ਮਾਪਿਆਂ ਦੇ ਦੂਜੇ ਵਿਆਹ 'ਤੇ ਕਿਹੋ ਜਿਹਾ ਮਹਿਸੂਸ ਕਰਦੇ ਹਨ ਬੱਚੇ

ਕਾਫੀ ਵਿਦ ਕਰਨ Image copyright Instagram/saraalikhan95
ਫੋਟੋ ਕੈਪਸ਼ਨ ਕਰਨ ਜੋਹਰ ਦੇ ਚੈਟ ਸ਼ੋਅ ਵਿੱਚ ਪਿਤਾ ਸੈਫ ਅਲੀ ਖਾਨ ਨਾਲ ਅਦਾਕਾਰਾ ਸਾਰਾ

''ਆਪਣੇ ਮਾਪੇ ਕਿਸੇ ਨਾਲ ਵੰਡਣਾ ਸੌਖਾ ਨਹੀਂ ਹੁੰਦਾ। ਬਚਪਨ ਤੋਂ ਜੋ ਮੰਮੀ ਪਾਪਾ ਦਾ ਬੈੱਡਰੂਮ ਵੇਖਿਆ ਹੈ ਉਸ ਵਿੱਚ ਕੋਈ ਨਵਾਂ ਸ਼ਖਸ ਆ ਜਾਵੇ ਤਾਂ ਬੁਰਾ ਤਾਂ ਲੱਗਦਾ ਹੀ ਹੈ। ਪਰ ਹੌਲੀ ਹੌਲੀ ਆਦਤ ਪੈ ਜਾਂਦੀ ਹੈ ਤੇ ਫੇਰ ਕੁਝ ਵੀ ਅਜੀਬ ਨਹੀਂ ਲੱਗਦਾ।''

ਅਕਾਂਕਸ਼ਾ ਨੇ ਹੁਣ ਦੂਜੀ ਔਰਤ ਨੂੰ ਹੀ ਆਪਣੀ ਮਾਂ ਮੰਨ ਲਿਆ ਹੈ ਅਤੇ ਉਹ ਬੇਹਦ ਖੁਸ਼ ਵੀ ਹੈ। ਹਾਲਾਂਕਿ ਸ਼ੁਰੂਆਤ ਵਿੱਚ ਇਸ ਨਵੇਂ ਰਿਸ਼ਤੇ ਨੂੰ ਸਵੀਕਾਰਨਾ ਸੌਖਾ ਨਹੀਂ ਸੀ।

ਪਰ ਸਭ ਲਈ ਸ਼ਾਇਦ ਇਹ ਇੰਨਾ ਔਖਾ ਵੀ ਨਹੀਂ ਹੁੰਦਾ। ਟੀਵੀ ਚੈਟ ਸ਼ੋਅ 'ਕਾਫੀ ਵਿਦ ਕਰਨ' ਵਿੱਚ ਆਈ ਸੈਫ ਅਲੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਦੀਆਂ ਯਾਦਾਂ ਤੇ ਗੱਲਾਂ ਅਕਾਂਕਸ਼ਾ ਤੋਂ ਕੁਝ ਵੱਖਰੀਆਂ ਹਨ।

ਸੈਫ ਨੂੰ ਅੱਬਾ ਬੁਲਾਉਣ ਵਾਲੀ ਸਾਰਾ ਕਰੀਨਾ ਨੂੰ ਛੋਟੀ ਮਾਂ ਨਹੀਂ ਕਹਿੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਜਿਸ ਦਿਨ ਉਸਨੇ ਕਰੀਨਾ ਨੂੰ ਛੋਟੀ ਮਾਂ ਕਹਿ ਦਿੱਤਾ, ਕਰੀਨਾ ਦਾ ਨਰਵਸ ਬ੍ਰੇਕਡਾਉਨ ਹੀ ਹੋ ਜਾਏਗਾ ਯਾਨੀ ਉਹ ਹੈਰਾਨੀ ਨਾਲ ਬੇਹੋਸ਼ ਹੀ ਹੋ ਜਾਵੇਗੀ।

ਇਹ ਵੀ ਪੜ੍ਹੋ:

ਉਹ ਕਿਸੇ ਦਿਨ ਕਰੀਨਾ ਨਾਲ ਸ਼ਾਪਿੰਗ 'ਤੇ ਜਾਣਾ ਚਾਹੁੰਦੀ ਹੈ। ਪਰ ਕੀ ਸੌਤੇਲੇ ਰਿਸ਼ਤੇ ਇੰਨੇ ਦੋਸਤਾਨਾ ਹੋ ਸਕਦੇ ਹਨ?

