਚੇਤਾਵਨੀ

ਉਨ੍ਹਾਂ ਕਿਹਾ, "ਇਹ ਬੇਹੱਦ ਖਰਾਬ ਹਾਲਤ ਹੈ। ਜੇ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ ਤਾਂ ਅਸੀਂ ਉਦੋਂ ਤੱਕ ਦੇਸ ਵਿੱਚ ਦਾਖਿਲੇ ਉੱਤੇ ਪਾਬੰਦੀ ਲਾ ਦਿਆਂਗੇ ਜਦੋਂ ਤੱਕ ਇਸ ਉੱਤੇ ਕਾਬੂ ਨਹੀਂ ਪਾਇਆ ਜਾਂਦਾ। ਸਾਰਾ ਬਾਰਡਰ ਹੀ ਬੰਦ ਕਰ ਦਿੱਤਾ ਜਾਵੇਗਾ।"

ਉੱਥੇ ਹੀ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਦਾ ਕਹਿਣਾ ਹੈ ਕਿ ਮੈਕਸੀਕੋ ਸਰਹੱਦ ਨੇੜੇ ਤੈਨਾਤ ਮਿਲੀਟਰੀ ਪੁਲਿਸ ਨੂੰ ਹਥਿਆਰ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਉਨ੍ਹਾਂ ਕੋਲ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਹੋਵੇਗਾ।

ਦਰਅਸਲ 3000 ਕੇਂਦਰੀ ਅਮਰੀਕੀ ਪਰਵਾਸੀਆਂ ਦਾ ਕਾਫ਼ਲਾ ਮੈਕਸੀਕੋ ਦੇ ਸ਼ਹਿਰ ਤਿਜੁਆਨਾ ਪਹੁੰਚ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)