ਅਯੁੱਧਿਆ ਦਾ ਅਸਲ ਇਤਿਹਾਸ ਕੀ ਹੈ ਜਿੱਥੇ ਰਾਮ ਮੰਦਰ ਦੀ ਉਸਾਰੀ ਲਈ ਹੋ ਰਿਹਾ ਇਕੱਠ

ਅਯੁੱਧਿਆ Image copyright Getty Images

ਅਯੁੱਧਿਆ ਅਤੇ ਪ੍ਰਤੀਸ਼ਠਾਨਪੁਰ (ਝੂੰਸੀ) ਦਾ ਇਤਿਹਾਸ ਬ੍ਰਹਮਾ ਜੀ ਦੇ ਮਾਨਸ ਪੁੱਤਰ ਮਨੂੰ ਤੋਂ ਸ਼ੁਰੂ ਹੁੰਦਾ ਹੈ।

ਪ੍ਰਤੀਸ਼ਠਾਨਪੁਰ ਦੀ ਸਥਾਪਨਾ ਚੰਦਰਵੰਸ਼ੀ ਹਾਕਮਾਂ ਨੇ ਕੀਤੀ ਜੋ ਮਨੂੰ ਦੇ ਪੁੱਤਰ ਏਲ ਨਾਲ ਜੁੜੇ ਹੋਏ ਸਨ ਜਿਸ ਨੂੰ ਸ਼ਿਵ ਦੇ ਸਰਾਪ ਨੇ ਇਲਾ ਬਣਾ ਦਿੱਤਾ ਸੀ। ਉਸੇ ਤਰ੍ਹਾਂ ਅਯੁੱਧਿਆ ਦੀ ਮੋੜ੍ਹੀ ਸੂਰਜਵੰਸ਼ੀ ਮਨੂੰ ਦੇ ਪੁੱਤਰ ਇਕਸ਼ਵਾਕੁ ਨੇ ਗੱਢੀ।

ਬੇਂਟਲੀ ਅਤੇ ਪਾਜਿਰਟਰ ਵਰਗੇ ਵਿਦਵਾਨਾਂ ਨੇ ਗ੍ਰਹਿ ਮੰਜਰੀ ਵਰਗੇ ਪ੍ਰਾਚੀਨ ਭਾਰਤੀ ਗ੍ਰੰਥਾਂ ਦੇ ਆਧਾਰ 'ਤੇ ਇਨ੍ਹਾਂ ਦੀ ਸਥਾਪਨਾ ਦਾ ਕਾਲ 2200 ਈ.ਪੂ. ਨਿਰਧਾਰਿਤ ਕੀਤਾ ਹੈ। ਧਾਰਣਾ ਹੈ ਕਿ ਰਾਮ ਚੰਦਰ ਜੀ ਦੇ ਪਿਤਾ ਇਸੇ ਵੰਸ਼ ਦੇ 63 ਵੇਂ ਸ਼ਾਸ਼ਕ ਸਨ।

ਅਯੁੱਧਿਆ ਦਾ ਮਹੱਤਵ ਇਸ ਕਾਰਨ ਵੀ ਹੈ ਕਿ ਜਦੋਂ ਵੀ ਭਾਰਤੀ ਗ੍ਰੰਥਾਂ ਵਿੱਚ ਤੀਰਥ ਦਾ ਨਾਮ ਆਉਂਦਾ ਹੈ ਸਭ ਤੋਂ ਪਹਿਲਾਂ ਅਯੁੱਧਿਆ ਦਾ ਨਾਂ ਆਉਂਦਾ ਹੈ।