ਸਾਰਾ ਨੇ ਕਿਹਾ, ''ਅੱਬਾ ਅਤੇ ਕਰੀਨਾ ਦਾ ਵਿਆਹ ਸੀ। ਮੰਮੀ ਨੇ ਖੁਦ ਆਪਣੇ ਹੱਥਾਂ ਨਾਲ ਮੈਨੂੰ ਤਿਆਰ ਕੀਤਾ ਤੇ ਅਸੀਂ ਅੱਬਾ ਦੇ ਵਿਆਹ ਵਿੱਚ ਗਏ।''

ਸਾਰਾ ਮੰਨਦੀ ਹਨ ਕਿ ਜੋ ਵੀ ਹੋਇਆ ਚੰਗੇ ਲਈ ਹੋਇਆ। ਉਨ੍ਹਾਂ ਦੇ ਮਾਪਿਆਂ ਦਾ ਵੱਖ ਹੋਣਾ ਤੇ ਪਿਤਾ ਦਾ ਕਰੀਨਾ ਨਾਲ ਵਿਆਹ ਕਰਨਾ।

ਉਨ੍ਹਾਂ ਚੈਟ ਸ਼ੋਅ 'ਤੇ ਕਿਹਾ, ''ਘੱਟੋ ਘੱਟ ਅੱਜ ਅਸੀਂ ਸਾਰੇ ਖੁਸ਼ ਹਾਂ, ਜੋ ਜਿੱਥੇ ਹੈ, ਖੁਸ਼ ਹੈ।''

Image copyright Instagram
ਫੋਟੋ ਕੈਪਸ਼ਨ ਸ਼ਬਾਨਾ ਆਜ਼ਮੀ ਫਰਹਾਨ ਅਖਤਰ ਦੀ ਸੌਤੇਲੀ ਮਾਂ ਹਨ

ਇਸੇ ਚੈਟ ਸ਼ੋਅ ਤੇ ਸਾਰਾ ਵਰਗੀਆਂ ਗੱਲਾਂ ਪਹਿਲਾਂ ਫਰਹਾਨ ਤੇ ਜ਼ੋਯਾ ਅਖਤਰ ਵੀ ਕਰ ਚੁੱਕੇ ਹਨ।

ਜ਼ੋਯਾ, ਫਰਹਾਨ ਅਤੇ ਸ਼ਬਾਨਾ ਆਜ਼ਮੀ ਦਾ ਰਿਸ਼ਤਾ ਵੀ ਕੁਝ ਅਜਿਹਾ ਹੀ ਹੈ। ਸ਼ਬਾਨਾ ਜਾਵੇਦ ਅਖਤਰ ਦੀ ਦੂਜੀ ਪਤਨੀ ਹੈ ਤੇ ਫਰਹਾਨ ਜ਼ੋਯਾ ਉਨ੍ਹਾਂ ਦੀ ਪਹਿਲੀ ਵਹੁਟੀ ਹਨੀ ਇਰਾਨੀ ਦੇ ਬੱਚੇ ਹਨ।

ਫਰਹਾਨ ਨੇ ਚੈਟ ਸ਼ੋਅ ਵਿੱਚ ਕਿਹਾ ਸੀ ਕਿ ਸ਼ੁਰੂਆਤ 'ਚ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਸ਼ਿਕਾਇਤਾਂ ਸਨ।

ਪਰ ਬਾਅਦ 'ਚ ਸ਼ਬਾਨਾ ਨਾਲ ਰਿਸ਼ਤੇ ਚੰਗੇ ਹੋ ਗਏ ਅਤੇ ਇਸ ਲਈ ਉਹ ਸ਼ਬਾਨਾ ਦੇ ਧੰਨਵਾਦੀ ਹਨ ਕਿਉਂਕਿ ਉਨ੍ਹਾਂ ਕਦੇ ਫਰਹਾਨ ਨੂੰ ਅਜੀਬ ਜਾਂ ਅਲਗ ਨਹੀਂ ਮਹਿਸੂਸ ਹੋਣ ਦਿੱਤਾ।

