ਮੈਰੀ ਕੌਮ: 6 ਵਾਰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ

ਮੈਰੀ ਕੌਮ Image copyright AFP/GETTY IMAGES
ਫੋਟੋ ਕੈਪਸ਼ਨ ਮੈਰੀ ਕੌਮ ਨੇ 48 ਕਿਲੋਗ੍ਰਾਮ ਦੇ ਲਾਈਟ ਫਲਾਈਵੇਟ ਕੈਟੇਗਰੀ ਵਿੱਚ ਯੂਕ੍ਰੇਨ ਦੀ ਹੇਨਾ ਓਖੋਟਾ ਨੂੰ ਹਰਾਇਆ

ਪੰਜ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਐਮ.ਸੀ. ਮੈਰੀ ਕੌਮ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਗਈ ਹੈ।

ਉਨ੍ਹਾਂ ਨੇ 48 ਕਿਲੋਗ੍ਰਾਮ ਦੇ ਲਾਈਟ ਫਲਾਈਵੇਟ ਕੈਟੇਗਰੀ ਵਿੱਚ ਯੂਕਰੇਨ ਦੀ ਹੇਨਾ ਓਖੋਟਾ ਨੂੰ ਹਰਾਇਆ ਹੈ।

35 ਸਾਲਾਂ ਮੈਰੀ ਕੌਮ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਕੇਡੀ ਜਾਧਵ ਇੰਡੋਰ ਸਟੇਡੀਅਮ ਵਿੱਚ ਹੇਨਾ ਨੂੰ ਇੱਕਪਾਸੜ ਮੈਚ ਵਿੱਚ 5-0 ਨਾਲ ਹਰਾ ਦਿੱਤਾ।

ਵਿਸ਼ਵ ਚੈਂਪੀਅਨਸ਼ਿਪ 'ਚ ਮੈਰੀ ਕੌਮ ਨੇ ਆਖ਼ਰੀ ਵਾਰ 2010 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 2002, 2005, 2006 ਅਤੇ 2008 ਵਿੱਚ ਵੀ ਸੋਨ ਤਮਗਾ ਜਿੱਚ ਚੁੱਕੀ ਹੈ।

ਇਸੇ ਰਿਕਾਰਡ ਦੇ ਨਾਲ ਮੈਰੀ ਕੌਮ ਨੇ ਆਇਰਲੈਂਡ ਦੀ ਕੇਟੀ ਟੇਲਰ ਦਾ 5 ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਪੁਰਸ਼ ਮੁੱਕੇਬਾਜ਼ ਫੈਲਿਕਸ ਸੇਵਨ ਦੇ 6 ਵਾਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਇਹ ਵੀ ਪੜ੍ਹੋ-

ਯੂਕਰੇਨ ਦੀ ਹੇਨਾ ਕੇਵਲ 22 ਸਾਲ ਦੀ ਹੈ। ਉਨ੍ਹਾਂ ਦੇ ਅਤੇ ਮੈਰੀ ਕੌਮ ਵਿਚਾਲੇ 13 ਸਾਲ ਦੀ ਉਮਰ ਦਾ ਫਰਕ ਹੈ। 'ਹੰਟਰ' ਉਪਨਾਮ ਨਾਲ ਪ੍ਰਸਿੱਧ ਹੇਨਾ ਨੇ ਯੂਰਪੀਅਨ ਯੂਥ ਚੈਂਪੀਅਨਸ਼ਿਪ ਵਿੱਚ ਕਾਂਸੇ ਦੇ ਤਮਗਾ ਜਿੱਤਿਆ ਸੀ।

ਮੈਰੀ ਦਾ ਬਚਪਨ

ਮਣੀਪੁਰ ਵਿੱਚ ਇੱਕ ਗਰੀਬ ਪਰਿਵਾਰ ਵਿੱਚ ਜੰਮੀ ਮੈਰੀ ਕੌਮ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਬਾਕਸਿੰਗ ਵਿੱਚ ਜਾਵੇ। ਬਚਪਨ ਵਿੱਚ ਮੈਰੀ ਕੌਮ ਘਰ ਦਾ ਕੰਮ ਕਰਦੀ ਸੀ, ਖੇਤ ਜਾਂਦੀ ਸੀ, ਭੈਣ-ਭਰਾਵਾਂ ਨੂੰ ਸੰਭਾਲਦੀ ਸੀ ਅਤੇ ਪ੍ਰੈਕਟਿਸ ਕਰਦੀ ਸੀ।

ਦਰਅਸਲ ਡਿੰਕੋ ਸਿੰਘ ਨੇ 1998 ਵਿੱਚ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਥੋਂ ਹੀ ਮੈਰੀ ਕੌਮ ਨੂੰ ਵੀ ਬਾਕਸਿੰਗ ਦਾ ਚਸਕਾ ਲੱਗਾ।

ਕਾਫੀ ਸਮੇਂ ਤੱਕ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਪਤਾ ਹੀ ਨਹੀਂ ਸੀ ਕਿ ਮੈਰੀ ਕੌਮ ਬਾਕਸਿੰਗ ਕਰ ਰਹੀ ਹੈ।

ਸਾਲ 2000 ਵਿੱਚ ਅਖ਼ਬਾਰ ਵਿੱਚ ਛਪੀ ਸਟੇਟ ਚੈਂਪੀਅਨ ਦੀ ਫੋਟੋ ਤੋਂ ਪਤਾ ਲੱਗਾ। ਪਿਤਾ ਨੂੰ ਡਰ ਸੀ ਕਿ ਬਾਕਸਿੰਗ ਵਿੱਚ ਸੱਟ ਲੱਗ ਗਈ ਤਾਂ ਇਲਾਜ ਕਰਵਾਉਣਾ ਮੁਸ਼ਕਿਲ ਹੋਵੇਗਾ ਅਤੇ ਵਿਆਹ ਵਿੱਚ ਵੀ ਦਿੱਕਤ ਹੋਵੇਗੀ।

ਪਰ ਮੈਰੀ ਕੌਮ ਨਹੀਂ ਮੰਨੀ। ਮਾਪਿਆਂ ਨੂੰ ਹੀ ਜਿੱਦ ਮੰਨਣੀ ਪਈ। ਮੈਰੀ ਨੇ 2001 ਤੋਂ ਬਾਅਦ 4 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ।

ਇਸ ਵਿਚਾਲੇ ਮੈਰੀ ਕੌਮ ਦਾ ਵਿਆਹ ਹੋਇਆ ਅਤੇ ਦੋ ਜੌੜੇ ਬੱਚੇ ਵੀ ਹੋਏ।

ਮੈਰੀ ਕੌਮ ਦੇ ਜੀਵਨ 'ਤੇ ਬਾਲੀਵੁੱਡ 'ਚ ਬਾਓਪਿਕ ਵੀ ਬਣ ਚੁੱਕੀ ਹੈ, ਜਿਸ ਵਿੱਚ ਪ੍ਰਿਅੰਕਾ ਚੋਪੜਾ ਨੇ ਮੈਰੀ ਕੌਮ ਦੀ ਭੂਮਿਕਾ ਅਦਾ ਕੀਤੀ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)