ਜੈਨ ਪ੍ਰੰਬਰਾ ਮੁਤਾਬਕ ਜੈਨੀਆਂ ਦੇ 24 ਵੱਚੋਂ 22 ਇਕਸ਼ਵਾਕੁ ਵੰਸ਼ ਦੇ ਸਨ।

Image copyright SAMEERATMAJ MISHRA/BBC
ਫੋਟੋ ਕੈਪਸ਼ਨ ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਤਰੇਤਾ ਯੁੱਗ ਦੇ ਰਾਮ ਚੰਦਰ ਤੋਂ ਲੈ ਕੇ ਦੁਆਪਰ ਕਾਲ ਦੀ ਮਹਾਂਭਾਰਤ ਤੱਕ ਅਤੇ ਉਸ ਤੋਂ ਬਾਅਦ ਵੀ ਸਾਨੂੰ ਅਯੁੱਧਿਆ ਦੇ ਪ੍ਰਮਾਣ ਮਿਲਦੇ ਹਨ

ਸਭ ਤੋਂ ਪਹਿਲੇ ਤੀਰਥੰਕਰ ਆਦਿਨਾਥ ਦੇ ਨਾਲ ਚਾਰ ਹੋਰਾਂ ਦਾ ਜਨਮ ਵੀ ਅਯੁੱਧਿਆ ਦਾ ਹੀ ਹੈ। ਬੋਧੀ ਰਵਾਇਤਾਂ ਮੁਤਾਬਕ ਬੁੱਧ ਦੇਵ ਨੇ ਇੱਥੇ 16 ਸਾਲ ਬਿਤਾਏ ਹਨ।

ਇਸ ਪ੍ਰਕਾਰ ਇਹ ਹਿੰਦੂ ਅਤੇ ਉਸਦੇ ਵਿਰੋਧੀ ਜੈਨ ਅਤੇ ਬੋਧੀਆਂ ਦਾ ਸਾਂਝਾ ਤੀਰਥ ਰਿਹਾ ਹੈ। ਮੱਧ ਕਾਲ ਦੇ ਸੰਤ ਰਮਾਨੰਦ ਦੀਆਂ ਗਤੀਵਿਧੀਆਂ ਦਾ ਕੇਂਦਰ ਵੀ ਅਯੁਧਿਆ ਰਿਹਾ ਹੈ।

ਉੱਤਰ ਭਾਰਤ ਦੇ ਤਮਾਮ ਹਿੱਸਿਆਂ ਜਿਵੇਂ ਕੌਸ਼ਲ, ਕਪਿਲਵਸਤੂ, ਵੈਸ਼ਾਲੀ ਅਤੇ ਮਿਥਲਾ ਆਦੀ ਵਿੱਚ ਅਯੁਧਿਆ ਦੇ ਇਕਸ਼ਵਾਕੁ ਵੰਸ਼ਜਾਂ ਨੇ ਹੀ ਰਾਜ ਕਾਇਮ ਕੀਤੇ ਸਨ।

ਜਿੱਥੇ ਤੱਕ ਮਨੂੰ ਦੇ ਕਾਇਮ ਕੀਤੇ ਅਯੁਧਿਆ ਦਾ ਸੰਬੰਧ ਹੈ, ਸਾਨੂੰ ਵਾਲਮੀਕ ਰਮਾਇਮ ਦੇ ਬਾਲਕਾਂਡ ਵਿੱਚ ਜ਼ਿਕਰ ਮਿਲਦਾ ਹੈ ਕਿ ਇਹ 12 ਯੋਜਨ ਲੰਬੀ ਅਤੇ 3 ਯੋਜਨ ਚੌੜੀ ਸੀ।

Image copyright Twitter/Yogi

ਡੂੰਘਾ ਇਤਿਹਾਸ

7ਵੀਂ ਸਦੀ ਦੇ ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਨੂੰ 'ਪਿਕੋਸੀਆ' ਲਿਖਿਆ ਹੈ। ਉਸ ਮੁਤਾਬਕ ਇਹ 16 ਲੀ (ਇੱਕ ਚੀਨੀ ਲੀ 1/6 ਮੀਲ ਦੇ ਬਰਾਬਰ ) ਸੀ।