ਇਹ ਵੀ ਪੜ੍ਹੋ:

ਰਿਲੇਸ਼ਨਸ਼ਿੱਪ ਐਕਸਪਰਟ ਨਿਸ਼ਾ ਖੰਨਾ ਦਾ ਮੰਨਣਾ ਹੈ ਕਿ ਇਨ੍ਹਾਂ ਰਿਸ਼ਤਿਆਂ ਨੂੰ ਸਵੀਕਾਰਨਾ ਸੌਖਾ ਨਹੀਂ ਹੁੰਦਾ ਕਿਉਂਕਿ ਇਹ ਰਿਸ਼ਤੇ ਕਿਸੇ ਪੁਰਾਣੇ ਰਿਸ਼ਤੇ ਦੀ ਥਾਂ ਲੈਣ ਲਈ ਆਂਦੇ ਹਨ।

ਕਿਸੇ ਵੀ ਬੱਚੇ ਲਈ ਆਪਣੀਆਂ ਪੁਰਾਣੀਆਂ ਯਾਦਾਂ ਤੇ ਭਾਵਨਾਵਾਂ ਨੂੰ ਮਿਟਾ ਕੇ ਨਵੇਂ ਰਿਸ਼ਤੇ ਵਿੱਚ ਜੁੜਣਾ ਔਖਾ ਹੁੰਦਾ ਹੈ।

ਦਿੱਲੀ ਵਿੱਚ ਪੜ੍ਹਣ ਵਾਲੇ ਅਨੁਰਾਗ ਉਸ ਵੇਲੇ ਸੱਤਵੀਂ ਜਮਾਤ ਵਿੱਚ ਸਨ ਜਦ ਉਨ੍ਹਾਂ ਦੀ ਮਾਂ ਚੱਲ ਬਸੀ।

ਅਨੁਰਾਗ ਨੇ ਦੱਸਿਆ ਕਿ ਮਾਂ ਦੇ ਗੁਜ਼ਰਨ ਦੇ ਦੋ ਮਹੀਨਿਆਂ ਬਾਅਦ ਹੀ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ।

ਅਨੁਰਾਗ ਨੇ ਆਪਣੀ ਨਵੀਂ ਮਾਂ ਨੂੰ ਪਹਿਲੀ ਵਾਰ ਮਿਲਣ ਦਾ ਸਮਾਂ ਯਾਦ ਕਰਦਿਆਂ ਕਿਹਾ, ''ਪਾਪਾ ਜਦ ਉਨ੍ਹਾਂ ਨਾਲ ਘਰ ਆਏ ਤਾਂ ਮੈਂ ਆਪਣੇ ਦੋ ਛੋਟੇ ਭੈਣ ਭਰਾਵਾਂ ਨਾਲ ਟੀਵੀ ਵੇਖ ਰਿਹਾ ਸੀ।''

''ਪਾਪਾ ਨੇ ਕਿਹਾ, ਇਹ ਤੁਹਾਡੀ ਮੰਮੀ ਹੈ। ਅਸੀਂ ਕੁਝ ਕਿਹਾ ਤੇ ਨਹੀਂ ਪਰ ਨਵੀਂ ਮਾਂ ਦੇ ਬੋਲਣ ਤੋਂ ਪਹਿਲਾਂ ਹੀ ਉਸਨੂੰ ਬੁਰਾ ਮੰਨ ਲਿਆ ਸੀ। ਪਤਾ ਨਹੀਂ ਕਿਉਂ ਅਜਿਹਾ ਸੋਚ ਲਿਆ ਸੀ ਕਿ ਇਨ੍ਹਾਂ ਕਰਕੇ ਹੀ ਮਾਂ ਦੀ ਮੌਤ ਹੋਈ ਹੈ।''

ਹਾਲਾਂਕਿ ਹੁਣ ਰਿਸ਼ਤੇ ਠੀਕ ਹੋ ਗਏ ਹਨ ਪਰ ਅਨੁਰਾਗ ਨੇ ਕਾਫੀ ਲੰਮਾ ਸਮਾਂ ਨਫਰਤ, ਗੁੱਸੇ ਤੇ ਤਕਲੀਫ ਵਿੱਚ ਬਿਤਾਇਆ ਹੈ।

