ਪਾਕਿਸਤਾਨ 'ਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ 'ਚ ਹਰਸਿਮਰਤ ਬਾਦਲ ਹੋਣਗੇ ਸ਼ਾਮਲ - ਅੱਜ ਦੀਆਂ 5 ਮੁੱਖ ਖ਼ਬਰਾਂ

ਹਰਸਿਮਰਤ ਬਾਦਲ Image copyright Getty Images
ਫੋਟੋ ਕੈਪਸ਼ਨ ਸੁਸ਼ਮਾ ਸਵਰਾਜ ਨੇ ਆਪਣੀ ਥਾਂ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਲਈ ਪਾਕਿਸਤਾਨ ਸਰਕਾਰ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸੱਦਾ ਭੇਜਿਆ ਗਿਆ ਹੈ।

ਹਾਲਾਂਕਿ ਸੁਸ਼ਮਾ ਸਵਰਾਜ ਨੇ ਆਪਣੀ ਥਾਂ 'ਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਭੇਜਣ ਦੀ ਗੱਲ ਆਖੀ ਹੈ।

ਸੁਸ਼ਮਾ ਸਵਰਾਜ ਮੁਤਾਬਕ ਉਨ੍ਹਾਂ ਵੱਲੋਂ ਪਹਿਲਾਂ ਹੀ ਤੈਅ ਸੂਚੀ ਮੁਤਾਬਕ ਉਹ ਉਸ ਦਿਨ ਤੇਲੰਗਾਨਾ ਵਿੱਚ ਚੋਣ ਪ੍ਰਚਾਰ ਲਈ ਜਾਣਗੇ। ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ 28 ਨਵੰਬਰ ਨੂੰ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਨੂੰ ਵੀ ਸੱਦਾ ਭੇਜਿਆ ਗਿਆ ਹੈ। ਸਿੱਧੂ ਵੱਲੋਂ ਉਨ੍ਹਾਂ ਦਾ ਸੱਦਾ ਸਵੀਕਾਰ ਕਰ ਲਿਆ ਗਿਆ ਹੈ।

ਅਯੁੱਧਿਆ 'ਚ ਵੀਐੱਚਪੀ ਅਤੇ ਸ਼ਿਵ ਸੈਨਾ ਦੀ ਧਰਮ ਸਭਾ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਦੇ ਚੱਲਦਿਆਂ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Image copyright Shakeel Akhtar/BBC
ਫੋਟੋ ਕੈਪਸ਼ਨ ਧਰਮ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ

ਤਿੰਨ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰਨ ਲਈ ਤਾਇਨਾਤ ਕੀਤਾ ਗਿਆ ਹੈ।

ਇਸ ਸਭਾ 'ਚ ਸ਼ਾਮਲ ਹੋਣ ਲਈ 2 ਲੱਖ ਰਾਮ ਭਗਤਾਂ ਦੇ ਪਹੁੰਚਣ ਦੀ ਉਮੀਦ ਹੈ। ਸ਼ਿਵ ਸੈਨਾ ਮੁਖੀ ਉਧਵ ਠਾਕਰੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕਰਨ ਪਹੁੰਚੇ ਹਨ ਜਿੱਥੇ ਉਹ ਵਰਕਰਾਂ ਨੂੰ ਸੰਬੋਧਿਤ ਕਰਨਗੇ।

ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੀ ਇਹ ਸਭਾ 'ਬੜੇ ਭਗਤ ਮਲ ਕੀ ਬਾਘੀਆ' ਵਿਖੇ ਹੋਵੇਗੀ ਜਿਹੜੀ ਕਿ ਰਾਮ ਜਨਮਭੂਮੀ ਨਿਆਸ ਵਰਕਸ਼ਾਪ ਤੋਂ 300 ਮੀਟਰ ਦੀ ਦੂਰੀ 'ਤੇ ਹੈ।

ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਦੀ ਸੂਚੀ 'ਚ ਦੋ ਪੰਜਾਬੀ ਸਾਹਿਤਕਾਰ ਵੀ ਹਨ।

Image copyright Getty Images
ਫੋਟੋ ਕੈਪਸ਼ਨ ਗੌਰੀ ਲੰਕੇਸ਼ ਦੇ ਕਤਲ ਕੇਸ 'ਚ ਜਾਂਚ ਟੀਮ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਹੈ

ਕੰਨੜ ਪੱਤਰਕਾਰ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ 'ਚ ਦਾਖ਼ਲ ਕਰਵਾਈ ਐਡੀਸ਼ਨਲ ਚਾਰਜਸ਼ੀਟ 'ਚ 34 ਵਿਅਕਤੀਆਂ ਦੇ ਨਾਮ ਦਰਜ ਕਰਵਾਏ ਹਨ।

ਇਨ੍ਹਾਂ ਵਿੱਚ ਪਟਿਆਲਾ ਦੇ ਪ੍ਰੋਫੈਸਰ ਚਮਨ ਲਾਲ ਅਤੇ ਮੋਹਾਲੀ ਦੇ ਪ੍ਰੋਫੈਸਰ ਆਤਮਜੀਤ ਦੇ ਨਾਮ ਵੀ ਸ਼ਾਮਲ ਹਨ।