ਆਇਨੇ-ਅਕਬਰੀ ਵਿੱਚ ਇਸ ਦੀ ਲੰਬਾਈ 148 ਕੋਹ ਅਤੇ ਚੌੜਾਈ 32 ਕੋਹ ਲਿਖੀ ਮਿਲਦੀ ਹੈ।

ਇਹ ਵੀ ਪੜ੍ਹੋ:

ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਤਰੇਤਾ ਯੁੱਗ ਦੇ ਰਾਮ ਚੰਦਰ ਤੋਂ ਲੈ ਕੇ ਦੁਆਪਰ ਕਾਲ ਦੀ ਮਹਾਂਭਾਰਤ ਤੱਕ ਅਤੇ ਉਸ ਤੋਂ ਬਾਅਦ ਵੀ ਸਾਨੂੰ ਅਯੁਧਿਆ ਦੇ ਪ੍ਰਮਾਣ ਮਿਲਦੇ ਹਨ।

ਇਕਸ਼ਵਾਕੁ ਵੰਸ਼ ਦਾ ਬ੍ਰਹਦਰੱਥ ਮਹਾਂਭਾਰਤ ਵਿੱਚ ਅਭਿਮਨਿਊ ਦੇ ਹੱਥੋਂ ਮਾਰਿਆ ਗਿਆ ਸੀ।

Image copyright Getty Images
ਫੋਟੋ ਕੈਪਸ਼ਨ ਜਦੋਂ 1580 ਵਿੱਚ ਅਕਬਰ ਨੇ ਆਪਣੀ ਸਲਤਨਤ ਨੂੰ 12 ਸੂਬਿਆਂ ਵਿੱਚ ਵੰਡਿਆ ਤਾਂ ਅਯੁੱਧਿਆ ਅਵਧ ਦੀ ਰਾਜਧਾਨੀ ਬਣਿਆ

ਫਿਰ ਲਵ ਨੇ ਸ਼੍ਰਵਸਤੀ ਵਸਾਈ ਜਿਸਦਾ ਲੇਖਾ ਸਾਨੂੰ 800 ਸਾਲਾਂ ਤੱਕ ਮਿਲਦਾ ਹੈ। ਫਿਰ ਇਹ ਨਗਰ ਮਗਧ ਦੇ ਮੌਰਿਆ ਹੁਕਮਰਾਨਾਂ ਤੋਂ ਬਾਅਦ ਗੁਪਤਿਆਂ ਅਤੇ ਕਨੌਜ ਦੇ ਹਾਕਮਾਂ ਦੇ ਅਧੀਨ ਰਿਹਾ। ਅੰਤ ਵਿੱਚ ਇੱਥੇ ਮੁਹੰਮਦ ਗੌਰੀ ਦੇ ਭਾਣਜੇ ਸਇਦ ਸਲਾਰ ਨੇ ਤੁਰਕ ਹਕੂਮਤ ਕਾਇਮ ਕੀਤੀ ਜਿਸ ਦੀ 1033 ਵਿੱਚ ਮੌਤ ਹੋ ਗਈ।

ਤੈਮੂਰ ਤੋਂ ਬਾਅਦ ਇੱਥੇ ਸ਼ੱਕਾਂ ਦਾ ਰਾਜ ਕਾਇਮ ਹੋ ਗਿਆ। ਸ਼ੱਕਾਂ ਵਿੱਚ ਸਭ ਤੋਂ ਵਰਨਣਯੋਗ ਹੈ ਮਹਿਮੂਦ ਸ਼ਾਹ।

1526 ਵਿੱਚ ਬਾਬਰ ਨੇ ਮੁਗਲ ਰਾਜ ਦੀ ਨੀਂਹ ਰੱਖੀ ਅਤੇ ਉਸਦੇ ਸੈਨਾਪਤੀ ਨੇ 1528 ਵਿੱਚ ਇੱਥੇ ਹਮਲਾ ਕਰਕੇ ਮਸਜਿਦ ਦੀ ਉਸਾਰੀ ਕਰਵਾਈ ਜਿਸ ਨੂੰ 1992 ਵਿੱਚ ਰਾਮ ਜਨਮ ਭੂਮੀ ਲਹਿਰ ਹੇਠ ਢਾਹ ਦਿੱਤਾ ਗਿਆ।