ਇਹ ਵੀਡੀਓ ਵੀ ਤੁਹਾਨੂੰ ਦਿਲਚਸਪ ਲੱਗ ਸਕਦੀ ਹੈ:

ਦਿੱਲੀ ਵਿੱਚ ਰਹਿਣ ਵਾਲੀ ਅਕਾਂਕਸ਼ਾ ਦੇ ਮਾਪੇ ਆਪਸੀ ਸਹਿਮਤੀ ਨਾਲ ਵੱਖ ਹੋਏ ਸਨ।

ਅਕਾਂਕਸ਼ਾ ਨੇ ਦੱਸਿਆ, ''ਮੈਨੂੰ ਸਮਝਾਇਆ ਗਿਆ ਸੀ ਕਿ ਸਾਡੇ ਵਿਚਕਾਰ ਕੋਈ ਲੜਾਈ ਨਹੀਂ ਹੈ ਪਰ ਅਸੀਂ ਨਾਲ ਨਹੀਂ ਰਹਿ ਸਕਦੇ।''

''ਮੈਂ ਪਾਪਾ ਦੇ ਨਾਲ ਰਹੀ ਪਰ ਕਰੀਬ ਸੱਤ ਮਹੀਨਿਆਂ ਬਾਅਦ ਪਾਪਾ ਨੇ ਮੈਨੂੰ ਇੱਕ ਔਰਤ ਨਾਲ ਮਿਲਵਾਇਆ। ਫਿਰ ਪਾਪਾ ਨੇ ਉਨ੍ਹਾਂ ਨਾਲ ਵਿਆਹ ਕਰ ਲਿਆ।''

''ਉਹ ਚੰਗੀ ਸੀ, ਪਰ ਮੈਨੂੰ ਲੱਗਦਾ ਸੀ ਕਿ ਉਹ ਮੈਨੂੰ ਮੇਰੇ ਪਿਓ ਤੋਂ ਦੂਰ ਕਰ ਰਹੀ ਹੈ। ਜਦ ਉਹ ਦੋਵੇਂ ਗੱਲਾਂ ਕਰਦੇ ਸਨ ਤਾਂ ਮੈਨੂੰ ਬੁਰਾ ਲੱਗਦਾ ਸੀ। ਇੰਝ ਲੱਗਦਾ ਸੀ ਜਿਵੇਂ ਉਹ ਮੇਰਾ ਸਭ ਕੁਝ ਖੋਹ ਰਹੀ ਹੈ।''

ਇਹ ਵੀਡੀਓ ਤੁਹਾਨੂੰ ਚੰਗੀ ਲੱਗੇਗੀ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੈਕਸ ਵਰਕਰਾਂ ਦੀਆਂ ਕੁੜੀਆਂ ਦੀ ਦਰਦ ਦਾਸਤਾਂ

ਅਕਾਂਕਸ਼ਾ ਦੱਸਦੀ ਹੈ ਕਿ ਉਸ ਨੇ ਇਸ ਬਾਰੇ ਆਪਣੀ ਮਾਂ ਨਾਲ ਵੀ ਗੱਲ ਕੀਤੀ ਅਤੇ ਉਸਦੀ ਮਾਂ ਨੇ ਉਸਨੂੰ ਸਮਝਾਇਆ ਵੀ। ਪਰ ਇਸ ਕਾਰਨ ਅਕਾਂਕਸ਼ਾ ਨੂੰ ਕਾਫੀ ਲੰਮਾ ਸਮਾਂ ਇਕੱਲੇਪਣ 'ਚ ਗੁਜ਼ਾਰਨਾ ਪਿਆ।

ਕੀ ਸੌਤੇਲੇ ਮਾਪੇ ਮਾੜੇ ਹੀ ਹੁੰਦੇ ਹਨ?