ਇਸ ਸੂਚੀ ਵਿੱਚ ਉੱਘੇ ਪੱਤਰਕਾਰ ਸਿਧਾਰਥ ਵਰਧਰਾਜਨ ਦਾ ਨਾਮ ਹੈ। ਇਸ 'ਚ 8 ਵਿਅਕਤੀ ਕਰਨਾਟਕ ਤੋਂ ਹਨ ਅਤੇ 26 ਹੋਰ ਦੂਜੇ ਸੂਬਿਆਂ ਨਾਲ ਸਬੰਧਤ ਹਨ।

ਚੀਨ-ਪਾਕਿਸਤਾਨ ਬੱਸ ਸੇਵਾ ਦੀ ਸ਼ੁਰੂਆਤ

ਚੀਨ-ਪਾਕਿਸਤਾਨ ਦੀ ਯਾਤਰਾ ਲਈ ਹੁਣ ਤੱਕ ਹਵਾਈ ਜਹਾਜ਼ ਹੀ ਇਕਲੌਤਾ ਜ਼ਰੀਆ ਸੀ ਪਰ ਹੁਣ ਸੜਕ ਮਾਰਗ ਵੀ ਇੱਕ ਬਦਲ ਹੋਵੇਗਾ।

ਚੀਨ-ਪਾਕਿਸਤਾਨ ਆਰਥਿਕ ਗਲਿਆਰੇ (CPEC) ਦੇ ਤਹਿਤ ਪਹਿਲੀ ਬੱਸ ਸੇਵਾ ਦਾ ਆਗਾਜ਼ ਕੀਤਾ ਗਿਆ ਹੈ।

ਫੋਟੋ ਕੈਪਸ਼ਨ ਹੁਣ ਸੜਕ ਮਾਰਗ ਰਾਹੀਂ ਪਾਕਿਸਤਾਨ ਤੋਂ ਚੀਨ ਤੱਕ ਦਾ ਸਫ਼ਰ ਹੋ ਸਕੇਗਾ

ਨੌਰਥ-ਸਾਊਥ ਟਰਾਂਸਪੋਰਟ ਨੈੱਟਵਰਕ ਨਾਮ ਦੀ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਇਹ ਬੱਸ ਪਾਕਿਸਤਾਨ ਦੇ ਲਾਹੌਰ ਨੂੰ ਚੀਨ ਦੇ ਇਤਿਹਾਸਕ ਸ਼ਹਿਰ ਕਾਸਗਾਰ ਨਾਲ ਜੋੜਦੀ ਹੈ। ਬੱਸ ਸੇਵਾ ਦਾ ਟ੍ਰਾਇਲ ਪੂਰਾ ਹੋ ਚੁੱਕਿਆ ਹੈ।

ਲਾਹੌਰ, ਇਸਲਾਮਾਬਾਦ, ਗਿਲਗਿਤ, ਬਾਲਿਟਸਤਾਨ ਅਤੇ ਦਿਲਫਰੇਬ ਇਲਾਕਿਆਂ ਤੋਂ ਹੁੰਦੀ ਹੋਈ ਇਹ ਬੱਸ ਸਿੱਧਾ ਚੀਨ ਵਿੱਚ ਦਾਖ਼ਲ ਹੋਵੇਗੀ।

ਇਸ 'ਚ ਇੱਕ ਪਾਸੇ ਦੇ 36 ਘੰਟੇ ਲੱਗਦੇ ਹਨ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ ਤੁਹਾਡੇ ਕੋਲ ਜ਼ਰੂਰੀ ਦਸਤਾਵੇਜ਼ ਜਿਵੇਂ ਵੀਜ਼ਾ ਆਦਿ ਹੋਣਾ ਜ਼ਰੂਰੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।

ਪੈਰਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ।

Image copyright Reuters
ਫੋਟੋ ਕੈਪਸ਼ਨ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਅਤੇ ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।

ਇੱਥੋਂ ਦੇ ਲੋਕਾਂ ਦੀ ਵਿਰੋਧ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਖ਼ਿਲਾਫ਼ ਵੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਘੱਟ ਹਨ ਅਤੇ ਟੈਕਸ ਦਰਾਂ ਵੱਧ ਹਨ ਜਿਸ ਕਾਰਨ ਗਰੀਬੀ ਵੱਧ ਰਹੀ ਹੈ।

ਪੈਰਿਸ ਵਿੱਚ ਬੀਤੇ ਦੋ ਹਫ਼ਤਿਆਂ ਤੋਂ ਹਫ਼ਤਾਵਰ ਪ੍ਰਦਰਸ਼ਨਾਂ 'ਚ ਲੋਕ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ:

ਪੈਰਿਸ ਦੇ ਸ਼ਾਂਜ ਐਲੀਜ਼ੇ ਇਲਾਕੇ ਵਿੱਚ ਸੰਵੇਦਨਸ਼ੀਲ ਥਾਵਾਂ 'ਤੇ ਪੁਲਿਸ ਵੱਲੋਂ ਬਣਾਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕੁਝ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ ਜਿਸ ਤੋਂ ਬਾਅਦ ਉੱਥੇ ਹਾਲਾਤ ਵਿਗੜ ਗਏ। ਗੁੱਸਾਈ ਭੀੜ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)