Image copyright Getty Images
ਫੋਟੋ ਕੈਪਸ਼ਨ ਅਯੁੱਧਿਆ, ਫੈਜ਼ਾਬਾਦ ਅਤੇ ਲਖਨਊ ਅਵਧ ਦੇ ਨਵਾਬਾਂ ਦੀ ਗਾਹੇ ਬਗਾਹੇ ਰਾਜਧਾਨੀ ਰਹੇ

ਅਕਬਰ ਦਾ ਅਵਧ ਸੂਬਾ

ਗੰਗਾ ਦੇ ਉੱਤਰੀ ਹਿੱਸੇ ਨੂੰ ਪੂਰਬੀ ਹਿੱਸਿਆਂ ਅਤੇ ਦਿੱਲੀ-ਆਗਰਾ ਨੂੰ ਦੂਰ ਬੰਗਾਲ ਤੱਕ ਜੋੜਨ ਵਾਲਾ ਰਾਹ ਇੱਥੋਂ ਹੀ ਲੰਘਦਾ ਸੀ।

ਜਦੋਂ 1580 ਵਿੱਚ ਅਕਬਰ ਨੇ ਆਪਣੀ ਸਲਤਨਤ ਨੂੰ 12 ਸੂਬਿਆਂ ਵਿੱਚ ਵੰਡਿਆ ਤਾਂ ਅਯੁੱਧਿਆ ਅਵਧ ਦੀ ਰਾਜਧਾਨੀ ਬਣਿਆ।

1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਟੁੱਟਣਾ ਸ਼ੁਰੂ ਹੋਇਆ ਤਾਂ ਕਈ ਸੁਤੰਤਰ ਰਾਜਾਂ ਦਾ ਉਭਾਰ ਹੋਇਆ।

ਅਵਧ ਵੀ ਸੁਤੰਤਰ ਰਾਜ ਬਣਿਆ। 1731 ਈ. ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੇ ਇਸ ਖੇਤਰ 'ਤੇ ਕਬਜ਼ਾ ਕਰਨ ਲਈ ਆਪਣੇ ਜਰਨੈਲ ਸਅਦਤ ਖਾਮ ਨੂੰ ਭੇਜਿਆ।

ਉਸ ਦੀ ਮੌਤ ਤੋਂ ਬਾਅਦ ਉਸ ਦਾ ਜਵਾਈ ਮਨਸੂਰ ਅਲੀ ਇਸ ਦਾ ਹੁਕਮਰਾਨ ਬਣਿਆ ਅਤੇ ਉਸ ਨੇ ‘ਸਫ਼ਦਰਜੰਗ’ ਦੀ ਉਪਾਧੀ ਧਾਰਣ ਕੀਤੀ।

ਉਸ ਦਾ ਪ੍ਰਧਾਨ ਮੰਤਰੀ ਕਾਇਸਥ ਨਵਲ ਰਾਏ ਸੀ। ਇਸੇ ਸਫ਼ਦਰਜੰਗ ਦੇ ਸਮੇਂ ਅਯੁੱਧਿਆ ਵਾਲਿਆਂ ਨੂੰ ਧਾਰਮਿਕ ਆਜ਼ਾਦੀ ਹਾਸਲ ਹੋਈ। ਉਸ ਮਗਰੋਂ ਉਸ ਦਾ ਬੇਟਾ ਸ਼ੁਜਾ-ਉਦ ਦੌਲਾ (1754-1775 ਈ.) ਅਵਧ ਦਾ ਨਵਾਬ ਬਣਿਆ। ਉਸੇ ਨੇ ਅਯੁਧਿਆ ਦੇ ਪੂਰਬ ਵਿੱਚ ਫੈਜ਼ਾਬਾਦ ਵਸਾਇਆ।