ਅਕਾਂਕਸ਼ਾ ਮੁਤਾਬਕ ਸਮਾਜ 'ਤੇ ਨਿਰਭਰ ਕਰਦਾ ਹੈ ਕਿ ਕੋਈ ਕਿੰਨੀ ਛੇਤੀ ਇੱਕ ਨਵੇਂ ਰਿਸ਼ਤੇ ਨੂੰ ਸਵੀਕਾਰ ਪਾਂਦਾ ਹੈ।

ਉਸਨੇ ਕਿਹਾ, ''ਸਾਡੀ ਸੋਸਾਈਟੀ ਵਿੱਚ ਕੁਝ ਗੱਲਾਂ ਨੂੰ ਲੈ ਕੇ ਇੱਕ ਪੈਟਰਨ ਸੈੱਟ ਕਰ ਦਿੱਤਾ ਗਿਆ ਹੈ। ਜ਼ਹਿਨ ਵਿੱਚ ਬੈਠ ਗਿਆ ਹੈ ਕਿ ਸੌਤੇਲੀ ਮਾਂ ਜਾਂ ਸੌਤੇਲੇ ਪਿਤਾ ਮਾੜਾ ਹੀ ਕਰਨਗੇ।''

ਅਕਾਂਕਸ਼ਾ ਨੇ ਦੱਸਿਆ ਕਿ ਪਿਤਾ ਦੇ ਦੂਜੇ ਵਿਆਹ ਦੇ ਕਿੰਨੇ ਸਮੇਂ ਬਾਅਦ ਤੱਕ ਵੀ ਦੋਸਤਾਂ ਦੇ ਘਰਵਾਲੇ ਪੁੱਛਦੇ ਸਨ ਕਿ ਨਵੀਂ ਮੰਮੀ ਕਿਹੋ ਜਿਹੀ ਹੈ।

ਅਕਾਂਕਸ਼ਾ ਨੇ ਕਿਹਾ, ''ਮੈਂ ਜੋ ਵੀ ਕਹਾਂ ਉਹ ਇਹੀ ਕਹਿੰਦੇ ਸੀ ਕਿ ਆਪਣੀ ਮਾਂ ਤਾਂ ਆਪਣੀ ਮਾਂ ਹੀ ਹੁੰਦੀ ਹੈ, ਤੂੰ ਰਹਿਣ ਲਈ ਆਪਣੀ ਮਾਂ ਕੋਲ੍ਹ ਹੀ ਚਲੀ ਜਾ।''

Image copyright Getty Images
ਫੋਟੋ ਕੈਪਸ਼ਨ ਸੌਤੇਲੇ ਮਾਤਾ ਪਿਤਾ ਅੱਗੇ ਵੀ ਚੁਣੌਤੀਆਂ ਹੁੰਦੀਆਂ ਹਨ

ਸਾਈਕੌਲਜਿਸਟ ਪ੍ਰਵੀਣ ਤ੍ਰਿਪਾਠੀ ਮੁਤਾਬਕ ਜੇ ਨਵੇਂ ਰਿਸ਼ਤੇ ਬਾਰੇ ਬੱਚਿਆਂ ਨਾਲ ਗੱਲ ਕੀਤੀ ਜਾਵੇ ਤਾਂ ਰਿਸ਼ਤੇ ਸੁਧਰ ਸਕਦੇ ਹਨ।

ਉਨ੍ਹਾਂ ਕਿਹਾ, ''ਕਈ ਵਾਰ ਲੋਕ ਗੱਲਾਂ ਘੁਮਾਕੇ ਬੱਚਿਆਂ ਨੂੰ ਦੱਸਦੇ ਹਨ ਜਾਂ ਪੂਰਾ ਸੱਚ ਨਹੀਂ ਦੱਸਦੇ ਜੋ ਕਿ ਇੱਕ ਵੱਡਾ ਖਤਰਾ ਬਣ ਸਕਦਾ ਹੈ।''

''ਗੱਲਾਂ ਜਿੰਨੀਆਂ ਸਾਫ ਰਹਿਣਗੀਆਂ ਪ੍ਰੇਸ਼ਾਨੀ ਓਨੀ ਹੀ ਘੱਟ ਹੋਵੇਗੀ। ਬੱਚੇ ਨੂੰ ਜੇ ਪਤਾ ਹੈ ਕਿ ਕੀ ਹੋਣ ਵਾਲਾ ਹੈ ਤਾਂ ਉਹ ਵੀ ਖੁਦ ਨੂੰ ਤਿਆਰ ਕਰ ਸਕੇਗਾ।''