ਇਹੀ ਨਗਰ ਅਯੁੱਧਿਆ ਤੋਂ ਵੱਖਰਾ ਅਤੇ ਲਖਨਊ ਦੀ ਪੂਰਬ ਛਾਇਆ ਬਣਿਆ। ਸ਼ੁਜਾ-ਉਦ ਦੌਲਾ ਦੀ ਮੌਤ (1775 ਈ.) ਤੋਂ ਬਾਅਦ ਉਸ ਦੀ ਪਤਨੀ ਫੈਜ਼ਾਬਾਦ ਵਿੱਚ ਰਹੀ। ਉਨ੍ਹਾਂ ਦੇ ਪੁੱਤਰ ਆਸਫ-ਉਦਦੌਲਾ ਨੇ ਲਖਨਊ ਵਸਾਇਆ ਅਤੇ ਉਸੇ ਨੂੰ ਆਪਣੀ ਰਾਜਧਾਨੀ ਬਣਾਇਆ।

Image copyright Getty Images
ਫੋਟੋ ਕੈਪਸ਼ਨ 1707 ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਟੁੱਟਣਾ ਸ਼ੁਰੂ ਹੋਇਆ ਤਾਂ ਕਈ ਸੁਤੰਤਰ ਰਾਜਾਂ ਦਾ ਉਭਾਰ ਹੋਇਆ

ਅਯੁੱਧਿਆ, ਫੈਜ਼ਾਬਾਦ ਅਤੇ ਲਖਨਊ ਅਵਧ ਦੇ ਨਵਾਬਾਂ ਦੀ ਗਾਹੇ ਬਗਾਹੇ ਰਾਜਧਾਨੀ ਰਹੇ। ਇਸ ਸੂਬੇ ਦੇ ਸੰਸਥਾਪਕ ਕਿਉਂਕਿ ਮੁਗਲ ਸਨ ਇਸ ਲਈ ਉਹ ਆਪਣੇ ਆਪ ਨੂੰ ਨਵਾਬ-ਵਜ਼ੀਰ ਕਹਾਉਂਦੇ ਸਨ।

ਵਾਜਿਦ ਅਲੀ ਸ਼ਾਹ ਅਵਧ ਦਾ ਆਖਰੀ ਨਵਾਬ-ਵਜ਼ੀਰ ਸੀ। ਉਸ ਦੀ ਬੇਗਮ ਅਤੇ ਪੁੱਤਰ 1857-58 ਤੱਕ ਅੰਗਰੇਜ਼ਾਂ ਨਾਲ ਲੜਦੇ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਹਾਰ ਮੰਨ ਲਈ।

ਇਸੇ ਵਾਜਿਦ ਅਲੀ ਸ਼ਾਹ ਦੇ ਸਮੇਂ ਖਿੱਤੇ ਦਾ ਪਹਿਲਾ ਫਿਰਕੂ ਵਿਵਾਦ ਹਨੂੰਮਾਨਗੜ੍ਹੀ ਵਿੱਚ ਉੱਠਿਆ। ਵਾਜਿਦ ਅਲੀ ਸ਼ਾਹ ਨੇ ਹਿੰਦੂਆਂ ਦੇ ਪੱਖ ਵਿੱਚ ਫੈਸਲਾ ਦਿੰਦਿਆਂ ਲਿਖਿਆ-

“ਹਮ ਇਸ਼ਕ ਕੇ ਬੰਦੇ ਹੈਂ ਮਜ਼ਹਬ ਸੇ ਨਹੀਂ ਵਾਕਿਫ਼,

ਗ਼ਰ ਕਾਬਾ ਹੂਆ ਤੋ ਕਿਆ, ਬੁਤਖ਼ਾਨਾ ਹੂਆ ਤੋ ਕਿਆ?”

ਇਸ ਫੈਸਲੇ ਲਈ ਨਵਾਬ ਨੂੰ ਲਾਰਡ ਡਲਹੌਜੀ ਨੇ ਵੀ ਵਧਾਈ ਭੇਜੀ। ਹੁਣ ਅਯੁੱਧਿਆ ਦਾ ਇਤਿਹਾਸ ਖੋਜਣ ਵਾਲਿਆਂ ਨੂੰ ਇਹੀ ਦਿੱਕਤ ਆਵੇਗੀ ਕਿ ਅਸਲ ਵਿੱਚ ਇਸ ਦਾ ਇਤਿਹਾਸ ਹੈ ਕੀ? ਫੈਜ਼ਾਬਾਦ ਦੇ ਇਤਿਹਾਸ ਦਾ ਕਾਲ ਕ੍ਰਮ ਕੀ ਹੈ? ਕੀ ਇਸੇ ਫੈਜ਼ਾਬਾਦ ਦੇ ਨਕਸ਼ੇ ਉੱਪਰ ਪੁਰਾਣਾ ਲਖਨਊ ਵਸਿਆ ਸੀ ਅਤੇ ਕਿਵੇਂ?

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਵਾਜਿਦ ਅਲੀ ਸ਼ਾਹ ਅਵਧ ਦਾ ਆਖਰੀ ਨਵਾਬ-ਵਜ਼ੀਰ ਸੀ। ਉਸ ਦੀ ਬੇਗਮ ਅਤੇ ਪੁੱਤਰ 1857-58 ਤੱਕ ਅੰਗਰੇਜ਼ਾਂ ਨਾਲ ਲੜਦੇ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਹਾਰ ਮੰਨ ਲਈ

ਇਤਿਹਾਸ ਦੇ ਪਾੜਿਆਂ ਦੀ ਸਮੱਸਿਆ

ਨਾਮਕਰਣ ਮੂਲ ਤੌਰ ਉੱਤੇ ਉਸੇ ਦਾ ਹੱਕ ਹੁੰਦਾ ਹੈ ਜਿਸ ਨੇ ਨਵੇਂ ਨਗਰ ਜਾਂ ਇਮਾਰਤ ਦੀ ਉਸਾਰੀ ਕਰਵਾਈ ਹੋਵੇ। ਪਰ ਜੇ ਕਿਸੇ ਥਾਂ ਦਾ ਨਾਮ ਬਦਲਣਾ ਵੀ ਪਵੇ ਤਾਂ ਲੋਕਤੰਤਰ ਵਿੱਚ ਲੋਕਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ ਜਿਸ ਦਾ ਸਿੱਧਾ ਜਿਹਾ ਢੰਗ ਰਾਇਸ਼ੁਮਾਰੀ ਹੈ।

ਭਾਰਤੀ ਸੰਵਿਧਾਨ ਦੀ ਭੂਮਿਕਾ ਦੀ ਵੀ ਇਹੀ ਭਾਵਨਾ ਹੈ- "ਅਸੀਂ ਭਾਰਤ ਦੇ ਲੋਕ", ਇੱਥੇ ਲੋਕਾਂ ਤੋਂ ਭਾਵ ਹੁਕਮਰਾਨ ਜਮਾਤ ਨਹੀਂ ਹੈ। ਇਹ ਸਵਾਲ ਲਾਜ਼ਮੀ ਹੈ, ਕੀ ਕਿਸੇ ‘ਰਾਇਸ਼ੁਮਾਰੀ’ ਨਾਲ ਇਹ ਨਾਮ ਬਦਲੇ ਜਾ ਰਹੇ ਹਨ ਜਾਂ ਹੁਕਮਰਾਨ ਦੇ ਮਨ ਦੀ ਮੌਜ ਨਾਲ।