ਪ੍ਰਵੀਣ ਨੇ ਦੱਸਿਆ ਕਿ ਅਜਿਹੇ ਰਿਸ਼ਤਿਆਂ ਨੂੰ ਲੈ ਕੇ ਆਮ ਤੌਰ 'ਤੇ ਬੱਚਿਆਂ ਵਿੱਚ ਗੁੱਸਾ ਰਹਿੰਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।

ਇਹ ਵੀ ਪੜ੍ਹੋ:

ਪ੍ਰਵੀਣ ਮੁਤਾਬਕ ਬੱਚੇ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ ਕਿ ਕਿਸੇ ਨੂੰ ਬਦਲਿਆ ਨਹੀਂ ਜਾ ਰਿਹਾ ਸਗੋਂ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਆ ਰਿਹਾ ਹੈ, ਇਸ ਨਾਲ ਬੱਚੇ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਉਨ੍ਹਾਂ ਮੁਤਾਬਕ ਰਿਸ਼ਤਿਆਂ ਵਿੱਚ ਪਰੇਸ਼ਾਨੀ ਕਰਕੇ ਬੱਚੇ ਵਿੱਚ ਗੁੱਸਾ ਤੇ ਚਿੜਚਿੜਾਪਨ ਵੱਧ ਸਕਦਾ ਹੈ। ਉਹ ਡਿਪਰੈਸ਼ਨ ਵਿੱਚ ਵੀ ਜਾ ਸਕਦਾ ਹੈ।

ਸਾਈਕੌਲਜਿਸਟ ਮੰਨਦੇ ਹਨ ਕਿ ਨਵਾਂ ਮੈਂਬਰ ਕਈ ਵਾਰ ਆਉਂਦੇ ਹੀ ਹੱਕ ਜਮਾਉਣ ਲੱਗਦਾ ਹੈ, ਜੋ ਕਿ ਗਲਤ ਹੈ, ਇਸ ਨਾਲ ਬੱਚਾ ਘਬਰਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ ਬੱਚੇ ਨੂੰ ਜੇ ਪੂਰਾ ਸੱਚ ਨਾ ਦੱਸਿਆ ਜਾਏ ਤਾਂ ਉਸ ਲਈ ਇਹ ਖਤਰਨਾਕ ਵੀ ਹੋ ਸਕਦਾ ਹੈ

ਪਰ ਅਜਿਹਾ ਨਹੀਂ ਹੈ ਕਿ ਮੁਸ਼ਕਲਾਂ ਸਿਰਫ ਬੱਚੇ ਨੂੰ ਹੀ ਆਉਂਦੀਆਂ ਹਨ, ਦੂਜੇ ਪੱਖ ਨੂੰ ਵੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇੱਕ ਨਵੇਂ ਮਾਹੌਲ 'ਚ ਖੁਦ ਨੂੰ ਢਾਲਣਾ, ਉਨ੍ਹਾਂ ਅਨੁਸਾਰ ਆਪਣੇ ਕੰਮਾਂ ਨੂੰ ਤੈਅ ਕਰਨਾ, ਆਪਣੀਆਂ ਜ਼ਰੂਰਤਾਂ ਨੂੰ ਬਦਲਣਾ, ਪਰਿਵਾਰ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰ ਨੂੰ ਇਹ ਸਭ ਕਰਨਾ ਪੈਂਦਾ ਹੈ।

ਹਾਲਾਂਕਿ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਘਰ ਵਿੱਚ ਆਉਣ ਵਾਲੀ ਨਵੀਂ ਨੂੰਹ ਵੀ ਕਰਦੀ ਹੈ ਪਰ ਜਦ ਅੱਗੇ 'ਸ਼ੌਤੇਲਾ' ਸ਼ਬਦ ਲੱਗ ਜਾਏ ਤਾਂ ਚੁਣੌਤੀਆਂ ਹੋਰ ਵੀ ਵਧ ਜਾਂਦੀਆਂ ਹਨ।