ਕਿਹਾ ਜਾਂਦਾ ਹੈ ਕਿ ਇਨਸਾਫ ਨਾ ਸਿਰਫ ਨਿਰਪੱਖ ਢੰਗ ਨਾਲ ਕੀਤਾ ਜਾਵੇ ਸਗੋਂ ਉਹ ਨਿਰਪੱਖ ਲੱਗਣਾ ਵੀ ਚਾਹੀਦਾ ਹੈ। ਕੀ ਪ੍ਰਯਾਗਰਾਜ ਅਤੇ ਅਯੁੱਧਿਆ ਦੇ ਕੇਸਾਂ ਵਿੱਚ ਇਨਸਾਫ਼ ਪਸੰਦ ਅਤੇ ਲੋਕਤੰਤਰੀ ਸਿਧਾਂਤ ਦੀ ਪਾਲਣਾ ਕੀਤੀ ਗਈ?

Image copyright SAMEERATMAJ MISHRA/BBC
ਫੋਟੋ ਕੈਪਸ਼ਨ 7ਵੀਂ ਸਦੀ ਦੇ ਚੀਨੀ ਯਾਤਰੀ ਹਿਊਨ ਸਾਂਗ ਨੇ ਇਸ ਨੂੰ 'ਪਿਕੋਸੀਆ' ਲਿਖਿਆ ਹੈ। ਉਸ ਮੁਤਾਬਕ ਇਹ 16 ਲੀ (ਇੱਕ ਚੀਨੀ ਲੀ 1/6 ਮੀਲ ਦੇ ਬਰਾਬਰ ) ਸੀ

ਜੇ ਅਸੀਂ ਮੰਨ ਵੀ ਲਈਏ ਕਿ ਮੁਸਲਿਮ ਹੁਕਮਰਾਨਾਂ ਨੇ ਜੋ ਕੀਤਾ ਉਹ ਸਿਰਫ ਮਾੜਾ ਹੀ ਕੀਤਾ ਤਾਂ ਜੋ ਕੁਝ ਉਹ 12ਵੀਂ ਤੋਂ 17ਵੀਂ ਸਦੀ ਵਿੱਚ ਕਰ ਰਹੇ ਸਨ ਉਹੀ ਅਸੀਂ 21ਵੀਂ ਸਦੀ ਵਿੱਚ ਕਰ ਰਹੇ ਹਾਂ। ਕੀ ਉਹੀ ਕੁਝ ਕਰਕੇ ਅਸੀਂ ਵਧੇਰੇ ਸਭਿਅਕ ਲੱਗ ਰਹੇ ਹਾਂ?

ਭਾਰਤ ਦੀ ਕੌਮਾਂਤਰੀ ਛਵੀ ਕਿਹੋ-ਜਿਹੀ ਬਣ ਰਹੀ ਹੈ? ਕੀ ਇਹ ਸਭ ਸਾਡੀ ਕੌਮੀ ਏਕਤਾ ਅਕੇ ਅਖੰਡਤਾ ਲਈ ਠੀਕ ਹੈ? ਕੀ ਸਾਡੀ ਵਿਰਾਸਤ ਇੱਕ ਰੰਗੀ ਹੈ? ਕੀ ਜਿਸ ਹਿੰਦੂ ਸੰਸਕ੍ਰਿਤੀ ਦੇ ਅਸੀਂ ਸੋਹਲੇ ਗਾਉਂਦੇ ਨਹੀਂ ਥੱਕਦੇ ਉਹ ਵੀ "ਵਸੁਦੇਵ ਕੁਟੁਮਬਕ" ਦੇ ਸਿਧਾਂਤ ਦੀ ਹਮਾਇਤੀ ਨਹੀਂ ਹੈ ਜਾਂ ਨਹੀਂ ਸੀ?

ਕੀ ਇਸੇ ਕਾਰਨ ਇਕਬਾਲ ਨੇ ਨਹੀਂ ਸੀ ਲਿਖਿਆ ਕਿ

"ਕੁਛ ਤੋ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,

ਸਦੀਓਂ ਰਹਾ ਹੈ ਦੁਸ਼ਮਨ ਦੌਰੇ ਜਹਾਂ ਹਮਾਰਾ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)