ਡਾ. ਪ੍ਰਵੀਣ ਮੁਤਾਬਕ ਸੌਤੇਲੀ ਮਾਂ ਤੋਂ ਵੀ ਮੁਸ਼ਕਲ ਸੌਤੇਲਾ ਪਿਤਾ ਬਣਨਾ ਹੁੰਦਾ ਹੈ। ਉਨ੍ਹਾਂ ਕਿਹਾ, ''ਮਰਦ ਸੁਭਾਅ ਤੋਂ 'ਹੈਡ ਆਫ ਦਿ ਫੈਮਿਲੀ' ਦੇ ਕਿਰਦਾਰ ਵਿੱਚ ਰਹਿਣਾ ਚਾਹੁੰਦੇ ਹਨ, ਅਜਿਹੇ ਵਿੱਚ ਉਨ੍ਹਾਂ ਲਈ ਚੀਜ਼ਾਂ ਨੂੰ ਦੂਜੇ ਦੇ ਨਜ਼ਰੀਏ ਤੋਂ ਸਮਝ ਪਾਣਾ ਔਖਾ ਹੁੰਦਾ ਹੈ।''

ਦੂਜੇ ਵਿਆਹ ਨੂੰ ਕਿਉਂ ਨਹੀਂ ਮਿਲਦਾ ਪਹਿਲੇ ਵਿਆਹ ਵਰਗਾ ਦਰਜਾ?

ਰਿਲੇਸ਼ਨਸ਼ਿਪ ਐਕਸਪਰਟ ਨਿਸ਼ਾ ਖੰਨਾ ਮੁਤਾਬਕ ਸਟੈੱਪ ਰਿਲੇਸ਼ਨ ਕਿਸੇ ਪੁਰਾਣੇ ਰਿਸ਼ਤੇ ਦੇ ਰਹਿੰਦੇ ਹੋਏ ਜਾਂ ਖਤਮ ਹੋਣ ਤੋਂ ਬਾਅਦ ਆਉਂਦਾ ਹੈ, ਪਰ ਸਾਡੇ ਸਮਾਜ ਵਿੱਚ ਪਹਿਲੇ ਰਿਸ਼ਤੇ ਨੂੰ ਹੀ ਉੱਤਮ ਮੰਨਿਆ ਜਾਂਦਾ ਹੈ।

ਸਾਡੇ ਇੱਥੇ ਵਿਆਹ ਨੂੰ ਸਭ ਤੋਂ ਪਵਿੱਤਰ ਤੇ ਜ਼ਿੰਦਗੀ ਭਰ ਨਾਲ ਰਹਿਣ ਵਾਲਾ ਰਿਸ਼ਤਾ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਦੂਜੇ ਵਿਆਹ ਨੂੰ ਤਰਜ਼ੀਹ ਨਹੀਂ ਮਿਲਦੀ ਤੇ ਸਮਾਜ ਅਜੇ ਵੀ ਉਸਨੂੰ ਖੁਲ੍ਹੇ ਤੌਰ 'ਤੇ ਸਵੀਕਾਰ ਨਹੀਂ ਕਰ ਪਾਂਦਾ।

ਉਨ੍ਹਾਂ ਕਿਹਾ, ''ਨਵੇਂ ਮੈਂਬਰ ਦੀ ਹਮੇਸ਼ਾ ਤੁਲਨਾ ਕੀਤੀ ਜਾਂਦੀ ਹੈ, ਅਜਿਹੇ ਵਿੱਚ ਚੁਣੌਤੀਆਂ ਵੱਧ ਜਾਂਦੀਆਂ ਹਨ। ਬੱਚੇ ਵੀ ਅਜਿਹਾ ਕਰਦੇ ਹਨ ਅਤੇ ਇਹੀ ਸਭ ਤੋਂ ਵੱਡਾ ਖਤਰਾ ਹੁੰਦਾ ਹੈ।''

ਹਾਲਾਂਕਿ ਨਿਸ਼ਾ ਮੰਨਦੀ ਹੈ ਕਿ ਜੇ ਬੱਚਿਆਂ ਨੂੰ ਵਿਸ਼ਵਾਸ ਵਿੱਚ ਲੈ ਕੇ ਇੱਕ ਨਵਾਂ ਰਿਸ਼ਤਾ ਸ਼ੁਰੂ ਕੀਤਾ ਜਾਏ ਤੇ ਉਨ੍ਹਾਂ ਨੂੰ ਛੋਟੇ-ਵੱਡੇ ਫੈਸਲਿਆਂ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਘੱਟ ਹੋ ਸਕਦੀਆਂ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਦਿਲਚਸਪ ਲੱਗ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)